ਸ਼ਹਿਰ ਗਿਆ ਕਾਂ/ਫੇਸਬੁਕ ਦੀ ਮਿੱਤਰਤਾ

ਵਿਕੀਸਰੋਤ ਤੋਂ

ਫੇਸਬੁਕ ਦੀ ਮਿੱਤਰਤਾ

ਜਿਸ ਘਰ ਪਿੰਕੂ ਚੂਹਾ ਰਹਿੰਦਾ ਸੀ, ਉਸ ਘਰ ਦੀ ਇਕ ਨੁੱਕਰ ਵਿਚ ਕੰਪਿਊਟਰ ਪਿਆ ਸੀ। ਘਰ ਦੇ ਜਿਸ ਵੀ ਮੈਂਬਰ ਨੂੰ ਵਿਹਲ ਮਿਲਦੀ, ਉਹ ਕੰਪਿਊਟਰ ਆਨ ਕਰਕੇ ਬਹਿ ਜਾਂਦਾ ਤੇ ਫੇਸਬੁੱਕ ਰਾਹੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਚੈਟਿੰਗ ਕਰਨ ਲੱਗ ਪੈਂਦਾ।

ਪਿੰਕੂ ਚੂਹਾ ਵੀ ਬੈੱਡ ਜਾਂ ਹੋਰ ਫਰਨੀਚਰ ਥੱਲੇ ਛੁਪ ਕੇ ਘਰ ਦੇ ਮੈਂਬਰਾਂ ਨੂੰ ਚੈਟਿੰਗ ਕਰਦਿਆਂ ਵੇਖਦਾ ਰਹਿੰਦਾ। ਪਿੰਕੂ ਚੂਹੇ ਦਾ ਵੀ ਫੇਸਬੁਕ ਉੱਪਰ ਚੈਟਿੰਗ ਕਰਨ ਨੂੰ ਦਿਲ ਕਰਦਾ। ਫੇਸਬੁਕ ਉੱਪਰ ਘਰ ਦੇ ਸਾਰੇ ਮੈਂਬਰਾਂ ਦੇ ਅਲੱਗ-ਅਲੱਗ ਮਿੱਤਰ ਸਨ। ਪਿੰਕੂ ਚੂਹੇ ਦਾ ਵੀ ਫੇਸਬੁਕ ਉੱਪਰ ਮਿੱਤਰ ਬਣਾਉਣ ਨੂੰ ਦਿਲ ਕਰਦਾ।

ਪਿੰਕੂ ਚੂਹਾ ਕਈ ਦਿਨ ਵੇਖਦਾ ਰਿਹਾ। ਇਕ ਦਿਨ ਘਰ ਦੇ ਸਾਰੇ ਮੈਂਬਰ ਕਿਧਰੇ ਬਾਹਰ ਗਏ ਹੋਏ ਸਨ। ਪਿੰਕੂ ਚੂਹੇ ਨੇ ਵੀ ਚੁਪਕੇ ਜਿਹੇ ਕੰਪਿਊਟਰ ਆਨ ਕੀਤਾ ਤੇ ਉਹ ਫੇਸਬੁਕ ਉੱਪਰ ਆਪਣਾ ਅਕਾਊਂਟ ਬਣਾਉਣ ਲੱਗ ਪਿਆ।

ਪਿੰਕੂ ਚੂਹੇ ਨੇ ਫਟਾਫਟ ਫੇਸਬੁਕ ਉੱਪਰ ਅਕਾਊਂਟ ਬਣਾਇਆ ਤੇ ਆਪਣੇ ਕੁਝ ਜਾਣਕਾਰ ਚੂਹਿਆਂ ਨੂੰ ਸਰਚ ਕਰਕੇ ਮਿੱਤਰਤਾ ਲਈ ਰਿਕਵੈਸਟ ਭੇਜ ਦਿੱਤੀ।

ਹੁਣ ਜਦੋਂ ਵੀ ਪਿੰਕੂ ਚੂਹੇ ਨੂੰ ਮੌਕਾ ਮਿਲਦਾ, ਉਹ ਕੰਪਿਊਟਰ ਚਲਾ ਕੇ ਤੇ ਫੇਸਬੁਕ ਖੋਲ੍ਹ ਕੇ ਬਹਿ ਜਾਂਦਾ। ਪਿੰਕੂ ਚੂਹਾ ਆਪਣੇ ਪੁਰਾਣੇ ਮਿੱਤਰਾਂ ਨਾਲ ਚੈਟਿੰਗ ਕਰਦਾ ਰਹਿੰਦਾ ਤੇ ਨਵੇਂ ਮਿੱਤਰਾਂ ਨੂੰ ਸਰਚ ਕਰਦਾ ਰਹਿੰਦਾ।

ਫੇਸਬੁਕ ਨਾਲ ਜੁੜ ਕੇ ਪਿੰਕੂ ਚੂਹਾ ਬੇਹੱਦ ਖੁਸ਼ ਸੀ। ਫੇਸਬੁਕ ਤੋਂ ਉਸ ਨੂੰ ਨਿੱਤ ਨਵੀਂ ਜਾਣਕਾਰੀ ਮਿਲਦੀ ਸੀ ਤੇ ਉਸਦੀ ਜਾਣ-ਪਛਾਣ ਦਾ ਘੇਰਾ ਵਧ ਗਿਆ।

ਫੇਸਬੁਕ ਉੱਪਰ ਪਿੰਕੂ ਚੂਹੇ ਦੇ ਅਨੇਕਾਂ ਮਿੱਤਰ ਬਣ ਗਏ ਸਨ ਪਰ ਅਜੇ ਵੀ ਉਹ ਹੋਰ ਮਿੱਤਰ ਬਣਾਉਣਾ ਚਾਹੁੰਦਾ ਸੀ। ਪਿੰਕੂ ਚੂਹਾ ਚਾਹੁੰਦਾ ਸੀ ਕਿ ਫੇਸਬੁਕ ਉੱਪਰ ਉਸਦੇ ਵੱਧ ਤੋਂ ਵੱਧ ਮਿੱਤਰ ਹੋਣ। ਫੇਸਬੁਕ ਉੱਪਰ ਵੱਧ ਤੋਂ ਵੱਧ ਮਿੱਤਰ ਬਣਾਉਣ ਦੇ ਇਰਾਦੇ ਨਾਲ ਪਿੰਕੂ ਚੂਹੇ ਨੇ ਬਿਨਾਂ ਜਾਣ-ਪਛਾਣ ਦੇ ਚੂਹਿਆਂ ਨੂੰ ਵੀ ਮਿੱਤਰਤਾ ਲਈ ਰਿਕਵੈਸਟ ਭੇਜ ਦਿੱਤੀ ਸੀ ਤੇ ਕੁਝ ਓਬੜਾਂ ਦੀ ਰਿਕਵੈਸਟ ਨੂੰ ਕਨਫਰਮ ਕਰ ਲਿਆ ਸੀ। ਇਸ ਤਰ੍ਹਾਂ ਪਿੰਕੂ ਚੂਹੇ ਨੇ ਕਿੰਨੇ ਹੀ ਓਬੜਾਂ ਤੇ ਬਿਨਾਂ ਜਾਣ-ਪਛਾਣ ਦੇ ਚੂਹਿਆਂ ਨੂੰ ਵੀ ਮਿੱਤਰ ਬਣਾ ਲਿਆ ਸੀ।

ਪਿੰਕੂ ਚੂਹੇ ਨੇ ਜਿਨ੍ਹਾਂ ਓਬੜਾਂ ਨੂੰ ਮਿੱਤਰ ਬਣਾਇਆ ਸੀ, ਉਨ੍ਹਾਂ ਵਿਚ ਇਕ ਚਿੰਕੂ ਨਾਂ ਦਾ ਚੂਹਾ ਵੀ ਸੀ। ਚਿੰਕੂ ਚੂਹਾ ਦਿਨਾਂ ਵਿਚ ਹੀ ਪਿੰਕੂ ਚੂਹੇ ਨਾਲ ਘੁਲਮਿਲ ਗਿਆ। ਹੁਣ ਪਿੰਕੂ ਚੂਹਾ ਸਭ ਤੋਂ ਵੱਧ ਚੈਟਿੰਗ ਚਿੰਕੂ ਚੂਹੇ ਨਾਲ ਕਰਦਾ।

ਫੇਸਬੁਕ ਉੱਪਰ ਅਪਲੋਡ ਜਾਣਕਾਰੀ ਅਨੁਸਾਰ ਚਿੰਕੂ ਚੂਹਾ ਵੀ ਪਿੰਕੂ ਚੂਹੇ ਕੋਲ ਹੀ ਸ਼ਹਿਰ ਵਿਚ ਰਹਿੰਦਾ ਸੀ ਤੇ ਇਕ ਦਿਨ ਚੈਟਿੰਗ ਕਰਦਿਆਂ-ਕਰਦਿਆਂ ਚਿੰਕੂ ਚੂਹੇ ਨੇ ਪਿੰਕੂ ਚੂਹੇ ਨੂੰ ਸ਼ਹਿਰ ਆਕੇ ਮਿਲਣ ਲਈ ਆਖਿਆ। ਪਿੰਕੂ ਚੂਹੇ ਨੇ ਉਸੇ ਵਕਤ ਸ਼ਹਿਰ ਜਾਕੇ ਚਿੰਕੂ ਚੂਹੇ ਨੂੰ ਮਿਲਣ ਲਈ ਹਾਮੀ ਭਰ ਲਈ।

ਚਿੰਕੂ ਚੂਹੇ ਨੇ ਪਿੰਕੂ ਚੂਹੇ ਨੂੰ ਮਿਲਣ ਲਈ ਸ਼ਹਿਰ ਵਿਚ ਗੋਮੂ ਹਲਵਾਈ ਦੀ ਦੁਕਾਨ ਨਿਸ਼ਚਿਤ ਕਰ ਲਈ ਸੀ।

“ਪਿੰਕੂ ਭਰਾ! ਆਪਾਂ ਕੱਲ੍ਹ ਸਵੇਰ-ਸਵੇਰ ਗੋਮੂ ਹਲਵਾਈ ਦੀ ਦੁਕਾਨ ਦੇ ਪਿੱਛੇ ਸਟੋਰ ਵਿਚ ਬਹਿ ਕੇ ਗੱਪ-ਸ਼ਪ ਕਰਾਂਗੇ ਤੇ ਕੁਝ ਖਾ-ਪੀ ਵੀ ਲਵਾਂਗੇ।” ਚਿੰਕੂ ਚੂਹੇ ਨੇ ਫੇਸਬੁੱਕ ਰਾਹੀਂ ਆਖਿਆ ਸੀ।

ਫਿਰ ਅਗਲੇ ਦਿਨ ਸਵੇਰ-ਸਵੇਰ ਪਿੰਕੂ ਚੂਹਾ ਪੁੱਛ-ਪੁਛਾ ਕੇ ਸ਼ਹਿਰ ਗੋਮੂ ਹਲਵਾਈ ਦੀ ਦੁਕਾਨ 'ਤੇ ਪਹੁੰਚ ਗਿਆ। ਉਹ ਗੋਮੂ ਹਲਵਾਈ ਤੋਂ ਚੋਰੀ ਸਟੋਰ ਵਿਚ ਵੜ ਗਿਆ ਤੇ ਮਿਠਾਈ ਵਾਲੇ ਡੱਬਿਆਂ ਪਿੱਛੇ ਛੁਪ ਕੇ ਚਿੰਕੂ ਚੂਹੇ ਦੀ ਉਡੀਕ ਕਰਨ ਲੱਗਾ।

ਥੋੜ੍ਹੀ ਦੇਰ ਬਾਅਦ ਪਿੰਕੂ ਚੂਹੇ ਨੂੰ ਗੋਮੂ ਹਲਵਾਈ ਦੇ ਸਟੋਰ ਵੱਲ ਚਿੰਕੂ ਚੂਹੇ ਦੀ ਥਾਂ ਇਕ ਬਿੱਲੀ ਤੁਰੀ ਆਉਂਦੀ ਵਿਖਾਈ ਦਿੱਤੀ। ਪਿੰਕੂ ਚੂਹੇ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਫੇਸਬੁਕ ਉੱਪਰ ਚਿੰਕੂ ਬਿੱਲੀ ਚਲਾਕੀ ਨਾਲ ਚੂਹਾ ਬਣ ਕੇ ਉਸ ਨਾਲ ਚੈਟਿੰਗ ਕਰਦੀ ਰਹੀ ਹੈ ਤੇ ਮਿਲਣ ਦੇ ਬਹਾਨੇ ਨਾਲ ਉਸਨੂੰ ਖਾਣ ਆ ਰਹੀ ਹੈ।

ਹੁਣ ਪਿੰਕੂ ਚੂਹੇ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ। ਚਿੰਕੂ ਬਿੱਲੀ ਤੋਂ ਡਰਦਾ ਮਾਰਾ ਪਿੰਕੂ ਚੂਹਾ, ਗੋਮੂ ਹਲਵਾਈ ਦੇ ਇਕ ਖਾਲੀ ਮਿਠਾਈ ਵਾਲੇ ਡੱਬੇ ਵਿਚ ਵੜ ਗਿਆ।

ਚਿੰਕੂ ਬਿੱਲੀ ਕਿੰਨੀ ਦੇਰ ਪਿੰਕੂ ਚੂਹੇ ਨੂੰ ਸਟੋਰ ਵਿਚ ਇਧਰ-ਉਧਰ ਲੱਭਦੀ ਰਹੀ। ਜਦੋਂ ਪਿੰਕੂ ਚੂਹਾ ਉਸਨੂੰ ਕਿਧਰੇ ਨਾ ਮਿਲਿਆ ਤਾਂ ਉਹ ਵਾਪਿਸ ਚਲੀ ਗਈ।

ਚਿੰਕੂ ਬਿੱਲੀ ਦੇ ਜਾਣ ਤੋਂ ਬਾਅਦ ਪਿੰਕੂ ਚੂਹਾ ਚੁਪਕੇ ਜਿਹੇ ਮਿਠਾਈ ਵਾਲੇ ਡੱਬੇ 'ਚੋਂ ਬਾਹਰ ਨਿਕਲਿਆ ਤੇ ਵਾਪਸ ਆਪਣੇ ਘਰ ਨੂੰ ਤੁਰ ਪਿਆ। ਹੁਣ ਵਾਪਸ ਘਰ ਨੂੰ ਤੁਰੇ ਆਉਂਦੇ ਪਿੰਕੂ ਚੂਹੇ ਨੇ ਸੋਚ ਲਿਆ ਕਿ ਅੱਗੇ ਤੋਂ ਉਹ ਫੇਸਬੁਕ ਉੱਪਰ ਬਿਨਾਂ ਸੋਚੇ-ਸਮਝੇ ਕਿਸੇ ਨੂੰ ਮਿੱਤਰ ਨਹੀਂ ਬਣਾਵੇਗਾ ਤੇ ਓਬੜਾਂ ਨੂੰ ਮਿੱਤਰ ਬਣਾਉਣ ਤੋਂ ਪ੍ਰਹੇਜ਼ ਕਰੇਗਾ।