ਸ਼ਗਨਾਂ ਦੇ ਗੀਤ/ਸਾਂਝੀ ਦੇ ਗੀਤ

ਵਿਕੀਸਰੋਤ ਤੋਂ

ਸਾਂਝੀ ਦੇ ਗੀਤ

ਸਾਂਝੀ ਮਾਈ ਜਾਂ ਸਾਂਝੀ ਦੇਵੀ ਕੁੜੀਆਂ ਦਾ ਦੁਸਹਿਰੇ ਦੇ ਦਿਨਾਂ ਦਾ ਤਿਉਹਾਰ ਹੈ। ਇਹ ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਵਾਲ਼ੇ ਦਿਨ ਤੱਕ ਮਨਾਇਆ ਜਾਂਦਾ ਹੈ। ਕਹਿੰਦੇ ਹਨ "ਸਾਂਝੀ ਮਾਈ" ਇਕ ਕੁਆਰੀ ਦੇਵੀ ਹੈ। ਇਸ ਨੂੰ ਜੇਕਰ ਕੁਆਰੀਆਂ ਕੁੜੀਆਂ ਪੂਜਣ ਤਾਂ ਉਨ੍ਹਾਂ ਨੂੰ ਸੁਸ਼ੀਲ ਅਤੇ ਸੁਨੱਖੇ ਵਰ ਪ੍ਰਾਪਤ ਹੁੰਦੇ ਹਨ। ਨਿੱਕੀਆਂ ਤੇ ਵੱਡੀਆਂ ਕੁੜੀਆਂ ਸਾਂਝੀ ਮਾਈ ਪਾਸ ਕਈ ਸੁੱਖਾਂ ਸੁਖਦੀਆਂ ਹਨ- ਕੋਈ ਵੀਰ ਮੰਗਦੀ ਹੈ, ਕੋਈ ਭਾਬੋ ਤੇ ਕੋਈ ਭਤੀਜਾ।

ਪਹਿਲੇ ਨਰਾਤੇ ਤੋਂ ਇਕ-ਦੋ ਦਿਨ ਪਹਿਲਾਂ ਗਲ਼ੀ ਗੁਆਂਢ ਦੀਆਂ ਨਿੱਕੀਆਂ ਵੱਡੀਆਂ ਕੁੜੀਆਂ ਇਕੱਠੀਆਂ ਹੋ ਕੇ ਚੀਕਣੀ ਮਿੱਟੀ ਦੇ, ਸੈਂਕੜਿਆਂ ਦੀ ਗਿਣਤੀ ਵਿਚ ਚੰਦਊਏ ਤੇ ਤਾਰੇ ਬਣਾ ਕੇ ਧੁੱਪ ਵਿਚ ਸੁੱਕਾ ਲੈਂਦੀਆਂ ਹਨ। ਫਿਰ ਇਨ੍ਹਾਂ ਨੂੰ ਵੱਖੋ-ਵੱਖਰੇ ਰੰਗਾਂ ਨਾਲ਼ ਰੰਗਿਆ ਜਾਂਦਾ ਹੈ। ਤਾਰੇ ਅਥਵਾ ਟਿੱਕੀਆਂ ਤੋਂ ਬਿਨਾਂ ਕਈ ਸਿਆਣੀਆਂ ਕੁੜੀਆਂ ਸਾਂਝੀ ਮਾਈ ਲਈ ਗਹਿਣੇ ਨੱਥ, ਮੱਛਲੀ, ਚੂੜਾ, ਸੱਗੀ ਫੁੱਲ, ਬਾਂਕਾਂ ਤੇ ਚੌਂਕ ਆਦਿ ਮਿੱਟੀ ਦੇ ਹੀ ਬਣਾਉਂਦੀਆਂ ਹਨ। ਮਿੱਟੀ ਦੇ ਹੀ ਭਾਂਡੇ ਚੱਕਲਾ-ਬੇਲਣਾ, ਤਵਾ, ਪਰਾਤ ਵੀ ਬਣਾਏ ਜਾਂਦੇ ਹਨ। ਕੋਈ ਜਣੀ ਚੰਦ-ਸੂਰਜ ਤੇ ਤਾਰੇ ਆਦਿ ਬਣਾਉਂਦੀ ਹੈ, ਕੋਈ ਮੋਧਨ ਦੀ ਆਕ੍ਰਿਤੀ, ਕੋਈ ਬਾਹਮਣੀ ਦੀ ਮੂਰਤ ਬਣਾ ਲੈਂਦੀ ਹੈ, ਕੋਈ ਹੁੱਕਾ ਪੀਂਦੇ ਮਰਾਸੀ ਦੀ। ਇਹ ਮੂਰਤੀਆਂ ਬੜੀ ਰੀਝ ਨਾਲ਼ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਪੇਂਡੂ ਕੁੜੀਆਂ ਦੀ ਲੋਕ ਕਲਾ ਰੂਪਮਾਨ ਹੋ ਉਠਦੀ ਹੈ।

ਪਹਿਲੇ ਨਰਾਤੇ ਨੂੰ ਸਵੇਰੇ-ਸਵੇਰੇ ਕੁੜੀਆਂ ਨਹਾ-ਧੋ ਕੇ ਗੋਹੇ ਨਾਲ਼ ਲਿੱਪੀ ਕੰਧ ਉੱਤੇ ਗੋਹੇ ਨਾਲ਼ ਸਾਂਝੀ ਮਾਈ ਦੀ ਮੂਰਤੀ ਚਪਕਾਉਂਦੀਆਂ ਹਨ। ਮੂਰਤੀ ਨੂੰ ਸਜਾਉਣ ਵਿਚ ਕੁੜੀਆਂ ਆਪਣੀ ਲੋਕ ਪ੍ਰਤਿਭਾ ਦਾ ਚਮਤਕਾਰ ਵਿਖਾਉਂਦੀਆਂ ਹਨ। ਇਹ ਮੂਰਤੀ ਬੜੀ ਖ਼ੂਬਸੂਰਤ ਹੁੰਦੀ ਹੈ, ਇਸ ਨੂੰ ਮਿੱਟੀ ਦੇ ਗਹਿਣਿਆਂ ਨਾਲ਼ ਸ਼ਿਗਾਰਿਆਂ ਜਾਂਦਾ ਹੈ। ਇਸ ਮੂਰਤੀ ਦੇ ਪਿਛੋਕੜ ਵਿਚ ਚੜ੍ਹ ਰਹੇ ਚੰਦ ਤੇ ਛਿਪ ਰਹੇ ਸੂਰਜ ਨੂੰ ਵੀ ਮੂਰਤੀਮਾਨ ਕੀਤਾ ਜਾਂਦਾ ਹੈ। ਕੁੜੀਆਂ ਆਪਣੇ-ਆਪਣੇ ਘਰਾਂ ਵਿਚ ਸਾਂਝੀ ਮਾਈ ਦੀ ਮੂਰਤੀ ਆਪਣੀ-ਆਪਣੀ ਪ੍ਰਤਿਭਾ ਅਨੁਸਾਰ ਬਣਾਉਂਦੀਆਂ ਹਨ। ਹਰ ਕੁੜੀ ਚਾਹੁੰਦੀ ਹੈ ਕਿ ਉਹਦੀ ਸਾਂਝੀ ਦੂਜੀ ਕੁੜੀ ਨਾਲ਼ੋਂ ਸੋਹਣੀ ਹੋਵੇ। ਇਹ ਜ਼ਰੂਰੀ ਨਹੀਂ ਕਿ ਇਹ ਸਾਂਝੀ ਇਕ ਪ੍ਰਕਾਰ ਦੀ ਹੀ ਹੋਵੇ। ਕੁੜੀਆਂ ਆਪਣੀ-ਆਪਣੀ ਸੂਝ ਅਤੇ ਕਲਪਨਾ ਅਨੁਸਾਰ ਇਸ ਦੀ ਮੂਰਤੀ ਬਣਾਉਂਦੀਆਂ ਹਨ। ਸਾਂਝੀ ਮਾਈ ਦੀਆਂ ਮੂਰਤੀਆਂ ਪੇਂਡੂ ਲੋਕ ਕਲਾ ਦਾ ਦਿਲਚਸਪ ਨਮੂਨਾ ਹੁੰਦੀਆਂ ਹਨ।

ਸਾਂਝੀ ਮਾਈ ਦੀ ਮੂਰਤੀ ਬਣਾਉਣ ਮਗਰੋਂ ਘਰਾਂ ਦੀਆਂ ਸੁਆਣੀਆਂ ਸਾਂਝੀ ਮਾਈ ਦਾ ਪ੍ਰਸਾਦ ਬਣਾਉਂਦੀਆਂ ਹਨ। ਇਹ ਪ੍ਰਸਾਦ ਆਮ ਤੌਰ 'ਤੇ ਆਟੇ ਨੂੰ ਭੁੰਨ ਕੇ ਵਿਚ ਗੁੜ-ਸ਼ੱਕਰ ਰਲ਼ਾ ਕੇ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਸੁੱਕੀ ਪੰਜੀਰੀ ਆਖਦੇ ਹਨ। ਕਈ ਪੰਜੀਰੀ ਦੀ ਥਾਂ ਗੁੜ ਜਾਂ ਸ਼ੱਕਰ ਹੀ ਵੰਡ ਕੇ ਕੰਮ ਸਾਰ ਲੈਂਦੀਆਂ ਹਨ। ਸਰਦੇ ਪੁਜਦੇ ਘਰਾਂ 'ਚ ਘਿਓ ਵਾਲ਼ੀ ਵਧੀਆ ਪੰਜੀਰੀ ਤਿਆਰ ਕੀਤੀ ਜਾਂਦੀ ਹੈ।

ਸਾਂਝੀ ਮਾਈ ਦੀ ਪੂਜਾ ਬੜੇ ਦਿਲ ਖਿੱਚਵੇਂ ਢੰਗ ਨਾਲ਼ ਕੀਤੀ ਜਾਂਦੀ ਹੈ। ਘਰ-ਘਰ ਸਾਂਝੀ ਮਾਈ ਲੱਗੀ ਹੁੰਦੀ ਹੈ। ਕੁੜੀਆਂ ਤੇ ਛੋਟੇ ਬੱਚੇ ਇਕੱਠੇ ਹੋ ਕੇ ਹਰ ਘਰ ਜਾਂਦੇ ਹਨ ਤੇ ਸਾਂਝੀ ਦੇ ਗੀਤ ਗਾਉਂਦੇ ਹੋਏ ਸਾਂਝੀ ਦੀ ਪੂਜਾ ਕਰਦੇ ਹਨ।

ਪਹਿਲੇ ਨਰਾਤੇ ਦੀ ਆਥਣ ਤੋਂ ਸਾਂਝੀ ਮਾਈ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਘਿਓ ਦਾ ਚਮੁਖੀਆ ਦੀਵਾ ਬਾਲ਼ ਕੇ ਕੁੜੀਆਂ ਸਾਂਝੀ ਦੇ ਮੰਤਰ ਵਜੋਂ ਇਹ ਗੀਤ ਆਰੰਭਦੀਆਂ ਹਨ:-

ਉਠ ਮੇਰੀ ਸਾਂਝੀ ਪਟੜੇ ਖੋਹਲ
ਕੁੜੀਆਂ ਆਈਆਂ ਤੇਰੇ ਕੋਲ਼

ਫਿਰ ਅਗਲਾ ਗੀਤ ਸ਼ੁਰੂ ਹੁੰਦਾ ਹੈ:-

ਜਾਗ ਸਾਂਝੀ ਜਾਗ
ਤੇਰੇ ਮੱਥੇ ਆਇਆ ਭਾਗ
ਤੇਰੇ ਪੱਟੀਆਂ ਸੁਹਾਗ

ਇਸ ਮਗਰੋਂ ਉਹ ਸਾਂਝੀ ਨੂੰ ਖ਼ੁਸ਼ ਕਰਨ ਲਈ ਸਾਂਝੀ ਦੇ ਗੀਤ ਗਾਉਂਦੀਆਂ ਹਨ:-

ਸਾਂਝੀ ਕੁੜੀਓ ਪਹਾੜ ਵਸਦੀ
ਰਾਜੇ ਰਾਮ ਦੀ ਪੋਤੀ
ਲੈਣ ਕਿਉਂ ਨੀ ਜਾਂਦਾ
ਭਾਈ ਮੋਧਨਾ ਵੇ
ਤੇਰੀ ਲੰਮੀ ਲੰਮੀ ਬੋਦੀ
ਬੋਦੀ ਨੂੰ ਲਗੜੇ ਫੂੰਦੇ
ਤੇਰੀ ਮਖ਼ਮਲ ਦੀ ਟੋਪੀ
ਜਾਂਗੀਆ ਸਮਾਦੇ ਰੇਸ਼ਮੀ
ਵਿਚ ਸੁਚੜੇ ਮੋਤੀ

ਉਹ ਸਾਂਝੀ ਪਾਸੋਂ ਗਾਉਂਦੀਆਂ ਹੋਈਆਂ ਪੁੱਛਦੀਆਂ ਹਨ:-

ਸਾਂਝੀ ਦੇ ਆਲ਼ੇ ਦੁਆਲ਼ੇ
ਹਰੀਓ ਚਲਾਈ

ਮੈਂ ਤੈਨੂੰ ਪੁੱਛਾਂ ਸਾਂਝੀ
ਕੈ ਤੇਰੇ ਭਾਈ
ਅੱਠ ਸੱਤ ਭਤੀਜੇ ਭੈਣੋਂ
ਸੋਲਾਂ ਮੇਰੇ ਭਾਈ
ਸੱਤਾਂ ਦਾ ਮੈਂ ਵਿਆਹ ਰਚਾਇਆ
ਸੋਲਾਂ ਦੀ ਵਧਾਈ
ਹੋਰ
ਸਾਂਝੀ ਦੇ ਆਲ਼ੇ ਦੁਆਲ਼ੇ
ਦੋ ਚਰਖੀਰੇ
ਜਗ ਜਿਉਣ ਨੀ ਭੈਣ ਤੇਰੇ ਵੀਰੇ
ਸਾਂਝੀ ਦੇ ਆਲ਼ੇ ਦੁਆਲ਼ੇ
ਦੋ ਚਾਰ ਕਾਨੇ
ਜਗ ਜਿਉਣ ਭੈਣੇ ਤੇਰੇ ਮਾਮੇ

ਸੁੱਖਾਂ ਸੁੱਖਦੀ ਭੈਣ ਨੂੰ ਸਾਂਝੀ ਨੇ ਵੀਰ ਦੇ ਦਿੱਤਾ, ਭਾਬੋ ਦੇ ਦਿੱਤੀ। ਹੁਣ ਉਹ ਸਾਂਝੀ ਦੀ ਹਰ ਲੋੜ ਪੂਰੀ ਕਰਦੀ ਹੈ:-

ਸਾਂਝੀ ਤਾਂ ਮੰਗਦੀ
ਹਰਾ ਹਰਾ ਗੋਬਰ
ਮੈਂ ਕਿੱਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਵੀਰਨ ਮੇਰਾ ਗਊਆਂ ਦਾ ਪਾਲ਼ੀ
ਮੈਂ ਉਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ
ਤੂੰ ਲੈ ਮੇਰੀ ਸਾਂਝੀ
ਹਰਾ ਹਰਾ ਗੋਬਰ

ਸਾਂਝੀ ਤਾਂ ਮੰਗਦੀ
ਚਿੱਟੇ ਚਿੱਟੇ ਚਾਵਲ
ਮੈਂ ਕਿੱਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ
ਵੀਰਨ ਮੇਰਾ ਧਾਨਾਂ ਦੀ ਰਾਖੀ
ਮੈਂ ਉਥੋਂ ਲਿਆਵਾਂ ਸਾਂਝੀ
ਚਿੱਟੇ ਚਿੱਟੇ ਚਾਵਲ
ਤੂੰ ਲੈ ਮੇਰੀ ਸਾਂਝੀ
ਚਿੱਟੇ ਚਿੱਟੇ ਚਾਵਲ

ਸਾਂਝੀ ਤਾਂ ਮੰਗਦੀ
ਸੂਹੀਆਂ ਸੂਹੀਆਂ ਚੁੰਨੀਆਂ
ਮੈਂ ਕਿੱਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ
ਵੀਰਨ ਮੇਰਾ ਲਲਾਰੀ ਦਾ ਬੇਲੀ
ਮੈਂ ਉਥੋਂ ਲਿਆਵਾਂ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ
ਤੂੰ ਲੈ ਮੇਰੀ ਸਾਂਝੀ
ਸੂਹੀਆਂ ਸੂਹੀਆਂ ਚੁੰਨੀਆਂ

ਸਾਂਝੀ ਦੇ ਗੀਤ ਗਾਉਂਦੀ ਭੈਣ ਕਲਪਨਾ ਵਿਚ ਹੀ ਆਪਣੇ ਵੀਰੇ ਦਾ ਵਿਆਹ ਰਚਾ ਦਿੰਦੀ ਹੈ- ਨਵੇਂ ਵਿਆਹਿਆਂ ਨੂੰ ਸਹੁਰਿਆਂ ਦਾ ਚਾਅ ਹੁੰਦਾ ਹੀ ਹੈ। ਨਾ- ਉਹ ਕਈ-ਕਈ ਦਿਨ ਸਹੁਰਿਆਂ ਤੋਂ ਨਹੀਂ ਮੁੜਦਾ। ਉਹ ਸਾਂਝੀ ਦਾ ਗੀਤ ਗਾਉਂਦੀ ਹੋਈ ਵੀਰੇ ਪਾਸੋਂ ਜਵਾਬ ਮੰਗਦੀ ਹੈ:-

ਬਾਜਰੇ ਦਾ ਸਿੱਟਾ ਵੀਰਾ
ਝਲਮਲ ਝਲਮਲ ਕਰਦਾ ਸੀ
ਮੈਂ ਤੈਨੂੰ ਪੁੱਛਾਂ ਵੀਰਾ
ਸੌਹਰੜੇ ਕੀ ਕਰਦਾ ਸੀ
ਸਾਲ਼ੀਆਂ ਕਸੀਦਾ ਕੱਢਣ
ਮੈਂ ਵੀ ਪੋਥੀ ਪੜ੍ਹਦਾ ਸੀ
ਸੱਤ ਸੱਤ ਕੋਠੀਏਂ
ਕਤਾਬਾਂ ਬੀਬੀ ਰੱਖਦਾ ਸੀ
ਸੋਨੇ ਦੀ ਮੇਰੀ ਕਲਮ ਦਵਾਤ
ਚਾਂਦੀ ਲੇਖਾ ਕਰਦਾ ਸੀ
ਛੋਟੀ ਸਾਲ਼ੀ ਖਰੀਓ ਪਿਆਰੀ
ਚਿਲਮਾਂ ਭਰ ਭਰ ਦਿੰਦੀ ਸੀ
ਬੜੀ ਸਾਲ਼ੀ ਦਾ ਸੁਭਰ ਪਾਟਾ
ਅੰਦਰ ਬੜ ਬੜ ਰੋਂਦੀ ਸੀ
ਪੇਕਿਆਂ ਦਾ ਨਾਈ ਆਇਆ
ਕਿਉਂ ਬੀਬੀ ਤੂੰ ਰੋਨੀ ਏਂ
ਮਿੱਠੀਆਂ ਪਕਾ ਬੀਬੀ
ਫਿੱਕੀਆਂ ਪਕਾ ਬੀਬੀ
ਪੇਕਿਆਂ ਦੇ ਬਾੜੇ ਬੀਬੀ ਹੋ ਹੋ

ਸਾਂਝੀ ਮਾਈ ਨੇ ਭੈਣ ਨੂੰ ਭਾਬੋ ਦੇ ਦਿੱਤੀ, ਭਤੀਜਾ ਦੇ ਦਿੱਤਾ। ਹੁਣ ਉਹ ਕੰਮ ਭਲਾ ਕਿਵੇਂ ਕਰੇ- ਭਤੀਜੇ ਦਾ ਚਾਅ ਹੀ ਝੱਲਿਆ ਨਹੀਂ ਜਾਂਦਾ:-

ਨੀ ਸੁਣ ਸਾਂਝੜੀਏ
ਰੋਟੀ ਵੇਲ਼ਾ ਹੋਇਆ
ਨੀ ਸੁਣ ਸਾਂਝੜੀਏ
ਕੌਣ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਪਕਾਵੇ ਰੋਟੀ
ਨੀ ਸੁਣ ਸਾਂਝੜੀਏ
ਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗਾ ਮੇਰਾ ਭਤੀਜਾ
ਨੀ ਸੁਣ ਸਾਂਝੜੀਏ
ਗੀਗੇ ਦੇ ਪੈਰੀਂ ਕੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰੇ ਘੜੀਆਂ
ਨੀ ਸੁਣ ਸਾਂਝੜੀਏ
ਮਥਰੇ ਸੁਨਿਆਰ ਨੇ ਘੜੀਆਂ
ਨੀ ਸੁਣ ਸਾਂਝੜੀਏ

ਇਸੇ ਗੀਤ ਦਾ ਇਕ ਹੋਰ ਰੂਪਾਂਤਰ ਇਸ ਪ੍ਰਕਾਰ ਹੈ:-

ਨੀ ਸੁਣ ਸਾਂਝੜੀਏ
ਤਿਓਰ ਵਿਚ ਤਲਾਈ
ਨੀ ਸੁਣ ਸਾਂਝੜੀਏ
ਭਾਬੋ ਗੋਦੀ ਗੀਗਾ
ਨੀ ਸੁਣ ਸਾਂਝੜੀਏ
ਗੀਗਾ ਮੇਰਾ ਭਤੀਜਾ
ਨੀ ਸੁਣ ਸਾਂਝੜੀਏ
ਗੀਗੇ ਦੇ ਪੈਰੀਂ ਕੜੀਆਂ
ਨੀ ਸੁਣ ਸਾਂਝੜੀਏ
ਕਿਹੜੇ ਸੁਨਿਆਰ ਘੜੀਆਂ
ਨੀ ਸੁਣੇ ਸਾਂਝੜੀਏ
ਆਸਾ ਰਾਮ ਨੇ ਘੜੀਆਂ

ਵੀਰੇ ਲਈ ਭੈਣ ਸਦਾ ਸੁੱਖਾਂ ਸੁਖਦੀ ਹੋਈ ਉਹਦੇ ਪਰਿਵਾਰ ਨੂੰ ਵੱਧਦਾ-ਫੁੱਲਦਾ ਅਤੇ ਆਰਥਿਕ ਪੱਖੋਂ ਉੱਨਤੀ ਕਰਦਾ ਦੇਖਣਾ ਲੋੜਦੀ ਹੈ। ਉਹ ਕਾਮਨਾ ਕਰਦੀ ਹੈ:-

ਊਠਣ ਬੈਠਣ ਝੋਟੜੀਆਂ
ਵੀਰ ਮੇਰੇ ਦੇ ਬਾੜੇ ਮਾਂ
ਗੋਹਾ ਚੁੱਗਣ ਤੇਰੀਆਂ ਭੈਨੜੀਆਂ
ਭਾਈਆਂ ਦੇ ਲਿਸ਼ਕਾਰੇ ਮਾਂ
ਧਾਰਾਂ ਕੱਢਣ ਤੇਰੀਆਂ ਮਾਈਆਂ ਵੇ
ਪੁੱਤਾਂ ਦੇ ਲਲਕਾਰੇ ਮਾਂ
ਦੁੱਧ ਰਿੜਕਣ ਤੇਰੀਆਂ ਵਹੁਟੜੀਆਂ
ਚੂੜੇ ਦੇ ਛਣਕਾਟੇ ਮਾਂ

ਇਸ ਪ੍ਰਕਾਰ ਗੀਤ ਗਾਉਣ ਮਗਰੋਂ ਸਾਂਝੀ ਦੀ ਆਰਤੀ ਉਤਾਰੀ ਜਾਂਦੀ ਹੈ। ਥਾਲ਼ ਵਿਚ ਜਗਦਾ ਦੀਵਾ ਰੱਖ ਕੇ ਸਾਂਝੀ ਮਾਈ ਦੀ ਮੂਰਤੀ ਦੇ ਆਲ਼ੇ-ਦੁਆਲ਼ੇ ਥਾਲ਼ ਘੁਮਾਉਂਦੇ ਹੋਏ ਗਾਉਂਦੀਆਂ ਹਨ:-

ਮੇਰੀ ਆਰੇ ਦੀ ਡੋਲ
ਪੀਹੜੇ ਡਾਹੇ ਦੀ ਡੋਲ
ਗੋਦ ਘਲਾਏ ਦੀ ਡੋਲ
ਜੋਤ ਜਗਾਈ ਦੀ ਡੋਲ
ਡੋਲਾ ਡੋਲੜੀਓ ਭੈਣੋਂ
ਡੋਲਾ ਭਰਿਆ ਕਟੋਰਿਆਂ ਨਾਲ਼

ਸਾਂਝੀ ਮਾਈ ਆਰਤੀ
ਆਰਤੀ ਦਾ ਫੁੱਲ
ਚੰਗੇਰ ਸੌ ਡੰਡੀ
ਸੁਣੋ ਨੀ ਬਹੂਓ
ਕੰਤ ਤੁਹਾਡੇ
ਵੀਰਨ ਸਾਡੇ
ਲੇਫ ਤਲਾਈ ਵਿਚ ਬੈਠੀ
ਮੇਰੀ ਸਾਂਝੀ ਮਾਈ

ਇਸ ਮਗਰੋਂ ਹੇਠ ਲਿਖੀ ਆਰਤੀ ਪੰਜ ਵਾਰ ਗਾਈ ਜਾਂਦੀ ਹੈ:-

ਪਹਿਲੀ ਆਰਤੀ ਕਰਾਂ ਕਰਾਵਾਂ
ਜੀਵੇ ਮੇਰਾ ਵੀਰ ਪਰਾਹੁਣਾ ਅੜੀਓ
ਮੈਂ ਸ਼ਿਵ ਦੁਆਲੇ ਖੜੀਓ
ਮੈਂ ਹਰਕਾ ਦਰਸਣ ਪਾਇਆ
ਮੇਰਾ ਵੀਰ ਪਰਾਹੁਣਾ ਆਇਆ
ਖੋਹਲ ਨਰੈਣ ਅਟੜੀ

ਮੈਂ ਪੂਜਾਂ ਤੇਰੀ ਪਟੜੀ
ਮੈਂ ਪੂਜਾਂ ਹਰ ਕੇ ਪੈਰ

ਉਪਰੋਕਤ ਆਰਤੀ ਗਾਉਣ ਮਗਰੋਂ ਸੁੱਕੀ ਪੰਜੀਰੀ ਜਾਂ ਤਿਲ਼ਚੌਲੀ ਦਾ ਪ੍ਰਸਾਦ ਸਾਂਝੀ ਨੂੰ ਭੋਗ ਲੁਆਉਣ ਮਗਰੋਂ ਸਾਰੇ ਬੱਚਿਆਂ ਵਿਚਕਾਰ ਵੰਡਿਆ ਜਾਂਦਾ ਹੈ। ਇਸ ਮਗਰੋਂ ਕੁੜੀਆਂ ਕਿਸੇ ਹੋਰ ਕੁੜੀ ਦੇ ਘਰ ਜਾ ਕੇ ਪਹਿਲੀ ਰੀਤੀ ਅਨੁਸਾਰ ਮੁੱਢੋਂ-ਸੁੱਢੋਂ ਸਾਂਝੀ ਮਾਈ ਦੀ ਪੂਜਾ ਕਰਦੀਆਂ ਹਨ। ਇਸ ਪ੍ਰਕਾਰ ਇਕ ਦਿਨ ਦਾ ਪ੍ਰੋਗਰਾਮ ਖ਼ਤਮ ਹੋ ਜਾਂਦਾ ਹੈ। ਇਹ ਪ੍ਰੋਗਰਾਮ ਨੌ ਦਿਨ ਚੱਲਦਾ ਰਹਿੰਦਾ ਹੈ।

ਦੁਸਹਿਰੇ ਵਾਲ਼ੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਇਹ ਗੀਤ ਗਾਉਂਦੀਆਂ ਹੋਈਆਂ ਲਾਹ ਲੈਂਦੀਆਂ ਹਨ:-

ਗੁੱਸੇ ਨਾ ਹੋਈਂ ਸਾਂਝੜੀਏ
ਪਰ ਨੂੰ ਫੇਰ ਮੰਗਾਵਾਂਗੇ

ਸਾਂਝੀ ਦੀਆਂ ਸਾਰੀਆਂ ਮੂਰਤੀਆਂ ਨੂੰ ਇਕ ਸੁੱਚੀ ਟੋਕਰੀ ਵਿਚ ਪਾ ਕੇ ਕੁੜੀਆਂ ਇਨ੍ਹਾਂ ਨੂੰ ਪਿੰਡ ਦੇ ਲਾਗਲੇ ਕਿਸੇ ਟੋਭੇ ਜਾਂ ਸੂਏ ਵਿਚ ਜਲ ਪ੍ਰਵਾਹ ਕਰਨ ਲਈ ਟੁਰ ਪੈਂਦੀਆਂ ਹਨ। ਉਹ ਜਾਂਦੀਆਂ ਹੋਈਆਂ ਰਾਹ ਵਿਚ ਇਹ ਗੀਤ ਗਾਉਂਦੀਆਂ ਜਾਂਦੀਆਂ ਹਨ:-

ਕਿੱਥੇ ਜੰਮੀ ਤੁਲਸਾਂ
ਕਿੱਥੇ ਜੰਮਿਆ ਰਾਮ
ਕਿੱਥੇ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਜੰਮੀ ਤੁਲਸਾਂ
ਪਹੋਏ ਜੰਮਿਆ ਰਾਮ
ਮਹਿਲੀਂ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ

ਕਿੱਥੇ ਵਸੇ ਤੁਲਸਾਂ
ਕਿੱਥੇ ਵਸੇ ਰਾਮ
ਕਿੱਥੇ ਵਸੇ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਵਸੇ ਤੁਲਸਾਂ
ਪਹੋਏ ਵਸੇ ਰਾਮ
ਮਹਿਲੀਂ ਵਸੇ ਸਖੀਓ
ਨੀ ਮੇਰਾ ਸ੍ਰੀ ਭਗਵਾਨ

ਉਪਰੋਕਤ ਗੀਤ ਗਾਉਂਦੀਆਂ ਹੋਈਆਂ ਕੁੜੀਆਂ ਕਿਸੇ ਟੋਭੇ ਜਾਂ ਸੂਏ ਤੇ ਪੁੱਜ ਜਾਂਦੀਆਂ ਹਨ। ਉਹ ਉਥੇ ਜਾ ਕੇ ਕੀੜਿਆਂ ਦੇ ਭੌਣ ਉਤੇ ਤਿਲ਼ ਚੌਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ:-

ਕੀੜੀਓ ਮਕੌੜੀਓ
ਅੰਨ ਦਿਓ
ਧੰਨ ਦਿਓ
ਭਾਈ ਦਿਓ
ਭਤੀਜਾ ਦਿਓ
ਕਢਣ ਨੂੰ ਕਸੀਦਾ ਦਿਓ
ਹੋਰ ਨਾ ਕੁਛ ਲੋੜੀਏ

ਇਸ ਮਗਰੋਂ ਕੁੜੀਆਂ ਸਾਂਝੀ ਨੂੰ ਜਲ ਪ੍ਰਵਾਹ ਕਰਨ ਲੱਗੀਆਂ ਇਹ ਗੀਤ ਗਾਉਂਦੀਆਂ ਹਨ:-

ਨ੍ਹਾਈਂ ਸਾਂਝੀ
ਧੋਈਂ ਸਾਂਝੀ
ਰੋਈਂ ਨਾ
ਵਰ੍ਹੇ ਦਿਨਾਂ ਨੂੰ ਫੇਰ ਲਾਵਾਂਗੇ

ਸਾਂਝੀ ਨੂੰ ਜਲ ਪ੍ਰਵਾਹ ਕਰਨ ਮਗਰੋਂ ਉਹ ਸਾਂਝੀ ਮਾਈ ਦੇ ਗੀਤ ਗਾਉਂਦੀਆਂ ਹੋਈਆਂ ਆਪਣੇ ਘਰਾਂ ਨੂੰ ਪਰਤ ਪੈਂਦੀਆਂ ਹਨ। ਰਾਹ ਵਿਚ ਜੇ ਕਿਧਰੇ ਉਨ੍ਹਾਂ ਨੂੰ ਕੋਈ ਬ੍ਰਾਹਮਣ ਮਿਲ਼ ਜਾਵੇ ਤਾਂ ਝਟ ਟਕੋਰ ਲਾ ਦਿੰਦੀਆਂ ਹਨ:-

ਕਾਲ਼ਾ ਬਾਹਮਣ ਖਾ ਗਿਆ
ਮਟਕਾ ਗਿਆ
ਮੇਰੀ ਸਾਂਝੀ ਦੇ ਸਿਰ ਲਾ ਗਿਆ

ਗੀਤ ਗਾ ਰਹੀਆਂ ਨਿੱਕੀਆਂ ਬੱਚੀਆਂ ਝੂਮ-ਝੂਮ ਜਾਂਦੀਆਂ ਹਨ। ਦੁਸਹਿਰੇ ਦਾ ਮੇਲਾ ਦੇਖਣ ਦਾ ਚਾਅ ਉਨ੍ਹਾਂ ਦੀਆਂ ਅੱਖਾਂ ਵਿਚ ਲਿਸ਼ਕਣ ਲੱਗ ਪੈਂਦਾ ਹੈ।