ਸ਼ਗਨਾਂ ਦੇ ਗੀਤ/ਲੋਰੀਆਂ

ਵਿਕੀਸਰੋਤ ਤੋਂ

ਲੋਰੀਆਂ

ਮਾਵਾਂ ਆਪਣੇ ਬੱਚਿਆਂ ਨੂੰ ਪਰਚਾਉਣ ਲਈ ਮਧੁਰ ਸੁਰ ਅਤੇ ਲੈ ਵਿਚ ਜਿਹੜੇ ਗੀਤ ਗਾਉਂਦੀਆਂ ਹਨ ਉਹਨਾਂ ਨੂੰ ਲੋਰੀਆਂ ਆਖਦੇ ਹਨ। ਲੋਰੀਆਂ ਪੰਜਾਬੀ ਲੋਕ ਗੀਤਾਂ ਦਾ ਅਨਿਖੜਵਾਂ ਅੰਗ ਹਨ! ਇਹ ਸਾਰੇ ਸੰਸਾਰ ਦੀਆਂ ਬੋਲੀਆਂ ਵਿਚ ਉਪਲਬਧ ਹਨ। ਹਰ ਦੇਸ ਦੀਆਂ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਲੋਰੀਆਂ ਦੇ ਕੇ ਦੁਲਾਰਦੀਆਂ ਤੇ ਪੁਚਕਾਰਦੀਆਂ ਹਨ।

ਬੱਚਿਆਂ ਬਿਨਾਂ ਕਾਹਦਾ ਘਰ? ਬੱਚੇ ਤਾਂ ਘਰਾਂ ਦੀਆਂ ਰੌਣਕਾਂ ਹੁੰਦੀਆਂ ਹਨ। ਜਿਸ ਘਰ ਵਿਚੋਂ ਬੱਚਿਆਂ ਦੀਆਂ ਕਲਕਾਰੀਆਂ ਸੁਣਾਈ ਨਹੀਂ ਦੇਂਦੀਆਂ ਉਹ ਘਰ ਇੱਟਾਂ ਦੀ ਚਾਰ ਦੀਵਾਰੀ ਤੋਂ ਵਧ ਕੁਝ ਨਹੀਂ ਹੁੰਦਾ। ਬੱਚਿਆਂ ਵਿਚ ਮਾਪਿਆਂ ਦੇ ਭਵਿੱਖ ਦੀਆਂ ਕਾਮਨਾਵਾਂ ਤੇ ਰੀਝਾਂ ਸਮੋਈਆਂ ਹੁੰਦੀਆਂ ਹਨ। ਇਹ ਉਹ ਅਮੁੱਲ ਸਰਮਾਇਆ ਹਨ ਜਿਨ੍ਹਾਂ ਦਾ ਧੰਨ-ਦੌਲਤ ਨਾਲ਼ ਕੋਈ ਟਾਕਰਾ ਨਹੀਂ। ਬੇਔਲਾਦ ਮਾਪੇ ਔਲਾਦ ਲਈ ਝੂਰਦੇ ਹਨ। ਉਹ ਪੁੱਤਰ ਦੀ ਪ੍ਰਾਪਤੀ ਲਈ ਕੀ ਕੀ ਜ਼ਫਰ ਨਹੀਂ ਜਾਂਲ਼ਦੇ। ਉਹ ਮੰਨਤਾਂ ਮੰਨਦੇ, ਸਾਧਾਂ ਸੰਤਾਂ ਦੇ ਡੇਰਿਆਂ ਤੇ ਜਾ ਕੇ ਸੁੱਖਾਂ ਸੁੱਖਦੇ ਅਤੇ ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਮੱਥੇ ਰਗੜਦੇ ਹਨ।

ਸਾਡੇ ਸਮਾਜ ਵਿਚ ਬਾਂਝ ਔਰਤ ਨੂੰ ਮਾੜੀ ਨਜ਼ਰ ਨਾਲ਼ ਵੇਖਿਆ ਜਾਂਦਾ ਹੈ... ਔਰਤ ਦੀ ਜ਼ਿੰਦਗੀ ਬੱਚੇ ਨਾਲ਼ ਜੁੜੀ ਹੋਈ ਹੈ। ਉਸ ਨੂੰ ਪਤੀ ਦਾ ਪਿਆਰ ਅਤੇ ਸਹੁਰੇ ਘਰ ਦਾ ਸਤਿਕਾਰ ਤਦ ਹੀ ਮਿਲਦਾ ਹੈ ਜੇਕਰ ਉਹਦੀ ਗੋਦੀ ਵਿਚ ਬਾਲ ਖੇਡਦਾ ਹੋਵੇ। ਵਿਆਹੇ ਜਾਣ ਤੇ ਕਈ ਵਰ੍ਹਿਆਂ ਮਗਰੋਂ ਕੁੜੀ ਦੇ ਮੁੰਡਾ ਜੰਮਣ ਤੇ ਸਿਆਣੀਆਂ ਬੁੜ੍ਹੀਆਂ ਅਕਸਰ ਕਹਿੰਦੀਆਂ ਹਨ, "ਭਾਈ ਹੁਣ ਕੁੜੀ ਦਾ ਸਹੁਰੇ-ਘਰ ਵਸੇਵਾ ਹੋ ਜੂ?" ਗੋਦ ਹਰੀ ਹੋਣ ਤੇ ਔਰਤ ਇਕ ਤਰ੍ਹਾਂ ਦੀ ਵਿਸ਼ੇਸ਼ ਸੰਤੁਸ਼ਟੀ ਪ੍ਰਾਪਤ ਕਰਦੀ ਹੈ। ਇਹੋ ਕਾਰਨ ਹਨ ਕਿ ਮੰਨਤਾਂ ਨਾਲ਼ ਪ੍ਰਾਪਤ ਕੀਤੇ ਲਾਲ ਦੀ ਬੜੀਆਂ ਰੀਝਾਂ ਨਾਲ਼ ਪਾਲਣਾ ਪੋਸਣਾ ਕੀਤੀ ਜਾਂਦੀ ਹੈ। ਉਹਦੀਆਂ ਤੋਤਲੀਆਂ ਗੱਲਾਂ ਅਤੇ ਗੁੱਝੇ ਇਸ਼ਾਰੇ ਮਾਂ ਨੂੰ ਰੁਝਾਈ ਰੱਖਦੇ ਹਨ। ਉਹ ਉਸ ਨੂੰ ਸੁਆਉਣ, ਦੁੱਧ ਚੁੰਘਾਉਣ, ਨਹਿਲਾਉਣ ਅਤੇ ਜਗਾਉਣ ਸਮੇਂ ਮਧੁਰ ਸੁਰ ਤੇ ਲੈ ਵਿਚ ਅਨੇਕਾਂ ਲੋਰੀਆਂ ਦੇਂਦੀ ਹੋਈ ਮਾਨਸਿਕ ਰੱਜ ਅਤੇ ਅਨੰਦ ਪ੍ਰਾਪਤ ਕਰਦੀ ਹੈ।

ਕੇਵਲ ਮਾਂ ਹੀ ਆਪਣੇ ਲਾਲ ਨੂੰ ਲੋਰੀਆਂ ਨਹੀਂ ਦੇਂਦੀ ਬਲਕਿ ਬੱਚੇ ਦੀ ਵੱਡੀ ਭੈਣ, ਦਾਦੀ, ਤਾਈ, ਚਾਚੀ, ਭੂਆ, ਨਾਨੀ, ਮਾਸੀ ਤੇ ਮਾਮੀ ਵੀ ਲਾਲ ਨੂੰ ਲਾਡ ਲਡਾਉਣ ਸਮੇਂ ਅਨੇਕ ਪ੍ਰਕਾਰ ਦੀਆਂ ਖੇਡਾਂ ਖਡਾਉਂਦੀਆਂ ਹੋਈਆਂ ਲੋਰੀਆਂ ਦੇਂਦੀਆਂ ਹਨ।

ਬੱਚਾ ਕੁਤਕੁਤਾੜੀਆਂ ਕਢਵਾ ਕੇ ਬਹੁਤ ਖ਼ੁਸ਼ ਹੁੰਦਾ ਹੈ। ਮਾਂ ਬੱਚੇ ਨੂੰ ਮੰਜੇ ਜਾਂ ਮੰਜੀ ਤੇ ਪਿੱਠ ਭਰਨੇ ਪਾ ਕੇ ਉਸ ਨੂੰ ਲਾਡ ਲਡਾਉਂਦੀ ਹੋਈ ਉਸ ਦੇ ਸਰੀਰ ਦੇ ਵਖ ਵੇਖ ਅੰਗਾਂ ਨੂੰ ਆਪਣੀਆਂ ਉਂਗਲਾਂ ਨਾਲ਼ ਸਹਿਲਾਉਂਦੀ ਹੋਈ ਲੋਰੀ ਦੇ ਬੋਲ ਬੋਲਦੀ ਹੈ:

ਕਾਕੇ ਦੀ ਕੱਛ ਵਿਚ
ਗੋਹ ਬੜਗੀ
ਮੈਂ ਲੱਗੀ ਕੱਢਣ
ਇਕ ਹੋਰ ਬੜਗੀ

ਤੇ ਨਾਲ਼ ਹੀ ਉਹਦੀਆਂ ਬਗਲਾਂ 'ਚ ਦੋਨੋਂ ਹੱਥ ਪਾ ਕੇ ਕੁਤਕੁਤਾੜੀਆਂ ਕੱਢਦੀ ਹੈ ਤੇ ਬੱਚਾ ਖੂਬ ਖਿੜ ਖੜਾ ਕੇ ਹੱਸਦਾ ਹੈ। ਇਹ ਖੇਡ ਕਈ ਵਾਰ ਦੁਹਰਾਈ ਜਾਂਦੀ ਹੈ। ਇਸ ਖੇਡ ਨਾਲ਼ ਸੰਬੰਧਿਤ ਹੋਰ ਲੋਰੀਆਂ ਹਨ:

ਏਥੇ ਮੇਰੀ ਖੰਡ ਸੀ
ਏਥੇ ਮੇਰਾ ਘਿਉ ਸੀ
ਏਥੇ ਮੇਰਾ ਦੁੱਧ ਸੀ।
ਏਥੇ ਮੇਰੀ ਮਧਾਣੀ ਸੀ
ਕਾਕੇ ਦਾ ਘਰ ਲੱਭਦਿਆਂ
ਲੱਭਦਿਆਂ ਲੱਭ ਗਿਆ,

ਹੋਰ

ਹਾਲ਼ੀਓ ਪਾਲ਼ੀਓ
ਸਾਡੇ ਮੱਘਰ ਦੇ ਹੱਥ ਵਿਚ
ਸੋਟੀ ਸੀ
ਪੈਰੀਂ ਮੌਜੇ ਸੀ
ਕਿਤੇ ਸਾਡਾ ਮੱਘਰ
ਮੱਝਾਂ ਚਾਰਦਾ ਵੇਖਿਆ ਹੋਵੇ।

ਐਨੇ ਬੋਲ ਬੋਲਣ ਮਗਰੋਂ ਬੱਚੇ ਦੇ ਵੱਖ-ਵੱਖ ਅੰਗਾਂ ਨੂੰ ਸਹਿਲਾਉਂਦੇ ਹੋਏ ਆਖਦੇ ਹਨ। "ਏਥੇ ਸੀ", "ਏਥੀ ਸੀ" ਤੇ ਅੰਤ ਵਿਚ ਉਸ ਦੀਆਂ ਬਗਲਾਂ 'ਚ ਕੁਤਕੁਤਾੜੀਆਂ ਕੱਢ ਕੇ ਆਖਦੇ ਹਨ, "ਲਭ ਗਿਆ ਬਈ ਲਭ ਗਿਆ", ਬੱਚਾ ਖੂਬ ਖਿੜ ਖਿੜਾ ਕੇ ਹੱਸਦਾ ਹੋਇਆ ਕਿਲਕਾਰੀਆਂ ਮਾਰਦਾ ਹੈ।

ਛੋਟੇ ਬੱਚੇ ਅਕਸਰ, "ਝੂਟੇ ਮਾਂਟੇ", ਲੈਣ ਵਿਚ ਖਾਸ ਅਨੰਦ ਤੇ ਖ਼ੁਸ਼ੀ ਮਹਿਸੂਸ ਕਰਦੇ ਹਨ। ਮਾਂ ਜਾਂ ਵੱਡੀ ਭੈਣ ਬੱਚੇ ਨੂੰ ਲੈ ਕੇ ਮੰਜੇ ਤੇ ਸਿੱਧੀ ਪਿੱਠ ਭਰਨੇ ਲੇਟ ਜਾਂਦੀ ਹੈ। ਇਸ ਮਗਰੋਂ ਉਹ ਆਪਣੇ ਦੋਨੇ ਗੋਡੇ ਆਪਣੇ ਢਿੱਡ ਨਾਲ਼ ਲਾ ਲੈਂਦੀ ਹੈ। ਬੱਚਾ ਉਹਦੇ ਪੈਰਾਂ 'ਤੇ ਬਹਿ ਕੇ ਉਹਦੇ ਦੋਵੇਂ ਗੋਡੇ ਫੜ ਲੈਂਦਾ ਹੈ। ਇਸ ਮਗਰੋਂ ਮਾਂ ਜਾਂ ਭੈਣ ਆਪਣੇ ਗੋਡਿਆਂ ਨੂੰ ਅੱਗੇ ਪਿੱਛੇ ਕਰਦੀ ਹੋਈ ਹੁਲਾਰੇ ਦੇਂਦੀ ਹੈ ਤੇ ਨਾਲ਼ ਹੀ ਇਹ ਲੋਰੀ ਗਾਉਂਦੀ ਹੈ:-

ਹੂਟੇ ਮਾਈਆਂ
ਪੀਘਾਂ ਚੜ੍ਹਾਈਆਂ

ਇਸ ਤਰ੍ਹਾਂ ਕਈ ਵਾਰ ਕਰਨ ਮਗਰੋਂ ਬੱਚੇ ਤੋਂ ਪੁੱਛਿਆ ਜਾਂਦਾ ਹੈ, "ਦਾਦੀ ਵੇਖਣੀ ਏ ਜਾਂ ਨਾਨੀ, ਮਾਮਾ ਕਿ ਮਾਮੀ" ਆਦਿ। ਬੱਚਾ ਕਿਸੇ ਦਾ ਨਾਂ ਲੈਂਦਾ ਏ ਤੇ ਮਾਂ ਜਾਂ ਭੈਣ ਬੱਚੇ ਸਮੇਤ ਆਪਣੀਆਂ ਲੱਤਾਂ ਖੋਹਲ ਕੇ ਉਚੀਆਂ ਅਸਮਾਨ ਵਲ ਚੁੱਕ ਲੈਂਦੀ ਹੈ ਤੇ ਬੱਚੇ ਦਾ ਮੂੰਹ ਥੱਲੇ ਤੇ ਲੱਤਾਂ ਉਤਾਂਹ ਹੋ ਜਾਂਦੀਆਂ ਹਨ ਤੇ ਉਹ ਖਿੜ ਖਿੜਾ ਕੇ ਹੱਸਣ ਲੱਗ ਜਾਂਦਾ ਹੈ ਤੇ ਮਾਂ ਪੁੱਛਦੀ ਏ- "ਮਾਮਾ ਦੇਖ ਲਿਆ" ਬੱਚਾ ਅੱਗੋਂ "ਹਾਂ ਵੇਖ ਲਿਆ" ਆਖਦਾ ਹੈ ਤੇ ਇਸ ਮਗਰੋਂ ਬੱਚੇ ਨੂੰ ਥੱਲੇ ਲਾਹ ਲਿਆ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਕਈ ਵਾਰ ਦੁਹਰਾਈ ਜਾਂਦੀ ਹੈ।

ਲੋਰੀਆਂ ਕੇਵਲ ਬੱਚੇ ਨੂੰ ਸੁਆਉਣ ਲਈ ਹੀ ਨਹੀਂ ਗਾਈਆਂ ਜਾਂਦੀਆਂ ਬਲਕਿ ਉਹਨਾਂ ਨੂੰ ਜਗਾਉਣ ਲਈ ਵੀ ਗਾਈਆਂ ਜਾਂਦੀਆਂ ਹਨ। ਕਈ ਵਾਰ ਕੱਚਾ ਮਿੱਠਾ ਖਾਣ ਕਰਕੇ ਬੱਚਿਆਂ ਦੀਆਂ ਅੱਖਾਂ ਤੇ ਗਿੱਡ ਜੰਮ ਜਾਂਦੀ ਹੈ ਤੇ ਸਵੇਰੇ ਉੱਠਣ ਸਮੇਂ ਖੁਲ੍ਹਦੀਆਂ ਨਹੀਂ, ਪੀੜ ਹੁੰਦੀ ਹੈ। ਉਹ ਰੋਂਦੇ ਹਨ ਤੇ ਰਿਹਾੜ ਕਰਦੇ ਹਨ। ਮਾਂ ਉਸ ਦੀ ਗਿੱਡ ਲਾਹੁਣ ਲਈ ਆਪਣੀਆਂ ਹਥੇਲੀਆਂ ਨੂੰ ਗਿੱਲਾ ਕਰਕੇ ਬੱਚੇ ਦੀਆਂ ਅੱਖਾਂ ਨੂੰ ਗਿੱਲੀ ਤਲੀ ਨਾਲ਼ ਹੌਲ਼ੀ ਹੌਲ਼ੀ ਪਲੋਸ ਕੇ ਗਿੱਡ ਲਾਹੁੰਦੀ ਹੈ ਤੇ ਬੱਚੇ ਦਾ ਧਿਆਨ ਪੀੜ ਤੋਂ ਹਟਾਉਣ ਲਈ ਇਹ ਲੋਰੀ ਗਾਉਂਦੀ ਹੈ:-

ਚੀਚੀ ਚੀਚੀ ਕੋਕੋ ਖਾਵੇ
ਦੁੱਧ ਮਲਾਈਆਂ ਕਾਕਾ ਖਾਵੇ
ਕਾਕੇ ਦੀ ਘੋੜੀ ਖਾਵੇ
ਘੋੜੀ ਦਾ ਵਛੇਰਾ ਖਾਵੇ

ਪੰਜਾਬ ਦੇ ਪਿੰਡਾਂ ਵਿਚ ਮੁੱਖ ਧੰਦਾ ਖੇਤੀ ਬਾੜੀ ਹੋਣ ਕਰਕੇ ਘਰ ਦਾ ਤੇ ਬਾਹਰ ਦਾ ਬਹੁਤ ਸਾਰਾ ਕੰਮ ਜਨਾਨੀਆਂ ਨੂੰ ਕਰਨਾ ਪੈਂਦਾ ਹੈ। ਕਈ ਵਾਰ ਬੱਚੇ ਮਾਵਾਂ ਨੂੰ ਕੰਮ ਕਰਨ ਵਿਚ ਅਟਕਾਰ ਪਾਉਂਦੇ ਹਨ। ਇਸ ਲਈ ਉਹਨਾਂ ਨੂੰ ਜਲਦੀ ਸੁਲਾਉਣ ਲਈ ਲੋਰੀਆਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਲੋਰੀਆਂ ਵਿਚ ਵਰਤੇ ਸ਼ਬਦਾਂ ਦੀ ਤਰਤੀਬ ਇਸ ਤਰ੍ਹਾਂ ਹੁੰਦੀ ਏ ਕਿ ਗਾਉਣ ਸਮੇਂ ਉਹ ਅਜਿਹੀ ਮਧੁਰ ਸੁਰ ਤੇ ਲੈ ਪੈਦਾ ਕਰਦੇ ਨੇ ਜਿਸ ਨਾਲ਼ ਬੱਚੇ ਦੀਆਂ ਅੱਖਾਂ ਤੇ ਨੀਂਦਰ ਭਾਰੂ ਹੋ ਜਾਂਦੀ ਹੈ ਤੇ ਉਹ ਗੂੜ੍ਹੀ ਨੀਂਦ ਦੇ ਹੂਟੇ ਲੈਣ ਲੱਗ ਜਾਂਦਾ ਹੈ। ਇਹਨਾਂ ਲੋਰੀਆਂ ਵਿਚ ਪੰਜਾਬ ਦਾ ਜਨ ਜੀਵਨ ਓਤ ਪੋਤ ਹੈ। ਪਾਠਕਾਂ ਦੀ ਜਾਣਕਾਰੀ ਲਈ ਲੋਰੀਆਂ ਦੀ ਵੰਨਗੀ ਪੇਸ਼ ਹੈ:-

1.
ਸੌਂ ਜਾ ਕਾਕਾ ਤੂੰ
ਤੇਰੀ ਕੱਛ ਵਿਚ ਬੜਵੀ ਜੂੰ
ਕੱਢਣ ਤੇਰੀਆਂ ਮਾਸੀਆਂ
ਕਢਾਉਣ ਵਾਲ਼ਾ ਤੂੰ

2.
ਸੌਂ ਜਾ ਕਾਕਾ ਤੂੰ
ਤੇਰੀ ਬੋਦੀ ਵਿਚ ਬੜਗੀ ਜੂੰ
ਕੱਢਣ ਤੇਰੀਆਂ ਮਾਸੀਆਂ?
ਕਢਾਵੇਂ ਕਾਕਾ ਤੂੰ

3.
ਸੌਂ ਜਾ ਮੇਰੇ ਪੁੱਤਾ
ਨਾਨਕਿਆਂ ਨੂੰ ਜਾਵਾਂਗੇ
ਝੱਗਾ ਚੁੰਨੀ ਲਿਆਵਾਂਗੇ
ਨਾਨੀ ਦਿੱਤਾ ਘਿਓ
ਜੀਵੇ ਮੇਰਾ ਪਿਓ

4.
ਹੂੰ ਵੇ ਮੱਲਾ ਹੂੰ ਵੇ
ਤੇਰੀ ਬੋਦੀ 'ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇਕ ਤੂੰ ਵੇ
ਕੱਢਣ ਵਾਲ਼ਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ

5.
ਲੋਰੀ ਲੋਰੀ ਲੱਪਰੇ
ਮੁੰਡਿਆਂ ਨੂੰ ਘਿਓ ਦੇ ਝੱਕਰੇ

6.
ਜੰਗਲ ਸੁੱਤੇ ਪਹਾੜ ਸੁੱਤੇ,

ਸੁੱਤੇ ਸਭ ਦਰਿਆ।
ਕਾਕਾ ਮੇਰਾ ਅਜੇ ਵੀ ਜਾਗੇ,
ਨੀ ਨੀਂਦੇ ਵਿਹਲੀਏ ਆ।
ਚੁੱਲ੍ਹੇ ਦੇ ਵਿਚ ਅੱਗ ਵੀ ਸੁੱਤੀ,
ਸੁੱਤੇ ਚੰਨ ਤੇ ਤਾਰੇ।
ਸੁੱਤੀ ਹੋਈ ਤਵੇ ਦੇ ਉੱਤੇ,
ਨੀਂਦਰ ਸੈਨਤਾਂ ਮਾਰੇ।

7.
ਦੁਰ ਦੁਰ ਕੁੱਤਿਆ
ਜੰਗਲ ਸੁੱਤਿਆ
ਜੰਗਲ ਪਈ ਲੜਾਈ
ਜੀਵੇ ਮੁੰਡੇ ਦੀ ਤਾਈ
ਲਾਲ ਨੂੰ ਲੋਰੀ ਦੇਵਾਂ
ਸੌਂ ਜਾ ਮੇਰੇ ਪੁੱਤਿਆ।
ਨਾਨਕਿਆਂ ਨੂੰ ਜਾਵਾਂਗੇ
ਝੱਗਾ ਚੁੰਨੀ ਲਿਆਵਾਂਗੇ
ਨਾਨੀ ਦਿੱਤਾ ਘਿਉ
ਜੀਵੇ ਲਾਲ ਦਾ ਪਿਉ
ਲਾਲ ਨੂੰ ਲੋਰੀ ਦੇਵਾਂ
ਸੌਂ ਜਾ ਮੇਰੇ ਪੁੱਤਿਆ।
ਜੰਗਲੀ ਕਾਨੇ
ਜੀਉਣ ਕਾਕੇ ਦੇ ਮਾਮੇ
ਮਾਮਿਆਂ ਦੇ ਲੱਕ ਲਾਚੇ
ਚਾਚਿਆਂ ਕੀਤੀ ਵਾਹੀ
ਜੀਊਣ ਕਾਕੇ ਦੇ ਭਾਈ
ਲਾਲ ਨੂੰ ਲੋਰੀ ਦੇਵਾਂ
ਸੌਂ ਜਾ ਮੇਰੇ ਪੁੱਤਿਆ।

8.
ਅੱਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬਹਿ ਕੇ ਛੱਟੇਗੀ

ਛੱਟ ਭੜੋਲੇ ਪਾਵੇਗੀ
ਬਾਵੀ ਮਨ ਪਕਾਵੇਗੀ
ਬਾਵਾ ਬਹਿ ਕੇ ਖਾਵੇਗਾ
ਅਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਪਾਹ ਲਿਆਵੇਗਾ
ਬਾਵੀ ਬਹਿ ਕੇ ਕੱਤੇਗੀ
ਪ੍ਰੇਮਾਂ ਪੂਣੀਆਂ ਵੱਟੇਗੀ
ਗੋਡੇ ਹੇਠ ਲੁਕਾਵੇਗੀ
ਬਾਵਾ ਖਿੜ ਖਿੜ ਹੱਸੇਗਾ

9.
ਤੇਰਾ ਹੋਰ ਕੀ ਚੁੰਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੀਆਂ ਅੱਖਾਂ
ਊਂ ਊਂ ਊਂ
ਮੈ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਬਾਂਹ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਧੁੰਨੀ
ਊਂ ਊਂ ਊਂ
ਮੇਰੀ ਆਸ ਮੁਰਾਦ ਪੁੰਨੀ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੇ ਪੈਰ
ਊਂ ਊਂ ਊਂ
ਤੇਰੇ ਸਿਰ ਦੀ ਮੰਗਾਂ ਖ਼ੈਰ
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਗਾਨੀ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਨਾਨੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ।

ਲੋਰਮ ਲੋਰੀ ਦੁੱਧ ਕਟੋਰੀ
ਪੀ ਲੈ ਨਿੱਕਿਆ
ਲੋਕਾਂ ਤੋਂ ਚੋਰੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ

10.
ਸਾਡਾ ਕੁੱਕੂ ਰਾਣਾ ਰੋਂਦਾ
ਹਾਏ ਮੈਂ ਮਰਗੀ ਰੋਂਦਾ
ਨਾ ਰੋ ਮਾਂ ਦੇ ਲਾਲ ਖਜ਼ਾਨਿਆਂ ਵੇ
ਮਾਂ ਦੀ ਗੋਦੀ ਬੋਦੀ ਵੇ
ਪਿਓ ਦੀ ਫੜਿਓ ਬੋਦੀ ਵੇ
ਮੇਰਾ ਕੁੱਕੂ ਰਾਣਾ ਰੋਂਦਾ
ਹਾਏ ਮੈਂ ਮਰਗੀ ਰੋਂਦਾ

11.
ਕੁਕੜੂੰ ਘੜੂੰ
ਤੇਰੀ ਬੋਦੀ ਵਿਚ ਜੂੰ
ਕੱਢਣ ਵਾਲ਼ੀਆਂ ਭਾਬੀਆਂ
ਕਢਾਉਣ ਵਾਲ਼ਾ ਤੂੰ
ਕੁਕੜੂੰ ਘੜੂੰ।