ਸਿੱਖ ਗੁਰੂ ਸਾਹਿਬਾਨ/ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਵਿਕੀਸਰੋਤ ਤੋਂ

ਸ਼੍ਰੀ ਗੁਰੂ ਗਰੰਥ ਸਾਹਿਬ

'ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।।
ਬਾਣੀ ਕਹੈ ਭਗਤ ਜਨ ਮਾਨਿਹ ਪ੍ਰਤੱਖ ਗੁਰੂ ਨਿਸਤਾਰੇ।।'

ਸਿੱਖਾਂ ਦਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਬੀੜਾ ਚੁੱਕਿਆ ਅਤੇ 1604 ਈ. ਤੱਕ ਇਸ ਨੂੰ 'ਆਦਿ ਗ੍ਰੰਥ' ਦੇ ਨਾਂ ਨਾਲ ਇਸ ਨੂੰ ਪੂਰਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਸਿੱਖ ਗੁਰੂਆਂ ਦੀ ਬਾਣੀ ਇਕੱਠੀ ਕੀਤੀ ਅਤੇ ਭਾਈ ਗੁਰਦਾਸ ਜੀ ਨੂੰ ਇਸ ਨੂੰ ਲਿਖਣ ਦਾ ਜ਼ਿੰਮਾ ਦਿੱਤਾ। ਗੁਰੂ ਜੀ ਆਪ ਬੋਲਦੇ ਜਾਂਦੇ ਅਤੇ ਭਾਈ ਗੁਰਦਾਸ ਲਿਖਦੇ ਜਾਂਦੇ। ਇਸ ਦੀ ਪਹਿਲੀ ਬੀੜ ਤਿਆਰ ਕਰ ਕੇ ਹਰਿਮੰਦਰ ਸਾਹਿਬ ਵਿਖੇ ਰਹੁ ਰੀਤਾਂ ਨਾਲ ਸ਼ੁਸ਼ੋਭਿਤ ਕੀਤੀ ਗਈ। ਬਾਬਾ ਬੁੱਢਾ ਸਿੰਘ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। 1705 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਗੁਰੂ ਤੇਗ ਬਹਾਦਰ ਦੇ ਸ਼ਲੋਕਾਂ ਨੂੰ ਸ਼ਾਮਲ ਕੀਤਾ।

ਆਪਣੇ ਜੋਤੀ ਜੋਤ ਸਮਾਉਣ ਸਮੇਂ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ 'ਗੁਰੂ ਗ੍ਰੰਥ ਸਾਹਿਬ' ਨੂੰ ਗੁਰੂ ਮੰਨਣ ਲਈ ਕਿਹਾ ਅਤੇ ਦੱਸਿਆ ਕਿ ਉਨ੍ਹਾਂ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਕਿਉਂਕਿ ਹੁਣ ਕੋਈ ਗੁਰੂ ਮਨੁੱਖੀ ਜਾਮੇ ਵਿੱਚ ਉਨ੍ਹਾਂ ਦੀ ਅਗਵਾਈ ਨਹੀਂ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਜਦੋਂ ਪੰਜ ਪਿਆਰੇ ਸ਼ਾਮਲ ਹੋਣਗੇ ਤਾਂ ਗੁਰੂ ਆਪ ਹਾਜ਼ਰ ਨਾਜ਼ਰ ਹੋਵੇਗਾ।

ਗੁਰੂ ਗ੍ਰੰਥ ਸਾਹਿਬ ਇੱਕ ਅਜੇਹੀ ਪਾਵਨ ਪਵਿੱਤਰ ਰਚਨਾ ਹੈ ਜਿਸ ਵਿੱਚ ਸਿੱਖ ਗੁਰੂਆਂ, ਸੰਤਾਂ, ਕਵੀਆਂ ਦੇ ਭੱਟਾਂ ਦੇ ਕਈ ਵਰਗਾਂ ਦੀਆਂ ਧਾਰਮਿਕ ਰਚਨਾਵਾਂ ਹਨ। ਉਨ੍ਹਾਂ ਦੀ ਲਿਖੀ ਬਾਣੀ ਦੀ ਰਚਨਾ ਨੂੰ ਰਾਗਾਂ ਵਿੱਚ ਵੰਡਿਆ ਗਿਆ ਹੈ। ਗੁਰੂਆਂ ਦੀ ਬਾਣੀ ਉਨ੍ਹਾਂ ਦੇ ਜੀਵਨ ਕਾਲ ਗੁਰੂ ਨਾਨਕ ਤੋਂ ਲੈ ਕੇ ਤਰਤੀਬਵਾਰ ਲਿਖੀ ਗਈ ਹੈ। ਫਿਰ ਭਗਤਾਂ ਦੀ ਬਾਣੀ ਹੈ। ਲਗਭਗ ਛੇ ਹਜ਼ਾਰ ਸ਼ਬਦਾਂ ਨੂੰ ਇਕੱਤੀ ਰਾਗਾਂ ਵਿੱਚ ਵੰਡਿਆ ਹੋਇਆ ਹੈ। ਸਾਰੀ ਰਚਨਾ ਕਾਵਿਕ ਰੂਪ ਵਿੱਚ ਲਿਖੀ ਹੋਈ ਹੈ, ਮੱਧਯੁਗ ਦੇ ਸੰਤਾਂ ਦੀ ਭਾਸ਼ਾ ਭਗਤੀ ਲਹਿਰ ਦੇ ਸਮੇਂ ਦੀ ਹੈ। ਭਾਸ਼ਾ ਬੇਸ਼ੱਕ ਆਮ ਬੋਲ-ਚਾਲ ਦੀ ਵਰਤੀ ਗਈ ਹੈ ਪਰ ਉਸ ਉੱਪਰ ਸੰਸਕ੍ਰਿਤ, ਪ੍ਰਾਕ੍ਰਿਤ, ਫ਼ਾਰਸੀ, ਅਰਬੀ, ਮਰਾਠੀ ਤੇ ਪੰਜਾਬੀ ਦਾ ਪੂਰਾ ਪੂਰਾ ਪ੍ਰਭਾਵ ਹੈ। ਲੋਕਾਂ ਦੀ ਸਮਝ ਵਿਚ ਆਉਣ ਵਾਲੀ ਸ਼ਬਦਾਵਲੀ ਕਈ ਥਾਂ ਸਾਧਾਰਨ ਮਨੁੱਖ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਦਾਰਸ਼ਨਿਕਤਾ ਦੇ ਡੂੰਘੇ ਭੇਦ ਸਮਝਾਉਂਦੀ ਅਤੇ ਅਧਿਆਤਮਿਕਤਾ ਦੀ ਥਾਹ ਪਾਉਂਦੀ ਬਾਣੀ ਬੇਹੱਦ ਪ੍ਰੇਰਣਾਦਾਇਕ ਹੈ।

ਆਦਿ ਗ੍ਰੰਥ ਦੀ ਰਚਨਾ ਵਿੱਚ ਯੋਗਦਾਨ ਦੇਣ ਵਾਲੇ ਇਹ ਹਨ-
1. ਗੁਰੂ ਨਾਨਕ ਦੇਵ- 947 ਸ਼ਬਦ
2. ਗੁਰੂ ਅੰਗਦ ਦੇਵ- 63 ਸ਼ਬਦ
3. ਗੁਰੂ ਅਮਰਦਾਸ- 869 ਸ਼ਬਦ
4. ਗੁਰੂ ਰਾਮਦਾਸ- 679 ਸ਼ਬਦ
5. ਗੁਰੂ ਅਰਜਨ ਦੇਵ- 2312 ਸ਼ਬਦ
6. ਗੁਰੂ ਤੇਗ ਬਹਾਦਰ- 115 ਸ਼ਬਦ
7. ਗੁਰੂ ਗੋਬਿੰਦ ਸਿੰਘ- 1 ਸ਼ਬਦ
8. ਭਗਤ ਕਬੀਰ- 534 ਸ਼ਬਦ
9. ਬਾਬਾ ਫਰੀਦ- 123 ਸ਼ਬਦ
10. ਭਗਤ ਨਾਮਦੇਵ- 62 ਸ਼ਬਦ
11. ਭਗਤ ਰਵੀਦਾਸ- 40 ਸ਼ਬਦ
12. ਭਗਤ ਤ੍ਰਿਲੋਚਨ- 5 ਸ਼ਬਦ
13. ਭਗਤ ਬੇਨੀ- 3 ਸ਼ਬਦ
14. ਭਗਤ ਧੰਨਾ- 4 ਸ਼ਬਦ
15. ਭਗਤ ਜੈ ਦੇਵ- 2 ਸ਼ਬਦ
16. ਭਗਤ ਭੀਖਣ- 2 ਸ਼ਬਦ
17. ਭਗਤ ਸੈਣ- 1 ਸ਼ਬਦ
18. ਭਗਤ ਪੰਪਾ- 1 ਸ਼ਬਦ
19. ਭਗਤ ਸਾਧਨਾ- 1 ਸ਼ਬਦ
20. ਭਗਤ ਰਾਮਾਨੰਦ- 1 ਸ਼ਬਦ
21 ਭਗਤ ਪਰਮਾਨੰਦ- 1 ਸ਼ਬਦ

22. ਭਗਤ ਸੂਰਦਾਸ- 2 ਸ਼ਬਦ
23. ਭਗਤ ਸੁੰਦਰ- 6 ਸ਼ਬਦ
24. ਭਾਈ ਮਰਦਾਨਾ 3 ਸ਼ਬਦ
25. ਭਾਈ ਸੱਤਾ- 8 ਸ਼ਬਦ
26. ਭੱਟਾਂ ਦੇ ਸਵੈਯੈ- 123 ਸ਼ਬਦ

ਆਦਿ ਗ੍ਰੰਥ ਵਿੱਚ ਆਪਣਾ ਹਿੱਸਾ ਪਾਉਣ ਵਾਲੇ ਇਹ ਮਹਾਂਪੁਰਸ਼ ਅਲੱਗ-ਅਲੱਗ ਥਾਵਾਂ, ਧਰਮਾਂ ਤੇ ਜਾਤਾਂ ਨਾਲ ਸਬੰਧ ਰੱਖਦੇ ਸਨ ਪਰ ਅਧਿਆਤਮਕ ਤੌਰ 'ਤੇ ਇਕ ਸਨ।

ਆਦਿ ਗ੍ਰੰਥ ਦੀ ਸ਼ੁਰੂਆਤ ਮੂਲ ਮੰਤਰ ਦੁਆਰਾ ਹੁੰਦੀ ਹੈ-

ਇੱਕ ਓਂਕਾਰ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸਚੁ॥ ਹੈਭੀ ਸੱਚ ਨਾਨਕ ਹੋਸੀ ਭੀ ਸੱਚ।

ਇਸ ਤੋਂ ਬਾਅਦ ਜਪੁਜੀ ਸਾਹਿਬ ਦੀ ਬਾਣੀ ਹੈ ਜਿਸ ਨੂੰ ਸਵੇਰ ਦੇ ਸਮੇਂ ਪੜ੍ਹਿਆ ਜਾਂਦਾ ਹੈ। ਫਿਰ ਰਹਿਰਾਸ ਹੈ ਜਿਸ ਵਿੱਚ 5 ਸ਼ਬਦ ‘ਸੋਦਰ’ ਅਤੇ ‘ਸੋ ਪੁਰਖ' ਦੇ ਚਾਰ ਸ਼ਬਦ ਹਨ ਇਹ ਸ਼ਾਮ ਕਰਨ ਵਾਲਾ ਪਾਠ ਹੈ ਇਨ੍ਹਾਂ ਤੋਂ ਬਾਅਦ ‘ਸੋਹਿਲਾ’ ਹੈ। ਜਿਸ ਨੂੰ ਸਿੱਖ ਸੌਣ ਤੋਂ ਪਹਿਲਾਂ ਜਪਦੇ ਹਨ।

ਗੁਰੂ ਗ੍ਰੰਥ ਦੀ ਸਾਰੀ ਬਾਣੀ ਦੀ ਇੱਕ ਖਾਸ ਵਿਸੇਸਤਾ ਹੈ ਕਿ ਵਿਗਿਆਨਕ ਸੋਚ ਤੇ ਆਧਾਰਤ ਸੰਗੀਤਕ ਲੈਅ ਵਿੱਚ ਪਰੋਈ ਹੋਈ ਹੈ। ਇਸ ਦੇ 33 ਸੈਕਸ਼ਨ ਹਨ ਅਤੇ 1430 ਪੰਨਿਆਂ ਵਿੱਚ ਲਿਖਿਆ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁਜੀ ਪਹਿਲੇ ਸੈਕਸ਼ਨ ਵਿੱਚ ਪੜ੍ਹਨ ਵਾਲਾ ਪਾਠ ਹੈ। ਇਸ ਨੂੰ ਗਾਇਆ ਨਹੀਂ ਜਾਂਦਾ ਹੈ, ਅੰਤਲੇ ਸੈਕਸ਼ਨ ਵਿੱਚ ਭੱਟਾਂ ਦੇ ਸਵੱਈਏ ਹਨ ਬਾਕੀ ਬਚੇ 31 ਸੈਕਸ਼ਨ ਪ੍ਰਸਿੱਧ ਕਲਾਸੀਕਲ ਰਾਗਾਂ ਵਿੱਚ ਹਨ ਅਤੇ ਨਿਰਧਾਰਤ ਰਾਗਾਂ ਵਿੱਚ ਗਾਏ ਜਾਂਦੇ ਹਨ-

1.ਸਿਰੀ ਰਾਗ 2. ਮਾਝ 3. ਗਉਰੀ 4. ਆਸਾ
5. ਗੁਜਰੀ 6. ਦੇਵਗੰਧਾਰੀ 7. ਬਿਹਾਗੜਾ 8. ਵਡਹੰਸ
9. ਸੋਰਠ 10. ਧਨਾਸਰੀ 11. ਜੈਤਸਰੀ 12. ਟੋਡੀ
13. ਬੈਰਾੜੀ 14. ਤਿਲੰਗ 15. ਸੂਹੀ 16. ਬਿਲਾਵਲ
17. ਗੌਂਡ 18. ਰਾਮਕਲੀ 19. ਨਟ 20. ਮਾਲੀ ਗਉੜਾ
21. ਮਾਰੂ 22. ਤੁਖਾਰੀ 23. ਕੇਦਾਰਾ 24. ਭੈਰੋ
25. ਬਸੰਤ 26. ਸਾਰੰਗ 27. ਮਲਾਰ 28. ਕਨਾਡਾ
29. ਕਲਿਆਣ 30. ਪਾਰਬਤੀ 31. ਜੈਜੈਵੰਤੀ।

ਹਰ ਇੱਕ ਸ਼ਬਦ ਨੂੰ ਰਾਗ ਬਧ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਪਹਿਲਾਂ ਸ਼ਬਦ, ਅਸ਼ੂਟਪਦੀਆਂ, ਛੰਦ, ਵਾਰ ਅਤੇ ਸਲੋਕ ਹਨ। ਸਾਰੇ ਗੁਰੂਆਂ ਦੀ ਬਾਣੀ ਕ੍ਰਮਵਾਰ ਲਿਖੀ ਹੋਈ ਹੈ ਪਹਿਲਾਂ ਗੁਰੂ ਨਾਨਕ, ਅੰਗਦ ਦੇਵ, ਅਮਰਦਾਸ, ਰਾਮਦਾਸ, ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਰੇ ਗੁਰੂਆਂ ਦੀ ਬਾਣੀ ਵਿੱਚ ਸਲੋਕ ਦੇ ਅੰਤ ਤੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਹੀ ਨਾਮ ਆਉਂਦਾ ਹੈ।

ਅੰਤ ਵਾਲੇ ਭਾਗ ਵਿੱਚ ਜਿਨ੍ਹਾਂ ਭੱਟਾਂ ਦੇ ਸਵਈਏ ਲਿਖੇ ਗਏ ਹਨ ਉਹ ਸਾਰੇ ਸਵੱਈਏ ਗੁਰੂਆਂ ਦੀ ਉਸਤਤ ਵਿੱਚ ਲਿਖੇ ਗਏ ਹਨ ਇਹ ਗਿਆਰਾਂ ਭੱਟਾਂ ਦੇ ਲਿਖੇ ਹੋਏ ਹਨ।

ਕਲਸਰ, ਜਲਪ, ਕਿਗਰ, ਭੀਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ, ਗਿਆਂਡ, ਮਾਧੁਰਾ ਅਤੇ ਹਰਬੰਸ।

ਸਿੱਖ ਗੁਰੂਆਂ ਵਿੱਚੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ, ਸੱਤਵੇਂ ਹਰ ਰਾਏ, ਅੱਠਵੇਂ ਹਰਕ੍ਰਿਸ਼ਨ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ ਹੈ। ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂਆਂ ਨੇ ਸ਼ਾਇਦ ਕੋਈ ਬਾਣੀ ਨਹੀਂ ਰਚੀ। ਪ੍ਰੰਤੂ ਗੁਰੂ ਗੋਬਿੰਦ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਰਚਨਾਵਾਂ ਰਚੀਆਂ ਹਨ। ਫਿਰ ਵੀ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਆਦਿ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤੀਆਂ। ਸ਼ਾਇਦ ਉਨ੍ਹਾਂ ਨੇ ਬਹੁਤ ਹੀ ਨਿਮਰਤਾ ਵਾਲਾ ਗੁਣ ਨੇ ਸਨਮੁੱਖ ਰੱਖ ਕੇ ਅਜਿਹਾ ਨਹੀਂ ਕੀਤਾ। ਹਾਲਾਂਕਿ ਉਹ ਬਹੁਪੱਖੀ ਲੇਖਕ ਅਤੇ ਪ੍ਰਸਿੱਧ ਕਵੀ ਸਨ।

ਆਦਿ ਗ੍ਰੰਥ ਸ਼ਰਧਾ ਨਾਲ ਭਰੇ ਸ਼ਲੋਕਾਂ ਦਾ ਸਮੂਹ ਹੈ ਜਿਸ ਵਿੱਚ ਪ੍ਰਭੂ ਨੂੰ ਪ੍ਰਾਰਥਨਾ ਬੇਨਤੀਆਂ ਕੀਤੀਆਂ ਗਈਆਂ ਹਨ। ਜ਼ਿੰਦਗੀ ਦੀਆਂ ਸੱਚਾਈਆਂ ਦਾ ਵਰਣਨ ਕੀਤਾ ਗਿਆ ਹੈ। ਜਿਸ ਵਿੱਚ ਬੇਹੱਦ ਸਾਧਾਰਨ ਅਤੇ ਸੁਚੱਜੇ ਤਰੀਕੇ ਨਾਲ ਮਨੁੱਖ ਨੂੰ ਸਮਝਾਇਆ ਗਿਆ ਹੈ। ਅਧਿਆਤਮਕਤਾ ਨੂੰ ਪ੍ਰਾਪਤ ਕਰਨ ਦਾ ਉਦੇਸ਼ ਸਪੱਸ਼ਟ ਬਿਆਨ ਕੀਤਾ ਗਿਆ ਹੈ। ਸਾਰੇ ਸ਼ਲੋਕ ਸਰਧਾ ਅਤੇ ਪ੍ਰਭੂ ਪਿਆਰ ਵਿਚ ਗੜੁੱਚ ਹਨ। ਸੋ ਵਿਦਵਾਨ ਆਦਮੀ ਅਤੇ ਘੱਟ ਪੜ੍ਹਿਆ ਲਿਖਿਆ ਵਿਅਕਤੀ ਦੋਨੋਂ ਹੀ ਇਸ ਤੋਂ ਫਾਇਦਾ ਲੈ ਸਕਦੇ ਹਨ। ਗੁਰਬਾਣੀ ਦਾ ਸੁਨੇਹਾ, ਪਿਆਰ, ਸੱਚਾਈ, ਸਬਰ-ਸੰਤੋਖ, ਨਿਮਰਤਾ, ਪ੍ਰਭੂ ਦੀ ਉੱਚਤਾ, ਭਾਈਚਾਰਕ ਪ੍ਰੇਮ, ਭਾਵਨਾਵਾਂ ਤੇ ਕੰਟਰੋਲ, ਜੀਵਾਂ ਲਈ ਦਿਆਲਤਾ, ਮਨੁੱਖਤਾ ਦੀ ਭਲਾਈ, ਤਨ-ਮਨ ਦੀ ਪਵਿੱਤਰਤਾ, ਸੇਵਾ ਭਾਵਨਾ ਅਤੇ ਆਤਮਾ ਦੀ ਸ਼ੁੱਧੀ ਆਦਿ ਤੱਤਾਂ ਤੇ ਜ਼ੋਰ ਦਿੰਦਾ ਹੈ। ਸਿੱਖ ਗੁਰੂਆਂ ਨੇ ਬਾਣੀ ਨੂੰ ਪੜ੍ਹਨ ਦੇ ਨਾਲ ਉੱਪਰਲੇ ਗੁਣਾਂ ਦੇ ਧਾਰਨੀ ਹੋਣ ਅਤੇ ਅਮਲ ਕਰਨ ਦੀ ਵੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ। ਗੁਰਬਾਣੀ ਨੂੰ ਪੜ੍ਹ ਕੇ ਵਿਅਕਤੀ ਜਿੱਥੇ ਆਪਣੇ ਧਰਮ ਵਿੱਚ ਪਰਪੱਕ ਹੁੰਦਾ ਹੈ ਉੱਥੇ ਆਪ ਇਸ ਮਾਰਗ ਤੇ ਚੱਲਦੇ ਹੋਏ ਅਤੇ ਅਧਿਆਤਮਿਕ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈ ਅਤੇ ਆਪਣਾ ਜੀਵਨ ਸਫਲ ਕਰ ਸਕਦਾ ਹੈ।