ਸ਼ਗਨਾਂ ਦੇ ਗੀਤ/ਲੋਹੜੀ ਦੇ ਗੀਤ

ਵਿਕੀਸਰੋਤ ਤੋਂ

ਲੋਹੜੀ ਦੇ ਗੀਤ

ਪੰਜਾਬ ਵਿਚ ਮਨਾਏ ਜਾਂਦੇ ਵੱਖੋ-ਵੱਖ ਤਿਉਹਾਰਾਂ ਸਮੇਂ ਗਾਏ ਜਾਂਦੇ ਗੀਤ ਰੂਪ ਪੰਜਾਬੀ ਲੋਕ ਗੀਤਾਂ ਦਾ ਵਿਸ਼ੇਸ਼ ਭਾਗ ਹਨ! ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ ਜੋ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿਚ ਇਸ ਤਿਉਹਾਰ ਦੀ ਬੜੀ ਮਹੱਤਤਾ ਹੈ।

ਲੋਹੜੀ ਨਵ-ਜਨਮੇ ਮੁੰਡਿਆਂ ਅਤੇ ਨਵੇਂ ਵਿਆਹੇ ਜੋੜਿਆਂ ਦੀ ਖ਼ੁਸ਼ੀ ਵਿਚ ਮਨਾਈ ਜਾਂਦੀ ਹੈ। ਇਹ ਖ਼ੁਸ਼ੀ ਸਾਰਾ ਪਿੰਡ ਰਲ਼ਕੇ ਮਨਾਉਂਦਾ ਹੈ ਤੇ ਸਾਰੇ ਨਵੇਂ ਜਨਮੇਂ ਮੁੰਡੇ ਵਾਲ਼ਿਆਂ ਦੇ ਘਰੋਂ ਵਧਾਈਆਂ ਦਾ ਗੁੜ ਮੰਗਕੇ ਲਿਆਉਂਦੇ ਹਨ। ਪਿੰਡ ਵਿਚ ਥਾਂ ਥਾਂ ਲੋਹੜੀ ਬਾਲੀ ਜਾਂਦੀ ਹੈ। ਬਾਲਣ ਲਈ ਪਾਥੀਆਂ ਅਤੇ ਲੱਕੜਾਂ ਬੱਚੇ ਮੰਗ ਕੇ ਲਿਆਉਂਦੇ ਹਨ। ਰਾਤੀਂ ਪਿੰਡ ਦੀ ਸਥ ਵਿਚ ਕੱਠੇ ਹੋ ਕੇ ਵਧਾਈਆਂ ਦਾ ਗੁੜ ਸਭ ਨੂੰ ਇੱਕੋ ਜਿੰਨਾਂ ਵਰਤਾਇਆ ਜਾਂਦਾ ਹੈ।

ਲੋਹੜੀ ਵਿਚ ਬੱਚੇ ਵਧ ਚੜ੍ਹਕੇ ਹਿੱਸਾ ਲੈਂਦੇ ਹਨ ਜਿਧਰ ਵੀ ਵੇਖੋ ਬੱਚਿਆਂ ਦੀਆਂ ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਫਿਰਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ ਟੋਲੀਆਂ ਹੁੰਦੀਆਂ ਹਨ ਤੇ ਮੁੰਡੇ ਵਖਰੇ ਲੋਹੜੀ ਮੰਗਦੇ ਹਨ। ਉਹ ਸਮੂਹਿਕ ਰੂਪ ਵਿਚ ਹੀ ਗੀਤ ਗਾਉਂਦੇ ਹਨ। ਮੁੰਡਿਆਂ ਦੇ ਗੀਤਾਂ ਦਾ ਕੁੜੀਆਂ ਦੇ ਗੀਤਾਂ ਨਾਲ਼ੋਂ ਕੁਝ ਫਰਕ ਹੁੰਦਾ ਹੈ। ਮੁੰਡੇ ਰੌਲ਼ਾ ਰੱਪਾ ਬਹੁਤਾ ਪਾਉਂਦੇ ਹਨ। ਕੁੜੀਆਂ ਬੜੇ ਸਲੀਕੇ ਤੇ ਰਹਾ ਨਾਲ਼ ਗੀਤ ਗਾਉਂਦੀਆਂ ਹਨ।

ਪੰਜਾਬੀ ਲੋਕ ਗੀਤਾਂ ਦੇ ਹੋਰਨਾਂ ਗੀਤ-ਰੂਪਾਂ ਨਾਲ਼ੋਂ ਲੋਹੜੀ ਦੇ ਗੀਤ ਰੂਪਾਂ ਦੀ ਸੰਰਚਨਾ ਵਿਚ ਅੰਤਰ ਹੈ ਤੇ ਗਾਉਣ ਦਾ ਢੰਗ ਵੀ ਵਖਰਾ ਹੈ! ਮੁੰਡੇ ਵਧਾਈ ਵਾਲ਼ਿਆਂ ਦੇ ਦਰ ਮੁਹਰੇ ਜਾ ਕੇ ਸਮੂਹਕ ਰੂਪ ਵਿਚ ਗਾਉਂਦੇ ਹਨ:-

ਕੋਠੇ ਉੱਤੇ ਕਾਨਾ
ਗੁੜ ਦੇਵੇ ਮੁੰਡੇ ਦਾ ਨਾਨਾ
ਸਾਡੀ ਲੋਹੜੀ ਮਨਾ ਦੋ

ਚੁਬਾਰੇ ਉੱਤੇ ਕਾਂ
ਗੁੜ ਦੇਵੇ ਮੁੰਡੇ ਦੀ ਮਾਂ
ਸਾਡੀ ਲੋਹੜੀ ਮਨਾ ਦੋ

ਕੋਠੇ ਉਤੇ ਕਾਨੀ
ਗੁੜ ਦੇਵੇ ਮੁੰਡੇ ਦੀ ਨਾਨੀ

ਸਾਡੀ ਲੋਹੜੀ ਮਨਾ ਦੋ
ਹੋਰ
ਲੋਹੜੀ ਬਈ ਲੋਹੜੀ
ਦਿਓ ਗੁੜ ਦੀ ਰੋੜੀ ਬਈ ਰੋੜੀ

ਜਦੋਂ ਤਕ ਘਰ ਵਾਲ੍ਹੇ ਅੰਦਰੋਂ ਆਕੇ ਮੁੰਡਿਆਂ ਨੂੰ ਗੁੜ ਨਹੀਂ ਦੇਂਦੇ ਉਹ ਗਾਈ ਜਾਂਦੇ ਹਨ:-

ਕਲਮਦਾਨ ਵਿਚ ਘਿਓ
ਜੀਵੇ ਮੁੰਡੇ ਦਾ ਪਿਓ

ਕਲਮਦਾਨ ਵਿਚ ਕਾਂ
ਜੀਵੇ ਮੁੰਡੇ ਦੀ ਮਾਂ

ਕਲਮਦਾਨ ਵਿਚ ਕਾਨਾ
ਜੀਵੇ ਮੁੰਡੇ ਦਾ ਨਾਨਾ

ਲੋਹੜੀ ਬਈ ਲੋਹੜੀ
ਥੋਡਾ ਮੁੰਡਾ ਚੜ੍ਹਿਆ ਘੋੜੀ
ਘੋੜੀ ਨੇ ਮਾਰੀ ਲੱਤ
ਥੋਡੇ ਮੁੰਡੇ ਜੰਮਣ ਸੱਤ
ਸਾਡੀ ਲੋਹੜੀ ਮਨਾ ਦੋ

ਕੋਠੇ ਤੇ ਪੰਜਾਲ਼ੀ
ਤੇਰੇ ਮੁੰਡੇ ਹੋਣਗੇ ਚਾਲ਼ੀ
ਸਾਡੀ ਲੋਹੜੀ ਮਨਾ ਦੋ

ਉਖਲੀ 'ਚ ਪਾਥੀ
ਥੋਡਾ ਮੁੰਡਾ ਚੜ੍ਹਿਆ ਹਾਥੀ
ਸਾਡੀ ਲੋਹੜੀ ਮਨਾ ਦੋ

ਕੋਠੀ ਹੇਠ ਡੱਕਾ
ਥੋਨੂੰ ਰਾਮ ਦਊਗਾ ਬੱਚਾ
ਸਾਡੀ ਲੋਹੜੀ ਮਨਾ ਦੋ
ਕੋਠੀ ਹੇਠ ਚਾਕੂ

ਗੁੜ ਦਊ ਮੁੰਡੇ ਦਾ ਬਾਪੂ
ਸਾਡੀ ਲੋਹੜੀ ਮਨਾ ਦੋ

ਕੋਠੀ ਹੇਠ ਭੂਰਾ
ਥੋਡੇ ਪਵੇ ਸ਼ਕਰ ਬੂਰਾ
ਸਾਡੀ ਲੋਹੜੀ ਮਨਾ ਦੋ

ਸਾਨੂੰ ਦੇਹ ਲੋਹੜੀ
ਤੇਰੀ ਜੀਵੇ ਘੋੜੀ

ਪੰਜਾਬ ਵਿਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ 'ਸੁੰਦਰ ਮੁੰਦਰੀਏ' ਨਾਂ ਦਾ ਇਕ ਲੋਕ ਗੀਤ ਬੜਾ ਪ੍ਰਸਿਧ ਹੈ ਜੋ ਲੋਹੜੀ ਦੇ ਪਛੋਕੜ ਨਾਲ਼ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਲੋਕ ਨਾਇਕ ਨਾਲ਼ ਸੰਬੰਧ ਰੱਖਦੀ ਹੈ। ਬੱਚੇ 'ਸੁੰਦਰ-ਮੁੰਦਰੀਏ' ਗੀਤ ਨੂੰ ਬੜੇ ਉਤਸ਼ਾਹ ਨਾਲ਼ ਗਾਉਂਦੇ ਹਨ:-

ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ- ਹੋ
ਦੁੱਲਾ ਭੱਟੀ ਵਾਲ਼ਾ- ਹੋ
ਦੁੱਲੇ ਧੀ ਵਿਆਹੀ- ਹੋ
ਸੇਰ ਸ਼ਕਰ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ- ਹੋ
ਸਾਲੂ ਕੌਣ ਸਮੇਟੇ- ਹੋ
ਚਾਚਾ ਗਾਲ਼ੀ ਦੇਸੇ- ਹੋ
ਚਾਚੇ ਚੂਰੀ ਕੁੱਟੀ- ਹੋ
ਜ਼ਿਮੀਦਾਰਾਂ ਲੁੱਟੀ- ਹੋ
ਜ਼ਿਮੀਂਦਾਰ ਸਦਾਓ- ਹੋ
ਗਿਣਗਿਣ ਪੋਲੇ ਲਾਓ- ਹੋ
ਇਕ ਪੋਲਾ ਘਸ ਗਿਆ- ਹੋ
ਜ਼ਿਮੀਦਾਰ ਵਹੁਟੀ ਲੈ ਕੇ ਨਸ ਗਿਆ- ਹੋ
ਹੋ ਹੋ
ਹੋ ਹੋ

ਬੱਚਿਆਂ ਨੇ ਤਾਂ ਹੋਰਨਾਂ ਘਰਾਂ ਵਿਚ ਜਾ ਕੇ ਲੋਹੜੀ ਮੰਗਣੀ ਹੁੰਦੀ ਹੈ ਲੋਹੜੀ ਦੇਰ ਨਾਲ਼ ਮਿਲਣ ਕਾਰਨ ਉਹ ਉੱਚੀ ਉੱਚੀ ਗਾਉਂਦੇ ਹਨ:-

ਕੋਠੇ ਤੇ ਪਰਨਾਲ਼ਾ
ਸਾਨੂੰ ਖੜਿਆਂ ਨੂੰ ਲਗਦਾ ਪਾਲ਼ਾ
ਸਾਡੀ ਲੋਹੜੀ ਮਨਾ ਦੋ

ਤੂੰ ਤੇ ਕੰਮ ਕਰਦੀ ਐਂ
ਸਾਨੂੰ ਰਾਤ ਪੈਂਦੀ ਐ

ਹੋਰ ਵੀ ਅਨੇਕਾਂ ਗੀਤ ਮਿਲਦੇ ਹਨ- ਮੁੰਡੇ ਅੱਧੀ ਰਾਤ ਤਕ ਪਿੰਡ ਵਿਚ ਗਾਹ ਪਾਈ ਰੱਖਦੇ ਹਨ।

ਕੁੜੀਆਂ ਜਿਨ੍ਹਾਂ ਵਿਚ ਮੁਟਿਆਰਾਂ ਵੀ ਸ਼ਾਮਲ ਹੁੰਦੀਆਂ ਹਨ ਨਵ ਜਨਮੇ ਮੁੰਡੇ ਵਾਲ਼ਿਆਂ ਦੇ ਘਰ ਘਰ ਜਾ ਕੇ ਗੀਤ ਗਾਉਂਦੀਆਂ ਹੋਈਆਂ ਵਧਾਈਆਂ ਦਾ ਗੁੜ- ਗੁੜ ਦੀ ਭੇਲੀ ਦੇ ਰੂਪ ਵਿਚ ਮੰਗਦੀਆਂ ਹਨ। ਉਹ ਬੜੀ ਸੁਰੀਲੀ ਤੇ ਠਰੰਮੇ ਵਾਲ਼ੀ ਸੁਰ ਵਿਚ ਗੀਤ ਗਾਉਂਦੀਆਂ ਹਨ:-

ਤਿਲ ਛੱਟੇ ਛੰਡ ਛਡਾਏ
ਗੁੜ ਦੇਹ ਮੁੰਡੇ ਦੀਏ ਮਾਏਂ
ਅਸੀਂ ਗੁੜ ਨਹੀਂ ਲੈਣਾ ਥੋੜ੍ਹਾ
ਅਸੀਂ ਲੈਣਾ ਗੁੜ ਦਾ ਰੋੜਾ
--0--
ਤਿਲ ਚੌਲੀਏ ਨੀ
ਗੀਗਾ ਜੰਮਿਆ ਨੀ
ਗੁੜ ਵੰਡਿਆ ਨੀ
ਗੁੜ ਦੀਆਂ ਰੋੜੀਆਂ ਨੀ
ਭਰਾਵਾਂ ਜੋੜੀਆਂ ਨੀ
ਗੀਗਾ ਆਪ ਜੀਵੇਗਾ
ਮਾਈ ਬਾਪ ਜੀਵੇਗਾ
ਸਹੁਰਾ ਸਾਕ ਜੀਵੇਗਾ
ਜੀਵੇਗਾ ਬਈ ਜੀਵੇਗਾ

ਗੀਤਾਂ ਦੀ ਸੁਰ ਹੋਰ ਤਿੱਖੀ ਹੋਈ ਜਾਂਦੀ ਹੈ- ਘਰ ਵਾਲ਼ੇ ਬਾਹਰ ਨਹੀਂ ਨਿਕਲਦੇ ਉਹ ਜਾਣ ਬੁਝ ਕੇ ਦੇਰੀ ਕਰਦੇ ਹਨ। ਕੁੜੀਆਂ ਅਗਲਾ ਗੀਤ ਛੂਹ ਦੇਂਦੀਆ ਹਨ:-

ਤਿਲੀ ਹਰੀਓ ਭਰੀ
ਤਿਲੀ ਮੋਤੀਆਂ ਜੜੀ
ਤਿਲੀ ਓਸ ਘਰ ਜਾਹ
ਜਿਥੇ ਕਾਕੇ ਦਾ ਵਿਆਹ

ਕਾਕਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਜੀ
ਭਰਾਵਾਂ ਜੋੜੀਆਂ ਜੀ
ਹੋਰ
ਆ ਵੀਰਾ ਤੂੰ ਜਾਹ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਰਾਜੇ ਦੇ ਦਰਬਾਰ ਖੜੀ
ਇਕ ਫੁਲ ਜਾ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਪਈ
ਸੁੱਤੀ ਨੂੰ ਜਗਾ ਲਿਆ
ਰੱਤਾ ਡੋਲ਼ੇ ਪਾ ਲਿਆ
ਰੱਤਾ ਡੋਲ਼ਾ ਚੀਕਦਾ
ਭਾਬੋ ਨੂੰ ਉਡੀਕਦਾ
ਭਾਬੋ ਕੁੱਛੜ ਗੀਗਾ
ਉਹ ਮੇਰਾ ਭਤੀਜਾ
ਭਤੀਜੇ ਪੈਰੀਂ ਕੜੀਆਂ
ਕਿਸ ਸੁਨਿਆਰੇ ਘੜੀਆਂ
ਘੜਨ ਵਾਲ਼ਾ ਜੀਵੇ
ਘੜਾਉਣ ਵਾਲ਼ਾ ਜੀਵੇ
ਪਾ ਦੇ ਗੁੜ ਦੀ ਰੋੜੀ

ਉਹ ਤਾਂ ਵੀਰੇ ਦੇ ਵਿਆਹ ਦੀ ਵੀ ਕਾਮਨਾ ਕਰਦੀਆਂ ਹਨ:-

ਮੁਲੀ ਦਾ ਪੱਤ ਹਰਿਆ ਭਰਿਆ
ਵੀਰ ਸੁਦਾਗਰ ਘੋੜੀ ਚੜ੍ਹਿਆ
ਆ ਵੀਰਾ ਤੂੰ ਜਾ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ
ਫੁੱਲਾਂ ਦੀ ਚੰਗੇਰ ਭਰੀ
ਇਕ ਫੁਲ ਡਿਗ ਪਿਆ
ਰਾਜੇ ਦੇ ਦਰਬਾਰ ਪਿਆ
ਰਾਜੇ ਬੇਟੀ ਸੁੱਤੀ ਸੀ
ਸੁੱਤੀ ਨੂੰ ਜਗਾ ਲਿਆ

ਰੱਤੇ ਡੋਲ਼ੇ ਪਾ ਲਿਆ
ਰੱਤਾ ਡੋਲ਼ਾ ਕਾਈ ਦਾ
ਸਤੇ ਵੀਰ ਵਿਆਹੀ ਦਾ
ਹੋਰ
ਕੁੜੀਓ ਕੰਡਾ ਨੀ
ਇਸ ਕੰਡੇ ਨਾਲ਼ ਕਲੀਰਾ ਨੀ
ਜੁਗ ਜੀਵੇ ਭੈਣ ਦਾ ਵੀਰਾ ਨੀ
ਵੀਰੇ ਪਾਈ ਹੱਟੀ ਨੀ
ਰਤੜੇ ਪਲੰਘ ਰੰਗੀਲੇ ਪਾਵੇ
ਲੈ ਵਹੁਟੀ ਮੁੰਡਾ ਘਰ ਆਵੇ
ਨਵੀਂ ਵਹੁਟੀ ਦੇ ਲੰਮੇ ਵਾਲ਼
ਲੋਹੜੀ ਬਈ ਲੋਹੜੀ

ਉਹ ਮੁੰਡੇ ਦੀ ਮਾਂ ਨੂੰ ਅਸੀਸਾਂ ਦੇਂਦੀਆਂ ਹਨ:-

ਪਾ ਨੀ ਮਾਏਂ ਪਾ
ਕਾਲ਼ੇ ਕੁੱਤੇ ਨੂੰ ਵੀ ਪਾ
ਕਾਲ਼ਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀਂ- ਗਾਈਂ
ਮੱਝੀਂ ਗਾਈਂ ਨੇ ਦਿੱਤਾ ਦੁੱਧ
ਤੇਰੇ ਜੀਵਨ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ
ਸਾਨੂੰ ਸੇਰ ਸ਼ੱਕਰ ਪਾਈ
ਡੋਲ਼ੀ ਛਮ ਛਮ ਕਰਦੀ ਆਈ

ਜਦੋਂ ਘਰ ਦੀਆਂ ਸੁਆਣੀਆਂ ਕੰਮ ਦੇ ਰੁਝੇਵਿਆਂ ਵਿਚ ਰੁਝੇ ਹੋਣ ਕਾਰਨ ਕੁੜੀਆਂ ਨੂੰ ਭੇਲੀ ਦੇਣ ਵਿਚ ਦੇਰ ਕਰ ਦੇਂਦੀਆਂ ਤਾਂ ਕੁੜੀਆਂ ਗਾਉਂਦੀਆ ਹੋਈਆਂ ਛੇਤੀ ਤੋਰਨ ਲਈ ਆਖਦੀਆਂ ਹਨ:-

ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲ਼ੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ
ਦੇਹ ਗੋਹਾ ਖਾ ਖੋਆ
ਸੁੱਟ ਲੱਕੜ ਖਾ ਸ਼ੱਕਰ
ਲੋਹੜੀ ਬਈ ਲੋਹੜੀ
ਕਾਕਾ ਚੜ੍ਹਿਆ ਘੋੜੀ

ਕਈ ਘਰ ਵਾਲ਼ੇ ਕੁੜੀਆਂ ਨੂੰ ਗਿੱਧਾ ਪਾਉਣ ਲਈ ਆਖਦੇ ਹਨ। ਇਸ ਤਰ੍ਹਾਂ ਨਚਦਿਆਂ ਟਪਦਿਆਂ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੁੜੀਆਂ ਵਲੋਂ ਘਰ ਘਰ ਜਾਕੇ ਕੱਠਾ ਕੀਤਾ ਗੁੜ ਸੱਥ ਵਿਚ ਲਿਆਕੇ ਸਭ ਨੂੰ ਇਕੋ ਜਿੰਨਾ ਵਰਤਾ ਦਿੱਤਾ ਜਾਂਦਾ ਹੈ ਤੇ ਵਖ ਵਖ ਥਾਵਾਂ ਤੇ ਜਲਦੀਆਂ ਧੂਣੀਆਂ ਉੱਤੇ ਤਿਲ ਸੁੱਟੇ ਜਾਂਦੇ ਹਨ ਜੋ ਪਟਾਕ ਪਟਾਕ ਕੇ ਅਨੂਪਮ ਰਾਗ ਉਤਪਨ ਕਰਦੇ ਹਨ।

ਲੋਹੜੀ ਦੇ ਗੀਤ ਵੀ ਹੁਣ ਭੁਲਦੇ ਜਾ ਰਹੇ ਹਨ। ਪਿੰਡਾਂ ਵਿਚ ਹੁਣ ਲੋਹੜੀ ਪਹਿਲੇ ਉਤਸ਼ਾਹ ਨਾਲ਼ ਨਹੀਂ ਮਨਾਈ ਜਾਂਦੀ ਨਾ ਹੀ ਕੋਈ ਮੁੰਡਾ ਕੁੜੀ ਕਿਸੇ ਦੇ ਘਰ ਗੁੜ ਮੰਗਣ ਜਾਂਦਾ ਹੈ।