ਸਿੱਖ ਗੁਰੂ ਸਾਹਿਬਾਨ/ਗੁਰੂ ਗੋਬਿੰਦ ਸਿੰਘ ਜੀ

ਵਿਕੀਸਰੋਤ ਤੋਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਦੇਹ ਸ਼ਿਵਾ ਵਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ
ਨਾ ਡਰੋਂ ਅਰ ਸੇ ਜਬ ਜਾਇ ਲਰੋਂ, ਨਿਸ਼ਚੈ ਕਰ ਅਪਨੀ ਜੀਤ ਕਰੋਂ।।

ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ 22 ਦਸੰਬਰ 1666 ਈ. ਨੂੰ ਪਟਨਾ ਵਿਖੇ ਹੋਇਆ। ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਸਨ। ਇਸ ਸਮੇਂ ਗੁਰੂ ਤੇਗ ਬਹਾਦਰ ਆਸਾਮ ਦੌਰੇ ਤੇ ਸਨ। ਮੁੱਢਲੀ ਜ਼ਿੰਦਗੀ ਦੇ ਪੰਜ ਸਾਲ ਬਾਲ ਗੋਬਿੰਦ ਰਾਏ ਨੇ ਪਟਨਾ ਵਿਖੇ ਹੀ ਗੁਜਾਰੇ। ਗੁਰੂ ਤੇਗ ਬਹਾਦਰ ਜਦ ਅਨੰਦਪੁਰ ਆਏ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਆਨੰਦਪੁਰ ਬੁਲਵਾ ਲਿਆ। ਇੱਥੇ ਬਾਲ ਗੋਬਿੰਦ ਰਾਏ ਦੀ ਸਿੱਖਿਆ ਦਾ ਵਧੀਆ ਪ੍ਰਬੰਧ ਕੀਤਾ। ਮਾਮਾ ਕ੍ਰਿਪਾਲ ਚੰਦ ਤੋਂ ਇਲਾਵਾ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ਅਰਬੀ, ਫਾਰਸੀ, ਉਰਦੂ ਆਦਿ ਭਾਸ਼ਾਵਾਂ ਸਿਖਾਈਆਂ। ਗੁਰੂ ਤੇਗ ਬਹਾਦਰ ਖ਼ੁਦ ਉਨ੍ਹਾਂ ਦੀ ਸਿੱਖਿਆ ਵਿੱਚ ਦਿਲਚਸਪੀ ਲੈਂਦੇ ਸਨ। ਜਿਹੋ ਜਿਹਾ ਸਮਾਂ ਚੱਲ ਰਿਹਾ ਸੀ ਉਸ ਦੇ ਮੱਦੇਨਜ਼ਰ ਗੁਰੂ ਤੇਗ਼ ਬਹਾਦਰ ਜੀ ਨੇ ਉਨ੍ਹਾਂ ਨੂੰ ਮਹਾਨ ਗੁਰੂਆਂ ਪਾਸ ਭੇਜਿਆ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਪੱਖ ਵਿਕਸਤ ਹੋ ਸਕਣ। ਉਹ ਉਨ੍ਹਾਂ ਨੂੰ ਮਹਾਨ ਵਿਦਵਾਨ ਅਤੇ ਵਧੀਆ ਯੋਧੇ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ। ਬਾਲ ਗੋਬਿੰਦ ਰਾਏ ਤੀਖਣ ਬੁੱਧੀ ਦੇ ਮਾਲਕ ਸਨ ਅਤੇ ਜਲਦ ਹੀ ਉਨ੍ਹਾਂ ਨੇ ਸਰੀਰਕ ਅਤੇ ਬੌਧਿਕ ਨਿਪੁੰਨਤਾ ਹਾਸਲ ਕਰ ਲਈ। ਉਹ ਜਿੱਥੇ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਦੇ ਵਿਦਵਾਨ ਸਨ ਉੱਥੇ ਹਥਿਆਰ ਚਲਾਉਣ ਘੋੜ ਸਵਾਰੀ ਤੀਰ ਅੰਦਾਜੀ ਦੇ ਜੰਗੀ ਕਾਰਨਾਮਿਆਂ ਵਿੱਚ ਵੀ ਨਿਪੁੰਨ ਸਨ। ਉਨ੍ਹਾਂ ਨੂੰ ਕੁਦਰਤ ਵੱਲੋਂ ਕਵਿਤਾ ਦਾ ਤੋਹਫਾ ਮਿਲਿਆ ਸੀ ਹਮੇਸ਼ਾ ਉਹ ਕਵੀਆਂ ਵਿਚਾਰਵਾਨਾਂ ਅਤੇ ਵਿਦਵਾਨਾਂ ਦੀ ਸੰਗਤ ਵਿੱਚ ਰਹਿੰਦੇ ਸਨ।

ਗੁਰੂ ਤੇਗ ਬਹਾਦਰ ਦੀ ਹੱਤਿਆ ਤੋਂ ਪਿੱਛੋਂ ਉਹ ਗੁਰਗੱਦੀ ਤੇ ਬੈਠੇ ਤਾਂ ਉਨ੍ਹਾਂ ਦੀ ਉਮਰ ਸਿਰਫ ਨੌ ਸਾਲ ਸੀ। ਇੰਨੀ ਛੋਟੀ ਉਮਰ ਵਿੱਚ ਵੀ ਉਹ ਡੋਲੇ ਨਹੀਂ ਸਗੋਂ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਧੀਰਜ ਰੱਖਣ ਲਈ ਕਿਹਾ। ਉਨ੍ਹਾਂ ਨੇ ਆਪਣੇ ਮਨ ਵਿੱਚ ਪੱਕਾ ਫੈਸਲਾ ਲੈ ਲਿਆ ਸੀ ਕਿ ਮੁਗਲਾਂ ਦੀ ਰਾਜਨੀਤਕ ਅਤੇ ਧਾਰਮਿਕ ਕੱਟੜਤਾ ਦਾ ਮੁਕਾਬਲਾ ਕਰਨ ਲਈ ਸਿੱਖਾਂ ਨੂੰ ਨਵੇਂ ਸਿਰੇ ਤੋਂ ਇੱਕ ਝੰਡੇ ਥੱਲੇ ਸੰਗਠਿਤ ਕਰਨਾ ਪਵੇਗਾ। ਧਰਮ ਅਤੇ ਗਰੀਬ ਨੂੰ ਬਚਾਉਣ ਲਈ ਉਨ੍ਹਾਂ ਨੇ ਸਿੱਖ ਧਰਮ ਨੂੰ ਨਵੀਂ ਦਿਸ਼ਾ ਦੇਣ ਦੀ ਠਾਣੀ। ਉਹ ਪਾਉਂਟਾ ਚਲੇ ਗਏ ਕੁਝ ਸਮਾਂ ਉਨ੍ਹਾਂ ਨੇ ਧਿਆਨ ਤੇ ਪੜ੍ਹਾਈ ਵਿੱਚ ਲਾਇਆ ਸਿੱਖਾਂ ਨੂੰ ਇਕੱਠੇ ਕੀਤਾ ਅਤੇ ਇੱਕ ਕਿਲੇ ਦਾ ਨਿਰਮਾਣ ਕੀਤਾ। ਸਿੱਖ ਸੰਗਤਾਂ ਨੂੰ ਹਥਿਆਰ ਭੇਟ ਕਰਨ ਲਈ ਕਿਹਾ। ਉਹ ਸਾਥੀਆਂ ਨਾਲ ਨਕਲੀ ਲੜਾਈਆਂ ਕਰਦੇ, ਸ਼ਿਕਾਰ ਖੇਡਦੇ ਅਤੇ ਤੀਰਅੰਦਾਜ਼ੀ ਦਾ ਅਭਿਆਸ ਕਰਦੇ। ਬਹੁਤ ਸਮਾਂ ਖੋਜ ਸਾਹਿਤ ਅਤੇ ਕਲਾਤਮਿਕ ਗਤੀਵਿਧੀਆਂ ਤੇ ਖਰਚ ਕੀਤਾ ਜਾਂਦਾ। ਉਨ੍ਹਾਂ ਕੋਲ 52 ਕਵੀ ਸਨ ਜਿਨ੍ਹਾਂ ਕੋਲ ਗੁਰੂ ਜੀ ਵਿਚਾਰ ਵਟਾਂਦਰਾ ਕਰਦੇ ਰਹਿੰਦੇ। ਇੱਥੇ ਹੀ ਉਨ੍ਹਾਂ ਨੇ ਬੀਰ ਰਸੀ ਵਾਰਾਂ ਲਿਖੀਆਂ ਜੋ ਸਾਹਿਤ ਦਾ ਅਨਮੋਲ ਖਜਾਨਾ ਹਨ। ਗੁਰੂ ਜੀ ਨੇ ਇੱਕ ਬਹੁਤ ਵੱਡਾ ਢੋਲ ਬਣਾਇਆ ਜਿਸ ਨੂੰ 'ਰਣਜੀਤ ਨਗਾਰਾ' ਦਾ ਨਾਂ ਦਿੱਤਾ ਇਸ ਨੂੰ ਸਵੇਰੇ ਤੇ ਸ਼ਾਮ ਸਿੱਖਾਂ ਨੂੰ ਇਕੱਠਾ ਕਰਨ ਲਈ ਬੁਲਾਇਆ ਜਾਂਦਾ। ਇਸ ਰਾਹੀਂ ਇਹ ਵੀ ਦਰਸਾਇਆ ਜਾਂਦਾ ਕਿ ਸਿੱਖ ਰਾਜਨੀਤਕ ਅਤੇ ਧਾਰਮਿਕ ਕੱਟੜਤਾ ਦਾ ਵਿਰੋਧ ਕਰਦੇ ਹਨ ਤੇ ਆਜ਼ਾਦ ਰਹਿਣਾ ਪਸੰਦ ਕਰਦੇ ਹਨ। ਸਾਰੇ ਸਿੱਖਾਂ ਨੂੰ ਹਥਿਆਰ ਚਲਾਉਣ ਲਈ ਸਿੱਖਿਅਤ ਕੀਤਾ ਜਾਂਦਾ ਸੀ।

ਪਹਾੜੀ ਰਾਜੇ ਖਾਸ ਕਰਕੇ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਇੱਥੇ ਹੀ ਕਾਬੁਲ ਤੋਂ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਜੀ ਨੂੰ ਇਕ ਬਹੁਮੁੱਲੀ ਚਾਨਣੀ ਭੇਟ ਕੀਤੀ ਅਤੇ ਇੱਕ ਬਹੁਤ ਹੀ ਸਮਝਦਾਰ ਹਾਥੀ ਵੀ ਦਿੱਤਾ। ਰਾਜਾ ਭੀਮ ਚੰਦ ਨੇ ਇਹ ਚੀਜ਼ਾਂ ਆਪਣੇ ਪੁੱਤਰ ਦੇ ਵਿਆਹ ਲਈ ਮੰਗੀਆਂ, ਗੁਰੂ ਜੀ ਉਸਦੀ ਨੀਅਤ ਤਾੜ ਗਏ ਉਨ੍ਹਾਂ ਨੇ ਜਵਾਬ ਦੇ ਦਿੱਤਾ ਅਤੇ ਰਾਜਾ ਗੁਰੂ ਜੀ ਨਾਲ ਈਰਖਾ ਰੱਖਣ ਲੱਗਾ। ਗੁਰੂ ਜੀ ਨੇ ਗੜ੍ਹਵਾਲ ਦੇ ਰਾਜੇ ਫਤਿਹ ਸਿੰਘ ਅਤੇ ਨਾਹਨ ਦੇ ਰਾਜੇ ਵਿੱਚ ਮਿੱਤਰਤਾ ਕਰਵਾਈ ਅਤੇ ਸ਼ੇਰ ਦਾ ਸ਼ਿਕਾਰ ਕੀਤਾ।

1686 ਈ. ਵਿੱਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਭੰਗਾਣੀ ਦੀ ਥਾਂ ਤੇ ਲੜਾਈ ਹੋਈ। ਭੰਗਾਣੀ ਪਾਉਂਟਾ ਤੋਂ 6 ਕਿਲੋਮੀਟਰ ਦੂਰ ਹੈ। ਸਈਦ ਪੀਰ ਬੁੱਧੂ ਸ਼ਾਹ ਸਢਿਓਰਾ ਨੇ ਆਪਣੇ ਪੁੱਤਰਾਂ ਅਤੇ 700 ਸਿੱਖਿਅਤ ਆਦਮੀਆਂ ਨਾਲ ਇਸ ਯੁੱਧ ਵਿੱਚ ਗੁਰੂ ਜੀ ਦਾ ਸਾਥ ਦਿੱਤਾ। ਗੁਰੂ ਜੀ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਹ ਆਨੰਦਪੁਰ ਚੱਲੇ ਗਏ।

ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਲੋਹਗੜ੍ਹ, ਕੇਸਗੜ੍ਹ ਅਤੇ ਫਤਿਹਗੜ੍ਹ ਕਿਲ੍ਹਿਆਂ ਦਾ ਨਿਰਮਾਣ ਕੀਤਾ। ਉੱਥੇ ਉਨ੍ਹਾਂ ਨੇ ਕਵੀਆਂ, ਵਿਦਵਾਨਾਂ ਤੇ ਕਲਾ ਵਿੱਚ ਨਿਪੁੰਨ ਆਦਮੀਆਂ ਦੀ ਸੰਗਤ ਕਰਨੀ ਅਤੇ ਪ੍ਰਭੂ ਭਗਤੀ ਕਰਨੀ। ਅਨੰਦਪੁਰ ਸਾਹਿਬ ਵਿਖੇ ਕਲਾ ਅਤੇ ਸਾਹਿਤ ਦਾ ਖਜ਼ਾਨਾ ਇਕੱਠਾ ਹੋ ਗਿਆ। ਗੁਰੂ ਦੀ ਸੋਭਾ ਦੂਰ ਦੂਰ ਤੱਕ ਫੈਲ ਗਈ। ਲੋਕਾਂ ਨੇ ਗੁਰੂ ਦੇ ਵਿੱਚ ਆਪਣਾ ਦੁੱਖ ਦਰਦ ਦੂਰ ਕਰਨ ਵਾਲਾ ਮਸੀਹਾ ਦੇਖਿਆ। ਗੁਰੂ ਜੀ ਇਸ ਸਮੇਂ ਸਿੱਖ ਕੌਮ ਨੂੰ ਬਹਾਦਰ ਅਤੇ ਮਾਨ ਸਨਮਾਨ ਵਾਲੀ ਕੌਮ ਬਣਾਉਣ ਲਈ ਸੋਚ ਰਹੇ ਸਨ। ਜਦੋਂ ਉਨ੍ਹਾਂ ਨੇ ਆਪਣੀ ਯੋਜਨਾ ਪੂਰੀ ਕਰਨ ਲਈ ਤਿਆਰੀ ਕਰ ਲਈ ਤਾਂ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖਾਂ ਸਾਹਮਣੇ ਇਸ ਦਾ ਖ਼ੁਲਾਸਾ ਕੀਤਾ। ਗੁਰੂ ਜੀ ਕੋਲ ਇਸ ਸਮੇਂ ਵਫ਼ਾਦਾਰ ਤੇ ਚੰਗੀ ਸਿਖਲਾਈ ਜਾਫਤਾ ਸੈਨਾ ਵੀ ਸੀ। ਸੈਨਾ ਵੀ ਤੇ ਵਧੀਆ ਹਥਿਆਰ ਵੀ ਸਨ।

13 ਅਪਰੈਲ 1699 ਨੂੰ ਵਿਸਾਖੀ ਦਿਹਾੜਾ ਮਨਾਉਣ ਖਾਤਰ ਗੁਰੂ ਜੀ ਨੇ ਦੇਸ਼ ਦੀਆਂ ਸੰਗਤਾਂ ਨੂੰ ਆਨੰਦਪੁਰ ਸਾਹਿਬ ਵਿਚ ਬੁਲਾਵਾ ਭੇਜਿਆ। ਹਜ਼ਾਰਾਂ ਦੀ ਗਿਣਤੀ ਲਗਭਗ 80,000 ਸਿੱਖ ਗੁਰੂ ਜੀ ਦੇ ਬੁਲਾਵੇ ਤੇ ਆਨੰਦਪੁਰ ਪਹੁੰਚ ਗਏ। ਬਾਣੀ ਦੇ ਜਾਪ ਅਤੇ ਕਥਾ ਕੀਰਤਨ ਬਾਅਦ ਗੁਰੂ ਗੋਬਿੰਦ ਸਿੰਘ ਨੇ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਸਿੱਖਾਂ ਦੇ ਸਨਮੁੱਖ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ, "ਕੋਈ ਹੈ ਜੋ ਧਰਮ ਦੀ ਖਾਤਰ ਮੇਰੀ ਇਸ ਤਲਵਾਰ ਦੀ ਪਿਆਸ ਬੁਝਾਵੇ"। ਇਸ ਤਰ੍ਹਾਂ ਇੱਕ ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ। ਲਾਹੌਰ ਤੋਂ ਖੱਤਰੀ ਦਯਾ ਰਾਮ, ਦਿੱਲੀ ਤੋਂ ਜੱਟ ਧਰਮ ਦਾਸ, ਦਵਾਰਕਾ ਤੋਂ ਮੋਹਕਮ ਚੰਦ, ਬਿਦਰ ਤੋਂ ਸਾਹਿਬ ਚੰਦ ਅਤੇ ਜਗਨਨਾਥ ਪੁਰੀ ਤੋਂ ਹਿੰਮਤ ਰਾਏ ਇਸ ਕੁਰਬਾਨੀ ਲਈ ਤਿਆਰ ਹੋ ਗਏ। ਗੁਰੂ ਜੀ ਵਾਰੋਵਾਰੀ ਇਨ੍ਹਾਂ ਨੂੰ ਨੇੜੇ ਤੰਬੂ ਚ ਲੈ ਗਏ ਅਤੇ ਆਪਣੇ ਵੱਲੋਂ ਤਿਆਰ ਕੀਤੀਆਂ ਪੁਸ਼ਾਕਾਂ ਪਹਿਨਾਈਆਂ ਅਤੇ ਸਭ ਦੇ ਸਾਹਮਣੇ ਲੈ ਕੇ ਆਏ। ਪੰਜੇ ਸਿੱਖ ਚੜ੍ਹਦੀਆਂ ਕਲਾਂ ਵਿਚ ਤਿਆਰ ਬਰ ਤਿਆਰ ਖਾਲਸਾ ਰੂਪ ਵਿੱਚ ਸਨ। ਗੁਰੂ ਜੀ ਨੇ ਐਲਾਨ ਕੀਤਾ ਇਹ ਚੁਣੇ ਹੋਏ ਪੰਜ ਪਿਆਰੇ ਹਨ। ਇਹ ਖਾਲਸਾ ਹਨ ਅਤੇ ਇਹਨਾਂ ਨੂੰ ਪਤਾ ਹੈ ਕਿਵੇਂ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨੀ ਹੈ।

ਗੁਰੂ ਜੀ ਨੇ ਇੱਕ ਵੱਡਾ ਬਰਤਨ ਲੈ ਕੇ ਉਸ ਵਿੱਚ ਪਵਿੱਤਰ ਜਲ ਪਾਇਆ। ਗੁਰੂ ਜੀ ਅਤੇ ਪੰਜ ਪਿਆਰਿਆਂ ਨੇ ਪਵਿੱਤਰ ਗ੍ਰੰਥ ਵਿੱਚੋਂ ਬਾਣੀ ਦਾ ਪਾਠ ਕੀਤਾ। ਗੁਰੂ ਜੀ ਨਾਲ ਤਲਵਾਰ ਪਾਣੀ ਵਿੱਚ ਫੇਰ ਰਹੇ ਸਨ। ਇਸ ਸਮੇਂ ਖਾਲਸਾ ਦੀ ਮਾਤਾ ਸਾਹਿਬ ਦੇਵਾਂ (ਮਾਤਾ ਨੂੰ ਗੁਰੂ ਜੀ ਨੇ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ ਸੀ) ਪਤਾਸੇ ਲੈ ਕੇ ਆਈ। ਗੁਰੂ ਜੀ ਨੇ ਪਤਾਸੇ ਬਾਟੇ ਵਾਲੇ ਅੰਮ੍ਰਿਤ ਵਿੱਚ ਘੋਲ ਦਿੱਤੇ। ਇਸ ਤਰ੍ਹਾਂ ਬਣੇ ਇਸ ਘੋਲ ਨੂੰ 'ਅੰਮ੍ਰਿਤ' ਦਾ ਨਾਂ ਦਿੱਤਾ ਗਿਆ। ਗੁਰੂ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਪੰਜਾਂ ਪਿਆਰਿਆਂ ਦੇ ਨਾਮ ਨਾਲ ਸਿੰਘ ਸ਼ਬਦ ਜੋੜਿਆ ਗਿਆ ਅਤੇ ਗੁਰੂ ਜੀ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਪੰਜਾਂ ਪਿਆਰਿਆਂ ਤੇ ਗੁਰੂ ਜੀ ਨੇ ਨੀਲੇ ਬਸਤਰ ਧਾਰਨ ਕੀਤੇ ਹੋਏ ਸਨ। ਮੁਗਲ ਸਰਕਾਰ ਦੇ ਰੋਜ਼ਨਾਮਚੇ ਅਨੁਸਾਰ ਉਸ ਦਿਨ 20,000 ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਵਾਲੇ ਬਣੇ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਉਦਾਹਰਣ ਹੈ ਜਦੋਂ ਕਿਸੇ ਗੁਰੂ ਨੇ ਆਪਣੇ ਚੇਲਿਆਂ ਤੋਂ ਆਸ਼ੀਰਵਾਦ ਲਿਆ ਹੋਵੇ। ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਣ ਕਰਕੇ ਸਿੱਖਾਂ ਵਿੱਚੋਂ ਜਾਤ ਪਾਤ ਤੇ ਭੇਦਭਾਵ ਦਾ ਅਮਲੀ ਰੂਪ ਵਿੱਚ ਅੰਤ ਹੋ ਗਿਆ। ਹੁਣ ਉਨ੍ਹਾਂ ਦੀ ਅਲੱਗ ਅਲੱਗ ਜਾਤ ਨਹੀਂ ਨਹੀਂ ਸੀ। ਉਹ ਸਾਰੇ ਗੁਰੂ ਦੇ ਸਿੱਖ ਸਨ। ਇਸ ਤਰ੍ਹਾਂ ਖਾਲਸੇ ਦਾ ਇੱਕ ਭਾਈਚਾਰਾ ਬਣਿਆ-

'ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ।।'

ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਪੰਜ ਕਕਾਰ- ਕੇਸ, ਕੰਘਾ, ਕ੍ਰਿਪਾਨ ਕਛਹਿਰਾ ਅਤੇ ਕੜਾ ਧਾਰਨ ਕਰਨ ਲਈ ਹਦਾਇਤ ਕੀਤੀ। ਸਿੱਖਾਂ ਨੂੰ ਤੰਬਾਕੂ, ਸ਼ਰਾਬ ਪੀਣ, ਪਰਾਈ ਇਸਤਰੀ, ਊਚ-ਨੀਚ, ਬੁੱਤ ਪੂਜਾ ਦੀ ਮਨਾਹੀ ਕਰ ਦਿੱਤੀ ਗਈ। ਹੁਣ ਪਵਿੱਤਰਤਾ, ਬਹਾਦਰੀ ਅਤੇ ਸ਼ਾਂਤੀ ਦੇ ਉਹ ਦੂਤ ਸਨ। ਉਨ੍ਹਾਂ ਨੂੰ 'ਖਾਲਸਾ' ਦਾ ਨਾਂ ਦਿੱਤਾ ਗਿਆ। ਉਹ ਸ਼ੇਰ ਬਣ ਗਏ ਸਨ ਅਤੇ ਉਨ੍ਹਾਂ ਨੂੰ ਚਿੜੀਆਂ ਦੀ ਤਰ੍ਹਾਂ ਡਰ ਨਹੀਂ ਲੱਗਦਾ ਸੀ। ਖ਼ਾਲਸੇ ਦੀ ਸਿਰਜਣਾ ਨਾਲ ਗੁਰੂ ਨਾਨਕ ਤੋਂ ਚੱਲੀ ਆ ਰਹੀ ਸਿੱਖ ਧਰਮ ਦੀ ਪਰੰਪਰਾ ਹੁਣ ਸਿਖਰ ਤੇ ਪਹੁੰਚੀ ਅਤੇ ਇਸਨੇ ਵਰਤਮਾਨ ਰੂਪ ਲੈ ਲਿਆ।

ਆਨੰਦਪੁਰ ਦੇ ਨਜ਼ਦੀਕ ਹਿੰਦੂ ਅਤੇ ਪਹਾੜੀ ਰਾਜੇ ਜਿਹੜੇ ਗੁਰੂ ਜੀ ਨਾਲ ਪਹਿਲਾ ਯੁੱਧ ਲੜ ਚੁੱਕੇ ਸਨ, ਉਹ ਦਿੱਲੀ ਮੁਗ਼ਲ ਦਰਬਾਰ ਵਿੱਚ ਔਰੰਗਜੇਬ ਬਾਦਸ਼ਾਹ ਕੋਲ ਗੁਰੂ ਜੀ ਦੀ ਸ਼ਿਕਾਇਤ ਲੈ ਕੇ ਗਏ। ਔਰੰਗਜ਼ੇਬ ਨੇ ਸਰਹੰਦ ਤੋਂ ਲਾਹੌਰ ਦੇ ਸੂਬੇਦਾਰਾਂ ਨੂੰ ਹਿੰਦੂ ਰਾਜਿਆਂ ਦੀ ਮਦਦ ਲਈ ਭੇਜ ਦਿੱਤਾ। ਬਿਲਾਸਪੁਰ, ਕਾਂਗੜਾ, ਕੁੱਲੂ, ਮੰਡੀ, ਜੰਮੂ, ਨੂਰਪੁਰ, ਚੰਬਾ, ਗੁਲੇਰ ਤੇ ਸ੍ਰੀਨਗਰ ਦੇ ਰਾਜਿਆਂ ਦੀ ਫੌਜ ਦੇ ਨਾਲ ਇੱਕ ਵੱਡੀ ਮੁਗ਼ਲ ਸੈਨਾ ਗੁਰੂ ਜੀ ਨਾਲ ਯੁੱਧ ਕਰਨ ਲਈ ਭੇਜੀ ਗਈ।

1701 ਈ. ਵਿੱਚ ਮੁਗਲ ਸੈਨਾ ਨੇ ਆਨੰਦਪੁਰ ਨੂੰ ਘੇਰਾ ਪਾਇਆ। ਪਹਾੜੀ ਰਾਜਿਆਂ ਨੇ 'ਆਟੇ ਦੀ ਗਊ' ਬਣਾ ਕੇ ਸਹੁੰ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਅਨੰਦਪੁਰ ਖਾਲੀ ਕਰ ਦੇਣ, ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ। ਗੁਰੂ ਜੀ ਉਨ੍ਹਾਂ ਦੀ ਬੇਈਮਾਨੀ ਨੂੰ ਸਮਝਦੇ ਸਨ ਪਰ ਮਾਤਾ ਗੁਜਰੀ ਅਤੇ ਕੁਝ ਸਿੱਖਾਂ ਦੇ ਜ਼ੋਰ ਦੇਣ 'ਤੇ ਉਹ ਅਨੰਦਪੁਰ ਖਾਲੀ ਕਰਨ ਲਈ ਮੰਨ ਗਏ। ਜਿਉਂ ਹੀ ਅਨੰਦਪੁਰ ਵਿੱਚੋਂ ਗੁਰੂ ਜੀ ਪਰਿਵਾਰ ਅਤੇ ਸਿੱਖਾਂ ਸਮੇਤ ਬਾਹਰ ਨਿਕਲੇ, ਫ਼ੌਜ ਨੇ ਹੱਲਾ ਬੋਲ ਦਿੱਤਾ। ਜਿਸ ਕਰਕੇ ਧਰੋਹ ਹੋਇਆ ਸਮਝ ਕੇ ਸਿੱਖਾਂ ਵਿੱਚ ਦੁੱਖ ਦੀ ਭਾਵਨਾ ਸਾਫ ਦਿੱਸਦੀ ਸੀ। ਹਨੇਰੇ ਅਤੇ ਮੀਂਹ ਦੇ ਵਿੱਚ ਸਿੰਘਾਂ ਨੇ ਮੁਗ਼ਲ ਸੈਨਾ ਦਾ ਟਾਕਰਾ ਕੀਤਾ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਪਹੁੰਚ ਗਏ ਉੱਥੇ ਉਨ੍ਹਾਂ ਨੇ ਕੱਚੀ ਗੜ੍ਹੀ ਵਿੱਚ ਮੋਰਚਾ ਲਾ ਲਿਆ। ਟਿੱਡੀ ਦਲ ਵਰਗੀ ਮੁਗਲ ਸੈਨਾ ਨੇ ਗੜ੍ਹੀ ਨੂੰ ਘੇਰ ਲਿਆ। ਗੁਰੂ ਜੀ ਨਾਲ ਇਸ ਸਮੇਂ ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਅਤੇ ਥੋੜ੍ਹੇ ਜਿਹੇ ਸਿੱਖ ਸਿਪਾਹੀ ਸਨ। ਗੁਰੂ ਜੀ ਇੱਕ-ਇੱਕ ਕਰਕੇ ਸਿੱਖ ਯੋਧਿਆਂ ਨੂੰ ਲੜਾਈ ਵਿੱਚ ਭੇਜਦੇ ਜੋ ਕਈ ਕਈ ਮੁਗਲਾਂ ਨੂੰ ਮਾਰ ਕੇ ਵੀ ਵੀਰਗਤੀ ਪ੍ਰਾਪਤ ਕਰਦੇ। ਇੱਥੇ ਹੀ ਦੋਨਾਂ ਸਾਹਿਬਜਾਦਿਆਂ ਨੇ ਬੀਰਤਾ ਦੇ ਜੌਹਰ ਦਿਖਾਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 'ਆਪਹੁ ਗੁਰ ਚੇਲਾ' ਦੇ ਸਿਧਾਂਤ ਤੇ ਚੱਲਦਿਆਂ ਪੰਜ ਸਿੱਖਾਂ ਨੇ ਗੁਰੂ ਜੀ ਨੂੰ ਗੜ੍ਹੀ ਤੋਂ ਸੁਰੱਖਿਅਤ ਬਾਹਰ ਨਿਕਲਣ ਲਈ ਗੁਰਮਤਾ ਕੀਤਾ। ਜੋ ਗੁਰੂ ਜੀ ਨੂੰ ਮੰਨਣਾ ਪੈਣਾ ਸੀ। ਸੋ ਭਾਈ ਸੰਗਤ ਸਿੰਘ ਦੇ ਸਿਰ ਤੇ ਕਲਗੀ ਰੱਖੀ ਗਈ ਅਤੇ ਗੁਰੂ ਜੀ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਦੇ ਨਾਲ ਗੜ੍ਹੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਕੋਲ ਹੁਣ ਕੋਈ ਸ਼ਾਹੀ ਨਿਸ਼ਾਨੀ ਨਹੀਂ ਸੀ। ਨਾ ਬਾਜ, ਨਾ ਕਲਗੀ, ਨਾ ਨੀਲਾ ਘੋੜਾ, ਨਾ ਕੋਈ ਹਥਿਆਰ। ਗੜ੍ਹੀ ਤੋਂ ਬਾਹਰ ਆ ਕੇ ਗੁਰੂ ਜੀ ਨੇ ਤਾੜੀ ਮਾਰੀ ਤੇ ਕਿਹਾ "ਸਿੱਖਾਂ ਦਾ ਗੁਰੂ ਚੱਲਿਆ ਹੈ" ਮੁਗਲ ਸੈਨਾ ਵਿੱਚ ਹਫੜਾ ਦਫੜੀ ਫੈਲ ਗਈ। ਇਸ ਮਾਹੌਲ ਵਿੱਚ ਗੁਰੂ ਜੀ ਦੇ ਨਾਲ ਵਾਲੇ ਤਿੰਨੋਂ ਸਿੰਘ ਵੀ ਗੁਰੂ ਤੋਂ ਵਿੱਛੜ ਗਏ ਅਤੇ ਉਹ ਇਕੱਲੇ ਹੀ ਮਾਛੀਵਾੜੇ ਜੰਗਲਾਂ ਵਿੱਚ ਭਟਕਦੇ ਰਹੇ। ਪੈਰਾਂ ਵਿੱਚ ਕੰਡੇ ਚੁਭ ਗਏ, ਛਾਲੇ ਹੋ ਗਏ ਅਤੇ ਜਖਮਾਂ ਵਿੱਚ ਖ਼ੂਨ ਸਿੰਮਣ ਲੱਗਾ। ਭੁੱਖ ਪਿਆਸ ਯੁੱਧ ਦੀ ਥਕਾਵਟ ਆਦਿ ਬੇਸ਼ੁਮਾਰ ਮੁਸੀਬਤਾਂ ਦਾ ਘੇਰਿਆ ਗੁਰੂ ਬੁਰੇ ਹਾਲੀ ਸੀ। ਰਾਤ ਨੂੰ ਇੱਟ ਦਾ ਸਿਰਹਾਣਾ ਲਾ ਕੇ ਗੁਰੂ ਜੀ ਰੋੜਾਂ ਵਾਲੀ ਜ਼ਮੀਨ ਤੇ ਹੀ ਪੈ ਗਏ। ਉਨ੍ਹਾਂ ਨੇ ਇੱਥੇ ਮਾਛੀਵਾੜੇ ਦੇ ਜੰਗਲ ਵਿੱਚ ਹੀ ਬੇਮਿਸਾਲ ਸ਼ਬਦ ਉਚਾਰਿਆ

‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ॥
ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।।'

ਜੰਗਲ ਵਿੱਚ ਰਾਤ ਗੁਜ਼ਾਰ ਕੇ ਜਦ ਗੁਰੂ ਜੀ ਸਵੇਰੇ ਉੱਠੇ ਤਾਂ ਭਾਈ ਦਇਆ ਸਿੰਘ ਤੇ ਦੂਸਰੇ ਵਿਛੜੇ ਸਿੰਘ ਮਿਲ ਗਏ। ਇਥੋਂ ਗੁਰੂ ਜੀ ਦੇ ਸ਼ਰਧਾਲੂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਲਿਆ। ਕਿਉਂਕਿ ਮੁਗਲ ਸੈਨਾ ਕਸਬੇ ਵਿੱਚ ਗੁਰੂ ਦੀ ਭਾਲ ਵਿੱਚ ਫਿਰ ਰਹੀ ਸੀ। ਉਹਨਾਂ ਮੁਸਲਮਾਨ ਸੇਵਕਾਂ ਨੇ ਗੁਰੂ ਜੀ ਨੂੰ "ਉੱਚ ਦਾ ਪੀਰ" ਬਣਾਕੇ ਮੁਗਲ ਸੈਨਿਕਾਂ ਤੋਂ ਬਚਾ ਲਿਆ ਅਤੇ ਪਿੰਡ ਆਲਮਗੀਰ ਪਹੁੰਚ ਗਏ। ਇੱਥੇ ਗੁਰੂ ਜੀ ਨੂੰ ਸ਼ਰਧਾਲੂਆਂ ਨੇ ਘੋੜੇ ਭੇਟ ਕੀਤੇ। ਇੱਥੇ ਸੁੰਦਰ ਗੁਰਦੁਆਰਾ ਗੁਰੂ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਥੋਂ ਗੁਰੂ ਜੀ ਰਾਏਕੋਟ ਰਾਏ ਕਲੇ ਪਾਸ ਪਹੁੰਚੇ। ਇਥੇ ਕੁਝ ਦਿਨ ਠਹਿਰੇ। ਇਥੇ ਹੀ ਨੂਰੇ ਮਾਹੀ ਨੂੰ ਗੁਰੂ ਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਹਾਲ ਜਾਨਣ ਲਈ ਭੇਜਿਆ। ਜਿਸ ਨੇ ਵਾਪਸ ਆ ਕੇ ਸਾਰਾ ਹਾਲ ਰੋ-ਰੋ ਕੇ ਬਿਆਨ ਕੀਤਾ।

ਜਦੋਂ 5 ਅਤੇ 6 ਦਸੰਬਰ ਦੀ ਰਾਤ ਨੂੰ ਆਨੰਦਪੁਰ ਸਾਹਿਬ ਤੋਂ ਨਿਕਲਣ ਵੇਲੇ ਪਰਿਵਾਰ ਵਿਛੜ ਗਿਆ ਸੀ ਤਾਂ ਗੁਰੂ ਘਰ ਦਾ ਰਸੋਈਆ ਗੰਗੂ ਨਾਮਕ ਬ੍ਰਾਹਮਣ ਦੋਨਾਂ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਨੂੰ ਆਪਣੇ ਨਾਲ ਆਪਣੇ ਪਿੰਡ ਖੇੜੀ ਲੈ ਗਿਆ ਸੀ। ਗੰਗੂ ਦੀ ਨੀਤ ਬੇਈਮਾਨ ਹੋ ਗਈ ਅਤੇ ਉਸ ਨੇ ਮਾਤਾ ਜੀ ਤੋਂ ਕੁਝ ਧਨ ਚੋਰੀ ਕਰ ਲਿਆ। ਮਾਤਾ ਜੀ ਨੇ ਜਦੋਂ ਉਸ ਨਾਲ ਗੱਲ ਕੀਤੀ ਤਾਂ ਉਹ ਅੱਗ ਬਬੂਲਾ ਹੋ ਉਠਿਆ। ਉਸ ਲਾਲਚੀ ਤੇ ਬੇਈਮਾਨ ਇਨਸਾਨ ਨੇ ਛੋਟੇ ਦੋਨਾਂ ਸਾਹਿਬਜਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸਮੇਤ ਮਾਤਾ ਗੁਜਰੀ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ। ਬੱਚਿਆਂ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਅਗਲੀ ਸਵੇਰ ਬੱਚਿਆਂ ਨੂੰ ਕਚਹਿਰੀ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਜ਼ੋਰ ਪਾਇਆ। ਪਰ ਗੁਰੂ ਦੇ ਸਪੁੱਤਰ ਨਹੀਂ ਮੰਨੇ। ਉਨ੍ਹਾਂ ਨੂੰ ਹੋਰ ਵੀ ਕਈ ਕਿਸਮ ਦੇ ਲਾਲਚ ਦਿੱਤੇ ਗਏ ਪਰ ਬੱਚਿਆਂ ਨੇ ਨਾਂਹ ਕਰ ਦਿੱਤੀ। ਬੇਰਹਿਮ ਵਜ਼ੀਰ ਖ਼ਾਨ ਨੇ ਗੁਰੂ ਘਰ ਦੇ ਕੁਝ ਦੋਖੀ ਬੰਦਿਆਂ ਦੀ ਸਲਾਹ ਤੇ ਛੋਟੇ ਛੋਟੇ ਸੱਤ ਤੇ ਨੌਂ ਸਾਲਾਂ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਉੱਥੇ ਮੌਜੂਦ ਸੀ। ਉਸ ਦਾ ਭਰਾ ਗੁਰੂ ਜੀ ਨਾਲ ਲੜਾਈ ਵਿੱਚ ਮਾਰਿਆ ਗਿਆ ਸੀ। ਵਜ਼ੀਰ ਖਾਨ ਨੇ ਉਸ ਨੂੰ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਕਤਲ ਕਰਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਵੇ। ਪਰ ਨਵਾਬ ਨੇ ਮਨ੍ਹਾ ਕਰ ਦਿੱਤਾ ਉਸ ਨੇ ਜਵਾਬ ਦਿੱਤਾ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਤੋਂ ਲਵੇਗਾ, ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਨਹੀਂ। ਨਵਾਬ ਦੇ ਹੁਕਮ ਤੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਅਤੇ ਜਦੋਂ ਬੇਹੋਸ਼ ਹੋ ਗਏ ਤਾਂ ਤਲਵਾਰ ਨਾਲ ਉਨ੍ਹਾਂ ਨੂੰ ਕਤਲ ਕਰਵਾ ਦਿੱਤਾ। ਨੂਰੇ ਮਾਹੀ ਨੇ ਅੱਗੇ ਦੱਸਿਆ ਕਿ ਜਦੋਂ ਮਾਤਾ ਗੁਜਰੀ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਬੁਰਜ ਤੋਂ ਛਾਲ ਮਾਰ ਕੇ ਸ਼ਹੀਦੀ ਜਾਮ ਪੀ ਲਿਆ। ਸਿੱਖ ਜਗਤ ਵਿੱਚ ਸ਼ੇਰ ਮੁਹੰਮਦ ਖ਼ਾਨ ਵੱਲੋਂ ਗੁਰੂ ਬੱਚਿਆਂ ਦੇ ਹੱਕ ਵਿੱਚ ਕੀਤੀ ਇਸ ਗੱਲ ਨੂੰ "ਹਾਅ ਦਾ ਨਾਅਰਾ" ਕਹਿ ਕੇ ਯਾਦ ਕੀਤਾ ਜਾਂਦਾ ਹੈ। ਜਦੋਂ ਨੂਰਾ ਮਾਹੀ ਇਹ ਸਹੀਦੀ ਕਥਾ ਗੁਰੂ ਜੀ ਨੂੰ ਸੁਣਾ ਰਿਹਾ ਸੀ ਤਾਂ ਗੁਰੂ ਜੀ ਕਾਹੀ ਦੇ ਬੂਟੇ ਦੀਆਂ ਜੜ੍ਹਾਂ ਕੁਰੇਦ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੁਗਲ ਸਾਮਰਾਜ ਦੀਆਂ ਜੜ੍ਹਾਂ ਵੀ ਇਸ ਤਰ੍ਹਾਂ ਹੀ ਕੁਰੇਦੀਆਂ ਜਾਣਗੀਆਂ। ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ 12 ਦਸੰਬਰ 1705 ਈਸਵੀ ਵਿੱਚ ਹੋਈ ਇਸ ਤੋਂ ਠੀਕ ਪੰਜ ਸਾਲ ਬਾਅਦ ਬੰਦਾ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

ਇਸ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜਾਦੇ ਮਾਤਾ ਪਿਤਾ ਅਤੇ ਬਹੁਤ ਬਹਾਦਰ ਸਿੰਘ ਮਾਰੇ ਜਾ ਚੁੱਕੇ ਸਨ। ਗੁਰੂ ਜੀ ਬੇਘਰ ਸਨ, ਮੁਗਲ ਸੈਨਾ ਪਾਗਲਾਂ ਵਾਂਗ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਪਰ ਗੁਰੂ ਨੇ ਹਿੰਮਤ ਨਹੀਂ ਹਾਰੀ। ਇੱਥੋਂ ਅੱਗੇ ਚੱਲ ਪਏ ਮਾਛੀਵਾੜੇ ਤੋਂ ਰਾਏਕੋਟ, ਤਖਤੂਪੁਰਾ, ਮਧੇਕੇ ਹੁੰਦੇ ਹੋਏ ਦੀਨਾ ਕਾਂਗੜ (ਜਿਲ੍ਹਾ ਮੋਗਾ) ਪਹੁੰਚੇ। ਇਥੇ ਰਹਿ ਕੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਖ਼ਤ ਲਿਖਿਆ ਜਿਸ ਦਾ ਨਾਂ "ਜ਼ਫ਼ਰਨਾਮਾ" ਜਾਂ ਜਿੱਤ ਦਾ ਖ਼ਤ ਸੀ। ਇਸ ਖ਼ਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਕਰਾਰੀ ਝਾੜ ਪਾਈ ਤੇ ਕਿਹਾ ਕਿ

"ਉਸ ਨੇ ਮੋਮਨ ਹੋ ਕੇ ਵੀ ਝੂਠੀਆਂ ਸੌਹਾਂ ਖਾਧੀਆਂ ਤੇ ਧੋਖਾ
ਕੀਤਾ। ਸਾਡੇ ਤੇ ਹਮਲਾ ਕੀਤਾ। ਤੇਰੀ ਏਨੀ ਵੱਡੀ ਸੈਨਾ ਸਾਡੇ ਸਿਪਾਹੀਆਂ
ਤੇ ਟੁੱਟ ਪਈ। ਪਰ ਮੇਰੇ ਬਹਾਦਰ ਸਿਪਾਹੀਆਂ ਨੇ ਸ਼ੇਰਾਂ ਵਾਂਗ ਲੜ ਕੇ
ਸੂਰਬੀਰਤਾ ਦਿਖਾਈ। ਪਰ ਟਿੱਡੀ ਦਲ ਜਿੱਡੀ ਮੁਗਲ ਸੈਨਾ ਦਾ ਮੁੱਠੀ ਭਰ
ਸਿਪਾਹੀਆਂ ਨਾਲ ਕੀ ਮੇਲ? ਗੁਰੂ ਜੀ ਨੇ ਇਹ ਵੀ ਦੱਸਿਆ ਕਿ ਕਿਸ
ਤਰ੍ਹਾਂ ਚਾਰਾਂ ਸਾਹਿਬਜ਼ਾਦਿਆਂ ਨੂੰ ਵੀ ਆਪਣੀ ਜਾਨ ਗਵਾਉਣੀ ਪਈ।
ਪਰ ਮੈਂ ਇਸ ਦਾ ਬਦਲਾ ਲਵਾਂਗਾ ਜਦੋਂ ਸਾਰੇ ਗੱਲਬਾਤ ਤੇ ਸ਼ਾਂਤੀ ਪੂਰਵਕ
ਮਸਲੇ ਸੁਲਝਾਉਣ ਦੇ ਸਾਰੇ ਸਾਧਨ ਅਸਫਲ ਹੋ ਜਾਣ ਤਾਂ ਤਲਵਾਰ
ਚੁੱਕਣੀ ਹੀ ਪੈਂਦੀ ਹੈ। ਤੈਨੂੰ ਆਪਣੇ ਰਾਜ ਦਾ ਹੰਕਾਰ ਹੈ ਪਰ ਮੈਨੂੰ ਮੇਰੇ
ਵਾਹਿਗੁਰੂ ਦਾ ਭਰੋਸਾ ਹੈ, ਸੰਸਾਰ ਸਰਾਂ ਦੀ ਨਿਆਈ ਹੈ ਤੇ ਇਸ ਨੂੰ
ਛੱਡਣਾ ਹੀ ਪੈਂਦਾ ਹੈ"।
(ਗੁਰੂ ਗੋਬਿੰਦ ਸਿੰਘ ਰਚਿਤ 'ਜਫਰਨਾਮਾ' ਵਿੱਚੋਂ)

ਗੁਰੂ ਜੀ ਨੇ ਇਹ ਪੱਤਰ ਦਸਤੀ ਭਾਈ ਦਇਆ ਸਿੰਘ ਤੇ ਧਰਮ ਸਿੰਘ ਰਾਹੀਂ ਔਰੰਗਜੇਬ ਨੂੰ ਦੇਣ ਲਈ ਰਵਾਨਾ ਕੀਤਾ।

ਦੀਨੇ ਤੋਂ ਗੁਰੂ ਜੀ ਕੋਟਕਪੂਰਾ, ਜੈਤੋ, ਰਾਮੇਆਣਾ ਹੁੰਦੇ ਹੋਏ ਇਤਿਹਾਸਕ ਖਿਦਰਾਣੇ ਦੀ ਢਾਬ ਜਿਲ੍ਹਾ ਮੁਕਤਸਰ ਪਹੁੰਚ ਗਏ। ਰਸਤੇ ਵਿੱਚੋਂ ਉਨ੍ਹਾਂ ਨੇ ਸਿੱਖਾਂ ਨਾਲ ਰਾਬਤਾ ਕੀਤਾ ਅਤੇ ਆਪਣੇ ਬਚਾਅ ਲਈ ਤਿਆਰੀ ਕੀਤੀ। ਮੁਗਲ ਸੈਨਾ ਅਜੇ ਵੀ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਖਿਦਰਾਣੇ ਦੀ ਢਾਬ ਕੋਲ ਉਨ੍ਹਾਂ ਕੋਲ ਕੁਝ ਫ਼ੌਜ ਇਕੱਠੀ ਹੋ ਗਈ ਸੀ। ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਜਿਹਨਾ ਚਾਲੀ ਸਿੰਘਾਂ ਨੇ ਬੇਦਾਵਾ ਲਿਖ ਕੇ ਵਾਪਸੀ ਕਰ ਲਈ ਸੀ। ਉਹ ਮਾਈ ਭਾਗੋ ਦੀ ਅਗਵਾਈ ਵਿੱਚ ਗੁਰੂ ਜੀ ਦੀ ਮਦਦ ਲਈ ਇੱਥੇ ਪਹੁੰਚ ਗਏ ਸਨ। ਘਰ ਪਹੁੰਚਣ ਤੇ ਲੋਕਾਂ ਨੇ ਅਤੇ ਉਨ੍ਹਾਂ ਸਿੱਖਾਂ ਦੀਆਂ ਘਰਵਾਲੀਆਂ ਨੇ ਬਹੁਤ ਨਾਰਾਜਗੀ ਜਾਹਰ ਕੀਤੀ ਸੀ। ਗੁਰੂ ਜੀ ਨੇ ਇਸ ਸਮੇਂ ਇੱਕ ਟਿੱਬੀ ਤੇ, ਜੋ ਜੰਗ ਦੇ ਮੈਦਾਨ ਤੋਂ ਥੋੜ੍ਹੀ ਪਰ੍ਹੇ ਸੀ, ਬੈਠ ਕੇ ਮੁਗਲ ਸੈਨਾ ਦੇ ਹਮਲੇ ਦਾ ਜਵਾਬ ਆਪਣੇ ਤੀਰਾਂ ਨਾਲ ਦਿੱਤਾ। ਗਹਿਗੱਚ ਲੜਾਈ ਹੋਈ ਬੇਦਾਵਾ ਲਿਖਣ ਵਾਲੇ ਚਾਲੀ ਸਿੰਘਾਂ ਅਤੇ ਮਾਈ ਭਾਗੋ ਨੇ ਡੱਟ ਕੇ ਮੁਗਲ ਸੈਨਾ ਦਾ ਟਾਕਰਾ ਕੀਤਾ। ਉਸ ਸਮੇਂ ਗਰਮੀ ਦੀ ਰੁੱਤ ਸੀ ਅਤੇ ਇਸ ਇਲਾਕੇ ਵਿੱਚ ਪਾਣੀ ਦੀ ਭਾਰੀ ਥੁੜ੍ਹ ਸੀ। ਪਾਣੀ ਦਾ ਇਕੋ ਇਕ ਸੋਮਾ ਇਹ ਢਾਬ ਹੀ ਸੀ ਜਿਸ ਤੇ ਸਿੰਘਾਂ ਨੇ ਕਬਜ਼ਾ ਕੀਤਾ ਹੋਇਆ ਸੀ। ਮੁਗਲ ਸੈਨਾ ਭਾਵੇਂ ਗਿਣਤੀ ਵਿੱਚ ਬਹੁਤ ਜ਼ਿਆਦਾ ਸੀ। ਪਰ ਭੁੱਖੇ ਪਿਆਸੇ ਕਿੰਨਾ ਚਿਰ ਉਹ ਇਨ੍ਹਾਂ ਮਰਜੀਵੜਿਆਂ ਦਾ ਮੁਕਾਬਲਾ ਕਰਦੇ। ਮੁਗ਼ਲ ਸੈਨਾ ਬੇਵੱਸ ਸੀ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ ਸੈਨਾ ਵਾਪਸ ਚਲੀ ਗਈ। ਪਰ ਇਸ ਬੇਮੇਚੇ ਯੁੱਧ ਵਿੱਚ ਗੁਰੂ ਜੀ ਦੇ ਚਾਲੀ ਸਿੱਖ ਵੀ ਸ਼ਹੀਦ ਹੋ ਗਏ। ਜਦੋਂ ਗੁਰੂ ਜੀ ਨੂੰ ਉਹਨਾਂ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਕੋਲ ਆਏ। ਉਨ੍ਹਾਂ ਸਿੰਘਾਂ ਵਿੱਚ ਭਾਈ ਮਹਾਂ ਸਿੰਘ ਅਜੇ ਸਹਿਕਦਾ ਸੀ, ਗੁਰੂ ਜੀ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਦਸ ਹਜ਼ਾਰੀ ਦਾ ਖਿਤਾਬ ਦਿੱਤਾ ਤੇ ਪਾਣੀ ਪਿਲਾਇਆ। ਮਹਾਂ ਸਿੰਘ ਨੇ ਗੁਰੂ ਜੀ ਨੂੰ ਬੇਦਾਵਾ ਪਾੜਨ ਲਈ ਕਿਹਾ। ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਬੇਦਾਵਾ ਕੱਢ ਕੇ ਮਹਾਂ ਸਿੰਘ ਦੇ ਸਾਹਮਣੇ ਹੀ ਟੁਕੜੇ ਟੁਕੜੇ ਕਰ ਦਿੱਤਾ। ਇਹ ਦੇਖਦੇ ਹੀ ਮਹਾਂ ਸਿੰਘ ਸ਼ਾਂਤੀ ਨਾਲ ਸਦਾ ਦੀ ਨੀਂਦ ਸੌਂ ਗਿਆ। ਚਾਲ੍ਹੀ ਮੁਕਤਿਆਂ ਦੀ ਇਸ ਧਰਤੀ ਦਾ ਨਾਮ ਮੁਕਤਸਰ ਰੱਖ ਦਿੱਤਾ ਗਿਆ। ਇਹ ਇਤਿਹਾਸਕ ਸ਼ਹਿਰ ਅੱਜ ਘੁੱਗ ਵੱਸਦਾ ਹੈ।

ਇਸ ਸਮੇਂ ਤੱਕ ਜ਼ਫ਼ਰਨਾਮਾ ਖ਼ਤ ਬਾਦਸ਼ਾਹ ਕੋਲ ਪਹੁੰਚ ਗਿਆ ਸੀ। ਉਸ ਨੂੰ ਖ਼ਤ ਪੜ੍ਹ ਕੇ ਬਹੁਤ ਦੁੱਖ ਹੋਇਆ। ਉਸ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਸ ਸਮੇਂ ਉਹ ਦੱਖਣ ਵਿੱਚ ਸੀ ਅਤੇ ਇੱਥੇ ਹੀ ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਉਸਦਾ 1707 ਈਸਵੀ ਵਿੱਚ ਦਿਹਾਂਤ ਹੋ ਗਿਆ।

ਮੁਕਤਸਰ ਤੋਂ ਚੱਲ ਕੇ ਗੁਰੂ ਜੀ ਤਲਵੰਡੀ ਸਾਬੋ ਬਠਿੰਡਾ ਪਹੁੰਚੇ। ਜਿਸ ਨੂੰ ਅੱਜ ਕੱਲ੍ਹ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ ਤੇ ਪਹੁੰਚ ਕੇ ਗੁਰੂ ਜੀ ਨੇ ਦਮ ਜਾਂ ਆਰਾਮ ਲਿਆ ਸੀ। ਇੱਥੇ ਬੈਠ ਕੇ ਉਨ੍ਹਾਂ ਨੇ ਵੱਡੇ ਵੱਡੇ ਸਾਹਿਤਕ ਕੰਮ ਕੀਤੇ, ਭਾਈ ਡੱਲੇ ਨਾਲ ਕਥਾ ਵਾਰਤਾ ਕੀਤੀ ਅਤੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਕੰਮਲ ਕਰਵਾਈ। ਗੁਰੂ ਤੇਗ਼ ਬਹਾਦਰ ਜੀ ਦੇ ਸਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ, ਪਰ ਆਪਣੀ ਕੋਈ ਵੀ ਰਚਨਾ ਇਸ ਵਿੱਚ ਸ਼ਾਮਿਲ ਨਹੀਂ ਕੀਤੀ। ਇੱਥੇ ਹੀ ਗੁਰੂ ਮਹਿਲ ਮਾਤਾ ਜੀਤੋ ਜੀ ਨੇ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ-

'ਇਨ ਪੁਤਰਨ ਕੇ ਕਾਰਨੇ ਵਾਰ ਦੀਏ ਸੁਤ ਚਾਰ
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ।।'

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਖਾਨਾਜੰਗੀ ਹੋ ਸ਼ੁਰੂ ਗਈ। ਬਹਾਦਰ ਸਾਹ ਔਰੰਗਜ਼ੇਬ ਦਾ ਪੁੱਤਰ ਗੁਰੂ ਜੀ ਦਾ ਮਿੱਤਰ ਬਣ ਗਿਆ ਸੀ। ਉਸ ਦੀ ਗੁਰੂ ਜੀ ਨੇ ਗੱਦੀ ਦਿਵਾਉਣ ਵਿੱਚ ਮਦਦ ਕੀਤੀ ਉਸ ਦੇ ਨਾਲ ਉਹ ਦੱਖਣ ਵੱਲ ਚਲੇ ਗਏ। ਇੱਥੇ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਅਬਚਲ ਨਗਰ ਟਿਕਾਣਾ ਕੀਤਾ। ਇੱਥੇ ਲਛਮਣ ਦਾਸ ਨਾਂ ਦਾ ਇੱਕ ਵੈਰਾਗੀ ਸਾਧੂ ਸੀ ਜੋ ਜਾਦੂ-ਟੂਣੇ ਅਤੇ ਗੈਬੀ ਸ਼ਕਤੀਆਂ ਵਿੱਚ ਵਿਸ਼ਵਾਸ ਰੱਖਦਾ ਸੀ। ਗੁਰੂ ਜੀ ਨੇ ਉਸ ਨੂੰ ਇਨ੍ਹਾਂ ਕਰਮਾਂ ਕਾਂਡਾਂ ਵਿੱਚੋਂ ਕੱਢ ਕੇ ਅੰਮ੍ਰਿਤ ਛਕਾਇਆ ਤੇ ਬੰਦਾ ਸਿੰਘ ਬਹਾਦਰ ਦਾ ਨਾਂ ਦੇ ਕੇ ਵਜ਼ੀਰ ਖਾਨ ਤੋਂ ਬਦਲਾ ਲੈਣ ਲਈ ਪੰਜਾਬ ਭੇਜਿਆ। ਗੁਰੂ ਜੀ ਨੇ ਉਸ ਨੂੰ ਉਸ ਦੀਆਂ ਸ਼ਕਤੀਆਂ ਦੀ ਸਹੀ ਵਰਤੋਂ ਕਰਨ ਅਤੇ ਉਸ ਦਾ ਅਸਲ ਮਕਸਦ ਸਮਝਾਇਆ ਅਤੇ ਸਿੱਖ ਫ਼ੌਜ ਇਕੱਠੀ ਕਰਕੇ ਸਰਹਿੰਦ ਦੇ ਨਵਾਬ ਨੂੰ ਸਜ਼ਾ ਦੇਣ ਲਈ ਕਿਹਾ।

ਨਾਂਦੇੜ ਵਿਖੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਭੇਜੇ ਹੋਏ ਦੋ ਸੈਨਿਕਾਂ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ। ਗੁਰੂ ਜੀ ਸਖ਼ਤ ਜ਼ਖ਼ਮੀ ਹੋ ਗਏ। ਇਲਾਜ ਕਰਵਾਇਆ ਗਿਆ ਪਰ ਇੱਕ ਦਿਨ ਤੀਰ-ਕਮਾਨ ਤੇ ਚਿੱਲਾਂ ਚੜ੍ਹਾਉਂਦੇ ਹੋਏ ਅੱਲੇ ਜ਼ਖਮ ਰਿਸਣ ਲੱਗ ਪਏ ਅਤੇ ਜ਼ਿਆਦਾ ਖੂਨ ਵਹਿਣ ਨਾਲ ਸਿਰਫ 42 ਸਾਲ ਦੀ ਉਮਰ ਵਿੱਚ 7 ਅਕਤੂਬਰ, 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਪਰਲੋਕ ਸਿਧਾਰ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਸਿੱਖਾਂ ਦੀ ਇਕੱਤਰਤਾ ਵਿੱਚ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕੋਈ ਵੀ ਹੋਰ ਗੁਰੂ ਮਨੁੱਖੀ ਜਾਮੇ ਵਿੱਚ ਨਹੀਂ ਆਵੇਗਾ। ਕਿਉਂਕਿ ਗੁਰੂ ਦਾ ਕੰਮ ਪੂਰਾ ਹੋ ਚੁੱਕਾ ਹੈ ਹੁਣ ਉਨ੍ਹਾਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਨਿਵਾਸ ਕਰੇਗੀ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਪੰਜ ਪਿਆਰੇ ਜੁੜਨਗੇ, ਉੱਥੇ ਗੁਰੂ ਹਾਜਰ ਹੋਵੇਗਾ। ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਲਈ ਹੁਕਮ ਦਿੱਤਾ ਗਿਆ। 'ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।।'

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਮ ਨੂੰ ਲੋਕਤੰਤਰਿਕ ਸਰੂਪ ਬਖਸ਼ਿਆ। ਉਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਨੂੰ ਪਿਆਰ ਨਾਲ ਹੀ ਪਾਇਆ ਜਾ ਸਕਦਾ ਹੈ। ਪ੍ਰਭੂ ਨੂੰ ਪਿਆਰ ਕਰੋ, ਉਸ ਦੀ ਬਣਾਈ ਸ੍ਰਿਸ਼ਟੀ ਨੂੰ ਪਿਆਰ ਕਰੋ, ਪ੍ਰਮਾਤਮਾ ਤਾਂ ਹੀ ਤੁਹਾਨੂੰ ਪਿਆਰ ਕਰੇਗਾ। ਉਨ੍ਹਾਂ ਨੇ ਸੰਸਾਰ ਦੇ ਇਸ ਨਵੇਂ ਧਰਮ ਨੂੰ ਵਿਸ਼ਾਲ ਹਿਰਦੇ ਵਾਲੇ ਲੋਕਾਂ ਦਾ ਧਰਮ ਬਣਾ ਦਿੱਤਾ। ਊਚ- ਨੀਚ, ਛੋਟਾ ਵੱਡਾ ਸਾਰਿਆਂ ਨੂੰ ਇਕ ਸਮਾਨ ਸਮਝਿਆ ਜਾਣ ਲੱਗਾ। ਭਾਈਚਾਰੇ ਦੀ ਭਾਵਨਾ ਨੂੰ ਹੁੰਗਾਰਾ ਮਿਲਿਆ। ਸਿੱਖਾਂ ਲਈ ਸਾਂਝਾ ਧਰਮ ਸਥਾਨ, ਸਾਂਝੀ ਬਾਹਰੀ ਦਿੱਖ ਤੇ ਸਾਰਿਆਂ ਲਈ ਬਾਟੇ ਦਾ ਅੰਮ੍ਰਿਤ ਸਾਰਾ ਕੁਝ ਲੋਕਤੰਤਰੀ ਢਾਂਚੇ ਦੀ ਜਿਊਂਦੀ ਜਾਗਦੀ ਉਦਾਹਰਣ ਹੈ।

ਗੁਰੂ ਜੀ ਨੇ ਸਿੱਖ ਕੌਮ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਨਿੱਡਰ ਅਤੇ ਨਿਰਪੱਖ ਕੌਮ ਬਣਾਇਆ। ਇੱਕ ਇੱਕ ਸਿੱਖ ਸਵਾ ਲੱਖ ਦਾ ਮੁਕਾਬਲਾ ਕਰ ਸਕਦਾ ਸੀ। ਖਾਲਸਾ ਪੰਥ ਦੀ ਸਿਰਜਣਾ ਵੇਲੇ ਗੁਰੂ ਜੀ ਨੇ ਕਿਹਾ ਸੀ-

"ਸਵਾ ਲਾਖ ਸੇ ਏਕ ਲੜਾਊਂ। ਚਿੜੀਓਂ ਸੇ ਮੈਂ ਬਾਜ ਤੁੜਾਊਂ"।।

ਗੁਰੂ ਦਾ ਸੱਚਾ ਸਿੱਖ ਆਪਣੀ ਜਾਨ ਮਾਲ ਦੀ ਪ੍ਰਵਾਹ ਨਾ ਕਰਦਾ ਹੋਇਆ ਜ਼ੁਲਮ ਦੇ ਖ਼ਿਲਾਫ਼ ਡੱਟ ਕੇ ਖਲੌਂਦਾ ਹੈ। ਕਮਜ਼ੋਰਾਂ ਤੇ ਨਿਹੱਥਿਆਂ ਤੇ ਕਦੇ ਵਾਰ ਨਹੀਂ ਕਰਦਾ। ਗੁਰੂ ਜੀ 'ਜੀਓ ਅਤੇ ਜਿਊਣ ਦਿਓ' ਦੇ ਅਸੂਲ ਦੀ ਰਾਖੀ ਲਈ ਸਾਰੀ ਉਮਰ ਲੜਦੇ ਰਹੇ ਜੂਝਦੇ ਰਹੇ। ਸਾਰਾ ਪਰਿਵਾਰ ਵਾਰ ਦਿੱਤਾ ਤਾਂ ਕਿ ਹਰੇਕ ਮਨੁੱਖ ਬਾ-ਇੱਜ਼ਤ ਤੇ ਬਿਨਾਂ ਕਿਸੇ ਡਰ ਭੈ ਦੇ ਰਹਿ ਸਕੇ।

ਗੁਰੂ ਗੋਬਿੰਦ ਸਿੰਘ ਕਿਸੇ ਧਰਮ ਜਾਂ ਵਿਅਕਤੀ ਦੇ ਵਿਰੋਧ ਵਿੱਚ ਨਹੀਂ ਲੜੇ। ਉਹ ਸਿਰਫ ਸੱਚ ਤੇ ਹੱਕ ਦੀ ਖਾਤਰ ਲੜੇ। ਉਨ੍ਹਾਂ ਦੀ ਫ਼ੌਜ ਵਿੱਚ ਮੁਸਲਿਮ ਸਿਪਾਹੀ ਵੀ ਸਿੱਖਾਂ ਦੀ ਤਰ੍ਹਾਂ ਹੀ ਸ਼ਾਮਿਲ ਸਨ। ਸਗੋਂ ਮੁਸਲਮਾਨ ਲੋਕਾਂ ਨੇ ਵੀ ਔਖੀ ਘੜੀ ਵਿੱਚ ਗੁਰੂ ਜੀ ਦਾ ਸਾਥ ਦਿੱਤਾ ਅਤੇ "ਉੱਚ ਦਾ ਪੀਰ" ਬਣਾ ਕੇ ਗੁਰੂ ਜੀ ਨੂੰ ਸੁਰੱਖਿਅਤ ਲੰਘਾਇਆ। ਗੁਰੂ ਜੀ ਨੇ ਆਪਣੇ ਦੋਸਤ ਸਮਰਾਟ ਬਹਾਦਰ ਸ਼ਾਹ ਦੀ ਵੀ ਖ਼ਾਨਾਜੰਗੀ ਸਮੇਂ ਬਣਦੀ ਸਰਦੀ ਮਦਦ ਕੀਤੀ।

ਬੇਸ਼ੱਕ ਗੁਰੂ ਗੋਬਿੰਦ ਸਿੰਘ ਦਾ ਬਹੁਤਾ ਸਮਾਂ ਜੰਗਾਂ ਵਿੱਚ ਨਿਕਲਿਆ ਤਾਂ ਵੀ ਉਨ੍ਹਾਂ ਨੇ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਕੀਤੀ। ਬੀਰ-ਰਸੀ ਰਚਨਾਵਾਂ "ਚੰਡੀ ਦੀ ਵਾਰ", "ਅਕਾਲ ਉਸਤਤ", "ਦਸਮ ਗ੍ਰੰਥ" ਵਿਦਵਤਾਪੂਰਨ ਰਚਨਾਵਾਂ ਹਨ। ਬਹੁਤ ਸਾਰਾ ਸਾਹਿਤ ਆਨੰਦਪੁਰ ਸਾਹਿਬ ਤੋਂ ਨਿਕਲਣ ਵੇਲੇ ਸਰਸਾ ਨਦੀ ਵਿੱਚ ਵੀ ਰੁੜ੍ਹ ਕੇ ਨਸ਼ਟ ਹੋ ਗਿਆ ਸੀ। ਔਰੰਗਜੇਬ ਨੂੰ ਦੀਨਾ (ਪੰਜਾਬ) ਤੋਂ ਲਿਖਿਆ ਖ਼ਤ ਜ਼ਫ਼ਰਨਾਮਾ ਵਿੱਚ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਸਿੱਖਾਂ ਤੇ ਕੀਤੇ ਜ਼ੁਲਮਾਂ ਬਾਰੇ ਬਾਦਸ਼ਾਹ ਨੂੰ ਦਿੱਤਾ ਉਲਾਂਭਾ ਹੈ, ਉੱਥੇ ਕਾਵਿ ਕਲਾ ਦੀ ਵੀ ਅਦਭੁੱਤ ਉਦਾਹਰਣ ਹੈ।

ਗੁਰੂ ਗੋਬਿੰਦ ਸਿੰਘ ਨੂੰ ਸਿੱਖ ਇਤਿਹਾਸ ਵਿੱਚ ਦਸਮ-ਪਿਤਾ, ਦਸਮੇਸ਼ ਗੁਰੂ, ਸਰਬੰਸ ਦਾਨੀ ਤੇ ਦਸਵੀਂ ਜੋਤ ਕਰਕੇ ਯਾਦ ਕੀਤਾ ਜਾਂਦਾ ਹੈ। ਉਹ ਇੱਕ ਸੰਤ-ਸਿਪਾਹੀ ਤੇਗ ਦੇ ਧਨੀ, ਗੁਰੂ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਨੂੰ ਪੂਰੀ ਸ਼ਕਲ ਦੇਣ ਵਾਲੇ ਮਹਾਂਪੁਰਸ਼ ਸਨ। ਜਿਨ੍ਹਾਂ ਨੇ ਸੱਚ ਦੇ ਰਸਤੇ ਤੇ ਚੱਲਦੇ ਹੋਏ ਅਨੇਕਾਂ ਦੁੱਖ ਤਕਲੀਫਾਂ ਸਹੀਆਂ, ਪਰ ਅਡੋਲ ਰਹੇ ਅਤੇ ਮਿਸ਼ਨ ਨੂੰ ਕਾਮਯਾਬ ਕੀਤਾ। ਅੱਜ ਸਿੱਖ ਧਰਮ ਦੁਨੀਆਂ ਦਾ ਮੋਹਰੀ ਧਰਮ ਹੈ। ਸਾਰੇ ਸੰਸਾਰ ਵਿੱਚ ਸਿੱਖਾਂ ਤੇ ਸਿੱਖੀ ਦਾ ਬੋਲਬਾਲਾ ਹੈ। ਸਿੱਖ ਲੋਕ ਗੁਰੂ ਜੀ ਦੁਆਰਾ ਦਿੱਤੀ ਗਈ "ਸਰਦਾਰੀ" ਦੀ ਬਖਸ਼ਿਸ਼ ਨਾਲ ਨਿਹਾਲ ਹਨ। ਸਮੁੱਚੀ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਰਿਣੀ ਰਹੇਗੀ।

ਗੁਰੂ ਗੋਬਿੰਦ ਸਿੰਘ ਦੀਆਂ ਕੁਝ ਰਚਨਾਵਾਂ

1. ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ।।
ਨਾ ਡਰੋ ਅਰਿ ਸੇ ਜਾਇ ਲਰੋਂ ਨਿਸ਼ਚੈ ਕਰ ਅਪਨੀ ਜੀਤ ਕਰੋ॥
ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਊ ਗੁਨ ਤਉ ਉਚਰੋਂ।।
ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈਂ ਤਬ ਜੂਝ ਮਰੋਂ।।
(ਸਵੈਯਾ ਚੰਡੀ ਚਰਿਤ੍ਰ)

2. ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾ ਦਾ ਰਹਿਣਾ।।
ਸੂਲ, ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।।

3. ਜੋ ਹਮ ਕੋ ਪਰਮੇਸਰ ਉਚਰਿ ਹੈ। ਤੇ ਸਭ ਨਰਕ ਕੁੰਡ ਮੇ ਪਰਿਹੇ॥
ਮੋ ਕੋ ਦਾਸ ਤਵਨ ਕਾ ਜਾਨੋ। ਯਾ ਮੈਂ ਭੇਦ ਨ ਰੰਚ ਪਛਾਨੋ॥
(ਦਸਮ ਗ੍ਰੰਥ 137)

4. ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ।।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
('ਜ਼ਫਰਨਾਮਾ')

5. ਜਬੈ ਬਾਣ ਲਾਗਿਓ। ਤਬੈ ਰੋਸ ਜਾਗਿਓ। ਕਰ ਲੈ ਕਮਾਣਿ॥
ਹਨੰ ਬਾਣ ਤਾਣੰ
ਸਬੈ ਬੀਰ ਧਾਇ। ਸਰੋਘੰ ਚਲਾਇ।।
ਤਥੈ ਤਾਕਿ ਬਾਣੰ। ਹਨਯੋ ਏਕ ਜੁਆਣੰ। ਹਰੀ ਚੰਦ ਮਾਰੇ। ਸੁ ਜੋਧਾ ਲਤਾਰੇ।
ਸੁ ਕਰੋੜ ਰਾਯੰ। ਵਹੈ ਕਾਲੈ ਘਾਯੰ।।
ਰਣੰ ਤਿਆਗਿ ਭਾਗੇ। ਸਬੈ ਤ੍ਰਾਸ ਪਾਗੇ।।
ਭਈ ਜੀਤ ਮੇਰੀ। ਕ੍ਰਿਪਾ ਨਾਲ ਕੇਰੀ।।
ਰਸਾਵਲ ਛੰਦ (31–34) ਬਚਿੱਤਰ ਨਾਟਕ, ਭੰਗਾਣੀ ਯੁੱਧ

6. ਮੈਂ ਹੂੰ ਪਰਮ ਪੁਰਖ ਕੋ ਦਾਸਾ॥
ਦੇਖਣ ਆਇਓ ਜਗਤ ਤਮਾਸ਼ਾ॥

7. ਅਰੂਪ ਹੈ।। ਅਨੂਪ ਹੈ।। ਅਜੂ ਹੈਂ।। ਅਭੂ ਹੈਂ। (29)
ਅਲਖ ਹੈਂ।। ਅਭੇਖ ਹੈਂ।। ਅਨਾਮ ਹੈਂ।। ਅਕਾਮ ਹੈਂ।। (30)
ਆਧੇ ਹੈਂ।। ਅਭੈ ਹੈਂ।। ਅਜੀਤ ਹੈਂ।। ਅਭੀਤ ਹੈਂ।। (31)
'ਜਾਪੁ ਸਾਹਿਬ' ਦਸਮ ਗ੍ਰੰਥ

8. ਚੱਤ੍ਰ ਚੱਕ੍ਰ ਕਰਤਾ। ਚੱਤ੍ਰ ਚੱਕ੍ਰ ਹਰਤਾ॥
ਚੱਤ੍ਰ ਚੱਕ੍ਰ ਦਾਨੇ।। ਚੱਤ੍ਰ ਚੱਕ ਜਾਨੇ।। (96)
ਚੱਤ੍ਰ ਚਕ੍ਰਵਰਤੀ।। ਚਤ੍ਰ ਚੱਕ੍ਰ ਹਰਤੀ।।
ਚੱਤ੍ਰ ਚੱਕੁ ਪਾਲੇ।। ਚੱਤ੍ਰ ਚੱਕੁ ਕਾਲੇ।। (97)
ਚੱਤ੍ਰ ਚੱਕੁ ਪਾਸੇ।। ਚੱਤ੍ਰ ਚੱਕੂ ਵਾਸੇ॥
ਚੱਤ੍ਰ ਚੱਕੁ ਮਾਨਯੈ।। ਚੱਤ੍ਰ ਚਕੁ ਦਾਨਯੈ।। (98)
('ਜਾਪੁ ਸਾਹਿਬ' ਦਸਮ ਗ੍ਰੰਥ)

9. ਕੋਈ ਭਇਓ ਮੁੰਡੀਆ ਸੰਨਿਆਸੀ ਕੋਊ
ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਾਹਿਚਾਨਬੋ।।
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ
ਦੂਸਰੋ ਨਾ ਭੇਦ ਕੋਈ ਭੂਲਿ ਭ੍ਰਮ ਮਾਨਬੋ।।
ਏਕ ਹੀ ਕੀ ਸੇਵ ਸਭ ਹੀ ਹੋ ਗੁਰਦੇਵ
ਏਕ ਏਕ ਹੀ ਸਰੂਪ ਏਨੈ ਜੋਤ ਜਾਨਬੋ।।
('ਤੂ ਪ੍ਰਸਾਦਿ ਕਬਿੱਤ’ 51)

10. ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ॥
ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਡੈ ਹੈ॥
ਜਾਨ ਕੋ ਦੇਤ ਅਜਾਕ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੇਤ ਹੈ।।
ਕਾਹੇ ਕੇ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤਿ ਲੈ ਹੈ॥

(ਪੰਨਾ 247)

11. ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ
ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ।।
ਫਿਰ ਅੰਗਦ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ।
ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ।।
ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ।।
ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਇ।।
ਸਭ ਥਾਈ ਹੋਇ ਸਹਾਇ।।

12. ਦੇਹੁਰਾ ਮਸੀਤ ਸੋਈ ਪੂਜਾ ਔ ਨਵਾਜ ਓਈ ਮ
ਦਾਨਸ ਸਬੈ ਏਕ ਪੈ ਅਨੇਕ ਕੋ ਭਰਮਾਉ ਹੈ।।
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ।।
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਨ
ਬਾਦ ਆਤਿਸ ਔ ਆਬ ਕੋ ਰਲਾਉ ਹੈ।।
ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ
ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ।।
ਪੰਨਾ 16

13. ਕਾਹੇ ਕਊ ਪੂਜਤ ਪਾਹਨ ਕਉ ਕੁਛ ਪਾਹਨ ਮੈ ਪਰਮੇਸਰ ਨਾਹੀ।।
ਤਾਹੀ ਕੋ ਪੂਜਤ ਪ੍ਰਭੂ ਕਰਿ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ।।
ਆਧਿ ਬਿਆਧਿ ਕੇ ਬੰਧਕ ਜੇਤਕ ਨਾਮ ਕੇ ਲੇਤ ਸਭੈ ਛੁਟਿ ਜਾਹੀ।।
ਤਾਹੀ ਕੋ ਧਯਾਨ ਪ੍ਰਮਾਨ ਸਦਾ ਇਨ ਫੋਕਟ ਧਰਮ ਕਰੇ ਫਲੁ ਨਾਹੀ।।
ਪੰਨਾ 20