ਸ਼ਗਨਾਂ ਦੇ ਗੀਤ/ਕਿੱਕਲੀ

ਵਿਕੀਸਰੋਤ ਤੋਂ

ਕਿੱਕਲੀ

ਪੰਜਾਬ ਦੇ ਪਿੰਡਾਂ ਵਿਚ ਤਰਕਾਲਾਂ ਸਮੇਂ ਮੋਕਲ਼ਿਆਂ ਵਿਹੜਿਆਂ ਅਤੇ ਸੰਘਣੀਆਂ ਟਾਹਲੀਆਂ ਹੇਠਾਂ "ਕਿੱਕਲੀ ਕਲੀਰ ਦੀ ਪਗ ਮੇਰੇ ਵੀਰ ਦੀ" ਦੇ ਬੋਲ ਆਮ ਸੁਣਾਈ ਦੇਂਦੇ ਹਨ। ਇਹ ਬੋਲ ਨਿੱਕੜੀਆਂ ਬੱਚੀਆਂ ਅਤੇ ਜਵਾਨੀ ਦੀਆਂ ਬਰੂਹਾਂ ਤੇ ਖੜੋਤੀਆਂ ਉਹਨਾਂ ਮੁਟਿਆਰਾਂ ਦੇ ਹਨ ਜਿਹੜੀਆਂ ਵਜਦ ਵਿੱਚ ਆ ਕੇ ਕਿੱਕਲੀ ਦਾ ਲੋਕ ਨਾਚ ਨੱਚ ਰਹੀਆਂ ਹੁੰਦੀਆਂ ਹਨ। ਕਿੱਕਲੀ ਪੰਜਾਬੀ ਕੁੜੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ। ਕਿੱਕਲੀ ਗੀਤ ਰੂਪ ਉਨ੍ਹਾਂ ਦਾ ਪਿਆਰਾ ਲੋਕ-ਕਾਵਿ ਹੈ।

ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਹਨਾ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ ਤੇ ਲੋਟ-ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਘੁੰਮਣਾ ਬੱਚਿਆਂ ਨੂੰ ਅਨੂਠਾ ਹੁਲਾਰਾ ਦੇਂਦਾ ਹੈ। ਇਸੇ ਕਰਕੇ ਬੱਚੇ ਲਾਟੂ ਚਲਾਉਣ, ਭੰਬੀਰੀ ਘੁੰਮਾਉਣ, ਚਰਕ ਚੂੰਡੇ ਅਤੇ ਚੰਡੋਲ ਉੱਤੇ ਹੂਟੇ ਲੈਣ ਵਿਚ ਖ਼ਾਸ ਅਨੰਦ ਮਾਣਦੇ ਹਨ। ਕਿੱਕਲੀ ਉਹਨਾਂ ਦੀਆਂ ਅੰਤਰੀਵ ਖ਼ੁਸ਼ੀਆਂ ਅਤੇ ਭਾਵਨਾਵਾਂ ਨੂੰ ਪ੍ਰਗਟਾਉਣ ਵਾਲ਼ਾ ਹਰਮਨ ਪਿਆਰਾ ਨਾਚ ਹੈ ਜਿਸ ਰਾਹੀਂ ਖ਼ੁਸ਼ੀ ਦੀਆਂ ਕੂਲ੍ਹਾਂ ਵਹਿ ਟੁਰਦੀਆਂ ਹਨ....ਘੁੰਮ ਰਹੀਆਂ ਨਿੱਕੀਆਂ ਮਾਸੂਮ ਬਾਲੜੀਆਂ ਦੇ ਕਈ-ਕਈ ਜੋੜੇ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ।

ਪੰਜਾਬ ਦੇ ਹੋਰਨਾਂ ਲੋਕ ਨਾਚਾਂ ਵਾਂਗ ਕਿੱਕਲੀ ਪਾਉਣ ਲਈ ਵੀ ਵਿਸ਼ੇਸ਼ ਸਮਾਨ ਅਤੇ ਬੱਝਵੀਂ ਤਕਨੀਕ ਦੀ ਲੋੜ ਨਹੀਂ। ਇਸ ਨੂੰ ਦੋ ਕੁੜੀਆਂ ਆਹਮੋਂ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਹੱਥ ਨਾਲ਼ ਅਤੇ ਖੱਬੇ ਹੱਥ ਨੂੰ ਖੱਬੇ ਨਾਲ਼ ਫੜ ਕੇ ਮਧਾਣੀ ਦੇ ਫੁੱਲਾਂ ਵਾਂਗ ਕੰਘੀਆਂ ਪਾ ਲੈਂਦੀਆਂ ਹਨ। ਇਸ ਮਗਰੋਂ ਉਹ ਆਪੋ ਆਪਣੀਆਂ ਅੱਡੀਆਂ ਨੂੰ ਜੋੜ ਕੇ ਇਕ ਦੂਜੀ ਦੇ ਪੈਰਾਂ ਦੀਆਂ ਉਂਗਲਾਂ ਜੋੜਦੀਆਂ ਹਨ ਅਤੇ ਬਾਹਾਂ ਨੂੰ ਤਣ ਕੇ ਆਪਣੇ ਪੈਰਾਂ ਉਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੇ ਗੇੜਾ ਬੰਨ੍ਹ ਦੇਂਦੀਆਂ ਹਨ। ਗੇੜੇ ਦੀ ਰਫ਼ਤਾਰ ਨਾਲ਼ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਵਾਂ ਵਿਚ ਘੁੰਮਦੇ ਹਨ:

ਕਿੱਕਲੀ ਕਲੀਰ ਦੀ
ਪਗ ਮੇਰੇ ਵੀਰ ਦੀ

ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਐਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ

ਬੱਚਿਆਂ ਦੇ ਪਿਆਰ ਦੀ ਦੁਨੀਆਂ ਉਹਨਾਂ ਦੇ ਮਾਂ ਬਾਪ, ਭੈਣ ਭਰਾ ਤੇ ਮਾਮੇ ਮਾਸੀਆਂ ਤੀਕਰ ਹੀ ਸੀਮਤ ਹੈ। ਭੈਣ ਭਰਾ ਇਕੋ ਜਿਹੇ ਹਾਣ ਦੇ ਹੋਣ ਕਾਰਨ ਉਹਨਾਂ ਦਾ ਆਪਸ ਦਾ ਪਿਆਰ ਹਾਣੀਆਂ ਦਾ ਪਿਆਰ ਹੁੰਦਾ ਹੈ। ਕਿੱਕਲੀ ਦੇ ਗੀਤਾਂ ਵਿਚ ਭੈਣ ਦਾ ਵੀਰ ਪਿਆਰ ਹੀ ਵਧੇਰੇ ਕਰਕੇ ਰੂਪਮਾਨ ਹੋਇਆ ਹੈ। ਭੈਣ ਦੇ ਦਿਲ ਵਿਚ ਆਪਣੇ ਵੀਰ ਲਈ ਸੈਆਂ ਚਾਅ ਹਨ, ਉਮੰਗਾਂ ਹਨ, ਰੀਝਾਂ ਹਨ। ਵੀਰ ਦੀ ਨਵੀਂ ਭਾਬੋ ਘਰ ਆਉਂਦੀ ਹੈ ਨਿੱਕੀ ਭੈਣ ਦਾ ਚਾਅ ਝੱਲਿਆ ਨਹੀਂ ਜਾਂਦਾ:

ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਸੂਰਜ ਲੜਾਈ ਦਾ
ਵੀਰ ਮੇਰਾ ਆਵੇਗਾ
ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੀ
ਨੱਚਾਂਗੀ ਤੇ ਗਾਵਾਂਗੀ
ਜੰਜ ਚੜ੍ਹੇ ਵੀਰ ਦੀ
ਕਿੱਕਲੀ ਕਲੀਰ ਦੀ

ਹੋਰ:

ਕੋਠੇ ਉੱਤੇ ਰੇਠੜਾ
ਭੈਣ ਮੇਰੀ ਖੇਡਦੀ
ਭਣੋਈਆ ਮੈਨੂੰ ਵੇਖਦਾ
ਵੇਖ ਲੈ ਵੇ ਵੇਖ ਲੈ
ਬਾਗ ਵਿਚ ਬਹਿਨੀ ਆਂ
ਛੰਮ ਛੰਮ ਰੋਨੀ ਆਂ
ਲਾਲ ਜੀ ਦੇ ਕੱਪੜੇ

ਸਬੂਣ ਨਾਲ਼ ਧੋਨੀ ਆਂ
ਸਬੂਣ ਗਿਆ ਉਡ ਪੁਡ
ਲੈ ਨੀ ਭਾਬੋ ਮੋਤੀ ਚੁਗ
ਭਾਬੋ ਮੇਰੀ ਸੋਹਣੀ
ਜੀਹਦੇ ਮੱਥੇ ਦੌਣੀ
ਦੌਣੀ ਵਿਚ ਸਤਾਰਾ
ਮੈਨੂੰ ਵੀਰ ਪਿਆਰਾ
ਵੀਰੇ ਦੀ ਮੈਂ ਵਹੁਟੀ ਡਿੱਠੀ
ਚੰਨ ਨਾਲੋਂ ਚਿੱਟੀ
ਤੇ ਪਤਾਸਿਆਂ ਤੋਂ ਮਿੱਠੀ

ਭੈਣ ਨੂੰ ਵੀਰ ਦੇ ਵਿਆਹ ਦਾ ਚਾਅ ਤਾਂ ਭਲਾ ਹੋਣਾ ਹੀ ਹੋਇਆ। ਉਸ ਨੂੰ ਤਾਂ ਆਪਣੇ ਵੀਰ ਦੇ ਮੰਗੇ ਜਾਣ ਦਾ ਵੀ ਮਾਣ ਹੈ। ਕੁਆਰਾ ਵੀਰ ਵੀ ਉਸ ਦੀ ਬਾਲ ਕਲਪਨਾ ਦੇ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਸ਼ਹਿਰ ਜਾ ਚੌਪਟ ਖੇਡਦਾ ਹੈ:

ਅੰਬੇ ਨੀ ਮਾਏ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ
ਉਹ ਚੌਪਟ ਖੇਲਣ ਵਾਲ਼ਾ
ਚੌਪਟ ਕਿੱਥੇ ਖੇਲੇ
ਲਾਹੌਰ ਸ਼ਹਿਰ ਖੇਲੇ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ

ਕਿਧਰੇ ਵੀਰ ਦੇ ਬਾਗ਼ਾਂ ਵਿਚ ਚੰਬਾਕਲੀ ਖਿੜਦੀ ਹੈ। ਉਸ ਦਾ ਵੀਰਾ ਸਰਦਾਰ ਬਣ ਕੇ ਕੁਰਸੀ ਤੇ ਬਹਿੰਦਾ ਹੈ ਤੇ ਉਸ ਦੀ ਭਾਬੋ ਪਰਧਾਨ ਬਣ ਕੇ ਪੀਹੜੀ ਤੇ ਬਿਰਾਜਮਾਨ ਹੁੰਦੀ ਹੈ। ਗੀਤ ਦੇ ਬੋਲ ਹਨ:

ਹੇਠ ਵਗੇ ਦਰਿਆ
ਉਤੇ ਮੈਂ ਖੜੀ
ਮੇਰੇ ਵੀਰੇ ਲਾਇਆ ਬਾਗ਼
ਖਿੜ ਪਈ ਚੰਬਾ ਕਲੀ
ਚੰਬਾਕਲੀ ਨਾ ਤੋੜ
ਵੀਰ ਮੇਰਾ ਕੁਟੂਗਾ
ਮੇਰਾ ਵੀਰ ਬੜਾ ਸਰਦਾਰ
ਬਹਿੰਦਾ ਕੁਰਸੀ ਤੇ

ਭਾਬੋ ਬੜੀ ਪਰਧਾਨ
ਬਹਿੰਦੀ ਪੀਹੜੀ ਤੇ
ਪੀਹੜੀ ਗਈ ਟੁੱਟ
ਭਾਬੋ ਗਈ ਰੁੱਸ
ਭਾਬੋ ਕੁੱਕੜਾਂ ਨੂੰ ਨਾ ਮਾਰ
ਕੁੱਕੜ ਵੀਰੇ ਦੇ

ਭੈਣ ਵੀਰੇ ਨੂੰ ਪਰਚਾਉਣ ਲਈ ਆਪਣੀਆਂ ਨਿੱਜੀ ਖੇਡਾਂ ਵੀ ਉਸ ਨੂੰ ਪੇਸ਼ ਕਰਦੀ ਹੈ:

ਐਧਰ ਪਾਵਾਂ ਖਿਚੜੀ
ਔਧਰ ਪਾਵਾਂ ਤੇਲ
ਜਲਗੀ ਖਿਚੜੀ
ਰਹਿ ਗਿਆ ਤੇਲ
ਆਹ ਲੈ ਵੀਰਾ ਗੁੱਡੀਆਂ
ਖੇਲ ਵੀਰਾ ਗੁੱਡੀਆਂ

ਹੋਰ:

ਕਿੱਕਲੀ ਪਾਵਣ ਆਈ ਆਂ
ਬਦਾਮ ਖਾਵਣ ਆਈ ਆਂ
ਬਦਾਮ ਮੇਰਾ ਮਿੱਠਾ
ਮੈਂ ਵੀਰ ਦਾ ਮੂੰਹ ਡਿੱਠਾ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ

ਕਿੱਕਲੀ ਵਿਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇਕ ਹੋਰ ਢੰਗ ਵੀ ਹੈ। ਦੋ ਕੁੜੀਆਂ ਧਰਤੀ 'ਤੇ ਬੈਠ ਕੇ ਜਾਂ ਖੜੋ ਕੇ ਇਕ ਦੂਜੀ ਦੇ ਹੱਥਾਂ 'ਤੇ ਤਾੜੀਆਂ ਮਾਰ ਕੇ ਤਾੜੀਆਂ ਦੇ ਤਾਲ਼ ਨਾਲ਼ ਗੀਤ ਦੇ ਬੋਲ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿਕਲੀ ਪਾਉਂਦੀਆਂ ਦੁਹਰਾਉਂਦੀਆਂ ਹਨ:-

ਤੋ ਵੋ ਤੋਤੜਿਆ
ਤੋਤੜਿਆ ਮਤੋਤੜਿਆ
ਤੋਤਾ ਹੈ ਸਿਕੰਦਰ ਦਾ
ਪਾਣੀ ਪੀਵੇ ਮੰਦਰ ਦਾ
ਸ਼ੀਸ਼ਾ ਵੇਖੇ ਲਹਿਰੇ ਦਾ
ਕੰਮ ਕਰੇ ਦੁਪਹਿਰੇ ਦਾ
ਕਾਕੜਾ ਖਡਾਨੀ ਆਂ
ਚਾਰ ਛੱਲੇ ਪਾਨੀ ਆਂ
ਇਕ ਛੱਲਾ ਰੇਤਲਾ

ਰੇਤਲੇ ਦੀ ਤਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛਕ ਛਕ ਜਾਵੇ

ਹੋਰ:

ਕਿੱਕਲੀ ਕਲੱਸ ਦੀ
ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ
ਝੀਤਾਂ ਵਿਚੋਂ ਦੇਖਦਾ
ਮੋੜ ਸੂ ਜਠਾਣੀਏ
ਮੋੜ ਸੱਸੇ ਰਾਣੀਏ

ਹੋਰ:

ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮੱਛਲੀ
ਮੱਛਲੀ ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢੈਅ ਗਿਆ
ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਤੀਜਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ਼ ਪਕਾਈਆ ਤੋਰੀਆਂ
ਅੱਲਾ ਮੀਆ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਭਰਾਵਾਂ ਦੀਆਂ ਜੋੜੀਆਂ

ਮਾਂ ਦੇ ਪਿਆਰ ਵਿਚ ਮੁਗੱਧ ਹੋਈਆਂ ਕੁੜੀਆਂ ਕਿੱਕਲੀ ਪਾਉਂਦੀਆਂ ਹੋਈਆਂ ਸੂਫ਼ੀ ਫ਼ਕੀਰਾਂ ਵਾਂਗ ਵਜਦ ਵਿਚ ਆ ਜਾਂਦੀਆਂ ਹਨ। ਮਸਤੀ ਝੂਮ ਉਠਦੀ ਹੈ:-

ਛੀ ਛਾਂ
ਜੀਵੇ ਮਾਂ
ਖਖੜੀਆਂ ਖ਼ਰਬੂਜੇ ਖਾਂ
ਖਾਂਦੀ ਖਾਂਦੀ ਕਾਬਲ ਜਾਂ
ਗੋਰੀ ਗਾਂ ਗੁਲਾਬੀ ਵੱਛਾ
ਮਾਰੇ ਸਿੰਗ ਤੁੜਾਵੇ ਰੱਸਾ

ਹਾਸਿਆਂ, ਤਮਾਸ਼ਿਆਂ ਭਰੇ ਬੋਲਾਂ ਨਾਲ਼ ਕਿੱਕਲੀ ਪਾਂਦੀਆਂ ਕੁੜੀਆਂ ਇਕ ਸਮਾਂ ਬੰਨ੍ਹ ਦੇਂਦੀਆਂ ਹਨ। ਵਾਵਾਂ ਵਿਚ ਕੇਸਰ ਘੁਲ਼ ਜਾਂਦੇ ਹਨ:-

ਸੱਸ ਦਾਲ਼ ਚਾ ਪਕਾਈ
ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ
ਹੇਠ ਟੰਗਣੇ ਲੁਕਾਈ
ਅੰਦਰ ਬਾਹਰ ਵੜਦੀ ਖਾਵੇ
ਭੈੜੀ ਗਲ਼ ਗੜੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਮਾਰਨ ਛੁਰੀਆਂ ਵੇ

ਇਹਨਾਂ ਨੂੰ ਆਪਣੇ ਜੀਵਨ ਉਦੇਸ਼ ਦਾ ਪੂਰਾ ਅਹਿਸਾਸ ਹੈ:-

ਚਾਰ ਚੁਰਾਸੀ
ਘੁੰਮਰ ਘਾਸੀ
ਨੌਂ ਸੌ ਘੋੜਾ
ਨੌਂ ਸੌ ਹਾਥੀ
ਨੌਂ ਸੌ ਫੁੱਲ ਗੁਲਾਬ ਦਾ
ਮੁੰਡੇ ਖੇਡਣ ਗੁੱਲੀ ਡੰਡਾ
ਕੁੜੀਆਂ ਕਿੱਕਲੀ ਪਾਂਦੀਆਂ
ਮੁੰਡੇ ਕਰਦੇ ਖੇਤੀ ਪੱਤੀ
ਕੁੜੀਆਂ ਘਰ ਵਸਾਂਦੀਆਂ

ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਥਾਨਕ ਤੌਰ ਤੇ ਅਨੇਕਾਂ ਕਿੱਕਲੀ ਦੇ ਗੀਤ ਮਿਲਦੇ ਹਨ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਕਾਰਨ ਸਾਡੇ ਮਨੋਰੰਜਨ ਦੇ ਸਾਧਨ ਵਧ ਗਏ ਹਨ ਜਿਸ ਦਾ ਪ੍ਰਭਾਵ ਕਿੱਕਲੀ ਦੇ ਨਾਚ ਅਤੇ ਗੀਤਾਂ 'ਤੇ ਵੀ ਪਿਆ ਹੈ। ਕਿੱਕਲੀ ਪਾਣ ਦਾ ਰਿਵਾਜ ਕਾਫ਼ੀ ਘਟ ਰਿਹਾ ਹੈ। ਕਿੱਕਲੀ ਦੇ ਗੀਤ ਬਾਲ ਕਲਪਨਾ ਦੇ ਪ੍ਰਤੀਕ ਹਨ । ਇਹ ਸਾਡੇ ਲੋਕ ਸਾਹਿਤ ਦਾ ਵੱਡਮੁੱਲਾ ਸਰਮਾਇਆ ਹਨ ਇਸ ਲਈ ਲਈ ਇਹਨਾਂ ਨੂੰ ਕਾਨੀਬੱਧ ਕਰਕੇ ਸਾਂਭਣ ਦੀ ਅਤਿਅੰਤ ਲੋੜ ਹੈ।