ਸਮੱਗਰੀ 'ਤੇ ਜਾਓ

ਸ਼ਹਿਰ ਗਿਆ ਕਾਂ/ਸ਼ਾਹੀ ਫ਼ੌਜ ਤੇ ਗਧਾ

ਵਿਕੀਸਰੋਤ ਤੋਂ
52285ਸ਼ਹਿਰ ਗਿਆ ਕਾਂ — ਸ਼ਾਹੀ ਫ਼ੌਜ ਤੇ ਗਧਾ

ਸ਼ਾਹੀ ਫ਼ੌਜ ਤੇ ਗਧਾ

ਜਿੱਥੇ ਘੁਮਿਆਰ ਤੇ ਉਸਦਾ ਗਧਾ ਰਹਿੰਦਾ ਸੀ, ਉਥੋਂ ਰਾਜੇ ਦੀ ਸ਼ਾਹੀ ਫ਼ੌਜ ਅਕਸਰ ਗੁਜ਼ਰਦੀ ਰਹਿੰਦੀ ਸੀ। ਰਾਜੇ ਦੀ ਫ਼ੌਜ ਵਿਚ ਵੰਨ-ਸੁਵੰਨੇ ਹਾਥੀ, ਊਠ ਤੇ ਘੋੜੇ ਸਨ। ਵੰਨ-ਸੁਵੰਨੇ ਹਾਥੀਆਂ, ਊਠਾਂ ਤੇ ਘੋੜਿਆਂ ਨੂੰ ਵੇਖ ਕੇ ਗਧੇ ਦਾ ਵੀ ਮਨ ਸ਼ਾਹੀ ਫ਼ੌਜ ਵਿਚ ਸ਼ਾਮਲ ਹੋਣ ਲਈ ਲਲਚਾਉਂਦਾ। ਗਧੇ ਦਾ ਦਿਲ ਕਰਦਾ ਕਿ ਕਿਹੜਾ ਵੇਲਾ ਹੋਵੇ, ਉਹ ਘੁਮਿਆਰ ਦਾ ਭਾਂਡੇ ਢੋਣ ਵਾਲਾ ਕੰਮ ਛੱਡ ਦੇਵੇ ਤੇ ਰਾਜੇ ਦੀ ਫ਼ੌਜ ਵਿਚ ਭਰਤੀ ਹੋ ਕੇ ਠਾਠ ਵਾਲੀ ਜ਼ਿੰਦਗੀ ਜੀਵੇ।

ਫਿਰ ਇਕ ਦਿਨ ਘੁਮਿਆਰ ਤੋਂ ਚੋਰੀ ਗਧਾ ਰਾਜ-ਦਰਬਾਰ ਵਿਚ ਪਹੁੰਚ ਗਿਆ।

“ਬਾਦਸ਼ਾਹ ਸਲਾਮਤ! ਮੈਂ ਵੀ ਸ਼ਾਹੀ ਫ਼ੌਜ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਹਾਂ।" ਰਾਜੇ ਦੇ ਦਰਬਾਰ ਵਿਚ ਪੇਸ਼ ਹੋ ਕੇ ਗਧੇ ਨੇ ਆਖਿਆ।

“ਗਧਿਆ! ਤੂੰ ਕੱਦ-ਕਾਠ ਕਰਕੇ ਸ਼ਾਹੀ ਫ਼ੌਜ ਵਿਚ ਭਰਤੀ ਹੋਣ ਦੇ ਕਾਬਲ ਨਹੀਂ ਹੈਂ। ਤੈਨੂੰ ਇਮਾਨਦਾਰੀ ਨਾਲ ਘੁਮਿਆਰ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ।" ਰਾਜੇ ਨੇ ਗਧੇ ਨੂੰ ਸਮਝਾਇਆ ਪਰ ਗਧਾ ਨਾ ਮੰਨਿਆ। “ਬਾਦਸ਼ਾਹ ਸਲਾਮਤ! ਸ਼ਾਹੀ ਫ਼ੌਜ ਵਿਚਲੇ ਘੋੜਿਆਂ ਤੇ ਮੇਰੇ ਵਿਚ ਬਹੁਤਾ ਅੰਤਰ ਨਹੀਂ ਹੈ। ਸ਼ਾਹੀ ਫ਼ੌਜ ਵਿਚਲੇ ਘੋੜਿਆਂ ਨਾਲੋਂ ਮੇਰਾ ਕੱਦ ਹੀ ਥੋੜਾ ਛੋਟਾ ਹੈ। ਉਂਜ ਮੈਂ ਭਾਰ ਸ਼ਾਹੀ ਫ਼ੌਜ ਵਿਚਲੇ ਘੋੜਿਆਂ ਨਾਲੋਂ ਵਧੇਰੇ ਚੁੱਕ ਲੈਂਦਾ ਹਾਂ।” ਗਧੇ ਨੇ ਦਲੀਲ ਦਿੱਤੀ।

“ਗਧਿਆ! ਠੀਕ ਹੈ ਤੂੰ ਭਾਰ ਘੋੜਿਆਂ ਨਾਲੋਂ ਵਧੇਰੇ ਚੁੱਕ ਲੈਂਦਾ ਹੈਂ ਪਰ ਤੇਰੀਆਂ ਆਦਤਾਂ ਸ਼ਾਹੀ ਫੌਜ ਦੀ ਮਰਿਆਦਾ ਦੇ ਅਨੁਕੂਲ ਨਹੀਂ ਹਨ।" ਰਾਜੇ ਨੇ ਗਧੇ ਨੂੰ ਫਿਰ ਸਮਝਾਇਆ। ਰਾਜਾ ਜਾਣਦਾ ਸੀ ਕਿ ਗਧਾ ਸ਼ਾਹੀ ਫ਼ੌਜ ਵਿਚ ਸੇਵਾਦਾਰਾਂ ਨੂੰ ਜ਼ਰੂਰ ਦੁਲੱਤੀਆਂ ਮਾਰੇਗਾ ਤੇ ਹਿਚਕੀ ਆਉਣ ਵੇਲੇ ਇਹ ਢੈਂਚੂ-ਢੈਂਚੂ ਕਰਕੇ ਵੀ ਫ਼ੌਜ ਦੀ ਸ਼ਾਂਤੀ ਭੰਗ ਕਰ ਸਕਦਾ ਹੈ।

ਪਰ ਗਧਾ ਕਿਸੇ ਵੀ ਕੀਮਤ 'ਤੇ ਸ਼ਾਹੀ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ। ਗਧੇ ਨੇ ਰਾਜੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਦੇ ਵੀ ਸੇਵਾਦਾਰਾਂ ਨੂੰ ਦੁਲੱਤੀ ਨਹੀਂ ਮਾਰੇਗਾ ਤੇ ਨਾ ਹੀ ਰਾਜੇ ਦੀ ਫ਼ੌਜ ਦੇ ਆਪਾਤਕਾਲੀਨ ਸਾਇਰਨ ਵਾਂਗ ਢੈਂਚੂ-ਢੈਂਚੂ ਕਰਕੇ ਰਾਜ-ਦਰਬਾਰ ਲਈ ਮੁਸੀਬਤ ਖੜ੍ਹੀ ਕਰੇਗਾ। ਹੁਣ ਰਾਜੇ ਕੋਲ ਕੋਈ ਜਵਾਬ ਨਹੀਂ ਸੀ ਤੇ ਉਸਨੇ ਗਧੇ ਨੂੰ ਵੀ ਆਪਣੀ ਫ਼ੌਜ ਵਿਚ ਸ਼ਾਮਲ ਕਰ ਲਿਆ।

ਗਧੇ ਨੇ ਭਾਵੇਂ ਰਾਜੇ ਨੂੰ ਦੁਲੱਤੀ ਨਾ ਮਾਰਨ ਤੇ ਸਾਇਰਨ ਨਾ ਵਜਾਉਣ ਦਾ ਵਿਸ਼ਵਾਸ ਦਿਵਾਇਆ ਸੀ, ਫਿਰ ਵੀ ਰਾਜੇ ਦੇ ਸੇਵਾਦਾਰਾਂ ਨੂੰ ਗਧੇ ਦੀ ਨੀਅਤ ਉੱਪਰ ਸ਼ੱਕ ਸੀ। ਰਾਜੇ ਦੇ ਸੇਵਾਦਾਰਾਂ ਨੂੰ ਡਰ ਸੀ ਕਿ ਗਧਾ ਕਿਸੇ ਵੀ ਵੇਲੇ ਦੁਲੱਤੀ ਮਾਰ ਸਕਦਾ ਹੈ ਤੇ ਸਾਇਰਨ ਵਜਾ ਸਕਦਾ ਹੈ। ਇਸ ਕਰਕੇ ਰਾਜੇ ਦੇ ਸੇਵਾਦਾਰਾਂ ਨੇ ਗਧੇ ਦੇ ਮੂੰਹ ਨੂੰ ਛਿੱਕਾ ਤੇ ਦੁਲੱਤੀ ਮਾਰਨ ਵਾਲੀ ਲੱਤ ਨੂੰ ਰੱਸੀ ਪਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਸਿਰਫ਼ ਲੋੜ ਵੇਲੇ ਹੀ ਰੱਸੀ ਤੇ ਛਿੱਕਾ ਖੋਲ੍ਹਦੇ ਸਨ। ਗਧੇ ਰਾਜੇ ਦੀ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਗਧੇ ਦੀ ਦੁਲੱਤੀ ਤੇ ਸਾਇਰਨ ਉੱਤੇ ਭਾਵੇਂ ਪਾਬੰਦੀ ਲੱਗ ਗਈ ਸੀ ਪਰ ਗਧਾ ਫਿਰ ਵੀ ਬੇਹੱਦ ਖੁਸ਼ ਸੀ। ਹੁਣ ਉਸਨੂੰ ਘੁਮਿਆਰ ਦੇ ਭਾਂਡੇ ਤੇ ਮਿੱਟੀ ਨਹੀਂ ਢੋਣੀ ਪੈਂਦੀ ਸੀ ਤੇ ਵੰਨ-ਸੁਵੰਨੀਆਂ ਸ਼ਾਹੀ ਚੀਜ਼ਾਂ ਖਾਣ-ਪੀਣ ਨੂੰ ਮਿਲਦੀਆਂ ਸਨ।

ਰਾਜੇ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਗਧੇ ਨੂੰ ਖਾਣ-ਪੀਣ ਦੀ ਮੌਜ ਲੱਗ ਗਈ ਪਰ ਉਸਦੀ ਨੀਂਦ ਅਲੋਪ ਹੋ ਗਈ ਸੀ। ਸ਼ਾਹੀ ਤਬੇਲੇ ਵਿਚ ਗਧੇ ਨੂੰ ਨੀਂਦ ਨਾ ਆਉਂਦੀ ਤੇ ਉਹ ਸਾਰੀ-ਸਾਰੀ ਰਾਤ ਜਾਗਦਾ ਰਹਿੰਦਾ। ਗਧੇ ਦਾ ਮਨ ਰੂੜੀ ’ਤੇ ਸੌਣ ਲਈ ਲਲਚਾਉਂਦਾ ਪਰ ਇਥੇ ਸ਼ਾਹੀ ਤਬੇਲੇ ਵਿਚ ਰੂੜੀ ਤਾਂ ਦੂਰ ਦੀ ਗੱਲ, ਮਿੱਟੀ ਦਾ ਵੀ ਨਾਮੋ-ਨਿਸ਼ਾਨ ਨਹੀਂ ਸੀ।

ਗਧੇ ਨੂੰ ਸ਼ਾਹੀ ਤਬੇਲੇ ਵਿਚ ਭਾਵੇਂ ਨੀਂਦ ਨਹੀਂ ਆਉਂਦੀ ਸੀ ਤੇ ਉਸ ਉੱਪਰ ਹੋਰ ਵੀ ਪਾਬੰਦੀਆਂ ਲੱਗ ਗਈਆਂ ਸਨ, ਫਿਰ ਵੀ ਉਹ ਸ਼ਾਹੀ ਤਬੇਲੇ ਨੂੰ ਛੱਡਣ ਲਈ ਤਿਆਰ ਨਹੀਂ ਸੀ। ਗਧਾ ਕੋਈ ਇਹੋ ਜਿਹਾ ਢੰਗ ਸੋਚਣ ਲੱਗਾ ਜਿਸ ਨਾਲ ਉਸਨੂੰ ਨੀਂਦ ਵੀ ਆਉਣ ਲੱਗ ਪਵੇ ਤੇ ਉਹ ਸ਼ਾਹੀ ਤਬੇਲੇ ਵਿਚ ਵੀ ਟਿਕਿਆ ਰਵੇ।

ਗਧਾ ਕਈ ਦਿਨ ਸੋਚਦਾ ਰਿਹਾ ਤੇ ਕਈ ਦਿਨ ਸੋਚਣ ਤੋਂ ਬਾਅਦ ਗਧੇ ਨੇ ਸਕੀਮ ਬਣਾ ਲਈ। ਆਪਣੀ ਬਣਾਈ ਸਕੀਮ ਮੁਤਾਬਿਕ ਗਧਾ ਪਹਿਰੇਦਾਰ ਦੇ ਸੌਂ ਜਾਣ ਤੋਂ ਬਾਅਦ ਚੁਪਕੇ ਜਿਹੇ ਸ਼ਾਹੀ ਤਬੇਲੇ 'ਚੋਂ ਬਾਹਰ ਨਿਕਲ ਆਇਆ ਤੇ ਥੋੜ੍ਹੀ ਦੂਰ ਰੂੜੀ ਉੱਪਰ ਜਾ ਕੇ ਸੌਂ ਗਿਆ।

ਗਧੇ ਨੇ ਸਕੀਮ ਬਣਾਈ ਸੀ ਕਿ ਰਾਤ ਕਿਸੇ ਰੂੜੀ ਉੱਪਰ ਸੌਂ ਕੇ ਪਹਿਰੇਦਾਰ ਦੇ ਜਾਗਣ ਤੋਂ ਪਹਿਲਾਂ-ਪਹਿਲਾਂ ਵਾਪਸ ਸ਼ਾਹੀ ਤਬੇਲੇ ਵਿਚ ਪਹੁੰਚ ਜਾਵੇਗਾ। ਪਰ ਗਧੇ ਦੀ ਅੱਖ ਚਿੱਟਾ ਦਿਨ ਚੜ੍ਹਨ ਤੋਂ ਪਹਿਲਾਂ ਨਾ ਖੁੱਲ੍ਹੀ। ਕਈ ਦਿਨਾਂ ਬਾਅਦ ਗਧੇ ਨੂੰ ਇਹੋ ਜਿਹੀ ਨੀਂਦ ਆਈ ਸੀ। ਗਧੇ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਜੰਨਤ ਵਿਚ ਪਿਆ ਹੋਵੇ ਤੇ ਉਹ ਸਾਰੀ ਰਾਤ ਵੰਨ-ਸੁਵੰਨੇ ਸੁਪਨੇ ਵੇਖਦਾ ਰਿਹਾ।

ਚਿੱਟੇ ਦਿਨ ਚੜ੍ਹੇ ਉਠ ਕੇ ਗਧਾ ਅੱਖਾਂ ਮਲਦਾ ਹੋਇਆ ਵਾਪਸ ਸ਼ਾਹੀ ਤਬੇਲੇ ਵਿਚ ਵੜਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਰਾਜੇ ਦੇ ਆਦੇਸ਼ ਮੁਤਾਬਿਕ ਪਹਿਰੇਦਾਰਾਂ ਨੇ ਉਸਨੂੰ ਅੰਦਰ ਨਾ ਵੜਨ ਦਿੱਤਾ। |

ਰਾਜੇ ਨੇ ਸਵੇਰੇ ਸੈਰ ਕਰਨ ਗਏ ਨੇ ਗਧੇ ਨੂੰ ਰੂੜੀ ਉੱਪਰ ਸੁੱਤੇ ਪਏ ਨੂੰ ਵੇਖ ਲਿਆ ਸੀ। ‘ਸੌਣਾ ਰੂੜੀਆਂ ’ਤੇ ਸੁਪਨੇ ਸੀਸ ਮਹਿਲਾਂ ਦੇ'। ਰਾਜੇ ਨੇ ਵਿਅੰਗ ਨਾਲ ਆਖਦਿਆਂ ਪਹਿਰੇਦਾਰਾਂ ਨੂੰ ਉਸੇ ਵਕਤ ਹੁਕਮ ਚਾੜ੍ਹ ਦਿੱਤਾ ਸੀ ਤੇ ਗਧੇ ਨੂੰ ਸ਼ਾਹੀ ਫ਼ੌਜ ਵਿਚੋਂ ਕੱਢ ਦਿੱਤਾ ਸੀ।

ਹੁਣ ਗਧੇ ਕੋਲ ਕੋਈ ਹੋਰ ਠਿਕਾਣਾ ਨਹੀਂ ਸੀ ਤੇ ਉਹ ਵਾਪਸ ਘੁਮਿਆਰ ਕੋਲ ਪਹੁੰਚ ਗਿਆ। ਗਧੇ ਨੂੰ ਵਾਪਸ ਆਇਆ ਵੇਖ ਕੇ ਘੁਮਿਆਰ ਬੇਹੱਦ ਖੁਸ਼ ਹੋਇਆ। ਘੁਮਿਆਰ ਨੂੰ ਮਿੱਟੀ ਤੇ ਭਾਂਡੇ ਢੋਣ ਲਈ ਦੁਬਾਰਾ ਗਧਾ ਹੀ ਨਹੀਂ ਮਿਲ ਗਿਆ ਸੀ, ਸਗੋਂ ਗਧੇ ਨੂੰ ਕਾਬੂ ਕਰਨ ਦੀਆਂ ਦੋ ਨਵੀਆਂ ਜੁਗਤਾਂ ਵੀ ਮਿਲ ਗਈਆਂ ਸਨ। ਕਿਉਂਕਿ ਗਧੇ ਦੀ ਇਕ ਲੱਤ ਤੇ ਛਿੱਕੇ ਨਾਲ ਮੂੰਹ ਅਜੇ ਵੀ ਬੱਝੇ ਹੋਏ ਸਨ।