ਸ਼ਹਿਰ ਗਿਆ ਕਾਂ/ਨਿੱਕੀ ਚਿੜੀ ਦੀ ਸਿਆਣਪ

ਵਿਕੀਸਰੋਤ ਤੋਂ

ਨਿੱਕੀ ਚਿੜੀ ਦੀ ਸਿਆਣਪ

ਜਿੱਥੇ ਦਰੱਖਤ ਉੱਪਰ ਨਿੱਕੀ ਚਿੜੀ ਰਹਿੰਦੀ ਸੀ, ਉਥੇ ਹੇਠਾਂ ਛੱਪੜ ਵਿੱਚ ਇਕ ਮੱਛੀ ਵੀ ਰਹਿੰਦੀ ਸੀ।

ਛੱਪੜ ਵਿੱਚ ਰਹਿਣ ਵਾਲੀ ਮੱਛੀ ਬੇਹੱਦ ਦੁਖੀ ਸੀ। ਛੱਪੜ ’ਤੇ ਪਾਣੀ ਪੀਣ ਆਉਣ ਵਾਲੇ ਸਾਰੇ ਜਾਨਵਰ ਪੋਲੀਥੀਨ ਤੇ ਬਚੀਆਂ-ਖੁਚੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਛੱਪੜ ਵਿਚ ਸੁੱਟਦੇ ਰਹਿੰਦੇ ਸਨ। ਛੱਪੜ ’ਤੇ ਪਾਣੀ ਪੀਣ ਆਉਣ ਵਾਲੇ ਸਾਰੇ ਜਾਨਵਰ ਪਿਸ਼ਾਬ ਵੀ ਛੱਪੜ ਵਿਚ ਕਰਦੇ ਸਨ। ਜਾਨਵਰਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਛੱਪੜ ਵਿਚ ਰਹਿਣ ਵਾਲੀ ਮੱਛੀ ਬੇਹੱਦ ਦੁਖੀ ਸੀ। ਮੱਛੀ ਲਈ ਛੱਪੜ ਦੇ ਸੜਿਆਂਦ ਮਾਰਦੇ ਪਾਣੀ ਵਿਚ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ।

ਜਾਨਵਰ ਛੱਪੜ ਉੱਪਰ ਪਾਣੀ ਪੀਣ ਲਈ ਸਾਰਾ ਦਿਨ ਆਉਂਦੇ ਰਹਿੰਦੇ ਸਨ। ਮੱਛੀ ਇਕੱਲੇ-ਇਕੱਲੇ ਜਾਨਵਰ ਨੂੰ ਪਾਣੀ ਨੂੰ ਗੰਦਾ ਨਾ ਕਰਨ ਦੀ ਤਾਕੀਦ ਕਰਦੀ ਪਰ ਮੱਛੀ ਦੀ ਗੱਲ ਕੋਈ ਵੀ ਜਾਨਵਰ ਨਹੀਂ ਸੁਣਦਾ ਸੀ। ਸਾਰੇ ਜਾਨਵਰ ਇਕ ਦੂਸਰੇ ਸਿਰ ਦੋਸ਼ ਮੜ੍ਹਦੇ ਰਹਿੰਦੇ ਸਨ ਤੇ ਮੱਛੀ ਪਾਣੀ ਵਿਚੋਂ ਬਾਹਰ ਆ ਕੇ ਜੰਗਲ ਦੇ ਜਾਨਵਰਾਂ ਉਪਰ ਨਿਗਰਾਨੀ ਨਹੀਂ ਰੱਖ ਸਕਦੀ ਸੀ। ਕਿਉਂਕਿ ਪਾਣੀ ਤੋਂ ਬਾਹਰ ਆ ਕੇ ਉਸ ਲਈ ਬਚਣਾ ਮੁਸ਼ਕਲ ਸੀ।

ਦਰੱਖਤ ਉੱਪਰ ਰਹਿੰਦੀ ਨਿੱਕੀ ਚਿੜੀ ਕਈ ਦਿਨ ਵੇਖਦੀ ਰਹੀ। ਨਿੱਕੀ ਚਿੜੀ ਨੂੰ ਮੱਛੀ ਉਪਰ ਬੇਹੱਦ ਤਰਸ ਆਉਂਦਾ। ਨਿੱਕੀ ਚਿੜੀ ਬਹੁਤ ਦੂਰ-ਅੰਦੇਸ਼ੀ ਸੀ। ਨਿੱਕੀ ਚਿੜੀ ਜਾਣਦੀ ਸੀ ਕਿ ਛੱਪੜ ਦਾ ਦਿਨੋ-ਦਿਨ ਗੰਦਾ ਹੁੰਦਾ ਜਾਂਦਾ ਪਾਣੀ ਮੱਛੀ ਦੇ ਨਾਲ-ਨਾਲ ਕੱਲ ਨੂੰ ਜੰਗਲ ਦੇ ਬਾਕੀ ਜਾਨਵਰਾਂ ਲਈ ਵੀ ਮੁਸੀਬਤ ਖੜ੍ਹੀ ਕਰੇਗਾ। ਗੰਦਾ ਪਾਣੀ ਪੀਣ ਨਾਲ ਹੌਲੀ-ਹੌਲੀ ਜੰਗਲ ਦੇ ਸਾਰੇ ਜਾਨਵਰ ਬਿਮਾਰ ਪੈ ਜਾਣਗੇ।

ਨਿੱਕੀ ਚਿੜੀ ਭਾਵੇਂ ਨਿੱਕੀ ਜਿਹੀ ਸੀ ਪਰ ਉਸਦਾ ਦਿਮਾਗ ਨਿੱਕਾ ਨਹੀਂ ਸੀ। ਨਿੱਕੀ ਚਿੜੀ ਜਾਣਦੀ ਸੀ ਕਿ ਵਿਗਿਆਨ ਦੇ ਇਸ ਯੁਗ ਵਿਚ ਜਿਸਮਾਨੀ ਤਾਕਤ ਦੀ ਨਹੀਂ, ਦਿਮਾਗੀ ਤਾਕਤ ਦੀ ਜ਼ਰੂਰਤ ਹੈ। ਨਿੱਕੀ ਚਿੜੀ ਛੱਪੜ ਦੇ ਪਾਣੀ ਨੂੰ ਗੰਦੇ ਹੋਣ ਤੋਂ ਬਚਾਉਣ ਦੀ ਕੋਈ ਸਕੀਮ ਬਣਾਉਣ ਲੱਗੀ। ਨਿੱਕੀ ਚਿੜੀ ਕਈ ਦਿਨ ਸੋਚਦੀ ਰਹੀ ਤੇ ਕਈ ਦਿਨ ਸੋਚਣ ਤੋਂ ਬਾਅਦ ਉਸਨੇ ਪਾਣੀ ਨੂੰ ਗੰਦੇ ਹੋਣ ਤੋਂ ਬਚਾਉਣ ਦੀ ਸਕੀਮ ਬਣਾ ਲਈ।

ਹੁਣ ਨਿੱਕੀ ਚਿੜੀ ਸਵੇਰ-ਸ਼ਾਮ ਛੱਪੜ ਦੇ ਆਸੇ-ਪਾਸੇ ਕਿਸੇ ਨਾ ਕਿਸੇ ਦਰੱਖਤ 'ਤੇ ਬਹਿ ਕੇ ਗਾਉਣ ਲੱਗ ਪੈਂਦੀ :-

ਜਲ ਹੈ ਤਾਂ ਕੱਲ੍ਹ ਹੈ
ਜਲ ਬਚਾਉਣਾ ਹੈ
ਧਰਤ ਨੂੰ ਸਵਰਗ ਬਣਾਉਣਾ ਹੈ
ਜਲ ਨੂੰ ਮੈਲ਼ਾ ਨਾ ਕਰਿਓ
ਜਲ ਨੇ ਹੀ ਮੈਲ਼ ਨੂੰ ਧੋਣਾ ਹੈ।

ਨਿੱਕੀ ਚਿੜੀ ਨੂੰ ਗਾਉਂਦਿਆਂ ਵੇਖ ਕੇ ਕੁਝ ਹੋਰ ਚਿੜੀਆਂ ਵੀ ਸਾਥ ਦੇਣ ਲੱਗ ਪੈਂਦੀਆਂ ਸਨ। ਨਿੱਕੀ ਚਿੜੀ ਦੀ ਰੀਸੇ ਕੁਝ ਹੋਰ ਚਿੜੀਆਂ ਨੇ ਵੀ ਗੀਤ ਬਣਾ ਲਏ ਸਨ।

ਹੁਣ ਨਿੱਕੀ ਚਿੜੀ ਦੇ ਨਾਲ ਹੋਰ ਚਿੜੀਆਂ ਵੀ ਜੰਗਲ ਦੇ ਜਾਨਵਰਾਂ ਨੂੰ ਪਾਣੀ ਬਚਾਉਣ ਦੀ ਪ੍ਰੇਰਨਾ ਦਿੰਦੀਆਂ। ਚਿੜੀਆਂ ਦਰੱਖਤਾਂ ਦੇ ਉੱਪਰ ਬਹਿ ਕੇ ਛੱਪੜ ਦੇ ਪਾਣੀ ਨੂੰ ਗੰਦਾ ਕਰਨ ਵਾਲੇ ਜਾਨਵਰਾਂ ਉੱਪਰ ਨਿਗ੍ਹਾ ਵੀ ਰੱਖਦੀਆਂ ਸਨ। ਚਿੜੀਆਂ ਛੱਪੜ ਦੇ ਪਾਣੀ ਨੂੰ ਗੰਦਾ ਕਰਨ ਵਾਲੇ ਜਾਨਵਰਾਂ ਨੂੰ ਠਿੱਠ ਵੀ ਕਰਦੀਆਂ ਸਨ ਤੇ ਚਿੜੀਆਂ ਦੇ ਇਹ ਵਿਅੰਗ-ਬਾਣ ਅੜੀਅਲ ਜਾਨਵਰਾਂ ਨੂੰ ਬੇਹੱਦ ਭੈੜੇ ਲਗਦੇ। ਜਾਨਵਰਾਂ ਨੂੰ ਚਿੜੀਆਂ ਉੱਪਰ ਗੁੱਸਾ ਆਉਂਦਾ ਪਰ ਜਾਨਵਰ, ਚਿੜੀਆਂ ਦਾ ਕੁਝ ਨਹੀਂ ਵਿਗਾੜ ਸਕਦੇ ਸਨ। ਚਿੜੀਆਂ ਆਪਣਾ ਕੰਮ ਕਰਕੇ ਉਡਾਰੀ ਮਾਰ ਜਾਂਦੀਆਂ ਤੇ ਛੱਪੜ ਦੇ ਦੂਸਰੇ ਪਾਸੇ ਜਾਕੇ ਗਾਉਣ ਲੱਗ ਪੈਂਦੀਆਂ ਸਨ।

ਨਿੱਕੀ ਚਿੜੀ ਦੀ ਸਿਆਣਪ ਤੇ ਪਹਿਲਕਦਮੀ ਹੌਲੀ-ਹੌਲੀ ਰੰਗ ਵਿਖਾਉਣ ਲੱਗ ਪਈ ਸੀ। ਪਾਣੀ ਨੂੰ ਸਾਫ਼ ਰੱਖਣ ਲਈ ਗੀਤ ਗਾਉਣ ਵਾਲੀਆਂ ਤੇ ਜਾਨਵਰਾਂ ਨੂੰ ਠਿੱਠ ਕਰਨ ਵਾਲੀਆਂ ਚਿੜੀਆਂ ਦੀ ਗਿਣਤੀ ਹੌਲੀ-ਹੌਲੀ ਵਧਦੀ ਜਾ ਰਹੀ ਸੀ। ਚਿੜੀਆਂ ਨਾਲ ਹੋਰ ਵੀ ਪੰਛੀ ਜੁੜਦੇ ਜਾ ਰਹੇ ਸਨ। ਚਿੜੀਆਂ ਨਾਲ ਇਕ ਕੋਇਲ ਤੇ ਇਕ ਮੋਰ ਵੀ ਜੁੜ ਗਿਆ ਸੀ। ਹੁਣ ਚਿੜੀਆਂ ਨਾਲ ਕੋਇਲ ਵੀ ਆਪਣੀ ਸੁਰੀਲੀ ਆਵਾਜ਼ ਵਿਚ ਗਾਉਂਦੀ ਸੀ ਤੇ ਮੋਰ ਇਸ ਗਾਉਣ ਦੇ ਨਾਲ-ਨਾਲ ਨਾਚ ਕਰਦਾ ਸੀ। ਹੁਣ ਹੌਲੀ-ਹੌਲੀ ਛੱਪੜ ਦਾ ਪਾਣੀ ਸਾਫ਼ ਹੁੰਦਾ ਜਾ ਰਿਹਾ ਸੀ। ਮੱਛੀ ਬੇਹੱਦ ਖੁਸ਼ ਸੀ।