ਸ਼ਹਿਰ ਗਿਆ ਕਾਂ/ਚਲਾਕ ਕਾਂ
ਚਲਾਕ ਕਾਂ
ਚਲਾਕ ਕਾਂ ਭਉਂਦਾ-ਭਉਂਦਾ ਉਸ ਦਰੱਖਤ ਉੱਪਰ ਜਾ ਬੈਠਾ, ਜਿਸ ਦਰੱਖਤ ਉੱਪਰ ਤੋਤਾ ਰਹਿੰਦਾ ਸੀ। ਤੋਤੇ ਲਈ ਕਾਂ ਅਜਨਬੀ ਸੀ, ਫਿਰ ਵੀ ਤੋਤੇ ਨੇ ਕਾਂ ਨੂੰ ਸੁਖਸਾਂਦ ਪੁੱਛੀ। ਤੋਤੇ ਨੇ ਕਾਂ ਨੂੰ ਮਹਿਮਾਨ ਸਮਝ ਕੇ ਕੇਕ ਦਾ ਇਕ ਪੀਸ ਖਾਣ ਨੂੰ ਦਿੱਤਾ।
“ਤੋਤੇ ਭਰਾ! ਕੇਕ ਬਹੁਤ ਟੇਸਟੀ ਆ। ਕਿੱਥੋਂ ਲੈ ਕੇ ਆਇਆਂ ?" ਕੇਕ ਖਾਂਦਿਆਂ ਕਾਂ ਨੇ ਪੁੱਛਿਆ।
“ਬਾਜ਼ਾਰ ਵਿਚ ਨੁੱਕਰ ਵਾਲੀ ਮਿਠਾਈ ਦੀ ਦੁਕਾਨ ਤੋਂ ਸਵੇਰੇ ਲੈ ਕੇ ਆਇਆਂ ਸਾਂ। ਨੁੱਕਰ ਵਾਲੀ ਦੁਕਾਨ ਦਾ ਮਾਲਕ ਬਹੁਤ ਚੰਗਾ। ਜਦੋਂ ਵੀ ਜਾਈਏ, ਕੁਝ ਨਾ ਕੁਝ ਖਾਣ ਨੂੰ ਦੇ ਹੀ ਦਿੰਦਾ।" ਤੋਤੇ ਨੇ ਦੱਸਿਆ ਤੇ ਚਲਾਕ ਕਾਂ ਤੋਤੇ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗ ਪਿਆ।
‘ਤੋਤੇ ਭਰਾ! ਤੁਸੀਂ ਕਿਸਮਤ ਵਾਲੇ ਹੋ । ਤੁਹਾਨੂੰ ਹਰ ਥਾਂ ਤੋਂ ਕੁਝ ਨਾ ਕੁਝ ਖਾਣ ਲਈ ਮਿਲ ਜਾਂਦਾ ਤੇ ਹਰੇਕ ਤੁਹਾਨੂੰ ਪਸੰਦ ਕਰਦਾ ਹੈ। ਮੇਰੇ ਕਾਲੇ ਰੰਗ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਉਂਜ ਵੀ ਮੋਬਾਇਲਾਂ ਨੇ ਮੇਰੀ ਕਦਰ ਘਟਾ ਦਿੱਤੀ ਹੈ। ਕੋਈ ਜ਼ਮਾਨਾ ਹੁੰਦਾ ਸੀ, ਮੈਂ ਲੋਕਾਂ ਨੂੰ ਮਹਿਮਾਨਾਂ ਦੇ ਆਉਣ ਦੀ ਸੂਚਨਾ ਦਿੰਦਾ ਹੁੰਦਾ ਸਾਂ ਤੇ ਮੈਨੂੰ ਕਾਂ-ਕਾਂ ਕਰਦੇ ਨੂੰ ਵੇਖ ਕੇ ਲੋਕ ਚੂਰੀ ਖਾਣ ਨੂੰ ਦੇਂਦੇ ਹੁੰਦੇ ਸਨ। ਅੱਜ ਕੱਲ੍ਹ ਮਹਿਮਾਨ ਪਹਿਲਾਂ ਹੀ ਮੋਬਾਇਲ ਰਾਹੀਂ ਆਪਣੇ ਆਉਣ ਦੀ ਸੂਚਨਾ ਦੇ ਦਿੰਦੇ ਹਨ ਤੇ ਮੇਰੇ ਕਾਂ-ਕਾਂ ਕਰਨ ਜਾਂ ਕਰੂਲੀਆਂ ਕਰਨ ਨੂੰ ਲੋਕ ਅਸ਼ੁਭ ਸਮਝਦੇ ਹਨ।" ਕਾਂ ਨੇ ਦੱਸਿਆ ਤੇ ਕਾਂ ਦੀਆਂ ਗੱਲਾਂ ਸੁਣ ਕੇ ਤੋਤੇ ਨੂੰ ਹੋਰ ਤਰਸ ਆਇਆ।
“ਕਾਂ ਭਰਾ! ਮੈਨੂੰ ਅਫ਼ਸੋਸ ਹੈ ਕਿ ਮੋਬਾਇਲ ਨੇ ਤੇਰੀ ਕਦਰ ਘਟਾ ਦਿੱਤੀ ਹੈ।" ਤੋਤੇ ਨੇ ਆਖਿਆ।
ਕਾਂ ਦੀਆਂ ਗੱਲਾਂ ਤੋਂ ਤੋਤਾ ਸਮਝ ਗਿਆ ਸੀ ਕਿ ਕਾਂ ਸਵੇਰ ਦਾ ਭੁੱਖਾ ਹੈ। ਹਮਦਰਦੀ ਜਤਾਉਂਦਿਆਂ ਤੋਤੇ ਨੇ ਕਾਂ ਨੂੰ ਇਕ ਹੋਰ ਕੇਕ ਦਾ ਪੀਸ ਖਾਣ ਨੂੰ ਦਿੱਤਾ ਤੇ ਪੇਟ-ਪੂਜਾ ਕਰਕੇ ਕਾਂ ਚਲਾ ਗਿਆ।
“ਮੈਨੂੰ ਤੇ ਇਹ ਕਾਂ ਕੰਮਚੋਰ ਤੇ ਮੁਫ਼ਤਖੋਰ ਲਗਦਾ।" ਕਾਂ ਦੇ ਜਾਣ ਤੋਂ ਬਾਅਦ ਨਾਲ ਦੇ ਦਰੱਖਤ ਉੱਪਰ ਰਹਿੰਦੀ ਮੈਨਾ ਨੇ ਆਖਿਆ, ਪਰ ਤੋਤੇ ਨੇ ਮੈਨਾ ਦੀ ਗੱਲ ਨੂੰ ਬਹੁਤਾ ਨਾ ਗੌਲ਼ਿਆ।
“ਵਿਚਾਰਾ ਸਵੇਰ ਦਾ ਭੁੱਖਾ ਸੀ ਤੇ ਆਸ ਕਰਕੇ ਆ ਗਿਆ। ਸਿਆਣੇ ਕਹਿੰਦੇ ਨੇ-ਪਿਆਸੇ ਨੂੰ ਪਾਣੀ ਤੇ ਭੁੱਖੇ ਨੂੰ ਰੋਟੀ ਦੇਣੀ ਸਭ ਤੋਂ ਵੱਡਾ ਪੁੰਨ ਦਾ ਕੰਮ ਆ।” ਤੋਤੇ ਨੇ ਮੈਨਾ ਨੂੰ ਸਮਝਾਇਆ।
ਤੋਤੇ ਨੇ ਕਾਂ ਨੂੰ ਖਾਣ ਲਈ ਕੇਕ ਦੇ ਕੇ ਆਪਣੇ ਵੱਲੋਂ ਭਾਵੇਂ ਪੁੰਨ ਦਾ ਕੰਮ ਕੀਤਾ ਸੀ ਪਰ ਕਾਂ ਸਚਮੁੱਚ ਹੀ ਮੁਫ਼ਤਖੋਰ ਸੀ।
ਇਕ ਦਿਨ ਤੋਤੇ ਤੋਂ ਕੇਕ ਮੰਗ ਕੇ ਖਾਣ ਤੋਂ ਬਾਅਦ ਚਲਾਕ ਕਾਂ ਹੁਣ ਰੋਜ਼ਾਨਾ ਗੇੜਾ ਮਾਰਦਾ ਸੀ। ਕਾਂ ਘੰਟਾ-ਘੰਟਾ ਬੈਠਾ ਰਹਿੰਦਾ ਤੇ ਤੋਤੇ ਨਾਲ ਗੱਲਾਂ ਮਾਰਦਾ ਰਹਿੰਦਾ। ਤੋਤੇ ਤੋਂ ਕੁਝ ਨਾ ਕੁਝ ਲੈ ਕੇ ਖਾ ਲੈਣ ਤੋਂ ਬਾਅਦ ਹੀ ਕਾਂ ਹਿਲਦਾ।
ਤੋਤਾ ਰੋਜ਼ਾਨਾ ਕਾਂ ਨੂੰ ਗੱਲਾਂ-ਗੱਲਾਂ ਵਿਚ ਸਮਝਾਉਂਦਾ ਕਿ ਸਾਨੂੰ ਹੱਕ ਦੀ ਰੋਟੀ ਖਾਣੀ ਚਾਹੀਦੀ ਹੈ ਪਰ ਕਾਂ ਮੁਫ਼ਤਖੋਰ ਹੀ ਨਹੀਂ, ਢੀਠ ਵੀ ਸੀ। ਕਾਂ ਦੇ ਕੰਨਾਂ 'ਤੇ ਜੂੰ ਨਾ ਸਰਕਦੀ।
ਤੋਤਾ ਕਈ ਦਿਨ ਵੇਖਦਾ ਰਿਹਾ ਤੇ ਕਈ ਦਿਨਾਂ ਬਾਅਦ ਤੋਤਾ ਕਾਂ ਤੋਂ ਖਹਿੜਾ ਛੁਡਾਉਣ ਦਾ ਕੋਈ ਢੰਗ ਸੋਚਣ ਲੱਗਾ।“ਮੈਂ ਕੁਝ ਦਿਨਾਂ ਲਈ ਹੋਰਨਾਂ ਜਾਣਕਾਰ ਪੰਛੀਆਂ ਕੋਲ ਚਲਾ ਜਾਂਦਾ ਹਾਂ। ਕਾਂ ਦਾ ਗੇੜਾ ਆਪੇ ਬੰਦ ਹੋ ਜਾਵੇਗਾ।" ਤੋਤੇ ਨੇ ਸੋਚਿਆ ਤੇ ਉਹ ਉਸੇ ਵਕਤ ਕੁਝ ਦੂਰ ਬਾਗ਼ ਵਿਚ ਰਹਿੰਦੇ ਹੋਰ ਪੰਛੀਆਂ ਕੋਲ ਚਲਾ ਗਿਆ।
ਤੋਤਾ ਕਈ ਦਿਨ ਬਾਗ ਵਿਚ ਰਿਹਾ ਤੇ ਕਈ ਦਿਨਾਂ ਬਾਅਦ ਉਹ ਵਾਪਸ ਆਪਣੇ ਆਲ੍ਹਣੇ ਵਿਚ ਆਇਆ। ਤੋਤੇ ਨੂੰ ਪੂਰੀ ਉਮੀਦ ਸੀ ਕਿ ਹੁਣ ਤੱਕ ਕਾਂ ਨੇ ਉਸ ਦੇ ਆਲ੍ਹਣੇ ਵੱਲ ਗੇੜਾ ਮਾਰਨਾ ਛੱਡ ਦਿੱਤਾ ਹੋਵੇਗਾ। ਪਰ ਚਲਾਕ ਕਾਂ ਫਿਰ ਹਾਜ਼ਰ ਸੀ। ਕਾਂ ਨੂੰ ਵੇਖ ਕੇ ਤੋਤਾ ਸਿਰ ਫੜ੍ਹ ਕੇ ਬਹਿ ਗਿਆ। ਤੋਤੇ ਨੂੰ ਸੁਝ ਨਹੀਂ ਸੀ ਰਿਹਾ ਕਿ ਉਹ ਕਾਂ ਤੋਂ ਕਿੰਜ ਖਹਿੜਾ ਛੁਡਾਵੇ।
ਤੋਤਾ ਬੇਹੱਦ ਸਮਝਦਾਰ ਸੀ। ਉਹ ਕਾਂ ਨੂੰ ਚੰਗਾ ਮਾੜਾ ਵੀ ਨਹੀਂ ਬੋਲਣਾ ਚਾਹੁੰਦਾ ਸੀ ਤੇ ਕਾਂ ਤੋਂ ਖਹਿੜਾ ਵੀ ਛੁਡਾਉਣਾ ਚਾਹੁੰਦਾ ਸੀ। ਤੋਤਾ ਕਾਂ ਤੋਂ ਖਹਿੜਾ ਛੁਡਾਉਣ ਦੀ ਕੋਈ ਹੋਰ ਸਕੀਮ ਬਣਾਉਣ ਲੱਗਾ ਤੇ ਕਈ ਦਿਨ ਸੋਚਣ ਤੋਂ ਬਾਅਦ ਤੋਤੇ ਨੇ ਕਾਂ ਤੋਂ ਖਹਿੜਾ ਛੁਡਾਉਣ ਦੀ ਸਕੀਮ ਬਣਾ ਲਈ।
“ਕਾਂ ਭਰਾਵਾ! ਸਾਨੂੰ ਸਾਰੇ ਪੰਛੀਆਂ ਨੂੰ ਤੇਰੀ ਦੂਰ-ਦ੍ਰਿਸ਼ਟੀ ’ਤੇ ਬੜਾ ਮਾਣ ਹੈ। ਦੂਰ-ਦ੍ਰਿਸ਼ਟੀ ਕਾਰਨ ਤੈਨੂੰ ਘਰਾਂ ਵਿਚ ਮਹਿਮਾਨਾਂ ਦੇ ਆਉਣ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ। ਸਾਨੂੰ ਅਫ਼ਸੋਸ ਹੈ ਕਿ ਮੋਬਾਇਲਾਂ ਨੇ ਘਰਾਂ ਵਿਚ ਤੇਰੀ ਕਦਰ ਘਟਾ ਦਿੱਤੀ ਹੈ ਪਰ ਤੇਰੀ ਦੂਰ-ਦ੍ਰਿਸ਼ਟੀ ਸਾਡੇ ਪੰਛੀਆਂ ਦੇ ਕੰਮ ਆ ਸਕਦੀ ਹੈ। ਤੂੰ ਇਥੇ ਸਾਡੇ ਕੋਲ ਰਹਿ ਕੇ ਸਾਨੂੰ ਸ਼ਿਕਾਰੀਆਂ ਦੇ ਆਉਣ ਦੀ ਸੂਚਨਾ ਦੇਣੀ ਸ਼ੁਰੂ ਕਰ ਦੇ। ਅਸੀਂ ਨੇੜੇ-ਨੇੜੇ ਦੇ ਰੁੱਖਾਂ ਉੱਪਰ ਰਹਿੰਦੇ ਸਾਰੇ ਪੰਛੀ ਵਾਰੀ ਸਿਰ ਤੇਰੇ ਖਾਣ-ਪੀਣ ਦਾ ਪ੍ਰਬੰਧ ਕਰਿਆ ਕਰਾਂਗੇ।" ਅਗਲੇ ਦਿਨ ਤੋਤੇ ਨੇ ਕਾਂ ਨੂੰ ਆਖਿਆ।
“ਠੀਕ ਹੈ ਤੋਤੇ ਭਰਾ! ਮੈਂ ਕੱਲ੍ਹ ਤੋਂ ਇਥੇ ਰਹਿਣ ਲੱਗ ਪਵਾਂਗਾ ਤੇ ਤੁਹਾਨੂੰ ਸ਼ਿਕਾਰੀਆਂ ਦੇ ਆਉਣ ਦੀ ਸੂਚਨਾ ਦੇਣ ਲੱਗ ਪਵਾਂਗਾ।" ਕਾਂ ਨੇ ਤੋਤੇ ਨਾਲ ਵਾਅਦਾ ਤਾਂ ਕਰ ਲਿਆ ਪਰ ਕਾਂ ਦੀ ਕੱਲ੍ਹ ਨਾ ਆਈ। ਕਾਂ ਮੁਫ਼ਤਖੋਰ ਹੀ ਨਹੀਂ, ਕੰਮਚੋਰ ਤੇ ਅਵਾਰਾਗਰਦ ਵੀ ਸੀ। ਉਹ ਨਾ ਟਿਕ ਕੇ ਇਕ ਥਾਂ ਬਹਿਣਾ ਚਾਹੁੰਦਾ ਸੀ ਤੇ ਨਾ ਹੀ ਕੋਈ ਕੰਮ ਹੀ ਕਰਨਾ ਚਾਹੁੰਦਾ ਸੀ। ਇਸ ਕਰਕੇ ਹੁਣ ਕਾਂ ਨੇ ਤੋਤੇ ਕੋਲ ਆਉਣਾ ਛੱਡ ਦਿੱਤਾ ਤੇ ਇਹੋ ਕੁਝ ਤੋਤਾ ਚਾਹੁੰਦਾ ਸੀ।