ਸ਼ਹਿਰ ਗਿਆ ਕਾਂ/ਆਲਸੀ ਮਾਣੋ ਬਿੱਲੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਆਲਸੀ ਮਾਣੋ ਬਿੱਲੀ

ਮਾਲਕ ਨੇ ਘਰ ਵਿਚ ਚੂਹਿਆਂ ਦੀ ਵਧਦੀ ਦਹਿਸ਼ਤ ਨੂੰ ਵੇਖਿਆ ਤੇ ਚੂਹਿਆਂ ਨੂੰ ਮੁਕਾਉਣ ਲਈ ਉਹ ਮਾਣੋ ਬਿੱਲੀ ਨੂੰ ਲੈ ਆਇਆ। ਪਰ ਮਾਣੋ ਬਿੱਲੀ ਬੇਹੱਦ ਚਲਾਕ ਸੀ। ਮਾਣੋ ਬਿੱਲੀ ਨੇ ਆਉਣ-ਸਾਰ ਕਿਸੇ ਵੀ ਚੂਹੇ ਨੂੰ ਨਾ ਖਾਣ ਦਾ ਫ਼ੈਸਲਾ ਕਰ ਲਿਆ।

"ਮਾਲਕ ਨੇ ਮੈਨੂੰ ਚੂਹੇ ਮੁਕਾਉਣ ਲਈ ਲਿਆਂਦਾ ਹੈ ਤੇ ਜਦੋਂ ਚੂਹੇ ਮੁੱਕ ਗਏ, ਇਹ ਮੈਨੂੰ ਘਰ ਵਿਚ ਨਹੀਂ ਰਹਿਣ ਦੇਵੇਗਾ।" ਮਾਣੋ ਬਿੱਲੀ ਨੇ ਸੋਚਿਆ ਤੇ ਉਸਨੇ ਘਰ ਵਿਚਲੇ ਸਾਰੇ ਚੂਹਿਆਂ ਨੂੰ ਇਕੱਠੇ ਕਰ ਲਿਆ।

"ਚੂਹੇ ਭਰਾਵੋ! ਮੈਂ ਤੁਹਾਨੂੰ ਕੁਝ ਨਹੀਂ ਆਖਦੀ, ਬਸ ਤੁਸੀਂ ਮਾਲਕ ਦਾ ਨੁਕਸਾਨ ਨਾ ਕਰਿਓ। ਮਾਲਕ ਦੀਆਂ ਜ਼ਰੂਰੀ ਵਰਤੋਂ ਦੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਨੁਕਸਾਨ ਨਾ ਕਰਿਓ। ਇਸ ਵਿਚ ਆਪਾਂ ਸਾਰਿਆਂ ਦੀ ਭਲਾਈ ਹੈ।" ਮਾਣੋ ਬਿੱਲੀ ਨੇ ਸਾਰੇ ਚੂਹਿਆਂ ਨੂੰ ਇਕੱਠੇ ਕਰਕੇ ਆਖਿਆ।

ਮਾਣੋ ਬਿੱਲੀ ਦੀ ਸਲਾਹ ਸਾਰੇ ਚੂਹਿਆਂ ਨੂੰ ਪਸੰਦ ਆਈ। ਸਾਰੇ ਚੂਹਿਆਂ ਨੇ ਮਾਣੋ ਬਿੱਲੀ ਦੀ ਨੇਕ ਸਲਾਹ 'ਤੇ ਅਮਲ ਕੀਤਾ। ਹੁਣ ਸਾਰੇ ਚੂਹਿਆਂ ਨੇ ਬਚੀਆਂਖੁਚੀਆਂ ਸਬਜ਼ੀਆਂ ਤੇ ਫਲਾਂ ਦੀਆਂ ਛਿੱਲੜਾਂ ਨਾਲ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਣੋ ਬਿੱਲੀ ਸਾਰਾ ਦਿਨ ਬੇ-ਫ਼ਿਕਰੀ ਹੋ ਕੇ ਸੁੱਤੀ ਰਹਿੰਦੀ ਸੀ। ਚੂਹਿਆਂ ਨਾਲ ਸਮਝੌਤਾ ਕਰਨ ਤੋਂ ਬਾਅਦ ਮਾਣੋ ਬਿੱਲੀ ਬੇਹੱਦ ਖੁਸ਼ ਸੀ। ਚੂਹਿਆਂ ਨਾਲ ਸਮਝੌਤਾ ਕਰਕੇ ਮਾਣੋ ਬਿੱਲੀ ਨੇ ਬਿਨਾਂ ਕਿਸੇ ਮਿਹਨਤ ਦੇ ਲੰਮੇ ਸਮੇਂ ਤਕ ਇਸ ਘਰ ਵਿਚ ਟਿਕੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕਰ ਲਿਆ ਸੀ।

ਮਾਲਕ, ਮਾਣੋ ਬਿੱਲੀ ਦੀ ਬਹੁਤ ਸੇਵਾ ਕਰਦਾ ਸੀ ਤੇ ਮਾਣੋ ਬਿੱਲੀ ਸਿਰਫ਼ ਖਾਣ-ਪੀਣ ਵੇਲੇ ਹੀ ਉਠਦੀ ਸੀ।ਉਹ ਸਾਰਾ ਦਿਨ ਸੁੱਤੀ ਰਹਿੰਦੀ ਸੀ। ਮਾਣੋ ਬਿੱਲੀ ਨੇ ਆਪਣੇ ਸਰੀਰ ਦੀ ਸਾਂਭ-ਸੰਭਾਲ ਬਿਲਕੁਲ ਹੀ ਛੱਡ ਦਿੱਤੀ ਸੀ। ਹੁਣ ਮਾਣੋ ਬਿੱਲੀ ਕਈ ਕਈ ਦਿਨ ਨਾ ਬੁਰਸ਼ ਕਰਦੀ ਸੀ ਤੇ ਨਾ ਹੀ ਨਹਾਉਂਦੀ ਸੀ। ਮਾਣੋ ਬਿੱਲੀ ਬਾਹਰ ਘੁੰਮਣ ਫਿਰਨ ਵੀ ਕਦੇ-ਕਦਾਈਂ ਹੀ ਜਾਂਦੀ ਸੀ।

ਉਸ ਘਰ ਵਿਚ ਰਹਿੰਦੇ ਚੂਹਿਆਂ ਵਿਚ ਇਕ ਚਿੰਕੂ ਨਾਂ ਦਾ ਚੂਹਾ ਵੀ ਸੀ। ਚਿੰਕੂ ਚੂਹਾ ਬੇਹੱਦ ਸਮਝਦਾਰ ਸੀ।

ਚਿੰਕੂ ਚੂਹਾ ਕਈ ਦਿਨ ਵੇਖਦਾ ਰਿਹਾ। ਫਿਰ ਇਕ ਦਿਨ ਉਸਨੇ ਹੌਸਲਾ ਜਿਹਾ ਕਰਕੇ ਮਾਣੋ ਬਿੱਲੀ ਨੂੰ ਸਮਝਾਉਂਦਿਆਂ ਆਖਿਆ।

"ਮਾਣੋ ਭੈਣ! ਸਾਰਾ ਸਾਰਾ ਦਿਨ ਸੁੱਤੇ ਰਹਿਣ ਤੇ ਕਈ-ਕਈ ਦਿਨ ਆਪਣੇ ਸਰੀਰ ਦੀ ਸਾਂਭ-ਸੰਭਾਲ ਨਾ ਕਰਨ ਨਾਲ ਸਾਡੇ ਸਰੀਰ ਵਿਚਲਾ ਫੁਰਤੀਲਾਪਨ ਸਮਾਪਤ ਹੋ ਜਾਂਦਾ ਹੈ ਤੇ ਭਵਿੱਖ ਵਿਚ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ।"

ਮਾਣੋ ਬਿੱਲੀ ਨੇ ਚਿੰਕੂ ਚੂਹੇ ਦੀ ਗੱਲ ਇਕ ਕੰਨੋਂ ਸੁਣ ਕੇ ਦੂਸਰੇ ਕੰਨ ਥਾਣੀਂ ਕੱਢ ਦਿੱਤੀ। ਮਾਣੋ ਬਿੱਲੀ, ਚਿੰਕੂ ਚੂਹੇ ਦੀ ਰਾਇ 'ਤੇ ਅਮਲ ਕਰਨ ਦੀ ਥਾਂ ਸਗੋਂ ਚਿੰਕੂ ਚੂਹੇ ਉੱਪਰ ਵਿਅੰਗ-ਬਾਣ ਛੱਡਣ ਲੱਗ ਪਈ।

"ਚਿੰਕੂ ! ਮੇਰੀ ਫ਼ਿਕਰ ਕਰਨ ਦੀ ਥਾਂ ਤੂੰ ਆਪਣਾ ਧਿਆਨ ਰੱਖਿਆ ਕਰ। ਵੇਖੀਂ ਕਿਤੇ ਤੈਨੂੰ ਆਂਢ-ਗੁਆਂਢ ਦੀ ਕੋਈ ਹੋਰ ਬਿੱਲੀ ਨਾ ਦਬੋਚ ਲਵੇ।" ਮਾਣੋ ਬਿੱਲੀ ਨੇ ਆਖਿਆ ਤੇ ਚਿੰਕੂ ਚੂਹੇ ਨੇ ਹੋਰ ਕੁਝ ਕਹਿਣਾ ਉਚਿਤ ਨਾ ਸਮਝਿਆ। ਚਿੰਕੂ ਚੂਹਾ ਜਾਣਦਾ ਸੀ ਕਿ ਮਾਣੋ ਬਿੱਲੀ ਆਲਸੀ ਹੀ ਨਹੀਂ, ਢੀਠ ਤੇ ਜ਼ਿੱਦੀ ਵੀ ਹੈ।

ਸਮਾਂ ਬੀਤਦਾ ਗਿਆ। ਕੁਝ ਸਮੇਂ ਬਾਅਦ ਉਹ ਕੁਝ ਹੋਇਆ, ਜਿਸ ਵੱਲ ਚਿੰਕੂ ਚੂਹੇ ਨੇ ਮਾਣੋ ਬਿੱਲੀ ਦਾ ਧਿਆਨ ਦਿਵਾਇਆ ਸੀ। ਮਾਣੋ ਬਿੱਲੀ ਬੇਹੱਦ ਮੋਟੀ ਤੇ ਬੇਢਬੀ ਹੋ ਗਈ ਸੀ। ਉਸਦੀ ਨਿਗ੍ਹਾ ਕਮਜ਼ੋਰ ਹੋ ਗਈ ਸੀ ਤੇ ਦੰਦਾਂ ਵਿਚੋਂ ਵੀ ਖੂਨ ਵਗਣ ਲੱਗ ਪਿਆ ਸੀ।

ਹੌਲੀ-ਹੌਲੀ ਮਾਣੋ ਬਿੱਲੀ ਦੇ ਦੰਦ ਡਿੱਗਦੇ ਜਾ ਰਹੇ ਸਨ। ਮਾਣੋ ਬਿੱਲੀ ਦਾ ਮੂੰਹ ਚਿਪਕ ਗਿਆ ਸੀ ਤੇ ਉਹ ਸਮੇਂ ਤੋਂ ਪਹਿਲਾਂ ਬਜ਼ੁਰਗ ਲੱਗਣ ਲੱਗ ਪਈ ਸੀ।

ਮਾਲਕ ਕਈ ਦਿਨ ਵੇਖਦਾ ਰਿਹਾ। ਮਾਣੋ ਬਿੱਲੀ ਹੁਣ ਨਾ ਕਿਸੇ ਚੂਹੇ ਨੂੰ ਭੱਜ ਕੇ ਫੜ੍ਹ ਸਕਦੀ ਸੀ ਤੇ ਨਾ ਹੀ ਕਿਸੇ ਚੂਹੇ ਨੂੰ ਫੜ੍ਹ ਕੇ ਖਾ ਸਕਦੀ ਸੀ। ਮਾਣੋ ਬਿੱਲੀ ਦੀ ਚਾਲ-ਢਾਲ ਵੇਖ ਕੇ ਮਾਲਕ ਨੇ ਉਸ ਨੂੰ ਘਰ ਵਿਚ ਨਾ ਰੱਖਣ ਦਾ ਫੈਸਲਾ ਕਰ ਲਿਆ।

ਫਿਰ ਇਕ ਦਿਨ ਮਾਲਕ ਨੇ ਮਾਣੋ ਬਿੱਲੀ ਨੂੰ ਘਰੋਂ ਕੱਢ ਦਿੱਤਾ ਤੇ ਮਾਣੋ ਬਿੱਲੀ ਲਈ ਮੁਸੀਬਤ ਖੜ੍ਹੀ ਹੋ ਗਈ। ਮੋਟੀ-ਠੁੱਲੀ ਹੋਣ ਕਰਕੇ ਮਾਣੋ ਬਿੱਲੀ ਦੌੜ-ਭੱਜ ਕੇ ਆਪਣੇ ਲਈ ਭੋਜਨ ਦਾ ਪ੍ਰਬੰਧ ਨਹੀਂ ਸੀ ਕਰ ਸਕਦੀ ਤੇ ਮੂੰਹ ਵਿਚ ਦੰਦ ਨਾ ਹੋਣ ਕਰਕੇ ਦੁੱਧ ਤੋਂ ਬਿਨਾਂ ਉਹ ਹੋਰ ਕੁਝ ਖਾ-ਪੀ ਨਹੀਂ ਸੀ ਸਕਦੀ।

ਮਾਣੋ ਬਿੱਲੀ ਨੇ ਕਈ ਵਾਰ ਆਪਣੇ ਮਾਲਕ ਦੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਮਾਲਕ ਹਰ ਵਾਰ ਡਾਂਗ ਲੈ ਕੇ ਉਸਦੇ ਪਿੱਛੇ ਪੈ ਜਾਂਦਾ ਸੀ। ਹਾਰ ਕੇ ਮਾਣੋ ਬਿੱਲੀ ਨੇ ਇਕ ਅੱਖਾਂ ਦੇ ਡਾਕਟਰ ਤੋਂ ਆਪਣੀ ਨਿਗ੍ਹਾ ਚੈੱਕ ਕਰਵਾ ਕੇ ਐਨਕ ਲਗਵਾਈ। ਉਸਨੇ ਇਕ ਦੰਦਾਂ ਦੇ ਡਾਕਟਰ ਤੋਂ ਨਵੇਂ ਦੰਦ ਵੀ ਲਗਵਾਏ ਤੇ ਉਹ ਕਈ ਦਿਨ ਲਗਾਤਾਰ ਸਵੇਰ-ਸ਼ਾਮ ਕਸਰਤ ਕਰਦੀ ਰਹੀ। ਕਈ ਦਿਨਾਂ ਬਾਅਦ ਮਾਲਕ ਨੇ ਉਸਨੂੰ ਘਰ ਵੜਨ ਦਿੱਤਾ।

ਹੁਣ ਮਾਣੋ ਬਿੱਲੀ ਆਪਣੇ ਸਰੀਰ ਦੀ ਪੂਰੀ ਸਾਂਭ-ਸੰਭਾਲ ਕਰਦੀ ਸੀ ਤੇ ਉਹ ਨਿਯਮਤ ਕਸਰਤ ਵੀ ਕਰਦੀ ਸੀ। ਮਾਣੋ ਬਿੱਲੀ ਨੂੰ ਆਲਸ ਕਰਨ ਤੇ ਆਪਣੇ ਸਰੀਰ ਦੀ ਸਾਂਭ-ਸੰਭਾਲ ਨਾ ਕਰਨ ਦੀ ਨਸੀਹਤ ਮਿਲ ਗਈ ਸੀ।