ਸਿੱਖ ਗੁਰੂ ਸਾਹਿਬਾਨ/ਗੁਰੂ ਹਰ ਰਾਇ ਜੀ

ਵਿਕੀਸਰੋਤ ਤੋਂ

ਸ੍ਰੀ ਗੁਰੂ ਹਰ ਰਾਇ ਜੀ

'ਪਹਰ ਰਾਤ ਪਿਛਲੀ ਜਬ ਰਹੇ ਜਾਗਤ ਸੁਭਾਉ ਸੁਰ ਰਹੇ।
ਕਰ ਸੋਚਾਚਾਰ ਹੋਇ ਪੰਚ ਸਨਾਨੀ ਪੁਨ ਕਰੇ ਸਨਾਨ ਗੁਰ ਕੇਵਲ
ਗਿਆਨੀ।'
('ਮਹਿਮਾ ਪ੍ਰਕਾਸ਼')

ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਇ ਜੀ ਦਾ ਜਨਮ 30 ਜਨਵਰੀ 1630 ਈ. ਨੂੰ ਕੀਰਤਪੁਰ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਬਾਬਾ ਗੁਰਦਿੱਤਾ ਅਤੇ ਮਾਤਾ ਦਾ ਨਾਂ ਨਿਹਾਲ ਕੌਰ ਸੀ। ਬਾਬਾ ਗੁਰਦਿੱਤਾ ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਦੇ ਵੱਡੇ ਸੁਪੋਤਰ ਸਨ। ਮਾਤਾ ਨਿਹਾਲ ਕੌਰ ਨੂੰ ਮਾਤਾ ਅਨੰਤੀ ਵੀ ਕਿਹਾ ਜਾਂਦਾ ਹੈ। ਬਾਬਾ ਗੁਰਦਿੱਤਾ ਦੇ ਦੋ ਸਪੁੱਤਰ ਸਨ- ਧੀਰ ਮੱਲ ਤੇ ਹਰਿ ਰਾਇ। ਗੁਰੂ ਹਰਗੋਬਿੰਦ ਸਾਹਿਬ ਦੀਆਂ ਹਦਾਇਤਾਂ 'ਤੇ ਬਾਬਾ ਗੁਰਦਿੱਤਾ ਜੀ ਨੇ 1624 ਈ. ਵਿੱਚ ਕੀਰਤਪੁਰ ਸਾਹਿਬ ਵਸਾਇਆ ਸੀ। ਗੁਰੂ ਹਰ ਰਾਇ ਇਸ ਥਾਂ 'ਤੇ ਆਪਣੇ ਦਾਦਾ ਗੁਰੂ ਹਰ ਗੋਬਿੰਦ ਜੀ ਕੋਲ ਲੰਬਾ ਸਮਾਂ ਰਹਿੰਦੇ ਰਹੇ। ਦਾਦਾ ਗੁਰੂ ਨਾਲ ਉਹਨਾਂ ਦਾ ਖਾਸ ਲਗਾਓ ਸੀ ਅਤੇ ਉਹ ਦਿਨ-ਰਾਤ ਉਹਨਾਂ ਦੀ ਸੰਗਤ ਤੇ ਸੇਵਾ ਵਿੱਚ ਬਤੀਤ ਕਰਦੇ ਸਨ। ਇਸੇ ਕਰਕੇ ਉਹ ਆਪਣੀ ਸ਼ਰਧਾ ਅਤੇ ਗੁਰੂ ਨਾਲ ਅਧਿਆਤਮਕ ਨੇੜਤਾ ਦੇ ਜ਼ਰੀਏ ਆਪਣੀ ਅੰਤਰ ਆਤਮਾ ਨੂੰ ਰੌਸ਼ਨ ਕਰ ਗਏ ਅਤੇ ਗਿਆਨ ਦੀ ਪ੍ਰਾਪਤੀ ਕੀਤੀ।

ਸਿੱਖ ਸੋਮਿਆਂ ਦੇ ਅਨੁਸਾਰ ਗੁਰੂ ਹਰ ਰਾਇ ਜੀ ਮੁੱਢਲੀ ਸਿਖਿਆ ਬਾਰੇ ਕੋਈ ਜਾਣਕਾਰੀ ਨ੍ਹੀਂ ਮਿਲਦੀ। ਪਰੰਤੂ ਗੁਰੂ ਜੀ ਸਿੱਖ ਗੁਰੂਆਂ ਦੇ ਵੰਸ਼ ਨਾਲ ਸਬੰਧ ਰੱਖਦੇ ਸਨ, ਉਹ ਸਿੱਖ ਧਰਮ ਦੇ ਉਚੇ-ਸੁਂਚੇ ਅਸੂਲਾਂ ਤੋ ਜਾਣੂ ਸਨ। ਆਪਣੇ ਜਨਮ ਤੋਂ ਹੀ ਉਹ ਸਿੱਖ ਲਹਿਰ ਨਾਲ ਜੁੜੇ ਹੋਏ ਸਨ, ਉਹਨਾਂ ਨੇ ਤਜਰਬੇ ਰਾਹੀਂ ਸਿੱਖ ਕੇ ਆਪਣੇ ਵਿਚਾਰਾਂ ਨੂੰ ਅਕਾਰ ਦਿੱਤਾ ਹੋਵੇਗਾ। ਇਹੀ ਕਿਹਾ ਜਾ ਸਕਦਾ ਹੈ ਕਿ ਗੁਰੂ ਹਰ ਰਾਇ ਨੂੰ ਸਿੰਖਿਆ ਅਤੇ ਹਥਿਆਰ ਚਲਾਉਣ ਦੀ ਸਿਖਲਾਈ ਦਾਦਾ- ਗੁਰੂ ਹਰ ਗੋਬਿੰਦ ਸਾਹਿਬ ਨੇ ਹੀ ਦਿੱਤੀ ਹੋਵੇਗੀ। ਗੁਰੂ ਹਰਗੋਬਿੰਦ ਮਹਾਨ ਗੁਰੂ ਸਨ ਜਿਨਾਂ ਨੇ ਸਿੱਖ ਧਰਮ ਨੂੰ 'ਮੀਰੀ ਤੇ ਪੀਰੀ' ਦਾ ਸਿਧਾਂਤ ਦਿੱਤਾ। ਇਸ ਤਰਾਂ ਕੀਰਤਪੁਰ ਸਾਹਿਬ ਵਿਖੇ ਸਿੱਖੀ ਰਹੁ-ਰੀਤਾਂ ਤੇ ਧਾਰਮਿਕ ਗਤੀਵਿਧੀਆਂ ਨੇ ਬਾਲ ਹਰ ਰਾਇ ਦੇ ਮਨ 'ਤੇ ਗੂੜ੍ਹੀ ਛਾਪ ਛੱਡੀ। ਉਹਨਾਂਦਾ ਸੁਭਾਅ ਸੂਖਮ, ਹਿਰਦਾ ਕੋਮਲ ਅਤੇ ਮਨ ਸੋਚਵਾਨ ਹੋ ਗਿਆ। ਉਹਨਾਂ ਦੇ ਕੋਮਲ ਸੁਭਾਅ ਅਤੇ ਸਦਗੁਣਾਂ ਦੀਆਂ ਅਨੇਕਾਂ ਉਦਾਹਰਣਾ ਹਨ। ਇੱਕ ਵਾਰ ਉਹ ਸੈਰ ਕਰ ਰਹੇ ਸਨ। ਉਹਨਾਂ. ਨਾਲ ਦਾਦਾ-ਗੁਰੂ ਵੀ ਸਨ। ਲੰਬਾ ਚੋਲਾ ਪਾਇਆ ਹੋਣ ਕਰਕੇ ਬਾਲ ਹਰ ਰਾਇ ਤੋਂ ਕੁੱਝ ਫੁੱਲ ਪੱਤੀਆਂ ਟੁੱਟ ਕੇ ਬਿਖਰ ਗਈਆਂ। ਉਹਨਾਂ ਦਾ ਮਨ ਉਦਾਸ ਹੋ ਗਿਆ। ਗੁਰੂ ਹਰ ਗੋਬਿੰਦ ਨੇ ਨਸੀਹਤ ਦਿੱਤੀ ਕਿ ਲੰਬਾ ਚੋਲਾ ਪਹਿਨ ਕੇ ਉਸਨੂੰ ਸੰਭਾਲ ਕੇ ਰੱਖਣਾ ਵੀ ਜ਼ਰੂਰੀ ਹੈ। ਇਸ ਤੋਂ ਬਾਅਦ ਕਦੇ ਵੀ ਉਹਨਾਂ ਨੇ ਇਹ ਨਸੀਹਤ ਨਹੀਂ ਭੁੱਲੀ। ਬਾਲ-ਉਮਰ ਵਿੱਚ ਤੇ ਬਾਅਦ ਕਦੇ ਵੀ ਕੋਈ ਫੁੱਲ ਜਾਂ ਪੱਤਾ ਨਹੀਂ ਤੋੜਿਆ। ਪਸ਼ੂ-ਪੰਛੀਆਂ ਨਾਲ ਵੀ ਉਹ ਬਹੁਤ ਸਨੇਹ ਰੱਖਦੇ ਸਨ। ਇਕਾਂਤ ਵਿੱਚ ਦਰੱਖਤਾਂ ਦੀ ਛਾਵੇਤੁਰਨਾ ਪਸੰਦ ਕਰਦੇ ਸਨ। ਘੰਟਿਆ ਬੌਧੀ ਸਮਾਧੀ ਵਿੱਚ ਰਹਿੰਦੇ ਸਨ। ਉਹ ਵੱਡੇ ਹੋ ਕੇ ਸ਼ਾਂਤੀ-ਪਸੰਦ ਅਤੇ ਕੋਮਲ ਹਿਰਦੇ ਦੇ ਮਾਲਕ ਬਣੇ ਅਤੇ ਹਮੇਸ਼ਾ ਸ਼ਾਂਤ ਜਗਾ ਦੀ ਭਾਲ ਕਰਕੇ ਭਗਤੀ ਕਰਦੇ ਰਹਿੰਦੇ ਸਨ। ਦਾਨੀ ਪ੍ਰਵਿਰਤੀ, ਸਾਹਸ ਅਤੇ ਭਗਤੀ ਭਾਵਨਾ ਉਹਨਾਂ ਨੇ ਅਪਣੇ ਪਿਤਾ ਗੁਰਦਿੱਤਾ ਜੀ ਤੋਂ ਪ੍ਰਾਪਤ ਕੀਤੀ। ਉਹ ਗੁਰਬਾਣੀ ਨੂੰ ਬੇਹੱਦ ਸਤਿਕਾਰ ਦਿੰਦੇ ਅਤੇ ਧਾਰਿਮਕ ਕੰਮਾਂ ਵਿੱਚ ਲੀਨ ਰਹਿੰਦੇ।

ਧਾਰਮਿਕ ਖੇਤਰ ਦੇ ਨਾਲ ਹੀ ਉਹਨਾਂ ਨੇ ਸ਼ਿਕਾਰ ਖੇਡਣ, ਹਥਿਆਰ ਚਲਾਉਣ ਵਿੱਚ ਵੀ ਦਾਦਾ-ਪਿਤਾ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖਿਆ ਲਈ ਹੋਵੇਗੀ। ਕਿਉਂਕਿ ਇਤਿਹਾਸਕਾਰਾਂ ਅਨੁਸਾਰ ਗੁਰੂ ਹਰ ਰਾਇ ਕੋਲ 2200 ਘੋੜ ਸਵਾਰਾਂ ਦੀ ਫੌਜ ਸੀ ਗੁਰੁ ਹਰ ਰਾਇ ਜੀ ਯੁੱਧ ਨੀਤੀ ਦੇ ਹਾਮੀ ਨਹੀਂ ਸਨ ਅਤੇ ਨਾ ਹੀ ਉਹਨਾਂ ਨੇ ਕੋਈ ਯੁੱਧ ਕੀਤਾ। ਫਿਰ ਵੀ ਦਾਦਾ-ਗੁਰੂ ਦੀ ਆਗਿਆ ਅਨੁਸਾਰ ਉਹਨਾਂ ਕੋਲ ਫੌਜ ਰੱਖੀ ਹੋਈ ਸੀ। ਗੁਰੂ ਹਰ ਗੋਬਿੰਦ ਸਾਹਿਬ ਨੂੰ ਯੁੱਧ ਲੜਨੇ ਪਏ ਸਨ ਅਤੇ ਬਾਅਦ ਵਿੱਚ ਵੀ ਮੁਗਲ ਬਾਦਸ਼ਾਹ ਗੁਰੂ ਹਰ ਰਾਇ ਜੀ ਦਾ ਨੁਕਸਾਨ ਕਰ ਸਕਦੇ ਸਨ। ਇਸ ਲਈ ਹੀ ਗੁਰੂ ਜੀ ਨੇ ਉਹਨਾਂ ਨੂੰ ਫੌਜ ਰੱਖਣ ਦੀ ਨਸੀਹਤ ਦਿੱਤੀ ਸੀ। ਪਿਛਲੇ ਪਹਿਰ ਗੁਰੂ ਹਰ ਰਾਇ ਜੀ ਸ਼ਸ਼ਤਰ ਬੱਧ ਹੋ ਕੇ ਅਤੇ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ 'ਤੇ ਜਾਂਦੇ ਸਨ। ਸ਼ਾਂਤੀ ਪਸੰਦ ਹੋਣ ਦੇ ਬਾਵਜੂਦ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ (ਧੀਰ ਮੱਲ, ਰਾਮ ਰਾਇ) ਪਹਾੜੀ ਰਾਜਿਆਂ ਤੇ ਮੁਗਲ ਸਮਰਾਟਾਂ ਦਾ ਵਿਰੋਧ ਵੀ ਝੱਲਣਾ ਪਿਆ।

ਗੁਰਪ੍ਰਣਾਲੀਆਂ ਵਿੱਚ ਸਿੱਖ ਧਰਮ ਦੇ ਸੱਤਵੇਂ ਗੁਰੂ ਜੀ ਦੇ ਵਿਆਹ ਬਾਰੇ ਅਜੀਬ ਅਤੇ ਆਪਾ ਵਿਰੋਧੀ ਬਿਰਤਾਂਤ ਸਾਹਮਣੇ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਅੱਠ ਸ਼ਾਦੀਆਂ ਹੋਈਆਂ। ਇਹਨਾਂ ਅੱਠਾਂ ਵਿੱਚੋਂ ਸੱਤਾਂ ਨੂੰ ਭੈਣਾਂ ਕਿਹਾ ਗਿਆ ਹੈ। ਸ਼ਾਦੀ ਵੇਲੇ ਗੁਰੂ ਜੀ ਦੀ ਉਮਰ ਸਿਰਫ 10 ਸਾਲ ਦੀ ਸੀ। ਸ਼ਾਦੀਆਂ ਇਕੋ ਸਮੇਂ ਹੋਈਆਂ ਦੱਸੀਆਂ ਜਾਂਦੀਆਂ ਹਨ। ਪ੍ਰਤੂੰ ਇਹ ਵਿਚਾਰ ਮੰਨਣਯੋਗ ਨਹੀਂ ਹੈ ਕਿਉਂਕਿ ਜੇ ਵੱਡੀ ਭੈਣ ਦੀ ਉਮਰ ਗੁਰੂ ਜੀ ਜਿੰਨੀ 10 ਸਾਲ ਦੀ ਸੀ ਤਾਂ ਸਭ ਤੋਂ ਛੋਟੀ ਭੈਣ ਦੀ ਉਮਰ ਬਿਲਕੁਲ ਇਕ-ਦੋ ਸਾਲ ਹੋਵੇਗੀ। ਇਸ ਅਜੋਕੇ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ। 'ਤਵਾਰੀਖ-ਏ-ਗੁਰੂ-ਖਾਲਸਾ' ਦੇ ਲੇਖਕ ਸਰੂਪ ਦਾਸ ਭੱਲਾ ਦਾ ਬਿਰਤਾਂਤ ਮੰਨਣਯੋਗ ਹੈ ਕਿ ਗੁਰੂ ਹਰ ਰਾਇ ਜੀ ਦੀ ਇੱਕ ਹੀ ਸ਼ਾਦੀ ਹੋਈ ਸੀ। ਉਹਨਾਂ ਦੀ ਸ਼ਾਦੀ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜਿਲੇ ਦੇ ਅਨੂਪ ਸ਼ਹਿਰ ਵਾਸੀ ਦਯਾ ਰਾਮ ਸਿਲ ਦੀ ਸਪੁੱਤਰੀ ਕਿਸ਼ਨ ਕੌਰ ਨਾਲ 1640 ਈ. ਵਿੱਚ ਹੋਈ ਸੀ। ਕਿਸ਼ਨ ਕੌਰ ਨੂੰ ਮਾਤਾ ਸੁਲੱਖਣੀ ਵੀ ਕਿਹਾ ਜਾਂਦਾ ਹੈ। ਮਾਤਾ ਸੁਲੱਖਣੀ ਦੇ ਦੋ ਪੁੱਤਰ ਰਾਮ ਰਾਇ ਅਤੇ ਹਰਕ੍ਰਿਸ਼ਨ ਸਨ ਅਤੇ ਇੱਕ ਪੁੱਤਰੀ ਸਰੂਪ ਕੌਰ ਸੀ। ਮਾਤਾ ਸੁਲੱਖਣੀ ਸ਼ਰਧਾ ਭਾਵਨਾ ਦੀ ਮਰਤ ਸਨ ਅਤੇ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰਾਂ ਸੁਚੇਤ ਸਨ। ਉਹਨਾਂ ਦਾ ਸੁਭਾਅ ਨਰਮ ਸੀ ਅਤੇ ਆਪਣੇ ਬੌਚਿਆਂ ਦਾ ਬਹੁਤ ਖਿਆਲ ਰੱਖਦੇ ਸਨ। ਉਹ ਗੁਰੂ ਪਤਨੀ ਹੋਣ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਧਾਰਮਿਕ ਤੇ ਅਧਿਆਤਮਕ ਪ੍ਰਤੀ ਜਾਗਰੁਕ ਸਨ ਕਿ ਕਿਸ ਤਰਾਂ ਅੰਤਰ ਆਤਮਾ ਨੂੰ ਰੌਸ਼ਨੀ ਮਿਲਦੀ ਹੈ ਅਤੇ ਧਰਮ ਦੀ ਪਾਲਣਾ ਹੁੰਦੀ ਹੈ। ਉਹ ਸਬਰ, ਸੰਤੋਖ, ਤਿਆਗ, ਨਿਮਰਤਾ ਅਤੇ ਹੌਂਸਲੇ ਨਾਲ ਸਾਰੇ ਕੰਮਾਂ ਵਿੱਚ ਦਿਲਚਸਪੀ ਲੈਂਦੇ ਸਨ। ਤ੍ਰਿਲੋਚਨ ਸਿੰਘ 'ਲਾਈਫ ਆਫ ਗੁਰੂ ਹਰਕ੍ਰਿਸ਼ਨ' ਵਿੱਚ ਲਿਖਦੇ ਹਨ, 'ਛੋਟੇ ਵੱਡੇ ਸਾਰੇ ਉਹਨਾਂ ਨੂੰ ਮਾਤਾ ਜੀ ਕਹਿ ਕੇ ਸੰਬੋਧਨ ਕਰਦੇ ਸਨ ਕਿਉਂਕਿ ਉਹ ਮਮਤਾ ਦੀਂ ਮੂਰਤ ਸਨ ਜਿਸਨੂੰ ਸੰਸਾਰ ਦੇ ਅਧਿਆਤਮਕ ਰਿਵਾਜ ਅਨੁਸਾਰ ਪਵਿੱਤਰਤਾ, ਪਿਆਰ ਅਤੇ ਸ਼ਾਨ ਕਿਹਾ ਜਾਂਦਾ ਹੈ।

ਗੁਰੂ ਹਰ ਰਾਇ ਆਪਣੇ ਪਿਤਾ ਬਾਬਾ ਗੁਰਦਿੱਤਾ ਅਤੇ ਦਾਦਾ ਗੁਰੂ ਹਰ ਗੋਬਿੰਦ ਸਾਹਿਬ ਦੇ ਅਕਾਲ ਚਲਾਣੇ ਤੱਕ ਕੀਰਤਪੁਰ ਹੀ ਰਹੇ। ਗੁਰੂ ਹਰਗੋਬਿੰਦ ਜੀ ਨੇ ਵੀ ਆਪਣਾ ਅੰਤਿਮ ਸਮਾਂ ਕੀਰਤਪੁਰ ਸਾਹਿਬ ਵਿੱਖੇ ਹੀ ਗੁਜ਼ਾਰਿਆ ਸੀ। ਗੁਰੂ ਹਰ ਰਾਇ ਹਮੇਸ਼ਾ ਦਾਦਾ -ਗੁਰੂ ਦੇ ਅੰਗ ਸੰਗ ਰਹੇ ਅਤੇ ਸਾਰੀ ਸਿੱਖਿਆ ਦੀਖਿਆ ਅਤੇ ਗੁਣਵੱਤਾ ਉਹਨਾਂ ਕੋਲੋਂ ਹੀ ਹਾਸਲ ਕੀਤੀ। ਹਰ ਰਾਇ ਦਾ ਵੱਡਾ ਭਰਾ ਧੀਰਮੱਲ ਗੁਰੂ-ਦਾਦਾ ਦਾ ਆਗਿਆਕਾਰੀ ਨਹੀਂ ਸੀ। ਉਹ ਮਨਮਾਨੀ ਕਰਦਾ ਸੀ ਤੇ ਉਹ ਧਾਰਮਿਕ ਕੰਮਾਂ ਵਿੱਚ ਰੁਚੀ ਨਹੀਂ ਲੈਂਦਾ ਸੀ। ਉਹ ਹੰਕਾਰੀ ਤੇ ਅੜਬ ਸੁਭਾਅ ਦਾ ਸੀ। 1638 ਈ. ਵਿੱਚ ਗੁਰ ਹਰ ਰਾਇ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦੀ ਮੌਤ ਹੋ ਗਈ। ਗੁਰੂ ਹਰ ਗੋਬਿੰਦ ਸਾਹਿਬ ਨੇ ਧੀਰਮੱਲ ਨੂੰ ਸੁਨੇਹਾ ਭੇਜਿਆ ਕਿ ਉਹ ਕੀਰਤਪੁਰ ਆ ਜਾਵੇ ਅਤੇ ਆਪਣੇ ਨਾਲ ਆਦਿ ਗ੍ਰੰਥ ਦੀ ਇੱਕ ਬੀੜ ਲੈ ਕੇ ਆਵੇ ਜੋ ਉਹ ਆਪਣੇ ਕੋਲ ਰੱਖੀ ਬੈਠਾ ਸੀ। ਬਾਬਾ ਗੁਰਦਿੱਤਾ ਦੇ ਅੰਤਿਮ ਮੌਕੇ ਗੁਰੂ ਗਰੰਥ ਸਾਹਿਬ ਵਿੱਚੋਂ ਪਾਠ ਕਰਨਾ ਸੀ। ਧੀਰ ਮੱਲ ਉਸ ਸਮੇਂ ਕਰਤਾਰਪੁਰ ਵਿਖੇ ਸੀ। ਧੀਰ ਮੱਲ ਵੱਡਾ ਪੁੱਤਰ ਹੋਣ ਦੇ ਨਾਤੇ ਪਗੜੀ ਦੀ ਰਸਮ ਦਾ ਹੱਕਦਾਰ ਸੀ। ਪਰ ਧੀਰਮੱਲ ਨਾ ਆਪ ਆਇਆ ਅਤੇ ਨਾ ਹੀ ਬੀੜ ਭੇਜੀ। ਉਸਨੂੰ ਪਤਾ ਸੀ ਕਿ ਸਿੱਖ ਭਾਈਚਾਰੇ ਵਿੱਚ ਉਸਨੂੰ ਸਨਮਾਨਜਨਕ ਆਦਮੀ ਨਹੀਂ ਸਮਝਿਆ ਜਾਂਦਾ ਅਤੇ ਦੂਸਰਾ ਉਸਨੇ ਸੋਚਿਆ ਕਿ ਇਸ ਤਰਾਂ ਉਸ ਕੋਲੋਂ ਆਦਿ ਗ੍ਰੰਥ ਦੀ ਬੀੜ ਖੁੱਸ ਜਾਵੇਗੀ, ਜਿਸਦੇ ਅਧਾਰ 'ਤੇ ਉਹ ਗੁਰਗੱਦੀ ਦਾ ਆਪਣੇ ਆਪ ਨੂੰ ਦਾਅਵੇਦਾਰ ਸਮਝਦਾ ਸੀ। ਉਸ ਦੀ ਇਸ ਅਵੱਗਿਆ ਤੋਂ ਗੁਰੂ ਹਰ ਗੋਬਿਦ ਗੁੱਸੇ ਵਿੱਚ ਆ ਗਏ। ਉਹਨਾਂ ਨੇ ਮਨ ਵਿੱਚ ਧਾਰ ਲਿਆ ਕਿ ਐਸੇ ਹੰਕਾਰੀ ਵਿਅਕਤੀ ਨੂੰ ਗੱਦੀ ਨਹੀਂ ਸੌਂਧੀ ਜਾਵੇਗੀ। ਗੁਰੂ ਜੀ ਹਰ ਰਾਇ ਦੇ ਨਿੱਘੇ ਅਤੇ ਆਗਿਆਕਾਰੀ ਬਿਰਤੀ ਦੇ ਕਾਇਲ ਸਨ। ਉਹਨਾਂ ਨੇ ਧੀਰਮੱਲ ਨੂੰ ਵਡਾ ਹੋਣ ਦੇ ਬਾਵਜੂਦ ਗੁਰਗੱਦੀ ਦਾ ਵਾਰਸ ਨਹੀਂ ਸਮਝਿਆ ਅਤੇ ਹਰ ਰਾਇ ਨੂੰ ਤਰਜੀਹ ਦਿੱਤੀ ਅਤੇ ਸਮਾਂ ਆਉਣ 'ਤੇ ਆਪਣੀ ਸੋਚ ਨੂੰ ਸਾਕਾਰ ਕਰ ਦਿੱਤਾ।

ਗੁਰਗੱਦੀ ਦਾ ਵਾਰਸ ਚੁਣਨ ਵੇਲੇ ਗੁਰੂ ਹਰਗੋਬਿੰਦ ਜੀ ਦੇ ਤਿੰਨ ਪੁੱਤਰ ਜੀਉਂਦੇ ਸਨ। ਉਹਨਾਂ ਦੇ ਪੰਜ ਪੁੱਤਰ ਸਨ। ਬਾਬਾ ਗੁਰਦਿੱਤਾ, ਬਾਬਾ ਅਨੀ ਰਾਏ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਤੇਗ ਬਹਾਦਰ। ਉਹਨਾਂ ਦੇ ਇੱਕ ਪੁੱਤਰੀ ਬੀਬੀ ਵੀਰੋ ਵੀ ਸੀ। ਬਾਬਾ ਗੁਰਦਿੱਤਾ ਤੇ ਬਾਬਾ ਅਟੱਲ ਰਾਏ ਦੀ ਗੁਰੂ ਪਿਤਾ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਕੀ ਤਿੰਨਾਂ ਵਿੱਚੋਂ ਅਲੀ ਰਾਏ ਤੇ ਸੂਰਜ ਮੱਲ ਬਹੁਤ ਹੀ ਸੰਸਾਰੀ ਝਮੇਲਿਆ ਵਿੱਚ ਫਸੇ ਹੋਏ ਸਨ, ਤੇਗ ਬਹਾਦਰ ਤਪੱਸਿਆ ਵਿੱਚ ਲੀਨ ਸਨ। ਇਸ ਲਈ ਇਨਾਂ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਗੁਰਗੱਦੀ ਦੇ ਯੋਗ ਨਹੀਂ ਸਮਝਿਆ ਜਾਂਦਾ ਸੀ। ਗੁਰੂ ਹਰ ਗੋਬਿੰਦ ਸਾਹਿਬ ਨੇ ਇਸ ਜਿੰਮੇਵਾਰੀ ਲਈ ਹਰ ਰਾਇ ਨੂੰ ਯੋਗ ਸਮਝਿਆ। ਗੁਰੂ ਜੀ ਦੇ ਹਰ ਰਾਇ ਪੋਤਰੇ ਸਨ ਅਤੇ ਬਾਬਾ ਗੁਰਦਿੱਤਾ ਦੇ ਛੋਟੇ ਸਪੁੱਤਰ ਸਨ। ਵੱਡਾ ਧੀਰਮੱਲ ਪਹਿਲਾਂ ਹੀ ਅਯੋਗ ਐਲਾਨ ਦਿੱਤਾ ਗਿਆ ਸੀ। ਦਾਦਾ-ਗੁਰੂ ਹਰ ਰਾਇ ਦੀ ਪਵਿੱਤਰਤਾ, ਸੱਚਾਈ, ਸੱਚੀ ਸ਼ਰਧਾ ਅਤੇ ਸੇਵਾ ਭਾਵਨਾ ਤੋਂ ਬਹੁਤ ਖੁਸ਼ ਸਨ। ਇਤਿਹਾਸਕਾਰ ਮੈਕਾਲਿਫ 'ਦਾ ਸਿੱਖ ਰਿਲੀਜ਼ਨ' ਵਿੱਚ ਹਰ ਰਾਇ ਦੀ ਗੁਰਗੱਦੀ ਦੀ ਰਸਮ ਦਾ ਵਰਨਣ ਕਰਦੇ ਹੋਏ ਲਿਖਦਾ ਹੈ-

'ਗੁਰੂ ਜੀ ਨੇ ਆਪਣਾ ਉਤਰਾਧਿਕਾਰੀ ਚੁਨਣ ਲਈ ਇੱਕ ਦਿਨ ਚੁਣ ਕੇ ਵੱਡਾ ਇਕੱਠ ਕੀਤਾ। ਉਸ ਦਿਨ ਉਸ ਇਕੱਠ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਖੜੇ ਹੋ ਕੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਸੱਚੇ ਪ੍ਰਮਾਤਮਾ ਉਹਨਾਂ ਨੂੰ ਉਸ ਦਿਨ ਦੇ ਕੰਮ ਵਿਚ ਸਫ਼ਲਤਾ ਬਖਸ਼ਣ। ਫਿਰ ਹਰ ਰਾਇ ਨੂੰ ਉਹਨਾਂ ਨੇ ਗੁਰੂ ਨਾਨਕ ਦੀ ਗੱਦੀ 'ਤੇ ਬਿਠਾਲ ਦਿੱਤਾ। ਭਾਈ ਬੁੱਢਾ ਦੇ ਪੁੱਤਰ ਭਾਈ ਭਾਨਾ ਨੇ ਹਰ ਰਾਇ ਦੇ ਮੱਥੇ 'ਤੇ ਤਿਲਕ ਲਾਇਆ ਅਤੇ ਗਲ਼ ਵਿੱਚ ਫੁੱਲਾਂ ਦਾ ਹਾਰ ਪਾਇਆ। ਗੁਰੁ ਜੀ ਨੇ ਇੱਕ ਥਾਲੀ ਵਿੱਚ ਪੰਜ ਪੈਸੇ ਤੇ ਇੱਕ ਨਾਰੀਅਲ ਰੱਖ ਕੇ ਹਰ ਰਾਇ ਨੂੰ ਦਿੱਤੀ। ਉਹਨਾਂ ਨੇ ਉਸਦੀ ਪ੍ਰਕਰਮਾ ਕੀਤੀ, ਉਸ ਅੱਗੇ ਝੁਕ ਕੇ ਇਹ ਨਸੀਹਤ ਦਿੱਤੀ- 'ਇਕ ਪਹਿਰ ਰਹਿੰਦੇ ਜਾਗਣਾ, ਉੱਠਣਾ, ਨਹਾਉਣਾ ਅਤੇ ਜਪੁ ਜੀ ਸਾਹਿਬ ਦਾ ਪਾਠ ਕਰਨਾ। ਨਿਮਰਤਾਪੂਰਵਕ ਰਹਿਣਾ, ਮਾਣ ਨਹੀਂ ਕਰਨਾ, ਆਪ ਪ੍ਰਮਾਤਮਾ ਦਾ ਨਾਮ ਜਪਣਾ ਅਤੇ ਦੂਸਰਿਆਂ ਨੂੰ ਵੀ ਜਪਣ ਲਈ ਕਹਿਣਾ। ਸਵੇਰੇ ਸ਼ਾਮ ਦੋ ਵਾਰ ਪਵਿੱਤਰ ਆਦਮੀਆਂ ਦੀ ਸੰਗਤ ਕਰਨੀ।

ਗੁਰੂ ਜੀ ਨੇ ਇਸ ਮੌਕੇ ਇਕੱਤਰ ਹੋਏ ਸਿੱਖਾਂ ਨੂੰ ਸੰਥੋਧਨ ਕਰਦੇ ਹੋਏ ਕਿਹਾ, 'ਹਰ ਰਾਇ ਦੇ ਵਿੱਚ ਹੁਣ ਮੇਰੀ ਜੋਤੀ ਹੈ, ਇਸਨੂੰ ਪਹਿਚਾਣੋ। ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਜੋਤ ਹੁਣ ਹਰ ਰਾਇ ਵਿੱਚ ਚਲੀ ਗਈ ਹੈ। 'ਗੁਰਪ੍ਰਤਾਪ' ਸੂਰਜ ਗ੍ਰੰਥਾਂ ਦੇ ਰਚੇਤਾ ਸੰਤੋਖ ਸਿੰਘ ਲਿਖਦੇ ਹਨ, 'ਗੁਰੂ ਹਰ ਗੋਬਿੰਦ ਸਾਹਿਬ ਨੇ ਗੁਰੂ ਹਰ ਰਾਇ ਨੂੰ ਮੁਗਲਾਂ ਅਤੇ ਗੁਆਂਢੀ ਰਾਜਿਆਂ ਨਾਲ ਸੰਬਧਤ ਨੀਤੀ ਵੀ ਸਮਝਾਈ। ਉਹਨਾਂ ਨੇ ਨਸੀਹਤ ਦਿੱਤੀ-

'ਸਾਂਤੀ ਨਾਲ ਰਹੋ ਅਤੇ ਪ੍ਰਭੂ ਦਾ ਅਸ਼ੀਰਵਾਦ ਲਉ। ਨਜ਼ਦੀਕੀ ਹਿੰਦੂ ਰਾਜਿਆਂ ਨਾਲ ਦੁਸ਼ਮਣੀ ਨਹੀਂ ਕਰਨੀ ਯੁੱਧ ਤੋਂ ਬਚ ਕੇ ਰਹਿਣਾ। ਆਪਣੇ ਰਾਜਨੀਤਿਕ ਦੁਸ਼ਮਣਾ ਨਾਲ ਵੀ ਸ਼ਾਂਤੀ ਸਬੰਧ ਬਣਾਉਣ ਦੀ ਹਰ ਸੰਭਵਕੋਸ਼ਿਸ਼ ਕਰਨਾ। ਸਿੱਖਾਂ ਨੂੰ ਆਪਣੀ ਸਵੈ-ਰੱਖਿਆ ਲਈ ਤਿਆਰ ਬਰ ਤਿਆਰ ਰੱਖਣਾ। ਕੀਰਤਪੁਰ ਵਿਖੇ ਇਸ ਉਦੇਸ਼ ਲਈ 2200 ਸਿੱਖਿਅਤ ਘੋੜ ਸਵਾਰਾਂ ਦੀ ਸਿੱਖ ਫੌਜ ਕਾਇਮ ਰੱਖਣਾ।

ਗੁਰੂ ਹਰ ਰਾਇ ਨੇ ਦਾਦਾ-ਗੁਰੂ ਦੀ ਇਸ ਨਸੀਹਤ ਨੂੰ ਪ੍ਰਵਾਨ ਕੀਤਾ। ਉਹਨਾਂ ਦੇ ਮਨ ਉੱਤੇ ਗੁਰੂ ਜੀ ਦਾ ਅਸ਼ੀਰਵਾਦ ਅਤੇ ਸਿੱਖ ਸ਼ਰਧਲੂਆਂ ਪ੍ਰਤੀ ਫਰਜ਼ ਨਿਭਾਉਣ ਲਈ ਪੂਰਾ ਵਿਸ਼ਵਾਸ ਸੀ। ਉਹਨਾਂ ਨੇ ਨਿਮਰਤਾ ਸਹਿਤ ਪੁੱਛਿਆ ਕਿ ਜੇਕਰ ਮੁਗਲ ਉਹਨਾਂ 'ਤੇ ਹਮਲਾ ਕਰਦੇ ਹਨ, ਸ਼ਾਂਤੀ ਦੀ ਗੱਲ ਨਹੀਂ ਸੁਣਦੇ, ਤਾਂ ਉਸ ਹਾਲਾਤ ਵਿੱਚਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਹਰ ਗੋਬਿੰਦ ਸਾਹਿਬ ਨੇ ਗੁਰੂ ਹਰ ਰਾਇ ਨੂੰ ਸੁਝਾਅ ਦਿੱਤਾ ਕਿ ਅਜਿਹੇ ਸਮੇਂ ਜਦੋਂ ਆਪਣੇ ਧਰਮ ਤੇ ਰਾਜਨੀਤਿਕ ਆਜ਼ਾਦੀ ਨੂੰ ਖਤਰਾ ਹੋਵੇ ਤਾਂ ਯੁੱਧ ਕਰਨ ਤੋਂ ਨਹੀ ਝਿਜਕਣਾ। ਸ਼ਾਹੀ ਫੌਜਾਂ ਦੀ ਵੱਡੀ ਗਿਣਤੀ ਤੇ ਹਥਿਆਰਾਂ ਤੋਂ ਨਹੀਂ ਡਰਨਾ ਕਿਉਂਕਿ ਗੁਰੂ ਨਾਨਕ ਤੁਹਾਡੀ ਰੱਖਿਆ ਕਰਨਗੇ।'

'ਮਹਿਮਾ ਪ੍ਰਕਾਸ਼' ਦੇ ਲੇਖਕ ਸਰੂਪ ਦਾਸ ਭੱਲਾ ਅਨੁਸਾਰ ਇਸ ਤਰਾਂ 3 ਮਾਰਚ 1633 ਈ. ਗੁਰੂ ਹਰ ਗੋਬਿੰਦ ਸਾਹਿਬ ਨੇ ਹਰ ਰਾਇ ਨੂੰ ਸੱਤਵਾਂ ਗੁਰੂ ਸਥਾਪਿਤ ਕਰ ਦਿੱਤਾ। ਇਸ ਸਮੇਂ ਗੁਰੂ ਹਰ ਰਾਇ ਦੀ ਉਮਰ 14 ਸਾਲ ਦੀ ਸੀ। ਇਸਤੋਂ ਸੱਤ ਦਿਨ ਬਾਅਦ 10 ਮਾਰਚ 1644 ਈ. ਨੂੰ ਗੁਰੂ ਹਰ ਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ। ਸੰਗਤਾਂ ਨੂੰ ਪ੍ਰਮਾਤਮਾ ਦਾ ਹੁਕਮ ਮੰਨਣ ਲਈ ਪੇ੍‌ਰਿਤ ਕੀਤਾ ਗਿਆ।

ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਹਰ ਰਾਇ ਦਾ ਕੰਮ ਸੁਖਾਲਾ ਨਹੀਂ ਸੀ। ਇਹ ਬੇਹੱਦ ਮੁਸ਼ਕਲਾਂ ਭਰਿਆ ਸਮਾਂ ਸੀ। ਸਭ ਤੋਂ ਪਹਿਲੀ ਗੱਲ ਪੁਰਾਣੇ ਮਸੰਦਾਂ ਵਿੱਚੋਂ ਬਹੁਤ ਸਾਰੇ ਬੇਈਮਾਨ ਤੇ ਭ੍ਰਿਸ਼ਟ ਹੋ ਗਏ ਸਨ। ਉਹ ਵਿਸ਼ਵਾਸਯੋਗ ਵੀ ਨਹੀਂ ਸਨ ਅਤੇ ਪ੍ਰਚਾਰ ਦਾ ਕੰਮ ਵੀ ਵਧੀਆ ਢੰਗ ਨਾਲ ਨਹੀਂ ਕਰਦੇ ਸਨ। ਦੂਜੀ ਗੱਲ ਜਹਾਂਗੀਰ ਅਤੇ ਸ਼ਾਹ ਜਹਾਨ ਦਾ ਸਮਾਂ ਘੱਟ ਕੌਂਟੜਵਾਦ ਦਾ ਸੀ ਅਤੇ ਹੁਣ ਔਰੰਗਜੇਬ ਦਾ ਰਾਜ ਸੀ। ਗੋਕੁਲਚੰਦ ਨਾਰੰਗ 'ਟਰਾਂਸਫਾਰਮੇਸ਼ਨ ਆਫ ਸਿੱਖਇਜ਼ਮ' ਵਿੱਚ ਲਿਖਦੇ ਹਨ ਕਿ ਔਰੰਗਜੇਬ ਦੇ ਸਮੇਂ ਮੁਗਲ ਰਾਜ ਨੇ ਸਰਵਉੱਚ ਸ਼ਕਤੀ ਪ੍ਰਾਪਤ ਕੀਤੀ। ਇਹ ਸਰਕਾਰ ਹੁਣ ਸਿੱਖਾਂ ਦੀ ਦੁਸ਼ਮਣ ਬਣ ਚੁੱਕੀ ਸੀ। ਤੀਜੀ ਗੱਲ ਸਿੱਖਾਂ ਦਾ ਅੰਮ੍ਰਿਤਸਰ, ਗੋਇੰਦਵਾਲ, ਖਡੂਰ ਸਾਹਿਬ ਤੇ ਕਰਤਾਰਪੁਰ ਤੋਂ ਦੂਰ ਰਹਿਣਾ ਕਈ ਤਰਾਂ ਦੇ ਭਰਮ ਖੜੇ ਕਰ ਰਿਹਾ ਸੀ। ਸਿੱਖ ਧਰਮ ਨੂੰ ਅਗਾਂਹ ਵਧਣ ਤੋਂ ਰੋਕ ਰਿਹਾ ਸੀ। ਚੌਥੀ ਗੱਲ ਵੱਖਵਾਦੀ ਗਰੁੱਪ ਮੀਣੇ ਤੇ ਧੀਰਮੱਲੀਏ ਵੀ ਗੁਰੂ ਸਾਹਿਬ ਅੱਗੇ ਅੜਿੱਕਾ ਬਣੇ ਹੋਏ ਸਨ। ਮੀਣੇ ਚੌਥੇ ਗੁਰੂ ਰਾਮਦਾਸ ਦੇ ਵੱਡੇ ਪੁੱਤਰ ਪਿ੍‌ਥੀ ਚੰਦ ਦੇ ਵੰਸ਼ ਵਿੱਚੋਂ ਸਨ। ਜਦੋਂ ਕਿ ਧੀਰਮੱਲੀਏ ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਦੇ ਪੁੱਤਰ ਗੁਰਦਿੱਤਾ ਦੇ ਵੱਡੇ ਪੁੱਤਰ ਧੀਰ ਮੱਲ ਦੇ ਵੰਸ਼ਜ਼ ਸਨ। ਪ੍ਰਿਥੀ ਚੰਦ ਅਤੇ ਧੀਰ ਮੱਲ ਦੋਵੇਂ ਗੁਰਗੱਦੀ ਨਾ ਮਿਲਣ ਕਾਰਨ ਨਿਰਾਸ਼ ਸਨ ਅਤੇ ਆਪਣੀਆਂ ਅਲੱਗ ਗੱਦੀਆਂ 'ਤੇ ਬੈਠੇ ਸਨ। ਹਰਿਮੰਦਰ ਸਾਹਿਬ 'ਤੇ ਮੀਣਿਆ ਦਾ ਕਬਜ਼ਾ ਸੀ ਅਤੇ ਕੁੱਝ ਮਸੰਦ ਵੀ ਉਹਨਾਂ ਨਾਲ ਰਲੇ ਹੋਏ ਸਨ। ਇਸ ਤਰਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ 'ਤੇ ਰੋਕ ਲੱਗ ਗਈ ਸੀ।

ਇਹੋ ਜਿਹੀਆਂ ਪਰਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਨਾਨਕ ਦੇਵ ਦੁਆਰਾ ਚਲਾਈਆਂ ਸੰਸਥਾਵਾਂ ਤੇ ਰਹੁ-ਰੀਤਾਂ ਅਤੇ ਉਹਨਾਂ ਦੇ ਉਤਰਧਿਕਾਰੀ ਗੁਰੂਆਂ ਵੱਲੋਂ ਵਿਕਸਿਤ ਕੀਤੀਆਂ ਇਹ ਸਿੱਖੀ ਰਸਮਾਂ ਨੂੰ ਗੁਰੂ ਹਰ ਰਾਇ ਨੇ ਤਰਕ ਸੰਗਤ ਢੰਗ ਨਾਲ ਵਿਕਸਿਤ ਕੀਤਾ ਜਿਸ ਨਾਲ ਸਿੱਖ ਸੰਗਤ ਅਧਿਆਤਮਕ ਅਤੇ ਹਥਿਆਰਬੰਦ ਤੌਰ 'ਤੇ ਇਕੋ ਸਮੇਂ ਮੌਜੂਦ ਹੋਵੇ। ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਇਹਨਾਂ ਸੰਸਥਾਵਾਂ ਨੂੰ ਸੰਸਥਾਗਤ ਢਾਂਚੇ ਵਿੱਚ ਢਾਲਣ ਦਾ ਮਹੱਤਵਪੂਰਨ ਕੰਮ ਕਰ ਦਿੱਤਾ ਸੀ। ਉਹਨਾਂ ਨੇ ਗੁਰੂ ਗਰੰਥ ਸਾਹਿਬ, ਗੁਰਦਵਾਰਾ ਅਤੇ ਇਹਨਾਂ ਦੀਆਂ ਸਹਿਯੋਗੀ ਸੰਸਥਾਵਾਂ ਲੰਗਰ, ਸੰਗਤ ਅਤੇ ਮਸੰਦ ਪ੍ਰਥਾ ਦਾ ਨਿਰਮਾਣ ਤੇ ਵਿਕਾਸ ਕੀਤਾ ਸੀ। ਗੁਰੂ ਹਰਗੋਬਿੰਦਸਾਹਿਬ ਦੇ ਸਮੇਂ ਸਿੱਖ ਫੌਜ ਵੀ ਹੋਂਦ ਵਿੱਚ ਆ ਚੁੱਕੀ ਸੀ ਬੇਸ਼ੌਕ ਇਹ ਛੋਟੀ ਜਿਹੀ ਹੀ ਸੀ। ਇਹ ਕੰਮ ਮੀਰੀ ਪੀਰੀ ਦੇ ਸੰਕਲਪ ਨੂੰ ਸਾਹਮਣੇ ਰੱਖਦੇ ਹੋਏ ਕੀਤਾ ਗਿਆ ਸੀ। ਇਸਦੇ ਸਿੱਟੇ ਵਜੋਂ ਹੀ ਗੁਰੂ ਹਰ ਰਾਇ ਜੀ ਨੇ ਸਿੱਖ ਧਰਮ ਦੇ ਵਿਕਾਸ ਅਤੇ ਸਿੱਖ ਸਮਾਜ ਦੇ ਸੁਧਾਰ ਲਈ ਹੇਠ ਲਿਖੇ ਕਦਮ ਚੁੱਕੇ।

ਸਭ ਤੋਂ ਪਹਿਲਾਂ ਕੰਮ ਆਪਣੇ ਉਤਰਾਧਿਕਾਰੀਆਂ ਦੀ ਅਧਿਆਤਮਕ ਰੀਤ ਦਿਨ ਵਿੱਚ ਦੋ ਵਾਰ ਸੰਗਤ ਕਰਨ ਦੀ ਜਾਰੀ ਰੱਖੀ। ਉਹ ਹਰ ਰੋਜ਼ ਦਿਨ ਚੜਨ ਤੋਂ ਪਹਿਲਾਂ ਰਹਿੰਦੇ ਇੱਕ ਪਹਿਰ ਉੱਠਦੇ ਅਤੇ ਆਪਣੀ ਨਿੱਤ ਕ੍ਰਿਆ ਕਰਦੇ, ਪੰਚ ਸ਼ਨਾਨ ਕਰਨ ਤੋਂ ਬਾਅਦ ਪ੍ਰਮਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ। ਮਹਿਮਾ ਪ੍ਰਕਾਸ਼ ਵਿੱਚ ਗੁਰੂ ਜੀ ਦੇ ਨਿੱਤ ਕਰਮ ਬਾਰੇ ਵਰਨਣ ਹੈ-

'ਪਹਰ ਰਾਤ ਪਿਛਲੀ ਜਬ ਰਹੇ।।
ਜਾਗਤ ਸੁਭਾਓ ਗੁਰ ਰਹੇ।।
ਕਰ ਸੋਚਾਚਾਰ ਹੋਇ ਪੰਚ ਸਨਾਨੀ।।
ਪੁਨ ਕਰੇ ਸ਼ਨਾਨ ਗੁਰ ਕੇਵਲ ਗਿਆਨੀ।।'

ਦਿਨ ਚੜ੍ਹਨ 'ਤੇ ਇਸ਼ਨਾਨ ਕਰਕੇ ਗੁਰੂ ਜੀ ਸੰਗਤ ਵਿੱਚ ਜਾਂਦੇ ਅਤੇ ਗੁਰੂ ਗਰੰਥ ਸਾਹਿਬ ਦਾ ਪਵਿੱਤਰ ਪਾਠ ਸ੍ਰਵਣ ਕਰਦੇ ਅਤੇ ਕੀਰਤਨ ਸੁਣਦੇ। ਸਵੇਰ ਦੀ ਸਭਾ ਜਾਂ ਦੀਵਾਨ 'ਚਰਨ ਕੰਵਲ ਆਰਤੀ' ਦਾ ਪਾਠ ਕਰਨ ਤੋਂ ਬਾਅਦ ਸਮਾਪਤ ਹੋ ਜਾਂਦੀ। ਸ਼ਾਮ ਨੂੰ ਗੁਰੂ ਜੀ ਫਿਰ ਸੰਗਤ ਕਰਦੇ ਜਿਸ ਵਿੱਚ ਉਹਨਾਂ ਤੋਂ ਪਹਿਲਾਂ ਵਾਲੇ ਗੁਰੂਆਂ ਦੀਆਂ ਜੀਵਨੀਆਂ ਤੇ ਸਿੱਖਿਆਵਾਂ ਬਾਰੇ ਕਥਾ ਕੀਤੀ ਜਾਂਦੀ। ਸ਼ਾਮ ਵਾਲਾ ਦੀਵਾਨ ਕੀਰਤਨ ਦੇ ਨਾਲ 'ਸੋਦਰ ਰਹਿਰਾਸ' ਦਾ ਪਾਠ ਕਰਨ ਤੋਂ ਬਾਅਦ ਸਮਾਪਤ ਕੀਤਾ ਜਾਂਦਾ। ਇੰਨੀ ਸੇਵਾ ਤੋਂ ਬਾਅਦ ਰਾਤ ਦਾ ਖਾਣਾ ਖਾ ਕੇ ਗੁਰੂ ਜੀ ਬਿਸਤਰ 'ਤੇ ਸੌਣ ਲਈ ਚਲੇ ਜਾਂਦੇ। ਸੋਦਰ ਰਹਿਰਾਸ ਆਦਿ ਗ੍ਰੰਥ ਵਿੱਚ ਬਾਣੀ ਦਾ ਇਕ ਜਾਪ ਹੈ ਜੋ ਸ਼ਾਮ ਦੇ ਸਮੇਂ ਕੀਤਾ ਜਾਂਦਾ ਹੈ। ਗੁਰੂ ਹਰ ਰਾਇ ਜੀ ਨੇ ਸਾਰੀ ਜ਼ਿੰਦਗੀ ਇਹ ਧਾਰਮਿਕ ਰਸਮ ਨੂੰ ਆਪਣੀ ਨਿੱਤ ਦੀ ਕਾਰਵਾਈ ਦੇ ਤੌਰ 'ਤੇ ਨਿਭਾਇਆ।

ਕੁੱਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਜੀ ਦੀਆਂ ਇਹਨਾਂ ਧਾਰਮਿਕ ਸਭਾਵਾਂ ਨੂੰ ਸਿਰਫ ਸੰਗਤ ਹੀ ਨਹੀਂ ਸੀ ਸੁਣਦੀ ਸਗੋਂ ਦੂਜੇ ਧਰਮਾਂ ਦੇ ਲੋਕ ਵੀ ਇੱਥੇ ਆ ਕੇ ਗੁਰੂ ਜੀ ਤੋ ਅਸ਼ੀਰਵਾਦ ਲੈਂਦੇ ਅਤੇ ਮਿੱਤਰਤਾ ਕਰਦੇ। ਇੱਥੋਂ ਤੱਕ ਕਿ ਸ਼ਹਿਜਾਦਾ ਦਾਰਾ ਸ਼ਿਕੋਹ, ਸੂਫੀ ਸੰਤ ਸਰਮਦ, ਦਾਬਿਸਤਾਨ-ਏ-ਮੁਜ਼ਾਹਿਬ ਦਾ ਲੇਖਕ ਜ਼ੁਲਫਕਾਰ ਅਰਦਸਤਾਨੀ ਅਤੇ ਕਈ ਹੋਰ ਲੋਕ ਕੀਰਤਪੁਰ ਸਾਹਿਬ ਆਏ ਅਤੇ ਗੁਰੂ ਦੇ ਪ੍ਰੇਰਿਤ ਕਰਨ ਵਾਲੇ ਸ਼ਬਦ ਤੇ ਸਿੱਖਿਆਵਾਂ ਸੁਣ ਕੇ ਤਸੱਲੀ ਜ਼ਾਹਿਰ ਕੀਤੀ। ਇਸ ਤਰਾਂ ਗੁਰੂ ਜੀ ਨੇ ਚੁੱਪ-ਚੁਪੀਤੇ ਨੈਤਿਕ ਅਤੇ ਅਧਿਆਤਮਕ ਕ੍ਰਾਂਤੀ ਲਿਆਂਦੀ। ਗੁਰੂ ਜਸ ਸੁਣ ਕੇ ਸੰਗਤਾਂ ਨਿਹਾਲ ਹੁੰਦੀਆਂ ਅਤੇ ਗੁਰੂ ਘਰ ਨਾਲ ਜੁੜ ਕੇ ਮਾਣ ਮਹਿਸੂਸ ਕਰਦੀਆਂ। ਗੁਰੂ ਸੰਗਤਾਂ ਦਾ ਰਾਹ ਦਸੇਰਾ, ਰੱਖਿਅਕ ਅਤੇ ਗਿਆਨ ਦਾ ਸਾਗਰ ਬਣ ਕੇ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਰਿਹਾ ਸੀ।

ਗੁਰੂ ਹਰ ਰਾਇ ਜੀ ਨੇ ਆਪਣੇ ਤੋਂ ਪਹਿਲਾਂ ਵਾਲੇ ਗੁਰੂਆਂ ਦੁਆਰਾ ਚਲਾਈ ਹੋਈ ਲੰਗਰ-ਪ੍ਰਥਾ ਜਾਂ ਸਾਂਝੀ ਰਸੋਈ ਨੂੰ ਕਾਇਮ ਰੱਖਿਆ। ਮਹਿਮਾ ਪ੍ਰਕਾਸ਼ ਦੇ ਲੇਖਕ ਨੇ ਇਸ ਪ੍ਰਥਾ ਦਾ ਮਹੱਤਵ ਵਰਨਣ ਕਰਦੇ ਹੋਏ ਲਿਖਿਆ ਹੈ ਕਿ ਕੀਰਤਪੁਰ ਸਾਹਿਬ ਵਿਖੇ ਨਿੱਤ-ਰੋਜ਼ ਚਰਨ ਕੰਵਲ ਆਰਤੀ ਦੇ ਪਾਠ ਤੋਂ ਬਾਅਦ ਸੰਗਤ ਨੂੰ ਆਦੇਸ਼ ਸੀ ਕਿ ਉਹ ਗੁਰੂ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਣ। ਰਾਤ ਦਾ ਖਾਣਾ ਸੰਗਤਾਂ ਨੂੰ ਸੋਦਰ ਰਹਿਰਾਸ ਦੇ ਪਾਠ ਤੋਂ ਬਾਅਦ ਵਰਤਾਇਆ ਜਾਂਦਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਖਾਣੇ ਵਿਚ ਮਾਸਾਹਾਰੀ ਭੋਜਨ ਦੀ ਮਨਾਹੀ ਸੀ ਅਤੇ ਸਿਰਫ ਸ਼ਾਕਾਹਾਰੀ ਭੋਜਨ ਹੀ ਤਿਆਰ ਹੁੰਦਾ ਸੀ ਤੇ ਵਰਤਾਇਆ ਜਾਂਦਾ ਸੀ। ਲੰਗਰ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਤੋਂ ਵਰਤਾਇਆ ਜਾਂਦਾ ਸੀ।

ਮਹਿਮਾ ਪ੍ਰਕਾਸ਼ ਵਿੱਚ ਕਈ ਥਾਈ ਵਰਨਣ ਕੀਤਾ ਗਿਆ ਹੈ ਕਿ ਗੁਰੂ ਹਰ ਰਾਇ ਜੀ ਨੇ ਸੰਗਤਾਂ ਦੇ ਸਨਮੁਖ ਹੋ ਕੇ ਉਹਨਾਂ ਨੂੰ ਆਦੇਸ਼ ਦਿੱਤੇ ਕਿ ਉਹਨਾਂ ਨੂੰ ਆਪਣੇ ਤੌਰ 'ਤੇ ਵੀ ਲੰਗਰ ਲਾਉਣੇ ਚਾਹੀਦੇ ਹਨ ਅਤੇ ਸਿੱਖਾਂ, ਸੰਤਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਗੁਰੂ ਦੇ ਨਾਂ 'ਤੇ ਭੋਜਨ ਕਰਾਉਣਾ ਚਾਹੀਦਾ ਹੈ। ਇਹ ਕੰਮ ਕਰਦੇ ਹੋਏ ਉਹਨਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤਾਂ ਕਿ ਭੋਜਨ ਗ੍ਰਹਿਣ ਕਰਨ ਵਾਲਾ ਆਦਮੀ ਇਹ ਨਾ ਸਮਝੇ ਕਿ ਉਸਨੂੰ ਦਾਨ ਦਿੱਤਾ ਗਿਆ ਹੈ। ਗੁਰੂ ਜੀ ਦੇ ਇਹਨਾਂ ਵਚਨਾਂ ਸਦਕਾ ਅਲੱਗ-ਅਲੱਗ ਥਾਵਾਂ 'ਤੇ ਲੰਗਰ ਪ੍ਰਥਾ ਹੋਂਦ ਵਿੱਚ ਆਈ ਤੇ ਸਿੱਖਾਂ ਨੇ ਵਧ ਚੜ੍ਹ ਕੇ ਗੁਰੂ ਜੀ ਦੇ ਸ਼ਬਦਾਂ 'ਤੇ ਫੁੱਲ ਚੜ੍ਹਾਏ।

'ਬਹੁਤ ਅਸਥਾਨ ਲੰਗਰ ਗੁਰ ਹੋਇ॥'
('ਮਹਿਮਾ ਪ੍ਰਕਾਸ਼')

ਅਜਿਹੀ ਹੀ ਇੱਕ ਘਟਨਾ ਭਾਈ ਫੇਰੂ ਦੇ ਲੰਗਰ ਬਾਰੇ ਵੀ ਹੈ। ਭਾਈ ਫੇਰੂ ਦਾ ਅਸਲੀ ਨਾਂ ਸੰਗਤ ਜਾਂ ਸੰਗਤੀਆ ਸੀ। ਉਸਦਾ ਜਨਮ ਅੰਬਰੀ ਪਿੰਡ ਵਿੱਚ 1640 ਈ. ਵਿੱਚ ਹੋਇਆ ਮੰਨਿਆ ਜਾਂਦਾ ਹੈ। 1656 ਈ. ਵਿੱਚ ਉਹ ਹਰ ਰਾਏ ਜੀ ਕੋਲ ਆ ਗਿਆ ਤੇ ਸਿੱਖ ਸਜ ਗਿਆ। ਉਹ ਵਪਾਰ ਦੇ ਸਿਲਸਿਲੇ ਵਿੱਚ ਥਾਂ ਥਾਂ ਯਾਤਰਾ ਕਰਦਾ ਰਿਹੰਦਾ ਸੀ।

ਇਸ ਲਈ ਗੁਰੂ ਜੀ ਨੇ ਉਸਦਾ ਨਾਂ ਫੇਰੂ ਰੱਖ ਦਿੱਤਾ ਸੀ। ਫੇਰੂ ਦਾ ਮਤਲਬ ਫੇਰੀ ਵਾਲਾ ਤੋਂ ਹੈ। ਉਸਨੇ ਗੁਰੂ ਜੀ ਦੀ ਹਦਾਇਤ ਅਨੁਸਾਰ ਆਪਣੇ ਘਰ ਗੁਰੂ ਦਾ ਲੰਗਰ ਚਲਾਇਆ ਹੋਇਆ ਸੀ। ਇੱਕ ਦਿਨ ਇੱਕ ਸਿੱਖ ਉਸਦੇ ਘਰ ਓਦੋਂ ਪਹੁੰਚਿਆ ਜਦੋਂ ਸਾਰਾ ਕੁੱਝ ਖਤਮ ਹੋ ਚੁੱਕਾ ਸੀ। ਭਾਈ ਫੇਰੂ ਨੇ ਉਸਨੂੰ ਸਿਰਫ ਇੱਕ ਹੀ ਬਚੀ ਹੋਈ ਦਿੱਤੀ ਅਤੇ ਉਹਨੂੰ ਢਿੱਡ ਭਰ ਭਜਨ ਨਾ ਦਿੱਤਾ। ਕਿਉਂਕਿ ਉਹ ਲੇਟ ਆਇਆ ਸੀ। ਸਿੱਟੇ ਵਜੋਂ ਅੱਧੇ ਭੁੱਖੇ ਮਹਿਮਾਨ ਨੇ ਸਰਾਪ ਦਿੱਤਾ ਕਿ ਭਾਈ ਫੇਰੂ ਨੇ ਲੰਗਰ ਕਾਣਾ ਕੀਤਾ ਹੈ। ਭਾਈ ਫੇਰੂ ਨੇ ਨਿਮਰਤਾ ਪੂਰਵਕ ਕਿਹਾ ਕਿ ਉਹ ਗੁਰੂ ਲੰਗਰ ਨੂੰ ਸਰਾਪ ਨਾ ਦੇਵੇ, ਭਾਈ ਫੇਰੂ ਨੂੰ ਸਰਾਪ ਦੇਵੇ ਅਤੇ ਉਹ ਇੱਕ ਅੱਖ ਇਸਦੇ ਬਦਲੇ ਦੇਣ ਨੂੰ ਤਿਆਰ ਹੈ, ਉਸਨੇ ਇਸ ਤਰਾਂ ਹੀ ਕੀਤਾ। ਕਹਾਣੀ ਦੱਸਦੀ ਹੈ ਕਿ ਉਸਦੀ ਭਾਈ ਫੇਰੂ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ। ਇਸ ਤਰਾਂ ਭਾਈ ਫੇਰੂ ਨੇ ਲੰਗਰ ਕਾਣਾ ਹੋਣ ਤੋਂ ਬਚਾ ਲਿਆ ਅਤੇ ਆਪ ਕਾਣਾ ਹੋ ਗਿਆ। ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹ ਭਾਈ ਫੇਰੂ ਦੀ ਸੱਚੀ ਸ਼ਰਧਾ ਤੇ ਪਕਿਆਈ ਦੇਖਕੇ ਬਹੁਤ ਖੁਸ਼ ਹੋਏ ਜੋ ਉਸਨੇ ਲੰਗਰ ਪ੍ਰਥਾ ਲਈ ਦਿਖਾਈ ਸੀ। ਕਰਤਾਰ ਸਿੰਘ ਇਤਿਹਾਸਕਾਰ ਦੇ ਅਨੁਸਾਰ ਉਸਨੂੰ ਕਸੂਰ ਦਾ ਮਸੰਦ ਥਾਪਿਆ ਗਿਆ ਤਾਂ ਕਿ ਉਹ ਕਸੂਰ ਤੇ ਚੂਨੀਆ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰੇ ਤੇ ਧਾਰਿਮਕ ਚੇਤਨਤਾ ਦੇਵੇ। ਗੁਰੂ ਜੀ ਨੇ ਆਪਣੇ ਸਿੱਖਾਂ ਦੇ ਮਨਾਂ ਵਿਚ ਇਹ ਗੱਲ ਪੱਕੀ ਕੀਤੀ ਹੋਈ ਸੀ ਕਿ ਕੋਈ ਵੀ ਸਿੱਖ ਲੰਗਰ ਵਿੱਚ ਕਿਸੇ ਵੀ ਸਮੇਂ ਆਉਂਦਾ ਹੈ ਉਹ ਪੂਰੀ ਤਰਾਂ ਸਤੁੰਸ਼ਟ ਹੋ ਕੇ ਜਾਣਾ ਚਾਹੀਦਾ ਹੈ। ਜੋ ਇਹ ਕੰਮ ਸੱਚੇ ਮਨ ਨਾਲ ਕਰੇਗਾ ਉਹ ਗੁਰੂ ਦੇ ਅਸ਼ੀਰਵਾਦ ਦਾ ਹੱਕਦਾਰ ਹੋਵੇਗਾ ਤੇ ਮੁਕਤੀ ਪ੍ਰਾਪਤ ਕਰੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਲੰਗਰ ਦੀ ਸੇਵਾ ਨੂੰ ਗੁਰੂ ਤੇ ਪ੍ਰਮਾਤਮਾ ਦੀ ਸੇਵਾ ਸਮਝਦੇ ਸਨ ਅਤੇ ਇਸਨੂੰ ਮੁਕਤੀ ਪ੍ਰਾਪਤ ਕਰਨ ਦਾ ਜ਼ੁਰੂਰੀ ਅੰਗ ਸਮਝਦੇ ਸਨ। ਲੰਗਰ ਪ੍ਰਥਾ ਨੇ ਗੁਰੂ ਹਰ ਰਾਇ ਜੀ ਸਮੇਂ ਵੱਡਾ ਭੋਜਨ ਕਰਾਉਣ ਦੇ ਨਾਲ ਹੀ ਸੇਵਾ ਦੇ ਮੌਕੇ ਲੈਣ ਅਤੇ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ।

ਸਿੱਖ ਸੰਸਥਾਵਾਂ ਦੀ ਸੇਵਾ ਸੰਭਾਲ ਦੇ ਨਾਲ ਗੁਰੂ ਹਰ ਰਾਇ ਜੀ ਸਿੱਖਾਂ ਦੇ ਧਾਰਮਿਕ ਅਤੇ ਅਧਿਆਤਮਕ ਜੀਵਨ ਨੂੰ ਵੀ ਸੰਵਾਰਦੇ ਸਨ। ਉਹ ਗੁਰੂ ਹਰ ਗੋਬਿੰਦ ਸਾਹਿਬ ਦੀ ਪਾਈ ਰੀਤ ਸਿਪਾਹੀ ਜੀਵਨ ਪ੍ਰਤੀ ਵੀ ਸੁਚੇਤ ਤੇ ਦ੍ਰਿੜ ਸਨ। ਉਹਨਾਂ ਕੋਲ ਸੁਸਿਖਿਅਤ ਫੌਜੀ ਜਵਾਨਾਂ ਦੀ ਸੈਨਾ ਸੀ ਜੋ ਅਭਿਆਸ ਵੀ ਰੋਜ਼ਾਨਾ ਕਰਦੇ ਸਨ। ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਗੁਰੂ ਹਰ ਰਾਇ ਕੋਲ 2200 ਘੋੜ ਸਵਾਰਾਂ ਦੀ ਪੱਕੀ ਸੈਨਾ ਸੀ ਜੋ ਸ਼ਿਕਾਰ ਤੇ ਲਗਾਤਾਰ ਮੁੰਹਿਮਾਂ ਕਰਦੇ ਰਹਿੰਦੇ ਸਨ। ਇਹ ਸ਼ਿਕਾਰ ਮੁੰਹਿਮਾਂ ਜੰਗੀ ਕਾਰਵਾਈਆਂ ਦਾ ਹੀ ਹਿੱਸਾ ਸਨ ਤਾਂ ਜੋ ਦਾਦਾ ਗੁਰੂ ਹਰ ਗੋਬਿੰਦ ਸਾਹਿਬ ਦੇ ਅਨੁਸਾਰ ਨਸੀਹਤ ਅਨੁਸਾਰ ਸਵੈ-ਰੱਖਿਆ ਲਈ ਜ਼ਰੂਰੀ ਸਨ। ਗੁਰੂ ਜੀ ਦੀਆਂ ਸਪੱਸ਼ਟ ਹਦਾਇਤਾਂ ਸਨ ਕਿ ਸਿਰਫ ਤੇ ਸਿਰਫ ਖੂੰਖਾਰ ਜਨਵਰ ਜਿਵੇਂ ਚੀਤੇ, ਬਘਿਆੜ, ਸ਼ੇਰ, ਜੰਗਲੀ ਜਾਨਵਰ ਅਤੇ ਆਦਮ-ਭਕਸ਼ੀ ਹੀ ਮਾਰੇ ਜਾਣ ਜਿਹਨਾਂ ਦਾ ਪਹਾੜੀਆਂ ਵਿੱਚ ਸਦਾ ਖਤਰਾ ਬਣਿਆ ਰਹਿੰਦਾ ਹੈ। ਦੂਸਰੇ ਪੰਛੀ ਜਾਂ ਹੋਰ ਜਾਨਵਰ ਜੋ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਉਹਨਾਂ ਨੂੰ ਜੀਉਂਦੇ ਫੜ ਕੇ ਲਿਆਂਦਾ ਜਾਵੇ ਅਤੇ ਗੁਰੂ ਘਰ ਦੇ ਚਿੜੀਆਘਰ ਵਿੱਚ ਰੱਖੇ ਜਾਣ ਜੋ ਹਰ ਗੋਬਿੰਦ ਸਾਹਿਬ ਨੇ ਬਣਾਇਆ ਸੀ। ਕਿਹਾ ਜਾਂਦਾ ਹੈ ਕਿ ਚਿੜੀਆਘਰ ਵਿੱਚ ਵੱਡੀ ਗਿਣਤੀ ਵਿੱਚ ਪੱਛੀ ਤੇ ਜਾਨਵਰ ਰੱਖੇ ਹੋਏ ਸਨ। ਜਿਵੇ ਸ਼ੇਰ, ਰਿੱਛ, ਗਿੱਦੜ, ਹਿਰਨ, ਬਿੱਲੀਆਂ, ਤੋਤੇ ਤੇ ਖਰਗੋਸ਼ ਆਦਿ ਮੁੱਖ ਸਨ।

ਇਸ ਤਰਾਂ ਗੁਰੂ ਹਰ ਰਾਇ ਨੇ ਸ਼ਾਂਤੀ ਪੂਰਵਕ ਢੰਗ ਨਾਲ ਜਿੰਦਗੀ ਬਸਰ ਕੀਤੀ ਉਹ ਸ਼ਾਂਤੀ ਦੇ ਪੁੰਜ ਸਨ, ਫਿਰ ਵੀ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਅਤੇ ਦਾਦਾ-ਗੁਰੂ ਦੀ ਨਸੀਹਤ ਅਨੁਸਾਰ ਸੈਨਾ ਨੂੰ ਤਿਆਰ ਬਰ ਤਿਆਰ ਰੱਖਿਆ।

ਗੁਰੂ ਹਰ ਰਾਇ ਜੀ ਨੇ ਆਪਣੀ ਕੋਈ ਬਾਣੀ ਨਹੀਂ ਰਚੀ। ਪਰ ਉਹ ਪਹਿਲੇ ਪੰਜਾਂ ਗੁਰੂਆਂ ਦੀ ਬਾਣੀ ਦੇ ਬੇਹੱਦ ਕਾਇਲ ਸਨ। ਉਹਨਾਂ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਕਿ ਗੁਰੂ ਦੇ ਸ਼ਬਦ ਜਾਂ ਬਾਣੀ ਨਾਲ ਜੁੜਕੇ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਡੰਕਨ ਗਰੀਨਲੈੱਸ 'ਦਾ ਗੋਸਪਲ ਆਫ ਗੁਰੂ ਗਰੰਥ ਸਾਹਿਬ' ਲਿਖਦੇ ਹਨ ਕਿ ਗੁਰੂ ਦਾ ਕਥਨ ਸੀ ਕਿ ਸਿਰਫ ਬਾਣੀ ਹੀ ਤੁਹਾਨੂੰ ਮੁਕਤੀ ਮਾਰਗ ਤੱਕ ਲੈ ਕੇ ਜਾ ਸਕਦੀ ਹੈ। ਗੁਰੂ ਜੀ ਨੇ ਇਹ ਵੀ ਦੱਸਿਆ ਕਿ ਜਿਨਾਂ ਨੂੰ ਬਾਣੀ ਦੇ ਅਰਥ ਪੜ ਕੇ ਸਮਝ ਨਹੀਂ ਪੈਂਦੀ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜੇਕਰ ਸਮਝ ਨਹੀਂ ਆਉਂਦੀ ਤਾਂ ਵੀ ਭਜਨ ਪਾਠ ਦੀ ਮਹੱਤਤਾ ਹੈ ਕਿਉਂਕਿ ਉਹ ਮੌਤ ਦੇ ਸਮੇਂ ਸਹਾਈ ਹੁੰਦੇ ਹਨ 'ਮਹਿਮਾ ਪ੍ਰਕਾਸ਼' ਵਿੱਚ ਵਰਨਣ ਹੈ-

'ਜਿਉਂ ਠੀਕਰੀ ਮਾਹ ਚਿਕਨਤਾ ਰਹੀ।।
ਤਿਉਂ ਬਾਨੀ ਕੋ ਗੁਨ ਘਟ ਮੋ ਆਹੀ।।
ਅੰਤਕਾਲ ਗੁਨ ਹੋਇ ਪ੍ਰਕਾਸ਼॥'

ਗੁਰੂ ਜੀ ਨੇ ਕਿਹਾ ਕਿ ਧਿਆਨ ਤੇ ਪ੍ਰੇਮ ਨਾਲ ਸੁਣੀ ਬਾਣੀ ਧੁਰ ਅੰਦਰੋਂ ਹਿਰਦੇ ਨੂੰ ਪਵਿੱਤਰ ਕਰਦੀ ਹੈ। ਉਹ ਗੁਰੂ ਗਰੰਥ ਸਾਹਿਬ ਨੂੰ ਬਹੁਤ ਹੀ ਮਹੱਤਤਾ ਦਿੰਦੇ ਸਨ। ਜਦੋਂ ਹੀ ਕੋਈ ਸ਼ਬਦ ਜਾਂ ਬਾਣੀ ਦੀ ਕੋਈ ਤੁਕ ਉਹਨਾਂ ਕੋਲ ਉਚਾਰੀ ਜਾਂਦੀ ਤਾਂ ਉਹ ਖੜੇ ਹੋ ਕੇ ਹੱਥ ਜੋੜ ਕੇ ਸਤਿਕਾਰ ਦਿੰਦੇ। ਉਹਨਾਂ ਨੇ ਨਾ ਸਿਰਫ ਗੁਰੂ ਗਰੰਥ ਸਾਹਿਬ ਦੀ ਉੱਚਤਾ ਨੂੰ ਆਪਣੇ ਤੋਂ ਵੱਡਾ ਸਮਝਿਆ ਸਗੋਂ ਉਹ ਗੁਰੂ ਅਰਜਨ ਦੇਵ ਪੰਜਵੇਂ ਗੁਰੂ ਦੇ ਗੁਰੂ ਗਰੰਥ ਸਾਹਿਬ ਬਾਰੇ ਬੋਲੇ ਸ਼ਬਦ ਵੀ ਸਿੱਖਾਂ ਨੂੰ ਯਾਦ ਕਰਾਉਂਦੇ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ 'ਪੋਥੀ ਪ੍ਰਮੇਸ਼ਰ ਦਾ ਬਾਨ ਹੈ' ਕਿਉਂਕਿ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਵੇਂ ਕਿ ਗੁਰੂਆਂ ਤੇ ਸੰਤਾਂ, ਭਗਤਾਂ ਨੇ ਵਰਨਣ ਕੀਤਾ ਹੋਇਆ ਹੈ। ਆਪਣਾ ਨਿੱਤ ਦਿਨ ਦਾ ਕਰਮ ਕਰਨ ਦੇ ਨਾਲ ਸਿੱਖਾਂ ਨੰ ਪ੍ਰਭੂ ਭਗਤੀ ਵਿੱਚ ਵੀ ਕੁੱਝ ਸਮਾਂ ਬਿਤਾਉਣ ਚਾਹੀਦਾ ਹੈ। ਸੋ ਗੁਰਬਾਣੀ ਨਾਲ ਜੁੜ ਕੇ ਪ੍ਰਭੂ ਪਾਇਆ ਜਾ ਸਕਦਾ ਹੈ।

ਗੁਰੂ ਹਰ ਰਾਇ ਜੀ ਨੇ ਸਿੱਖਾਂ ਵਿੱਚ ਨਿਮਰਤਾ ਦਾ ਸਦਗੁਣ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਦਾ ਸਦਗੁਣ ਭਰਿਆ। ਗੋਪਾਲ ਸਿੰਘ ਇਤਹਿਸਕਾਰ ਦੇ ਅਨੁਸਾਰ ਗੁਰੂ ਜੀ ਦੀ ਸਪੱਸ਼ਟ ਹਦਾਇਤ ਸੀ ਕਿ ਜੇਕਰ ਕੋਈ ਮਹਿਮਾਨ ਆਉਂਦਾ ਹੈ, ਬੇਸ਼ੱਕ ਕੋਈ ਵੀ ਸਮਾਂ ਹੋਵੇ, ਉਸ ਨੂੰ ਸੰਤੁਸ਼ਟ ਕਰੋ, ਉਸ ਦੀ ਇਸ ਤਰਾਂ ਸੇਵਾ ਕਰੋ ਕਿ ਮਹਿਮਾਨ ਇਹ ਨਾ ਸੋਚੇ ਕਿ ਉਸ 'ਤੇ ਤਰਸ ਕੀਤਾ ਗਿਆ ਹੈ ਸਗੋਂ ਇਹ ਸਮਝੇ ਕਿ ਉਹ ਗੁਰੂ-ਘਰ ਆਇਆ ਹੈ, ਜਿਥੇ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ। ਆਦਮੀ ਤਾਂ ਸੇਵਾ ਕਰਨ ਵਾਲਾ ਹੈ, ਚੀਜ਼ਾਂ ਵਸਤਾਂ ਵਾਹਿਗੁਰੂ ਦੀ ਮਿਹਰ ਨਾਲ ਮਿਲਦੀਆਂ ਹਨ ਜੋ ਸਾਰਿਆਂ ਦਾ ਸਾਂਝਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਨਾਂ ਸਿੱਖਾਂ ਕੋਲ ਧਨ ਦੀ ਬਹੁਤਾਤ ਹੈ ਇਹ ਇਸਨੂੰ ਪ੍ਰਭੂ ਦੀ ਦਾਤ ਸਮਝਣ ਅਤੇ ਇਸ ਵਿਚੋਂ ਕੁਝ ਆਪਣੇ ਗਰੀਬ ਭਰਾਵਾਂ ਨੂੰ ਵੰਡਣ। ਮਹਿਮਾ ਪ੍ਰਕਾਸ਼ ਦਾ ਲੇਖਕ ਕਈਂ ਥਾਈ ਵਰਨਣ ਕਰਦਾ ਹੈ ਕਿ ਗੁਰੂ ਹਰ ਰਾਇ ਜੀ ਆਰਥਿਕ ਲੁੱਟ-ਖਸੁੱਟ ਬੇਈਮਾਨੀ ਦੇ ਵਿਰੱਧ ਪ੍ਰਚਾਰ ਕਰਦੇ ਸਨ ਅਤੇ ਮਿਹਨਤ ਦੀ ਕਮਾਈ ਖਾਣ 'ਤੇ ਹੀ ਜ਼ੋਰ ਦਿੰਦੇ ਸਨ। ਇੱਕ ਵਾਰ ਜੰਗਲ ਵਿੱਚ ਗੁਰੂ ਜੀ ਸਿੱਖਾਂ ਨਾਲ ਲੰਘ ਰਹੇ ਸਨ ਤਾਂ ਉਹਨਾਂ ਇੱਕ ਸੱਪ ਦੇਖਿਆ ਜਿਸਨੂੰ ਕੀੜੀਆਂ ਖਾ ਰਹੀਆਂ ਸਨ ਅਤੇ ਸੱਪ ਬਹੁਤ ਦੁਖੀ ਸੀ। ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਸੱਪ ਪਿਛਲੇ ਜਨਮ ਵਿੱਚ ਪੰਡਿਤ ਹੋਵੇ। ਉਹਨਾਂ ਨੇ ਕਿਹਾ ਕਿ ਇਹ ਪੰਡਿਤ ਹੋ ਕੇ ਬਹੁਤ ਬੁਰੇ ਕੰਮ ਕਰਦਾ ਸੀ ਅਤੇ ਆਪਣੇ ਚੇਲਿਆਂ ਨਾਲ ਧੋਖਾਧੜੀ ਕਰਕੇ ਉਹਨਾਂ ਤੋਂ ਧਨ ਲੁੱਟ ਲੈਂਦਾ ਸੀ। ਇਸ ਤਰਾਂ ਉਸ ਕੋਲ ਬਹੁਤ ਧਨ ਇਕੱਠਾ ਹੋ ਗਿਆ। ਹੁਣ ਉਹ ਆਪਣੇ ਬੁਰੇ ਕਰਮਾਂ ਦਾ ਫਲ ਭੁਗਤ ਰਿਹਾ ਹੈ, ਉਸਨੇ ਜਿਹਾ ਬੀਜਿਆ ਉਹੀ ਵੱਢ ਰਿਹਾ ਹੈ। ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਗੁਰੂ ਜੀ ਆਪਣੇ ਸਿੱਖਾਂ ਵਿੱਚ ਸਦਗੁਣ ਭਰਨਾ ਲੋਚਦੇ ਸਨ ਤਾਂ ਕਿ ਉਹ ਗੁਣੀ ਅਤੇ ਨੈਤਿਕ ਤੌਰ 'ਤੇ ਸੱਚੇ ਸੁੱਚੇ ਆਦਮੀ ਬਣਨ। ਉਹ ਇਹ ਵੀ ਸਿੱਖਿਆ ਦਿੰਦੇ ਸਨ ਕਿ ਸਮਾਜਿਕ, ਆਰਥਿਕ ਤੇ ਧਾਰਮਿਕ ਵਿਸ਼ਵਾਸ ਵਿੱਚ ਵੀ ਵਿਅਕਤੀ ਪਾਕ-ਪਵਿੱਤਰ ਹੋਣਾ ਚਾਹੀਦਾ ਹੈ ਤਾਂ ਜੋ ਹਿਰਦਾ ਪਵਿੱਤਰ ਬਣਿਆ ਰਹੇ।

ਗੁਰੂ ਹਰ ਰਾਇ ਜੀ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਨੂੰ ਪੱਕੇ ਪੈਂਰੀ ਕਰਨ 'ਤੇ ਲਾ ਦਿੱਤਾ। ਉਹ ਦੂਰ ਨੇੜੇ ਨਿੱਜੀ ਤੌਰ 'ਤੇ ਜਾ ਕੇ ਸਿੱਖਾਂ ਨੂੰ ਸਿੱਖ ਧਰਮ ਵੱਲ ਪ੍ਰੇਰਿਤ ਕਰਦੇ। ਹਰੀ ਰਾਮ ਗੁਪਤਾ, 'ਹਿਸਟਰੀ ਆਫ਼ ਦਾ ਸਿੱਖ ਗੁਰੂਜ਼' ਵਿੱਚ ਲਿਖਦੇ ਹਨ ਕਿ ਗੁਰੂ ਜੀ ਛੋਟੀਆਂ-ਛੋਟੀਆਂ ਯਾਤਰਾਵਾਂ ਤੇ ਜਾਂਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਸਨ। ਉਹਨਾਂ ਨੇ ਪੰਜਾਬ ਦੇ ਵੱਡੇ ਜਿੰਮੀਦਾਰਾਂ ਨੂੰ ਸਿੱਖ ਧਰਮ ਵਿੱਚ ਲੈ ਕੇ ਆਂਦਾ। ਇਹ ਲੋਕ ਉਸ ਸਮੇਂ ਦੇ ਲੋਕਾਂ ਦੇ ਕੁਦਰਤੀ ਤੌਰ 'ਤੇ ਆਗੂ ਸਮਝੇ ਜਾਂਦੇ ਸਨ। ਇੱਕ ਸਭ ਤੋਂ ਵੱਡਾ ਧਰਮ ਪਰਿਵਰਤਨ ਜੋ ਹੋਇਆ ਬੈਰਾਗੀ ਸਾਧੂ 'ਭਗਤ ਗਿਰਾ' ਦਾ ਸੀ। ਇਹ ਸਾਧੂ ਬੋਧ ਗਯਾ ਨਾਲ ਸਬੰਧ ਰੱਖਦਾ ਸੀ। ਜਵਾਲਾ ਜੀ ਦੇ ਤੀਰਥ ਤੋ ਵਾਪਸ ਆਉਂਦਿਆ ਉਹ ਰਸਤੇ ਵਿੱਚ ਗੁਰੂ ਜੀ ਕੋਲ ਕੀਰਤਪੁਰ ਰੁਕਿਆ। ਉਹ ਕੁਝ ਦਿਨ ਉੱਥੇ ਰਿਹਾ ਅਤੇ ਗੁਰੂ ਹਰ ਰਾਇ ਨੂੰ ਮਿਲਿਆ। ਉਹ ਗੁਰੂ ਹਰ ਰਾਇ ਦੇ ਪਵਿੱਤਰ ਜੀਵਨ ਅਤੇ ਸੰਤ ਸੁਭਾਅ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਉਸ ਨੂੰ ਸਿੱਖ ਧਰਮ ਵਿੱਚ ਆਉਣ 'ਤੇ ਉਸਦਾ ਨਾਂ ਭਗਤ ਭਗਵਾਨ ਰੱਖ ਦਿੱਤਾ ਗਿਆ ਤੇ ਉਸ ਨੂੰ ਸਿੱਖੀ ਦੇ ਪ੍ਰਚਾਰ ਲਈ ਦੇਸ਼ ਦੇ ਪੂਰਬੀ ਹਿੱਸੇ ਪਟਨਾ ਭੇਜ ਦਿੱਤਾ ਗਿਆ। ਇੱਥੇ ਭਗਤ ਭਗਵਾਨ ਅਤੇ ਉਸਦੇ ਸਿੱਖਾਂ ਨੇ ਸਿੱਖ ਧਰਮ ਦੀਆਂ 360 ਗੱਦੀਆਂ ਸਥਾਪਤ ਕੀਤੀਆਂ। ਜਿਨਾਂ ਵਿੱਚੋ ਕਈ ਅਜੇ ਵੀ ਕਾਇਮ ਹਨ। ਇੱਥੇ ਅਜੇ ਵੀ ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਇੱਕ ਹੋਰ ਮਹੱਤਵਪੂਰਨ ਧਰਮ ਪਰਿਵਰਤਨ ਭਾਈ ਸੰਗਤੀਏ ਦਾ ਹੋਇਆ। ਉਸਨੂੰ ਫੇਰੂ ਨਾਂ ਦਿੱਤਾ ਗਿਆ ਅਤੇ ਉਸਨੂੰ ਬਾਰੀ ਦੁਆਬ ਦੇ ਵਿਚਕਾਰਲੇ ਹਿੱਸੇ ਵਿੱਚ ਪ੍ਰਚਾਰ ਹਿੱਤ ਭੇਜਿਆ ਗਿਆ। ਉਸਨੇ ਪੰਜਾਬ ਵਿਚ ਬਖਸ਼ੀਸ਼ਾਂ ਵੀ ਦਿੱਤੀਆਂ।

ਉਨ੍ਹਾਂ ਵਿੱਚੋਂ ਇੱਕ ਬਖਸ਼ੀਸ਼ ਸੁਥਰੇ ਸ਼ਾਹ ਨੂੰ ਦਿੱਤੀ ਗਈ ਅਤੇ ਦਿੱਲੀ ਵਿੱਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਸੁਥਰੇ ਸ਼ਾਹ ਬਾਰਾਮੂਲਾ ਕਸ਼ਮੀਰ ਦੇ ਨੇੜਲੇ ਪਿੰਡ ਬਹਿਰਾਮਪੁਰ ਵਿੱਚ ਪੈਦਾ ਹੋਇਆ। ਕਿਹਾ ਜਾਂਦਾ ਹੈ ਉਹ ਖੱਤਰੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਕਿਹਾ ਜਾਂਦਾ ਹੈ ਕਿ ਜਨਮ ਸਮੇਂ ਹੀ ਉਸ ਦੇ ਮੂੰਹ ਵਿੱਚ ਦੰਦ ਸਨ, ਜਿਸ ਕਰਕੇ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬੁਰੀ ਆਤਮਾ ਸਮਝ ਕੇ ਘਰੋਂ ਬਾਹਰ ਸੁੱਟ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਗੁਰੂ ਕਸਮੀਰ ਤੋਂ ਵਾਪਸ ਆ ਰਹੇ ਸਨ, ਉਹਨਾਂ ਨੂੰ ਇਸ ਗੱਲ ਬਾਰੇ ਦੱਸਿਆ ਗਿਆ, ਉਨ੍ਹਾਂ ਨੇ ਇਸ ਬੱਚੇ ਨੂੰ ਚੁੱਕ ਕੇ ਕੀਰਤਪੁਰ ਲੈ ਆਂਦਾ ਤੇ ਇੱਥੇ ਉਸ ਦੀ ਵਧੀਆ ਪਰਵਰਿਸ਼ ਕੀਤੀ ਗਈ। ਉਸ ਦਾ ਨਾਂ ਸੁਥਰਾ ਰੱਖਿਆ ਗਿਆ ਤੇ ਵੱਡਾ ਹੋ ਕੇ ਉਹ ਇੱਕ ਸ਼ਰਧਾਵਾਨ ਸਿੱਖ ਬਣ ਗਿਆ।

ਸਿੱਖੀ ਦਾ ਪ੍ਰਚਾਰ ਕਰਨ ਲਈ ਦਿੱਤੀਆਂ ਗਈਆਂ ਪਹਿਲੀਆਂ ਤਿੰਨੇ ਬਖਸ਼ੀਸ਼ਾਂ ਇੰਨੀਆਂ ਕਮਯਾਬ ਰਹੀਆਂ ਕਿ ਤਿੰਨ ਹੋਰ ਬਖਸ਼ਿਸ਼ਾਂ ਸ਼ਾਮਿਲ ਕਰ ਦਿੱਤੀਆਂ ਗਈਆਂ। ਇੱਕ ਬਖਸੀਸ ਗੁਰੂ ਤੇਗ਼ ਬਹਾਦਰ ਜੀ ਨੇ ਅਤੇ ਦੋ ਗੁਰੂ ਗੋਬਿੰਦ ਸਿੰਘ ਜੀ ਨੇ ਵੰਡੀਆਂ। ਇਸ ਸਮੇਂ ਸਿੱਖ ਧਰਮ ਲਈ ਪਹਿਲਾਂ ਥਾਪੇ ਗਏ ਮਸੰਦ ਹੁਣ ਭ੍ਰਿਸ਼ਟ ਹੋ ਚੁੱਕੇ ਸਨ, ਦਸਵੰਧ ਦਾ ਪੂਰਾ ਪੈਸਾ ਵੀ ਗੁਰੂ ਖ਼ਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਉਂਦੇ ਸਨ ਤੇ ਸਿੱਖੀ ਦੇ ਪ੍ਰਚਾਰ ਵਿੱਚ ਵੀ ਜ਼ਿਆਦਾ ਦਿਲਚਸਪੀ ਨਹੀਂ ਲੈਂਦੇ ਸਨ। ਉਨ੍ਹਾਂ ਦਾ ਮੁੱਖ ਮਕਸਦ ਧਨ ਦੌਲਤ ਇਕੁੱਠੀ ਕਰਕੇ ਐਸ਼ ਦੀ ਜ਼ਿੰਦਗੀ ਜਿਉਣਾ ਹੀ ਹੋ ਗਿਆ। ਸੋ ਗੁਰੂ ਜੀ ਦੁਆਰਾ ਥਾਪੇ ਗਏ ਇਨ੍ਹਾਂ ਨਵੇਂ ਪ੍ਰਚਾਰਕਾਂ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਖ਼ਾਸ ਕਰਕੇ ਦੂਰ ਦਰਾਡੇ ਦੀਆਂ ਮੁਸ਼ਕਿਲ ਨਾਲ ਪਹੁੰਚਣ ਵਾਲੀਆਂ ਥਾਵਾਂ ਤੇ ਜਾ ਕੇ ਸਿੱਖ ਧਰਮ ਨੂੰ ਫੈਲਾਇਆ। ਉਸ ਨੇ ਇੱਕ ਹੋਰ ਮਹੱਤਵਪੂਰਨ ਧਰਮ ਪਰਿਵਰਤਨ ਭਾਈ ਗੋਂਡਾ ਦਾ ਕੀਤਾ ਅਤੇ ਸਿੱਖ ਥਾਪ ਕਿ ਉਸ ਨੂੰ ਕਾਬੁਲ ਵਿਚ ਸਿੱਖੀ ਦੇ ਪ੍ਰਚਾਰ ਲਈ ਭੇਜਿਆ।

ਸਿੱਖ ਇਤਿਹਾਸਕਾਰ ਇਸ ਗੱਲ ਤੇ ਸਹਿਮਤ ਹਨ ਕਿ ਗੁਰੂ ਸਾਹਿਬ ਨੇ ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਉਹ ਜਲੰਧਰ ਜ਼ਿਲ੍ਹੇ ਵਿੱਚ ਮੁਕੰਦਪੁਰ ਥਾਂ ਤੇ ਗਏ ਤੇ ਆਪਣੇ ਪਹੁੰਚਣ ਦੀ ਖੁਸ਼ੀ ਵਿੱਚ ਉੱਥੇ ਇੱਕ ਬਾਂਸ ਦਾ ਦਰੱਖਤ ਲਾਇਆ ਜੋ 1909 ਈ. ਤੱਕ ਉੱਥੇ ਮੌਜੂਦ ਸੀ। ਇਸ ਤੋਂ ਬਾਅਦ ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਪ੍ਰਚਾਰ ਹਿੱਤ ਗਏ। ਉੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੇ ਦੋ ਭਰਾਵਾਂ ਕਾਲਾ ਅਤੇ ਕਰਮ ਚੰਦ ਨੇ ਗੁਰੂ ਜੀ ਦਾ ਸਵਾਗਤ ਕੀਤਾ। ਉਨ੍ਹਾਂ ਨੇਂ ਗੁਰੂ ਜੀ ਨੂੰ ਸ਼ਿਕਾਇਤ ਕੀਤੀ ਕਿ ਕੌੜਾ ਕਬੀਲੇ ਦੇ ਲੋਕ ਉਨ੍ਹਾਂ ਨਾਲ ਦੁਸ਼ਮਣੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਜਗ੍ਹਾ ਤੇ ਟਿਕਣ ਨਹੀਂ ਦਿੰਦੇ। ਗੋਕਲ ਚੰਦ ਨਾਰੰਗ 'ਹਿਸਟਰੀ ਆਫ ਪੰਜਾਬ' ਵਿੱਚ ਲਿਖਦੇ ਹਨ ਕਿ ਗੁਰੂ ਹਰ ਰਾਏ ਨੇ ਉਨ੍ਹਾਂ ਦੀ ਸੁਲ੍ਹਾ ਕਰਵਾਉਣ ਦੇ ਯਤਨ ਕੀਤੇ ਤਾਂ ਕਿ ਮਸਲਾ ਸ਼ਾਂਤੀ ਨਾਲ ਨਿੱਬੜ ਜਾਏ ਪ੍ਰੰਤੂ ਉਨ੍ਹਾਂ ਨੂੰ ਇਸ ਕੰਮ ਵਿਚ ਸਫਲਤਾ ਨਹੀਂ ਮਿਲੀ ਜਿਸ ਕਰਕੇ ਗੁਰੂ ਜੀ ਨੇ ਮਹਿਰਾਜ ਦੇ ਇਨ੍ਹਾਂ ਦੋਵਾਂ ਭਰਾਵਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੇ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਕੇ ਕੌੜਾ ਕਬੀਲੇ ਦੇ ਲੋਕਾਂ ਨੂੰ ਖਦੇੜ ਦਿੱਤਾ ਅਤੇ ਆਪਣਾ ਬਸੇਰਾ ਉੱਥੇ ਕਰ ਲਿਆ।

ਗੁਰੂ ਜੀ ਮਹਿਰਾਜ ਦੇ ਨੇੜਲੇ ਪਿੰਡ ਨਥਾਣੇ ਕੁਝ ਸਮਾਂ ਰਹੇ ਤੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ। ਕਾਲਾ ਗੁਰੂ ਜੀ ਕੋਲ ਆਮ ਹੀ ਆਉਂਦਾ ਰਹਿੰਦਾ ਸੀ। ਇੱਕ ਵਾਰ ਉਸ ਦੇ ਨਾਲ ਉਸ ਦੇ ਦੋ ਭਤੀਜੇ ਸੰਦਲੀ ਤੇ ਫੂਲ ਵੀ ਆਏ। ਇਹ ਭਾਈ ਰੂਪ ਚੰਦ ਦੇ ਪੁੱਤਰ ਸਨ ਤੇ ਭਾਈ ਰੂਪ ਚੰਦ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ ਅਤੇ ਇੱਕ ਲੜਾਈ ਵਿੱਚ ਮਾਰਿਆ ਗਿਆ ਸੀ। ਉਸ ਸਮੇਂ ਫੂਲ ਸਿਰਫ਼ ਪੰਜਾਂ ਸਾਲਾਂ ਦਾ ਸੀ। ਗੁਰੂ ਜੀ ਨੇ ਦੇਖਿਆ ਕਿ ਫੂਲ ਆਪਣੇ ਪੇਟ ਤੇ ਹੱਥ ਮਾਰ ਰਿਹਾ ਸੀ। ਜਦੋਂ ਗੁਰੂ ਜੀ ਨੇ ਪੁੱਛਿਆ ਕਿ ਕੀ ਕਰ ਰਿਹਾ ਹੈ ਤਾਂ ਕਾਲੇ ਨੇ ਦੱਸਿਆ ਕਿ ਫੂਲ ਗੂੰਗਾ ਹੈ, ਬੋਲ ਨਹੀਂ ਸਕਦਾ, ਉਹ ਜਦੋਂ ਵੀ ਭੁੱਖ ਲੱਗਦੀ ਹੈ, ਇਸੇ ਤਰ੍ਹਾਂ ਢਿੱਡ ਵਜਾਉਂਦਾ ਹੈ। ਗੁਰੂ ਜੀ ਦਾ ਦਿਲ ਪਸੀਜ ਗਿਆ। ਉਨ੍ਹਾਂ ਨੇ ਫੂਲ ਨੂੰ ਵਰ ਦਿੱਤਾ ਕਿ ਇਹ ਭੁੱਖਾ ਨਹੀਂ ਰਹੇਗਾ ਸਗੋਂ ਅੱਗੇ ਜਾ ਕੇ ਹੋਰਾਂ ਨੂੰ ਰਜਾਏਗਾ। ਇਹ ਮਹਾਨ ਮਸ਼ਹੂਰ ਤੇ ਧਨਵਾਨ ਵਿਅਕਤੀ ਬਣੇਗਾ। ਇਸ ਦੇ ਉੱਤਰ ਅਧਿਕਾਰੀਆਂ ਦੇ ਘੋੜੇ ਜਮਨਾ ਦਰਿਆ ਤੱਕ ਪਾਣੀ ਪੀਣਗੇ। ਉਹ ਜਦੋਂ ਤੱਕ ਗੁਰੂ ਦੀ ਸੇਵਾ ਵਿੱਚ ਰਹਿਣਗੇ ਤਾਂ ਅਜਾਦ ਰਹਿਣਗੇ ਅਤੇ ਸਨਮਾਨਜਨਕ ਜ਼ਿੰਦਗੀ ਬਸਰ ਕਰਨਗੇ। ਬੇਸ਼ੱਕ ਇਹ ਇਕ ਭਵਿੱਖਬਾਣੀ ਸੀ ਪਰ ਇਹ ਸੱਚ ਸਾਬਤ ਹੋਈ। ਇਤਿਹਾਸ ਵਿੱਚ ਇੰਦੂ ਭੂਸ਼ਣ ਬੈਨਰਜੀ, ਗੋਪਾਲ ਚੰਦ ਨਾਰੰਗ ਅਤੇ ਹਰੀ ਰਾਮ ਗੁਪਤਾ ਨੇ ਵੀ ਇਸ ਘਟਨਾ ਦੀ ਤਸਦੀਕ ਕੀਤੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੂੰਗਾ ਬੋਲ਼ਾ ਪਰ ਸਾਫ਼ ਦਿਲ ਫੂਲ ਨੂੰ ਗੁਰੂ ਹਰਿਰਾਇ ਜੀ ਨੇ ਅਹਿਮੀਅਤ ਦਿੱਤੀ। ਬਾਅਦ ਵਿੱਚ ਉਸ ਦੀ ਆਉਣ ਵਾਲੀ ਪੀੜ੍ਹੀ ਲਈ ਵੀ ਵੱਡੇ ਮਾਨ ਸਨਮਾਨ ਦੀ ਗੱਲ ਰਹੀ। ਤਵਾਰੀਖ ਏ ਗੁਰੂ ਖਾਲਸਾ ਵਿੱਚ ਵੀ ਲਿਖਿਆ ਹੈ ਕਿ ਜਦੋਂ ਕਾਲੇ ਨੇ ਘਰ ਜਾ ਕੇ ਆਪਣੀ ਘਰਵਾਲੀ ਨੂੰ ਇਹ ਘਟਨਾ ਸੁਣਾਈ ਤੋਂ ਉਸ ਉਸ ਨੇ ਕਾਲੇ ਨੂੰ ਆਪਣੇ ਪੁੱਤਰਾਂ ਨੂੰ ਵੀ ਗੁਰੂ ਜੀ ਕੋਲ ਲੈ ਕੇ ਜਾਣ ਲਈ ਕਿਹਾ। ਜਦੋਂ ਕਾਲਾ ਆਪਣੇ ਪੁੱਤਰਾਂ ਨੂੰ ਗੁਰੂ ਜੀ ਕੋਲ ਲੈ ਕੇ ਗਿਆ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਲਈ ਕਿਹਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵੀ ਪਿਆਰ ਦਿੱਤਾ ਤੇ ਕਿਹਾ ਕਿ ਇਹ ਵੀ ਆਪਣੀਆਂ ਜ਼ਮੀਨਾਂ ਤੇ ਕਦੇ ਵੀ ਮਾਮਲਾ ਨਹੀਂ ਤਾਰਨਗੇ।

ਇਹ ਭਵਿੱਖਬਾਣੀ ਸੱਚੀ ਸਾਬਤ ਹੋਈ ਅਤੇ ਕਾਲੇ ਦੀਆਂ ਅਗਲੀਆਂ ਪੀੜ੍ਹੀਆਂ ਕੋਲ ਬਾਈ ਪਿੰਡਾਂ ਦੀ ਮਾਲਕੀ ਰਹੀ ਜਿਸ ਨੂੰ ਬਾਹੀਆ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਕਦੇ ਵੀ ਇਨ੍ਹਾਂ ਪਿੰਡਾਂ ਦਾ ਮਾਮਲਾ ਜਾਂ ਜਮੀਨੀ ਟੈਕਸ ਨਹੀਂ ਦੇਣਾ ਪਿਆ। ਬਾਹੀਏ ਵਿੱਚ ਮਹਿਰਾਜ ਦੇ ਨੇੜੇ ਤੇੜੇ ਦੇ ਬਾਈ ਪਿੰਡ ਅੱਜ ਵੀ ਘੁੱਗ ਵਸਦੇ ਹਨ ਇਹ ਜਿਆਦਾਤਰ ਸਿੱਧੂ ਗੋਤ ਦੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵੱਡੇ ਵਡੇਰੇ ਮਹਿਰਾਜ ਪਿੰਡ ਦੇ ਹੀ ਹਨ ਅਤੇ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਿਕ ਮਹਿਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ। ਪਿੰਡ ਦੀਆਂ ਮੁੱਖ ਚਾਰ ਪੱਤੀਆਂ ਕਾਲਾ, ਕਰਮਚੰਦ, ਸੰਦਲੀ ਅਤੇ ਸੌਲ ਪੱਤੀ ਹਨ ਜੋ ਦੂਰ ਦੂਰ ਤੱਕ ਫੈਲੀਆਂ ਹੋਈਆਂ ਹਨ। ਪਿੰਡ ਵਿੱਚ ਨਗਰ ਪੰਚਾਇਤਾਂ ਤੇ ਕਈ ਸਕੂਲ ਹਨ। ਇਸ ਪਿੰਡ ਵਿੱਚ ਉਸ ਸਮੇਂ ਸਿੱਖ ਗੁਰੂਆਂ ਦਾ ਬਹੁਤ ਜਸ ਸੀ। ਇਹ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਕਾਲੇ ਨੇ ਵਸਾਇਆ ਸੀ। ਇਥੇ ਗੁਰੂ ਛੇਵੇਂ ਨੂੰ ਯੁੱਧ ਵੀ ਕਰਨਾ ਪਿਆ ਸੀ।

ਇਸ ਤਰ੍ਹਾਂ ਗੁਰੂ ਹਰ ਰਾਇ ਜੀ ਫੂਲ ਅਤੇ ਕਾਲੇ ਦੀ ਸੰਤਾਨ ਨੂੰ ਵਰ ਨੂੰ ਦੇ ਕੇ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਮਾਲਵੇ ਦੀ ਧੁਨੀ ਸੰਗਰੂਰ, ਸਮਾਣਾ, ਸੁਨਾਮ ਤੇ ਗੂਹਲਾ ਚੀਕਾ ਆਦਿ ਥਾਵਾਂ ਤੇ ਸੰਗਤਾਂ ਨੰ ਸਿੱਖ ਧਰਮ ਵਿੱਚ ਪ੍ਰਪੱਕ ਕਰਨ ਲੱਗੇ। ਉਹਨਾਂ ਨੇ ਕੈਥਲ ਦੇ ਭਾਈ ਅਤੇ ਬਾਗੜੀਆ ਕਬੀਲੇ ਨੰ ਵੀ ਗੁਰੂ ਚਰਨਾਂ ਨਾਲ ਜੋੜਿਆ।ਇਹ ਕਬੀਲੇ ਉਥੇ ਤਾਕਤਵਰ ਯੋਧੇ ਸਨ। ਗੁਰੂ ਜੀ ਨੇ ਉਹਨਾਂ ਨੂੰ ਸਿੱਖ ਧਰਮ ਬਾਰੇ ਚਾਨਣਾ ਪਾਇਆ। ਉਹ ਗੁਰੂ ਜੀ ਦੇ ਸ਼ਾਤ, ਨਿਰਮਲ ਸੁਭਾਅ ਅਤੇ ਸਚਾਈ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਗੁਰੂ ਜੀ ਦੇ ਅਨਿਨ ਸੇਵਕ ਬਣ ਗਏ। ਗੁਰੂ ਜੀ ਨੇ ਮਾਲਵੇ ਵਿੱਚ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਪਾਤਾਲ ਤੱਕ ਪਹੁੰਚਾ ਦਿੱਤੀਆਂ।

ਗੁਰੂ ਹਰ ਰਾਇ ਜੀ ਨੇ ਸ਼ਾਂਤੀਪੂਰੀਬਕ ਤਰੀਕੇ ਨਾਲ ਮਹੱਤਵਪੂਰਣ ਪਰਿਵਾਰਾਂ ਨੂੰ ਸਿੱਖ ਧਰਮ ਵਿੱਚ ਪ੍ਰਵਰਤਿਤ ਕੀਤਾ। ਇਹਨਾਂ ਥਾਵਾਂ 'ਤੇ ਸਿੱਖ ਧਰਮ ਬਹੁਤ ਹਰਮਨ ਪਿਆਰਾ ਬਣ ਗਿਆ ਕਿਉਂਕਿ ਜਦੋਂ ਕੋਈ ਚੌਧਰੀ ਜਾਂ ਸਰਦਾਰ ਜਾਂ ਕਿਸੇ ਕਬੀਲੇ ਦਾ ਮੁਖੀ ਸਿੱਖ ਧਰਮ ਵਿੱਚ ਆ ਜਾਂਦਾ ਸੀ ਤਾਂ ਉਹਨਾਂ ਨਾਲ ਜੁੜੇ ਅਨੇਕਾਂ ਲੋਕ ਵੀ ਸਿੱਖ ਧਰਮ ਵਿੱਚ ਆ ਜਾਂਦੇ ਸਨ। ਫੌਜ ਸਿੰਘ ਇਤਿਹਾਸਕਾਰ, 'ਸਿੱਖਇਜ਼ਮ' ਵਿੱਚ ਵਰਨਣ ਕਰਦੇ ਹਨ ਕਿ ਮਾਲਵੇ ਦੀ ਇਸ ਧਰਤੀ 'ਤੇ ਸਿੱਖ ਧਰਮ ਦੇ ਤੇਜ਼ੀ ਨਾਲ ਫੈਲਣ ਦੀ ਜ਼ਮੀਨ ਤਿਆਰ ਹੋ ਰਹੀ ਸੀ। ਸਿੱਖ ਧਰਮ ਦੇ ਫੈਲਾਅ ਦੀ ਤਰੱਕੀ ਦੀ ਰਫਤਾਰ ਨੌਵੇਂ ਗੁਰੂ ਤੇਗ ਬਹਾਦਰ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਵੇਲੇ ਹੋਰ ਵੀ ਤੇਜ਼ ਹੋ ਗਈ।


ਗੁਰੂ ਜੀ ਨੇ ਨਾ ਸਿਰਫ ਸਿੱਖ ਧਰਮ ਦੀਆਂ ਸੰਸਥਾਵਾਂ ਦਾ ਵਿਕਾਸ ਕੀਤਾ ਸਗੋਂ ਉਹਨਾਂ ਨੂੰ ਪੱਕੇ ਪੈਰੀਂ ਖੜ੍ਹਾ ਵੀ ਕੀਤਾ। ਉਹਨਾਂ ਨੇ ਬਖਸ਼ੀਸ਼ ਵਰਗੇ ਨਵੇਂ ਧਰਮ ਪ੍ਰਚਾਰ ਕੇਂਦਰ ਖੋਲੇ, ਪਹਿਲੇ ਖੁਲ੍ਹੇ ਹੋਏ ਕੇਂਦਰਾਂ ਦਾ ਵਿਸਥਾਰ ਕੀਤਾ ਅਤੇ ਜਿੱਥੇ ਜਿੱਥੇ ਜ਼ਰੂਰੀ ਸਮਝਿਆ ਉੱਥੇ ਆਪ ਜਾ ਕੇ ਧਰਮ ਪ੍ਰਚਾਰ ਵੀ ਕੀਤਾ। ਸਿੱਖ ਧਰਮ ਨੂੰ ਹਰਮਨ-ਪਿਆਰਾ ਬਣਾਉਣ ਲਈ ਮਾਲਵੇ ਵਰਗੇ ਰੇਤੀਲੇ ਅਤੇ ਘੱਟ ਉਪਜਾਊ ਖੇਤਰ ਦਾ ਦੌਰਾ ਕੀਤਾ। ਇਹ ਖੇਤਰ ਉਸ ਸਮੇਂ ਨਾ ਤਾ ਮੁਗਲ ਸ਼ਾਸਨ ਦੇ ਚੰਗੀ ਤਰਾਂ ਅਧੀਨ ਸੀ ਅਤੇ ਨਾ ਹੀ ਮੁਸਲਮਾਨ ਧਾਰਮਿਕ ਲੋਕਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਸੀ। ਇਹ ਸਿੱੱਖ ਧਰਮ ਦੇ ਪੁੰਗਰਨ ਤੇ ਫੈਲਾਅ ਲਈ ਜ਼ਰਖੇਜ ਖਿੱਤਾ ਸਾਬਤ ਹੋਇਆ। ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦੇ ਵੱਡੇ-ਵਡੇਰੇ ਸਿੱਖ ਧਰਮ ਦੇ ਆਗੋਸ਼ ਵਿਚ ਆ ਗਏ ਅਤੇ ਆਉਣ ਵਾਲੇ ਗੁਰੂਆਂ ਲਈ ਇੱਥੇ ਧਰਮ ਪ੍ਰਚਾਰ ਕਰਨਾ ਸੌਖਾ ਹੋ ਗਿਆ।

ਗੁਰੂ ਹਰ ਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ 'ਗੁਰੂ ਕਾ ਲੰਗਰ' ਸੰਸਥਾ ਦਾ ਵਿਕਾਸ ਕਰਕੇ ਇਹਨਾਂ ਸ਼ਰਧਾਲੂਆਂ ਨੂੰ ਆਪਣੇ ਤੌਰ 'ਤੇ ਲੰਗਰ ਲਾਉਣ ਲਈ ਵੀ ਉਪਦੇਸ਼ ਦਿੱਤਾ। ਉਹਨਾਂ ਨੇ ਸਿੱਖ ਸੰਗਤਾਂ ਨਾਲ ਜੁੜਣ ਲਈ ਧਾਰਮਿਕ ਭਾਸ਼ਨ, ਕੀਰਤਨ ਅਤੇ ਪ੍ਰਭੂ-ਭਗਤੀ ਤੇ ਖ਼ਾਸ ਜ਼ੋਰ ਦਿੱਤਾ। ਸਵੇਰ ਸ਼ਾਮ ਸੰਗਤਾਂ ਵਿੱਚ ਬਾਣੀ ਤੇ ਕੀਰਤਨ ਜਾ ਪ੍ਰਵਾਹ ਚੱਲਦਾ ਰਹਿੰਦਾ। ਫੌਜੀ ਕਾਰਵਾਈਆਂ ਦਾ ਅਭਿਆਸ ਵੀ ਨਿਰਵਿਘਨ ਚੱਲਦਾ ਸੀ। ਗੁਰੂ ਹਰ ਰਾਇ ਨੇ ਉਸ ਸਮੇਂ ਦੇ ਹਾਲਤਾਂ ਦਾ ਜਾਇਜ਼ਾ ਲੈਂਦੇ ਹੋਏ ਸਿੱਖ ਸੰਗਤ ਨੂੰ ਸਹੀ ਸੇਧ ਦਿੱਤੀ। ਉਹਨਾਂ ਸੱਚੇ ਧਾਰਮਿਕ ਤੇ ਅਧਿਆਤਮਕ ਆਗੂ ਦਾ ਰੋਲ ਅਦਾ ਕੀਤਾ। ਉਹ ਕੁਸ਼ਲ ਪ੍ਰਬੰਧਕ ਸੁਚੇਤ ਆਗੂ, ਨਿਮਰਤਾ ਦੀ ਮੂਰਤ ਪਰ ਸੱਚੇ ਤੇ ਦ੍ਰਿੜ ਇਰਾਦੇ ਦੇ ਮਾਲਕ ਸਨ। ਉਹਨਾਂ ਨੇ ਸਿੱਖਾਂ ਵਿੱਚ ਵੀ ਇਹੀ ਗੁਣ ਭਰੇ ਅਤੇ ਤਾ ਜੀਵਨ ਇਸੇ ਮਾਰਗ 'ਤੇ ਜੋ ਸੱਚਾਈ ਤੇ ਪਵਿੱਤਰਤਾ ਦਾ ਮਾਰਗ ਸੀ, ਚੱਲਦੇ ਰਹੇ।

ਗੁਰੂ ਹਰ ਰਾਇ ਦੇ ਮੁਗਲਾਂ ਨਾਲ ਸਬੰਧ

ਸਿੱਖ ਇਤਿਹਾਸਕਾਰ ਸਰੂਪ ਦਾਸ ਭੱਲਾ 'ਮਹਿਮਾ ਪ੍ਰਕਾਸ਼' ਵਿੱਚ ਲਿਖਦੇ ਹਨ ਕਿ ਸਿੱਖ ਧਰਮ ਦੇ ਸਰੋਤਾਂ ਅਨੁਸਾਰ ਗੁਰੂ ਹਰ ਰਾਇ ਦੇ ਸਬੰਧ ਭਾਰਤ ਦੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨਾਲ ਮਿੱਤਰਤਾ ਪੂਰਨ ਰਹੇ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਹਰ ਰਾਇ ਦੀ ਗੁਰਗੱਦੀ ਦੇ ਪਹਿਲੇ ਚੌਦਾਂ ਸਾਲ ਸ਼ਾਂਤੀ, ਸਦਭਾਵਨਾ ਅਤੇ ਸੱਭਿਆਚਾਰਕ ਉਨਤੀ ਵਿੱਚ ਹੀ ਬੀਤੇ।

1652 ਈਸਵੀ ਵਿੱਚ ਵਾਪਰੀ ਇੱਕ ਘਟਨਾ ਵੀ ਗੁਰੂ ਜੀ ਦੇ ਮੁਗਲ ਬਾਦਸਾਹ ਸ਼ਾਹ ਜਹਾਨ ਨਾਲ ਵਧੀਆ ਸੰਬੰਧਾਂ ਨੂੰ ਹੀ ਦਰਸਾਉਂਦੀ ਹੈ। ਉਸ ਸਾਲ ਬਾਦਸ਼ਾਹ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਸੀ। ਮੈਕਾਲਿਫ਼ ਦੇ ਅਨੁਸਾਰ ਸ਼ਾਹ ਜਹਾਨ ਦਾ ਇੱਕ ਪੁੱਤਰ ਔਰੰਗਜੇਬ ਜੋ ਬਾਅਦ ਵਿੱਚ ਮੁਗਲ ਸ਼ਾਸਕ ਬਣਿਆ, ਬਹੁਤ ਹੀ ਚੁਸਤ ਚਲਾਕ ਤੇ ਬੇਈਮਾਨ ਸੀ। ਉਸ ਨੇ ਦਾਰਾ ਸ਼ਿਕੋਹ ਨੂੰ ਕਿਸੇ ਤਰੀਕੇ ਸ਼ੇਰ ਦੀ ਮੁੱਛ ਦਾ ਵਾਲ ਖੁਆ ਦਿੱਤਾ। ਜਿਸ ਦੇ ਸਿੱਟੇ ਵਜੋਂ ਦਾਰਾ ਸਖਤ ਬਿਮਾਰ ਹੋ ਗਿਆ। ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਸ਼ਾਹ ਜਹਾਨ ਨੇ ਰਾਜ ਦੇ ਮਸ਼ਹੂਰ ਵੈਦਾਂ ਤੇ ਹਕੀਮਾਂ ਤੋਂ ਦਾਰੇ ਦਾ ਇਲਾਜ ਕਰਵਾਇਆ ਪ੍ਰੰਤੂ ਕੋਈ ਫਰਕ ਨਾ ਪਿਆ। ਕਿਸੇ ਹਕੀਮ ਨੇ ਸ਼ਾਹ ਜਹਾਨ ਨੂੰ ਕਿਹਾ ਕਿ ਜੇਕਰ 14 ਛਟਾਕਾਂ ਦੀ ਇੱਕ ਹਰੜ ਅਤੇ ਇੱਕ ਮਾਸੇ ਦਾ ਲੌਂਗ ਮਿਲ ਜਾਏ ਤਾਂ ਉਸ ਦੀ ਦਵਾਈ ਬਣਾ ਕੇ ਸ਼ਹਿਜ਼ਾਦੇ ਨੂੰ ਖਵਾਉਣ ਨਾਲ ਉਸ ਦੀ ਬਿਮਾਰੀ ਜਾ ਸਕਦੀ ਹੈ। ਮੁਗਲ ਬਾਦਸ਼ਾਹ ਨੇ ਦੂਰ ਦੂਰ ਤੱਕ ਆਪਣੇ ਆਦਮੀਆਂ ਨੂੰ ਇਨ੍ਹਾਂ ਚੀਜ਼ਾਂ ਨੂੰ ਲਿਆਉਣ ਹਿੱਤ ਭੇਜਿਆ ਪਰ ਕਿਤੋਂ ਨਹੀਂ ਮਿਲੀਆਂ। ਇੱਕ ਪੀਰ ਹਸਨ ਅਲੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਇਹ ਚੀਜ਼ਾਂ ਸਿੱਖ ਗੁਰੂ ਹਰ ਰਾਇ ਦੇ ਦਵਾਖਾਨੇ ਵਿੱਚੋਂ ਮਿਲ ਸਕਦੀਆਂ ਹਨ। ਬਾਦਸ਼ਾਹ ਸ਼ਾਹ ਜਹਾਨ ਨੇ ਬਹੁਤ ਹੀ ਨਿਮਰਤਾ ਸਹਿਤ ਪੱਤਰ ਲਿਖਕੇ ਗੁਰੂ ਜੀ ਨੂੰ ਇਹ ਦੋਵੇਂ ਚੀਜਾਂ ਦੇਣ ਲਈ ਬੇਨਤੀ ਕੀਤੀ ਤਾਂ ਜੋ ਦਾਰੇ ਦਾ ਕਸ਼ਟ ਕੱਟਿਆ ਜਾ ਸਕੇ। ਮੈਕਾਲਿਫ਼ ਦੇ ਅਨੁਸਾਰ ਸ਼ਾਹ ਜਹਾਨ ਨੇ ਲਿਖਿਆ-

'ਤੁਹਾਡੇ ਪੂਰਵਜ ਪਵਿੱਤਰ ਬਾਬਾ ਨਾਨਕ ਗੁਰੂ ਨੇ ਬਾਦਸ਼ਾਹ ਬਾਬਰ, ਜੋ ਮੁਗਲ ਬਾਦਸ਼ਾਹ ਖਾਨਦਾਨ ਦਾ ਸੰਸਥਾਪਕ ਸੀ ਨੂੰ ਪ੍ਰਭੂਤਾ ਬਖਸ਼ੀ ਸੀ। ਗੁਰੂ ਅੰਗਦ ਨੇ ਬਾਦਸ਼ਾਹ ਹਮਾਯੂੰ ਨਾਲ ਵਧੀਆ ਵਿਹਾਰ ਕੀਤਾ ਸੀ, ਗੁਰੂ ਅਮਰਦਾਸ ਜੀ ਨੇ ਮੇਰੇ ਦਾਦਾ ਬਾਦਸ਼ਾਹ ਅਕਬਰ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਸਨ। ਮੈਨੂੰ ਅਫਸੋਸ ਹੈ ਕਿ ਮੇਰੇ ਤੇ ਗੁਰੂ ਹਰਗੋਬਿੰਦ ਵਿਚਲੇ ਇਹੋ ਜਿਹੇ ਵਧੀਆ ਰਿਸ਼ਤੇ ਨਹੀਂ ਰਹੇ। ਅਜਨਬੀ ਲੋਕਾਂ ਨੇ ਭਰਮ ਭੁਲੇਖੇ ਖੜ੍ਹੇ ਕੀਤੇ। ਮੇਰਾ ਕੋਈ ਕਸੂਰ ਨਹੀਂ ਸੀ ਹੁਣ ਮੇਰਾ ਪੁੱਤਰ ਦਾਰਾ ਸ਼ਿਕੋਹ ਬਹੁਤ ਬੀਮਾਰ ਹੈ, ਉਸ ਦਾ ਇਲਾਜ ਤੁਹਾਡੇ ਹੱਥ ਹੈ। ਜੇਕਰ ਤੁਸੀਂ ਸਾਨੂੰ 'ਗਜ਼ ਮੁਕਤਾ ਗਏ ਹਰੜ' ਅਤੇ ਮਾਸਾ ਲੌਂਗ ਜੋ ਤੁਹਾਡੇ ਦਵਾਖਾਨੇ ਵਿੱਚ ਹਨ ਦੇ ਦੇਵੋ ਤਾਂ ਤੁਹਾਡੀ ਬੜੀ ਕਿਰਪਾ ਹੋਵੇਗੀ।'

ਇੱਕ ਦਰਬਾਰੀ ਨੂੰ ਇਹ ਪੱਤਰ ਦੇ ਕੇ ਗੁਰੂ ਜੀ ਕੋਲ ਕੀਰਤਪੁਰ ਭੇਜਿਆ ਗਿਆ ਅਤੇ ਸਵੇਰ ਸਮੇਂ ਦੇ ਦਰਬਾਰ ਵਿੱਚ ਗੁਰੂ ਜੀ ਨੂੰ ਪੇਸ਼ ਕੀਤਾ ਗਿਆ। ਗੁਰੂ ਜੀ ਸ਼ਾਹ ਜਹਾਨ ਦੇ ਮਿੱਤਰਤਾਪੂਰਨ ਅਤੇ ਵਿਸ਼ਵਾਸ ਪੂਰਨ ਰਵੱਈਏ ਤੋਂ ਖੁਸ਼ ਹੋਏ। ਉਨ੍ਹਾਂ ਨੇ ਇਹ ਦੋਵੇਂ ਜੜ੍ਹੀ ਬੂਟੀਆਂ, ਹਰੜ ਤੇ ਲੌਂਗ ਦੇ ਨਾਲ ਇੱਕ ਤੀਜੀ ਦਵਾਈ ਗਜ ਮੋਤੀ ਵੀ ਦਿੱਤਾ ਜਿਸ ਨੂੰ ਪੀਸ ਕੇ ਖਾਣ ਨਾਲ ਦਾਰੇ ਦੇ ਕਮਜ਼ੋਰ ਸਰੀਰ ਵਿੱਚ ਤਾਕਤ ਵੀ ਆ ਜਾਣੀ ਸੀ। ਗੁਰੂ ਜੀ ਸੱਚਮੁੱਚ ਉਸ ਦਰੱਖਤ ਵਾਂਗ ਸਨ ਜਿਸ ਨੂੰ ਬੇਸ਼ੱਕ ਕੁਹਾੜੇ ਨਾਲ ਕੱਟ ਦਿੱਤਾ ਜਾਵੇ, ਕਦੇ ਗੁੱਸਾ ਨਹੀਂ ਕਰਦਾ। ਲੱਕੜਹਾਰੇ ਨੂੰ ਕੋਈ ਦੋਸ਼ ਨਹੀਂ ਦਿੰਦਾ ਪਰ ਉਸ ਦੀ ਲੋੜ ਪੂਰੀ ਕਰ ਦਿੰਦਾ ਹੈ। ਗੁਰੂ ਜੀ ਬੁਰਾਈ ਦੇ ਬਦਲੇ ਚੰਗਿਆਈ ਬਖ਼ਸ਼ ਰਹੇ ਸਨ, ਕਿਉਂਕਿ ਇਤਿਹਾਸ ਗਵਾਹ ਹੈ ਕਿ ਸਿਰਫ਼ ਸ਼ਾਹ ਜਹਾਨ ਨੇ ਹੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਲੜਾਈਆਂ ਨਹੀਂ ਸੀ ਕੀਤੀਆਂ ਸਗੋਂ ਉਸ ਦੇ ਪਿਤਾ ਜਹਾਂਗੀਰ ਨੇ ਵੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਇਸ ਮੌਕੇ ਸਾਰਾ ਕੁਝ ਤਾਜ਼ਾ ਹੋਣ ਦੇ ਬਾਵਜੂਦ ਗੁਰੂ ਹਰ ਰਾਇ ਜੀ ਨੇ ਆਸਾ ਦੀ ਵਾਰ ਵਿੱਚੋਂ ਚੌਦਵਾਂ ਸ਼ਲੋਕ ਪੜ੍ਹਿਆ ਜਿਸ ਦਾ ਭਾਵ ਸੀ ਕਿ ਜੇ ਕੋਈ ਤੁਹਾਡੇ ਕੋਲ ਉਮੀਦ ਲੈ ਕੇ ਆਵੇ ਉਹ ਨਿਰਾਸ਼ ਨਹੀਂ ਜਾਣਾ ਚਾਹੀਦਾ।

ਇਹ ਤਿੰਨੋਂ ਚੀਜ਼ਾਂ ਪ੍ਰਾਪਤ ਕਰਕੇ ਬਾਦਸ਼ਾਹ ਸਰਸ਼ਾਰ ਹੋ ਗਿਆ ਅਤੇ ਕਹਿਣ ਲੱਗਾ ਪ੍ਰਮਾਤਮਾ ਦੇ ਰੰਗ ਦੇਖੋ ਜੋ ਚੀਜ਼ਾਂ ਇੱਕ ਬਾਦਸ਼ਾਹ ਦੇ ਖ਼ਜ਼ਾਨਿਆਂ ਵਿੱਚ ਨਹੀਂ ਮਿਲੀਆਂ ਉਹ ਇੱਕ ਸੰਤ ਦੇ ਬਾਗ਼ ਵਿੱਚੋਂ ਕੀਰਤਪੁਰ ਤੋਂ ਮਿਲ ਗਈਆਂ। ਇਹ ਚੀਜ਼ਾਂ ਦਾਰਾ ਸ਼ਿਕੋਹ ਨੂੰ ਖਵਾਈਆਂ ਗਈਆਂ, ਜਲਦੀ ਹੀ ਦਾਰਾ ਨਵਾਂ ਨਰੋਆ ਹੋ ਗਿਆ।, ਇਸ ਤੇ ਬਾਦਸ਼ਾਹ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਗੁਰੂ ਹਰ ਰਾਇ ਜੀ ਨਾਲ ਦੋਸਤਾਨਾ ਸਬੰਧ ਭਵਿੱਖ ਵਿੱਚ ਵੀ ਕਾਇਮ ਰੱਖਣ ਦੀ ਕਸਮ ਖਾਧੀ

ਗਿਆਨੀ ਠਾਕੁਰ ਸਿੰਘ 'ਗੁਰਦੁਆਰਾ ਦਰਸ਼ਨ' ਨਾਂ ਦੀ ਪੁਸਤਕ ਵਿੱਚ ਲਿਖਦੇ ਹਨ ਕਿ ਬਿਮਾਰੀ ਠੀਕ ਹੋਣ ਤੋਂ ਬਾਅਦ ਦਾਰਾ ਸ਼ਿਕੋਹ ਦੋ ਵਾਰ ਗੁਰੂ ਜੀ ਨੂੰ ਮਿਲਣ ਕੀਰਤਪੁਰ ਆਇਆ। ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਅਤੇ ਗੁਰੂ ਜੀ ਲਈ ਬਹੁਤ ਸੌਗਾਤਾਂ ਲੈ ਕੇ ਆਇਆ। ਉਸ ਨੇ ਗੁਰੂ ਜੀ ਦੀ ਬੜੀ ਵਡਿਆਈ ਕੀਤੀ ਤੇ ਇੱਜ਼ਤ ਬਖਸ਼ੀ। ਪਰ ਗੁਰੂ ਜੀ ਨੇ ਨਿਮਰਤਾ ਨਾਲ ਸੁਗਾਤਾਂ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਨਾਲ ਗੁਰੂ ਹਰ ਰਾਇ ਤੇ ਸ਼ਹਿਜ਼ਾਦਾ ਦਾਰਾ ਸ਼ਿਕੋਹ ਵਿੱਚ ਮਿੱਤਰਤਾ ਦੇ ਸਬੰਧ ਹੋਰ ਗੂੜ੍ਹੇ ਹੋ ਗਏ। ਇਸ ਤੋਂ ਬਾਅਦ ਸ਼ਾਹ ਜਹਾਨ ਨੇ ਰਹਿੰਦੀ ਜ਼ਿੰਦਗੀ ਗੁਰੂ ਹਰ ਰਾਇ ਦੇ ਕੰਮਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਗੁਰੂ ਜੀ ਸ਼ਾਂਤੀ ਨਾਲ ਆਪਣਾ ਧਰਮ ਪ੍ਰਚਾਰ ਕਰਦੇ ਰਹੇ। ਅਕਬਰ ਦੇ ਰਾਜ ਤੋਂ ਬਾਅਦ ਇਹ ਪਹਿਲਾਂ ਸਮਾਂ ਸੀ ਜਦੋਂ ਸਿੱਖਾਂ ਨੇ ਬੇਖ਼ੌਫ਼ ਤੇ ਸੁਤੰਤਰ ਹੋ ਕੇ ਆਜ਼ਾਦ ਫਿਜ਼ਾ ਵਿੱਚ ਸਾਹ ਲਿਆ।

1658 ਈਸਵੀ ਵਿੱਚ ਸ਼ਾਹਜਹਾਨ ਦੇ ਪੁੱਤਰਾਂ ਵਿੱਚ ਖਾਨਾਜੰਗੀ ਛਿੜ ਪਈ। ਮੈਕਾਲਿਫ ਦੇ ਬਿਰਤਾਂਤ ਅਨੁਸਾਰ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਚਾਰ ਪੁੱਤਰ ਸਨ। ਇਨ੍ਹਾਂ ਵਿੱਚੋਂ ਦਾਰਾ ਸਕੋਹ ਸਭ ਤੋਂ ਵੱਡਾ ਸੀ। ਬਾਦਸ਼ਾਹ ਇਸ ਨੂੰ ਬਹੁਤ ਚਾਹੁੰਦਾ ਸੀ, ਉਹ ਸੂਫੀ ਖਿਆਲਾਂ ਦਾ ਸੀ ਅਤੇ ਸੰਤਾਂ ਸਾਧਾਂ ਅਤੇ ਪੀਰਾਂਫਕੀਰਾਂ ਦੀ ਸੰਗਤ ਕਰਦਾ ਸੀ। ਇਸੇ ਕਰਕੇ ਗੁਰੂ ਹਰ ਰਾਇ ਨਾਲ ਵੀ ਉਸ ਦੀ ਨੇੜਤਾ ਸੀ। ਗੁਰੂ ਜੀ ਨੇ ਉਸ ਦੇ ਇਲਾਜ ਲਈ ਆਪਣੇ ਦਵਾਖਾਨੇ ਵਿਚੋਂ ਦਵਾਈਆਂ ਵੀ ਮੁਹੱਈਆ ਕਰਵਾਇਆ ਸਨ। ਉਸ ਦਾ ਦੂਸਰਾ ਪੁੱਤਰ ਸੁਜਾਅ ਮੁਹੰਮਦ ਬੰਗਾਲ ਦਾ ਗਵਰਨਰ ਸੀ, ਤੀਜਾ ਪੁੱਤਰ ਔਰੰਗਜ਼ੇਬ ਦੱਖਣ ਦਾ ਗਵਰਨਰ ਸੀ, ਚੌਥਾ ਬਖਸ਼ ਗੁਜਰਾਤ ਪ੍ਰਾਂਤ ਦਾ ਗਵਰਨਰ ਸੀ। ਸਰ ਜਾਦੂ ਨਾਥ ਸਰਕਾਰ 'ਹਿਸਟਰੀ ਆਫ਼ ਔਰੰਗਜ਼ੇਬ' ਵਿੱਚ ਵਰਣਨ ਕਰਦੇ ਹਨ ਕਿ ਸਤੰਬਰ ਦੇ ਪਹਿਲੇ ਹਫ਼ਤੇ ਸ਼ਾਹ ਜਹਾਨ ਬੀਮਾਰ ਪੈ ਗਿਆ। ਇਹ 1657 ਦਾ ਸਾਲ ਸੀ। ਬਾਦਸ਼ਾਹ ਹਰ ਰੋਜ਼ ਦਰਬਾਰ ਨਹੀਂ ਜਾ ਸਕਦਾ ਸੀ। ਉਹ ਝਰੋਖੇ ਜਾਂ ਬਾਲਕੋਨੀ ਵਿੱਚ ਵੀ ਦਰਸ਼ਨ ਨਹੀਂ ਦੇ ਸਕਦਾ ਸੀ। ਬਾਦਸ਼ਾਹ ਨੂੰ ਯਕੀਨ ਹੋ ਗਿਆ ਸੀ ਕਿ ਉਹ ਜ਼ਿਆਦਾ ਸਮਾਂ ਜਿਉਂਦਾ ਨਹੀਂ ਰਹਿ ਸਕੇਗਾ। ਇਸ ਲਈ ਉਸ ਨੇ ਇੱਕ ਵਸੀਅਤ ਤਿਆਰ ਕੀਤੀ ਜਿਸ ਵਿੱਚ ਦਾਰਾ ਸ਼ਿਕੋਹ ਵੱਡਾ ਪੁੱਤਰ ਰਾਜ ਭਾਗ ਦਾ ਮਾਲਕ ਬਣਨਾ ਸੀ। ਬਾਦਸ਼ਾਹ ਦੀ ਬਿਮਾਰੀ ਦੇ ਸਮੇਂ ਬਾਦਸ਼ਾਹ ਦੇ ਨਾਂ ਤੇ ਰਾਜ ਦਾ ਕੰਮ ਚਲਾਉਣ ਲਈ ਦਾਰੇ ਨੂੰ ਬੁਲਾਇਆ ਗਿਆ ਸ਼ਾਹਜਹਾਨ ਦੇ ਬਾਕੀ ਪੁੱਤਰ ਨੂੰ ਜਦੋਂ ਉਸ ਦੀ ਬਿਮਾਰੀ ਦੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਹ ਰਾਜ ਗੱਦੀ ਪ੍ਰਾਪਤ ਕਰਨ ਲਈ ਜ਼ੋਰ ਅਜ਼ਮਾਈ ਕਰਨ ਲੱਗੇ। ਉਹ ਸਾਰੇ ਬਾਲਗ ਸਨ ਅਤੇ ਵੱਖ ਵੱਖ ਪ੍ਰਾਂਤਾਂ ਦੇ ਸੂਬੇਦਾਰ ਗਵਰਨਰ ਹੋਣ ਕਰਕੇ ਉਨ੍ਹਾਂ ਕੋਲ ਤਾਕਤ ਦੇ ਸਾਰੇ ਸੋਮੇ ਸਨ। ਦਾਰਾ ਸ਼ਿਕੋਹ ਸ਼ਾਹ ਜਹਾਨ ਦਾ ਵੱਡਾ ਪੁੱਤਰ ਬੇਸ਼ੱਕ ਪੰਜਾਬ ਅਤੇ ਦਿੱਲੀ ਦਾ ਗਵਰਨਰ ਸੀ ਪਰ ਉਹ ਜਦੋਂ ਆਪਣੇ ਪਿਤਾ ਨਾਲ ਹੀ ਰਹਿੰਦਾ ਸੀ। ਇਸ ਸਮੇਂ ਵੀ ਉਹ ਸ਼ਾਹ ਜਹਾਨ ਦੇ ਨਾਲ ਆਗਰਾ ਵਿੱਚ ਸੀ ਕਿਉਂਕਿ ਬਾਦਸ਼ਾਹ ਨੂੰ ਆਬੋ ਹਵਾ ਦੀ ਤਬਦੀਲੀ ਲਈ ਅਕਤੂਬਰ 1657 ਈਸਵੀ ਵਿੱਚ ਆਗਰਾ ਜਾਣਾ ਪਿਆ ਸੀ। ਜਦੋਂ ਬਾਦਸ਼ਾਹ ਦੇ ਦੂਸਰੇ ਤਿੰਨਾਂ ਪੁੱਤਰਾਂ ਨੂੰ ਦਾਰੇ ਨੂੰ ਦਿੱਲੀ ਬਲਾਉਣ ਤੇ ਰਾਜ ਚਲਾਉਣ ਦੀ ਜ਼ਿੰਮੇਵਾਰੀ ਦੇਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਤਿੰਨਾਂ ਔਰੰਗਜ਼ੇਬ, ਸੁਜਾਅ ਅਤੇ ਮੁਰਾਦ ਬਖਸ਼ ਨੇ ਦਾਰੇ ਦੇ ਖਿਲਾਫ ਜੰਗੀ ਤਿਆਰੀਆਂ ਵਿੱਢ ਦਿੱਤੀਆਂ। ਦਾਰਾ ਅਜੇ ਆਗਰਾ ਵਿੱਚ ਹੀ ਸੀ।

ਉੱਤਰ ਅਧਿਕਾਰੀ ਦੀ ਇਸ ਲੜਾਈ ਵਿੱਚ ਔਰੰਗਜ਼ੇਬ ਨੇ ਦਾਰੇ ਨੂੰ ਹਰਾ ਦਿੱਤਾ। ਦਾਰਾ ਭੱਜ ਕੇ ਪੰਜਾਬ ਆ ਗਿਆ। ਇਹ ਕਿਹਾ ਜਾਂਦਾ ਹੈ ਕਿ ਦਾਰਾ ਗੁਰੂ ਹਰ ਰਾਇ ਜੀ ਕੋਲ ਆਇਆ ਅਤੇ ਸਹਾਇਤਾ ਮੰਗੀ। ਗੁਰੂ ਜੀ ਦੁਆਰਾ ਦਾਰੇ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਗਈ ਇਸ ਬਾਰੇ ਇਤਿਹਾਸਕਾਰ ਇੱਕ ਮਤ ਨਹੀਂ ਹਨ। ਮੈਕਾਲਿਫ ਲਿਖਦਾ ਹੈ ਕਿ ਦਾਰਾ ਕਿਉਂਕਿ ਪ੍ਰਮਾਤਮਾ ਦਾ ਉਪਾਸਕ ਸੀ ਉਹ ਸਾਧਾਰਨ ਹੀ ਗੁਰੂ ਜੀ ਕੋਲੋਂ ਅਸੀਰਵਾਦ ਲੈਣ ਹੀ ਆਇਆ ਸੀ। ਉਸ ਨੇ ਗੁਰੂ ਜੀ ਨੂੰ ਸਿਰਫ ਏਨੀ ਬੇਨਤੀ ਕੀਤੀ ਸੀ ਕਿ ਜਿੰਨਾ ਹੋ ਸਕੇ ਔਰੰਗਜ਼ੇਬ ਦੀ ਸੈਨਾ ਨੂੰ ਰੋਕ ਲਵੋ ਤਾਂ ਕਿ ਉਹ ਉੱਨੀ ਦੇਰ ਵਿੱਚ ਫੌਜ ਤੋਂ ਅੱਗੇ ਨਿਕਲ ਕੇ ਕੋਈ ਸੁਰੱਖਿਅਤ ਟਿਕਾਣਾ ਲੱਭ ਲਵੇ। ਇਤਿਹਾਸਕਾਰ ਟਰੰਪ ਨੇ ਆਪਣੀ ਕਿਤਾਬ 'ਆਦਿ ਗ੍ਰੰਥ' ਵਿੱਚ ਲਿਖਿਆ ਹੈ ਕਿ ਗੁਰੂ ਹਰ ਰਾਏ ਨੇ ਆਪਣੀ ਸਿੱਖ ਸੈਨਾ ਦੇ ਨਾਲ ਅਸਲ ਵਿੱਚ ਦਾਰਾ ਦੀ ਮਦਦ ਕੀਤੀ ਸੀ, ਜਦੋਂ ਦਾਰਾ ਹਾਰ ਗਿਆ ਤੇ ਮਾਰਿਆ ਗਿਆ ਤਾਂ ਗੁਰੂ ਜੀ ਲੜਾਈ ਦੇ ਮੈਦਾਨ ਵਿੱਚੋਂ ਵਾਪਸ ਕੀਰਤਪੁਰ ਆ ਗਏ। ਖੁਲਸਤਤ-ਏ-ਤਵਾਰੀਖ ਦੇ ਲੇਖਕ ਸੁਜਾਨ ਰਾਏ ਨੇ ਲਿਖਿਆ ਹੈ ਕਿ, ਗੁਰੂ ਜੀ ਨੇ ਆਪਣੀਆਂ ਫੌਜਾਂ ਨੂੰ ਦਾਰਾ ਦੀਆਂ ਫੌਜਾਂ ਸੰਗ ਰਲਾਇਆ ਸੀ। ਇੰਦੂ ਭੂਸ਼ਣ ਬੈਨਰਜੀ ਵੀ ਸੁਜਾਨ ਰਾਏ ਦੇ ਇਸ ਬਿਆਨ ਦੀ ਪ੍ਰੋੜਤਾ ਕਰਦੇ ਹਨ। ਉਹ ਦੱਸਦੇ ਹਨ ਕਿ ਹਾਰ ਤੋਂ ਬਾਅਦ ਦਾਰਾ ਸ਼ਿਕੋਹ ਲਾਹੌਰ ਆ ਗਿਆ। ਉਹ ਔਰੰਗਜ਼ੇਬ ਤੋਂ ਬਹੁਤ ਡਰਿਆ ਹੋਇਆ ਸੀ। ਉਸ ਨੇ ਮੁਲਤਾਨ ਭੱਜ ਜਾਣ ਦਾ ਮਨ ਬਣਾ ਲਿਆ ਸੀ ਤੇ ਉੱਥੋਂ ਕੰਧਾਰ ਜਾਣਾ ਚਾਹੁੰਦਾ ਸੀ। ਇਸ ਬਾਰੇ ਉਸ ਨੇ ਆਪਣੇ ਵਿਸ਼ਵਾਸ ਪਾਤਰਾਂ ਨਾਲ ਸਲਾਹ ਮਸ਼ਵਰਾ ਕੀਤਾ। ਨੂਰਪੁਰ ਦੀ ਪਹਾੜੀ ਰਿਆਸਤ ਦੇ ਰਾਜੇ ਰਾਜਰੂਪ ਨੇ ਕਿਹਾ ਕਿ ਉਹ ਆਪਣੇ ਰਾਜ ਵਿੱਚੋਂ ਫ਼ੌਜ ਇਕੱਠੀ ਕਰਕੇ ਲਿਆਉਣ ਲਈ ਜਾ ਰਿਹਾ ਹੈ। ਉਹ ਆਪਣੇ ਵਕੀਲ ਅਤੇ ਪੁੱਤਰ ਨੂੰ ਲਾਹੌਰ ਛੱਡ ਕੇ ਚੱਲਿਆ ਗਿਆ। ਕੁਝ ਦਿਨਾਂ ਪਿੱਛੋਂ ਵਕੀਲ ਤੇ ਰਾਜੇ ਦਾ ਪੁੱਤਰ ਵੀ ਵਾਪਸ ਚਲੇ ਗਏ। ਗੁਰੂ ਹਰ ਰਾਏ ਵੀ ਆਪਣੀ ਫੌਜ ਦੇ ਨਾਲ ਵਾਪਸ ਆ ਗਏ। ਇੰਦੂ ਭੂਸ਼ਣ ਬੈਨਰਜੀ ਅਨੁਸਾਰ ਗੁਰੂ ਜੀ ਨੇ ਦਾਰੇ ਦੀ ਸਹਾਇਤਾ ਤਾਂ ਕੀਤੀ ਸੀ ਪਰ ਜਦੋਂ ਦਾਰਾ ਆਪ ਹੀ ਨਿਰਾਸ਼ ਹੋ ਕੇ ਬੈਠ ਗਿਆ ਤਾਂ ਗੁਰੂ ਜੀ ਵੀ ਉਸ ਤੋਂ ਵੱਖ ਹੋ ਗਏ ਅਤੇ ਮਾਝੇ ਵਿਚ ਸਿੱਖੀ ਦੇ ਪ੍ਰਚਾਰ ਲਈ ਚਾਲੇ ਪਾ ਦਿੱਤੇ।

ਇਹ ਕਹਿਣਾ ਕਿ ਇਨ੍ਹਾਂ ਵਿੱਚੋਂ ਕਿਹੜਾ ਵਿਚਾਰ ਠੀਕ ਹੈ, ਮੁਸ਼ਕਿਲ ਹੈ। ਕੀ ਗੁਰੂ ਹਰਿ ਰਾਇ ਜੀ ਨੇ ਰਾਜਪੂਤ ਰਾਜਿਆਂ ਦੀ ਤਰ੍ਹਾਂ ਦਾਰਾ ਸ਼ਿਕੋਹ ਦੀ ਲਾਹੌਰ ਉਡੀਕ ਕੀਤੀ ਅਤੇ ਤਖ਼ਤ-ਨਸ਼ੀਨੀ ਦੀ ਲੜਾਈ ਵਿੱਚ ਫੌਜਾਂ ਸਮੇਤ ਸ਼ਾਮਿਲ ਹੋ ਗਏ? ਗੁਰੂ ਹਰ ਰਾਇ ਜੀ ਸੁਭਾਅ ਪੱਖੋਂ ਸ਼ਾਂਤ ਸਨ ਅਤੇ ਲੜਾਈ ਕਰਨ ਦੇ ਵਿਰੁੱਧ ਸਨ। ਇਸ ਤੋਂ ਬਿਨਾਂ ਉਹ ਆਪਣੇ ਦਾਦਾ-ਗੁਰੂ ਹਰਿਗੋਬਿੰਦ ਸਾਹਿਬ ਦੀ ਦਿੱਤੀ ਨਸੀਹਤ ਨੂੰ ਕਦੇ ਵੀ ਉਲੰਘ ਨਹੀਂ ਸਕਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਉਹ ਮੁਗ਼ਲ ਬਾਦਸ਼ਾਹ ਦੀ ਅੰਦਰੂਨੀ ਲੜਾਈ ਵਿੱਚ ਕਿਸੇ ਵੀ ਹਾਲਤ ਵਿੱਚ ਦਖਲ ਨਹੀਂ ਦੇਣਗੇ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਹਿੰਦੂ ਰਾਜਿਆਂ ਦੀ ਲੜਾਈ ਵਿੱਚ ਵੀ ਕਦੇ ਸ਼ਾਮਲ ਨਹੀਂ ਹੋਣਗੇ।

ਇੰਦੂ ਭੂਸ਼ਣ ਬੈਨਰਜੀ ਆਪਣੀ ਪੁਸਤਕ 'ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ' ਵਿੱਚ ਲਿਖਦੇ ਹਨ ਕਿ ਗੱਲ ਗੁਰੂ ਹਰ ਰਾਏ ਦੇ ਗੁਰਗੱਦੀ ਸੰਭਾਲਣ ਤੋਂ ਲੈ ਕੇ ਇਸ ਸਮੇਂ ਤੱਕ ਉਨ੍ਹਾਂ ਦੇ ਆਦਰਸ਼ਾਂ ਅਤੇ ਨੀਤੀਆਂ ਜੋ ਉਨ੍ਹਾਂ ਨੇ ਅਪਣਾਇਆ ਉਨ੍ਹਾਂ ਦੇ ਵਿਰੁੱਧ ਹੈ। ਤਰਲੋਚਨ ਸਿੰਘ ਦਾ ਵੀ ਇਹੀ ਵਿਚਾਰ ਹੈ ਕਿ ਕਿਸੇ ਵੀ ਫ਼ਾਰਸੀ ਜਾਂ ਪੰਜਾਬੀ ਸਰੋਤ ਵਿੱਚ ਅਸਪੱਸ਼ਟ ਵਿਚਾਰ ਵੀ ਨਹੀਂ ਹੈ ਕਿ ਗੁਰੂ ਹਰ ਰਾਏ ਨੇ ਔਰੰਗਜ਼ੇਬ ਤੇ ਦਾਰਾ ਸ਼ਿਕੋਹ ਦੀ ਲੜਾਈ ਵਿੱਚ ਸ਼ਮੂਲੀਅਤ ਕੀਤੀ ਹੋਵੇ। ਇਨ੍ਹਾਂ ਅਲੱਗ ਅਲੱਗ ਰਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਦਾਰਾ ਲੜਾਈ ਦੇ ਸਮੇਂ ਗੁਰੂ ਜੀ ਕੋਲ ਆਇਆ ਹੋ ਸਕਦਾ ਹੈ ਤੇ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਹੋਵੇ। ਹੋ ਸਕਦਾ ਹੈ ਕਿ ਕੁਝ ਚਿਰ ਉਸਦੀ ਰੱਖਿਆ ਕੀਤੀ ਹੋਵੇ ਜਾਂ ਵੱਧ ਤੋਂ ਵੱਧ ਇਹ ਹੋਵੇਗਾ ਕਿ ਉਨ੍ਹਾਂ ਨੇ ਆਪਣੀ ਸੈਨਾ ਨੂੰ ਔਰੰਗਜ਼ੇਬ ਦੀ ਸੈਨਾ ਨੂੰ ਕੁਝ ਸਮਾਂ ਰੋਕਣ ਲਈ ਕਿਹਾ ਹੋਵੇ ਜੋ ਬੁਰੀ ਤਰ੍ਹਾਂ ਦਾਰੇ ਦੇ ਮਗਰ ਆ ਰਹੀ ਸੀ। ਸਰੂਪ ਦਾਸ ਭੱਲਾ ਵੀ 'ਮਹਿਮਾ ਪ੍ਰਕਾਸ਼' ਵਿੱਚ ਲਿਖਦੇ ਹਨ ਕਿ ਦਾਰੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਜਿੰਨਾਂ ਚਿਰ ਲਾਹੌਰ ਨਹੀਂ ਪਹੁੰਚ ਜਾਂਦਾ ਉਹ ਔਰੰਗਜ਼ੇਬ ਦੀ ਫ਼ੌਜ ਨੂੰ ਸੁਲਤਾਨਪੁਰ ਤੋਂ ਗੋਇੰਦਵਾਲ ਤੱਕ ਦਰਿਆ ਨਾ ਪਾਰ ਕਰਨ ਦੇਣ। ਗੁਰੂ ਜੀ ਸਹਿਮਤ ਹੋ ਗਏ ਤੇ ਉਨ੍ਹਾਂ ਨੇ ਆਪਣੇ ਤੋਪਚੀ ਅਤੇ ਘੋੜ ਸਵਾਰਾਂ ਨੂੰ ਬਿਆਸ ਦਰਿਆ ਦੇ ਦੋਹੀਂ ਪਾਸੀ ਤੈਨਾਤ ਕਰ ਦਿੱਤਾ ਅਤੇ ਕਿਸੇ ਨੂੰ ਵੀ ਦਰਿਆ ਪਾਰ ਨਹੀਂ ਕਰਨ ਦਿੱਤਾ ਜਦੋਂ ਤੱਕ ਉਨ੍ਹਾਂ ਨੂੰ ਇਹ ਖਬਰ ਨਹੀਂ ਮਿਲੀ ਕਿ ਦਾਰਾ ਲਾਹੌਰ ਸੁਰੱਖਿਅਤ ਪਹੁੰਚ ਗਿਆ ਸੀ।

ਪਰ ਇਹ ਮਦਦ ਭਾਵੇਂ ਕਿਸੇ ਵੀ ਰੂਪ ਵਿੱਚ ਕੀਤੀ ਗਈ ਪਰ ਇਸ ਨੇ ਗੁਰੂ ਜੀ ਅਤੇ ਔਰੰਗਜ਼ੇਬ ਦੇ ਰਿਸ਼ਤਿਆਂ ਵਿੱਚ ਤਣਾਅ ਲੈ ਆਂਦਾ। ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣ ਗਿਆ। ਉਹ ਸ਼ੱਕੀ ਮਿਜਾਜ, ਗੁਸੈਲ ਤੇ ਕੱਟੜ ਮੁਸਲਿਮ ਸ਼ਾਸਕ ਸੀ। ਦਿੱਲੀ ਦੀ ਬਾਦਸ਼ਾਹਤ ਤੇ ਕਾਬਜ਼ ਹੋਣ ਤੋਂ ਜਲਦੀ ਬਾਅਦ ਹੀ ਉਸਨੇ ਗੁਰੂ ਹਰ ਰਾਇ ਜੀ ਨੂੰ ਦਿੱਲੀ ਤੋਂ ਬੁਲਾਵਾ ਭੇਜਿਆ। ਗੁਰੂ ਜੀ ਦੇ ਪਿਛਲੇ ਕੁਝ ਸਾਲ ਔਰੰਗਜ਼ੇਬ ਮੁਗ਼ਲ ਬਾਦਸ਼ਾਹ ਦੇ ਸਿੱਖ ਭਾਈਚਾਰੇ ਨਾਲ ਕੀਤੀਆਂ ਬੇਇਨਸਾਫੀਆਂ ਤੇ ਦਖਲਅੰਦਾਜ਼ੀ ਕਰਕੇ ਸੌਖੇ ਨਹੀਂ ਸਨ ਗੁਜ਼ਰੇ। ਦੋ ਤਰ੍ਹਾਂ ਦੀਆਂ ਧਾਰਨਾਵਾਂ ਤੇ ਆਧਾਰਤ ਔਰੰਗਜੇਬ ਨੇ ਗੁਰੂ ਜੀ ਨਾਲ ਮੱਤਭੇਦ ਰੱਖੇ ਅਤੇ ਉਨ੍ਹਾਂ ਨੂੰ ਤੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਗੱਲ ਤਾਂ ਇਹ ਕਿ ਔਰੰਗਜੇਬ ਨੇ ਉੱਤਰ ਅਧਿਕਾਰੀ ਦੀ ਜੰਗ 1658 ਈਸਵੀ ਵਿੱਚ ਆਪਣੇ ਸਾਰੇ ਭਰਾਵਾਂ ਨੂੰ ਮਾਰ ਕੇ ਅਤੇ ਪਿਤਾ ਨੂੰ ਕੈਦ ਕਰਕੇ ਜਿੱਤੀ ਸੀ। ਉਹ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਨਕਸ਼ਬੰਦੀ ਬ੍ਰਾਂਡ ਦੀ ਹੈਦਰਾਬਾਦੀ ਪੁਰਾਣੀ ਵਿਚਾਰਧਾਰਾ ਦਾ ਪੈਰੋਕਾਰ ਸੀ। ਜਿਸ ਅਨੁਸਾਰ ਦੇਸ਼ ਵਿੱਚ ਹਿੰਦੂ ਲਹਿਰ ਦਾ ਉਠਾਨ ਮੁਸਲਿਮ ਰਾਜ ਲਈ ਖਤਰਨਾਕ ਹੈ ਇਸ ਲਈ ਇਸ ਲਹਿਰ ਨੂੰ ਜਲਦੀ ਹੀ ਦਬਾ ਦੇਣਾ ਚਾਹੀਦਾ ਹੈ। ਉਹ ਇਹ ਵੀ ਸਮਝਦਾ ਸੀ ਕਿ ਭਾਰਤ ਵਿੱਚ ਇਸਲਾਮਿਕ ਰਾਜ ਦੀ ਸਥਾਪਨਾ ਮੁਸਲਮਾਨ ਧਰਮ ਦੀ ਬੇਹੱਦ ਜ਼ਰੂਰੀ ਲੋੜ ਹੈ। ਇਸ ਨੂੰ ਉਹ ਰਾਜਨੀਤਕ ਤੌਰ ਤੇ ਜ਼ਰੂਰੀ ਸਮਝਦਾ ਸੀ। ਕੁਦਰਤੀ ਗੱਲ ਸੀ ਕਿ ਸਿੱਖ ਧਰਮ ਪ੍ਰਤੀ ਉਸ ਨੂੰ ਕੋਈ ਇੱਜ਼ਤ ਨਹੀਂ ਸੀ, ਜਿਸ ਦੀਆਂ ਪੰਜਾਬ ਵਿੱਚ ਡੂੰਘੀਆਂ ਜੜ੍ਹਾਂ ਲੱਗ ਚੁੱਕੀਆਂ ਸਨ। ਫੌਜਾ ਸਿੰਘ ਇਤਿਹਾਸਕਾਰ 'ਡਿਵੈਲਪਮੈਂਟ ਆਫ ਸਿੱਖਇਜ਼ਮ' ਅੰਡਰ ਦਾ ਗੁਰੂ ਵਿੱਚ ਇਸੇ ਕਥਨ ਦੀ ਪ੍ਰੋੜਤਾ ਕਰਦੇ ਹਨ। ਸਿੱਖ ਧਰਮ ਹੁਣ ਪੂਰੀ ਤਰ੍ਹਾਂ ਵੱਧ ਫੁੱਲ ਰਿਹਾ ਸੀ। ਫੌਜਾ ਸਿੰਘ ਇਹ ਵੀ ਲਿਖਦੇ ਹਨ ਕਿ ਦੂਜੀ ਗੱਲ ਔਰੰਗਜੇਬ ਗੁਰੂ ਸਾਹਿਬ ਨਾਲ ਇਸ ਗੱਲੋਂ ਗੁੱਸੇ ਸੀ ਕਿ ਉਨ੍ਹਾਂ ਨੇ ਉਸ ਦੇ ਵੱਡੇ ਭਰਾ ਦਾਰਾ ਸ਼ਿਕੋਹ ਦੀ ਸਹਾਇਤਾ ਕੀਤੀ ਸੀ, ਜੋ ਉਸ ਦਾ ਵਿਰੋਧੀ ਸੀ। ਔਰੰਗਜ਼ੇਬ ਦੀਆਂ ਫੌਜਾਂ ਨੂੰ ਦਾਰੇ ਦੇ ਲਾਹੌਰ ਤੱਕ ਪੁੱਜਣ ਤੱਕ ਬਿਆਸ ਦਰਿਆ ਤੇ ਰੋਕਿਆ ਸੀ। ਫੌਜਾ ਸਿੰਘ ਵੀ ਇਹ ਦਲੀਲ ਦਿੰਦੇ ਹਨ ਕਿ ਇਹ ਸਾਰੀ ਕਹਾਣੀ ਵੀ ਠੀਕ ਨਹੀਂ ਲੱਗਦੀ ਕਿਉਂਕਿ ਜੇ ਸੱਚੀ ਹੁੰਦੀ ਤਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕਰੜੀ ਕਾਰਵਾਈ ਕਰਨੀ ਸੀ। ਸਿਰਫ ਗੁਰੂ ਜੀ ਨੂੰ ਦਿੱਲੀ ਹੀ ਨਹੀਂ ਬੁਲਾਉਣਾ ਸੀ ਇਹ ਵੀ ਇੱਕ ਸੱਚਾਈ ਹੈ ਕਿ ਰਾਜ ਗੱਦੀ ਸੰਭਾਲਣ ਤੋਂ ਜਲਦੀ ਬਾਅਦ ਹੀ ਸਿੱਖ ਮਾਮਲਿਆਂ ਵਿੱਚ ਉਲਝਣਾ ਬਾਦਸ਼ਾਹ ਦੀ ਇਸ ਲਹਿਰ ਪ੍ਰਤੀ ਕੋਈ ਇਕੱਲੀ ਘ੍ਰਿਣਾ ਨਹੀਂ ਸੀ ਹੋਰ ਕੁਝ ਵੀ ਇਸ ਵਿੱਚ ਹੋਵੇਗਾ।

ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਔਰੰਗਜ਼ੇਬ ਨੂੰ ਲੱਗਿਆ ਕਿ ਹੁਣ ਉਸ ਦਾ ਰਾਜ ਸੁਰੱਖਿਅਤ ਹੈ ਦਿੱਲੀ ਦੇ ਤਖ਼ਤ ਤੇ ਉਹਦੀ ਪਕੜ ਮਜ਼ਬੂਤ ਹੈ ਤਾਂ ਗੁਰੂ ਜੀ ਦੇ ਵਿਰੋਧੀਆਂ ਨੇ ਬਾਦਸ਼ਾਹ ਨੂੰ ਸ਼ਿਕਾਇਤਾਂ ਕੀਤੀਆਂ ਹੋਣਗੀਆਂ ਕਿ ਦਾਰੇ ਨੇ ਗੁਰੂ ਜੀ ਨੂੰ ਮਿਲ ਕੇ ਆਸ਼ੀਰਵਾਦ ਲਿਆ ਸੀ ਅਤੇ ਉਸ ਦੀ ਬਾਦਸ਼ਾਹਤ ਵਿਰੁੱਧ ਮਦਦ ਵੀ ਕੀਤੀ ਸੀ। ਇਹ ਵੀ ਸ਼ਿਕਾਇਤ ਗਈ ਹੋਵੇਗੀ ਗੁਰੂ ਹਰ ਰਾਇ ਮੁਸਲਿਮ ਧਰਮ ਤੋਂ ਅਲੱਗ ਇੱਕ ਹੋਰ ਧਰਮ ਦਾ ਪ੍ਰਚਾਰ ਕਰ ਰਹੇ ਹਨ ਅਤੇ ਆਪਣੀਆਂ ਦੈਵੀ ਸ਼ਕਤੀਆਂ ਨਾਲ ਜਾਦੂ ਕਰ ਰਹੇ ਹਨ। ਔਰੰਗਜ਼ੇਬ ਨੂੰ ਇਹ ਵੀ ਸਲਾਹ ਮਿਲੀ ਹੋਵੇਗੀ ਕਿ ਗੁਰੂ ਜੀ ਨੂੰ ਸੱਦ ਕੇ ਉਸ ਨੂੰ ਇਸਲਾਮ ਕਬੂਲ ਕਰਵਾ ਲਵੋ ਨਹੀਂ ਤਾਂ ਉਹ ਆਪਣੀਆਂ ਕਰਾਮਾਤਾਂ ਨਾਲ ਧਾਰਮਿਕ ਰਾਜ ਸਥਾਪਤ ਕਰ ਲਵੇਗਾ। ਇਸ ਤਰ੍ਹਾਂ ਔਰੰਗਜ਼ੇਬ ਜਿਹੜਾ ਆਪਣੀ ਹਿੰਦੂ ਵਿਰੋਧੀ ਧਾਰਮਿਕ ਕੱਟੜਤਾ ਦਾ ਮੁਦਈ ਸੀ, ਉਹ ਗੁਰੂ ਜੀ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ ਅਤੇ ਦਾਰੇ ਦੀ ਮਦਦ ਵਾਲੀ ਗੱਲ ਉਸ ਦੇ ਹਜ਼ਮ ਨਹੀਂ ਹੋ ਰਹੀ ਸੀ। ਉਸ ਨੇ ਅਨੁਭਵ ਕੀਤਾ ਕਿ ਜੇਕਰ ਉਹ ਗੁਰੂ ਨੂੰ ਇਸਲਾਮ ਧਰਮ ਕਬੂਲ ਕਰਵਾ ਦਿੰਦਾ ਹੈ ਤਾਂ ਸੈਂਕੜੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣਾ ਦਿੱਤੇ ਜਾਣਗੇ। ਕਿਉਂਕਿ ਉਹ ਗੁਰੂ ਉਨ੍ਹਾਂ ਸਾਹਮਣੇ ਉਦਾਹਰਣ ਹੋਵੇਗਾ। ਦਾਰਾ ਸ਼ਿਕੋਹ ਦਾ ਮਿੱਤਰ ਗੁਰੂ ਹਰ ਰਾਇ ਕਦੇ ਵੀ ਔਰੰਗਜ਼ੇਬ ਦਾ ਮਿੱਤਰ ਨਹੀਂ ਹੋ ਸਕਦਾ ਸੀ।

ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਚੇਤਾ ਸੰਤੋਖ ਸਿੰਘ ਅਨੁਸਾਰ ਗੁਰੂ ਹਰ ਰਾਇ ਜੀ ਨੇ ਇਸ ਮਸਲੇ ਤੇ ਸਿੱਖਾਂ ਨਾਲ ਸਲਾਹ ਕੀਤੀ ਕਿ ਔਰੰਗਜੇਬ ਦੇ ਬੁਲਾਵੇ ਤੇ ਦਿੱਲੀ ਜਾਇਆ ਜਾਵੇ ਕਿ ਨਾ ਜਾਇਆ ਜਾਵੇ। ਕਾਫੀ ਸਲਾਹ ਮਸ਼ਵਰੇ ਪਿੱਛੋਂ ਸਿੱਖ ਧਰਮ ਦੇ ਸਿਆਣੇ ਤੇ ਵਡੇਰੇ ਸਿੱਖਾਂ ਨੇ ਸਲਾਹ ਦਿੱਤੀ ਕਿ ਗੁਰੂ ਜੀ ਨੂੰ ਦਿੱਲੀ ਜਾਣਾ ਚਾਹੀਦਾ ਹੈ ਅਤੇ ਬਾਦਸ਼ਾਹ ਅੱਗੇ ਆਪਣਾ ਪੱਖ ਰੱਖਣਾ ਚਾਹੀਦਾ ਹੈ, ਕਿ ਬਾਬੇ ਨਾਨਕ ਦਾ ਦਰ ਮੁਗਲ ਸਾਸਕਾਂ ਦੇ ਅੰਦਰੂਨੀ ਝਗੜਿਆਂ ਅਤੇ ਤਾਕਤਾਂ ਦੀ ਵੰਡ ਦੇ ਮੁੱਦੇ ਤੇ ਕੋਈ ਸਬੰਧ ਨਹੀਂ ਰੱਖਦਾ ਹੈ। ਪ੍ਰੰਤੂ ਸੂਰਜ ਪ੍ਰਕਾਸ਼ ਗ੍ਰੰਥ ਦੇ ਆਧਾਰ ਤੇ ਤਰਲੋਚਨ ਸਿੰਘ ਸੁਝਾਅ ਦਿੰਦੇ ਹਨ ਕਿ ਸਿੱਖ ਦਰਬਾਰ ਦੇ ਵਡੇਰਿਆਂ ਦਾ ਇਹ ਪੱਕਾ ਤੇ ਦ੍ਰਿੜ ਵਿਚਾਰ ਸੀ ਕਿ ਔਰੰਗਜ਼ੇਬ ਨੂੰ ਸਮਝਾਉਣ ਲਈ ਇੱਕ ਪੱਤਰ ਭੇਜਿਆ ਜਾਵੇ ਅਤੇ ਜੇਕਰ ਇਸ ਤੋਂ ਪਿੱਛੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਫੌਜ ਭੇਜਦਾ ਹੈ ਤਾਂ ਸਿੱਖ ਫ਼ੌਜ ਯੁੱਧ ਕਰੇ ਅਤੇ ਗੁਰੂ ਦਾ ਦਰਬਾਰ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਭੇਜ ਦਿੱਤਾ ਜਾਵੇ ਅਤੇ ਗੁਰੂ ਜੀ ਨੂੰ ਔਰੰਗਜ਼ੇਬ ਦੀ ਪਹੁੰਚ ਤੋਂ ਬਾਹਰ ਰੱਖਿਆ ਜਾਵੇ ।

ਜਦੋਂ ਇਹ ਬਹਿਸ ਚੱਲ ਰਹੀ ਸੀ ਤਾਂ ਗੁਰੂ ਹਰ ਰਾਏ ਦਾ ਵੱਡਾ ਸਪੁੱਤਰ ਰਾਮ ਰਾਇ ਵੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਆ ਪਹੁੰਚਿਆ। ਛੋਟਾ ਪੁੱਤਰ ਹਰਕ੍ਰਿਸ਼ਨ ਪਹਿਲਾਂ ਹੀ ਉੱਥੇ ਮੌਜੂਦ ਸੀ ਜੋ ਆਪਣੇ ਪਿਆਰੇ ਪਿਤਾ ਦੇ ਬਹੁਤ ਹੀ ਗੁੰਝਲਦਾਰ ਮਸਲੇ ਤੇ ਰੱਖੇ ਵਿਚਾਰਾਂ ਨੂੰ ਉਡੀਕ ਰਿਹਾ ਸੀ, ਕਿ ਕਿਵੇਂ ਬਾਬੇ ਨਾਨਕ ਦੇ ਘਰ ਦੀ ਏਕਤਾ ਅਤੇ ਆਜ਼ਾਦੀ ਬਰਕਰਾਰ ਰੱਖੀ ਜਾ ਸਕਦੀ ਹੈ। ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅਨੁਸਾਰ ਗੁਰੂ ਜੀ ਨੇ ਧੀਮੀ ਆਵਾਜ਼ ਵਿਚ ਕਿਹਾ ਕਿ ਉਹ ਪਹਿਲਾਂ ਹੀ ਆਪਣਾ ਫੈਸਲਾ ਕਰ ਚੁੱਕੇ ਹਨ ਕਿ ਉਹ ਕਦੇ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਨਹੀਂ ਜਾਣਗੇ। ਉਹ ਸ਼ਾਸਕ ਦਾ ਕਦੇ ਮੂੰਹ ਨਹੀਂ ਦੇਖਣਗੇ ਜਿਸ ਨੇ ਸਰਮਦ ਵਰਗੇ ਫ਼ਕੀਰਾਂ ਦਾ ਕਤਲ ਕਰਵਾਇਆ ਹੈ ਅਤੇ ਆਪਣੇ ਭਰਾਵਾਂ ਤੇ ਪਿਤਾ ਨੂੰ ਵੀ ਨਹੀਂ ਬਖਸ਼ਿਆ। ਮੇਰੀ ਉਸ ਪ੍ਰਤੀ ਕੋਈ ਧਾਰਮਿਕ ਜਾਂ ਰਾਜਨੀਤਿਕ ਵਫਾਦਾਰੀ ਨਹੀਂ। ਮੈਂ ਉਸ ਦੇ ਮੰਨਣ ਵਾਲਿਆਂ ਨਾਲ ਵੀ ਕੋਈ ਸਬੰਧ ਨਹੀਂ ਚਾਹੁੰਦਾ। ਮੇਰੇ ਦਾਦਾ ਜੀ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਹਦਾਇਤਾਂ ਬਿਲਕੁਲ ਸਾਫ ਤੇ ਸਹੀ ਹਨ। ਉਨ੍ਹਾਂ ਨੇ ਹੁਕਮ ਦਿੱਤਾ ਸੀ ਕਦੇ ਵੀ ਧਮਕੀਆਂ ਤੇ ਡਰਾਵਿਆਂ ਅੱਗੇ ਨਹੀਂ ਝੁਕਣਾ। ਉਸ ਸਮੇਂ ਕਰਤਾਰਪੁਰ ਤੋਂ ਆਏ ਬੇਦੀ ਵੰਸ਼ ਦੇ ਵਡੇਰਿਆਂ ਵਿੱਚੋਂ ਇੱਕ ਨੇ ਸਲਾਹ ਦਿੱਤੀ ਕਿ ਜੇਕਰ ਗੁਰੂ ਜੀ ਦਿੱਲੀ ਨਹੀਂ ਜਾਣਾ ਚਾਹੁੰਦੇ ਤਾਂ ਗੁਰੂ ਘਰ ਦਾ ਕੋਈ ਨੁਮਾਇੰਦਾ ਦਿੱਲੀ ਭੇਜ ਦਿੱਤਾ ਜਾਵੇ ਤਾਂ ਕਿ ਗੁਰੂ ਜੀ ਦੇ ਜਾਣ ਤੋਂ ਇਨਕਾਰ ਕਰਨ ਨੂੰ ਮੁਗ਼ਲਾਂ ਦੀ ਸ਼ਾਹੀ ਤਾਕਤ ਅਤੇ ਰਾਜਨੀਤਕ ਸੱਤਾ ਨੂੰ ਵੰਗਾਰ ਸਮਝਿਆ ਜਾਵੇ। ਰਾਮ ਰਾਇ ਛੋਟੀ ਉਮਰ ਹੋਣ ਦੇ ਬਾਵਜੂਦ ਇਸ ਗੱਲ ਤੋਂ ਪ੍ਰਭਾਵਿਤ ਹੋਏ ਅਤੇ ਇਸ ਵਿਚਾਰ ਦੀ ਹਮਾਇਤ ਕੀਤੀ ਕਿ ਕਿਸੇ ਨੂੰ ਦਿੱਲੀ ਦਰਬਾਰ ਜਾਣਾ ਚਾਹੀਦਾ ਹੈ ਅਤੇ ਬਾਦਸ਼ਾਹ ਨੂੰ ਆਪਣੀ ਵਿਦਵਤਾ ਅਤੇ ਧਾਰਮਿਕ ਤੇ ਅਧਿਆਤਮਕ ਸਿਆਣਾਪ ਰਾਹੀਂ ਪ੍ਰਭਾਵਿਤ ਕਰਨਾ ਚਾਹੀਦਾ ਹੈ। ਮੈਕਾਲਿਫ਼ ਲਿਖਦਾ ਹੈ ਕਿ ਸਭਾ ਵਿੱਚ ਜੁੜੇ ਹੋਏ ਲੋਕਾਂ ਨੇ ਆਪਣਾ ਧਿਆਨ ਰਾਮ ਰਾਇ ਵੱਲ ਸੇਧਿਤ ਕੀਤਾ ਅਤੇ ਕਿਹਾ ਤੁਸੀਂ ਗੁਰੂ ਜੀ ਦੇ ਦੇ ਵੱਡੇ ਪੁੱਤਰ ਹੋ ਅਤੇ ਯੋਗ ਹੋ, ਇਸ ਲਈ ਤੁਸੀਂ ਜਾ ਕੇ ਮਸਲਾ ਹੱਲ ਕਰੋ ਨਹੀਂ ਤਾਂ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ। ਔਰੰਗਜ਼ੇਬ ਨੇ ਪੱਕਾ ਇਰਾਦਾ ਕਰ ਲਿਆ ਹੈ ਅਤੇ ਉਹ ਆਪਣੇ ਭੈੜੇ ਵਿਚਾਰਾਂ ਨੂੰ ਜ਼ਰੂਰ ਅਮਲੀ ਰੂਪ ਦੇਵੇਗਾ, ਤੁਸੀਂ ਜੇਕਰ ਨਹੀਂ ਗਏ ਤਾਂ ਵੱਡਾ ਝਮੇਲਾ ਹੋ ਜਾਵੇਗਾ। ਰਾਮ ਰਾਇ ਉਹਨਾਂ ਨਾਲ ਸਹਿਮਤ ਹੋ ਗਿਆ ਕਿ ਉਹ ਬਾਦਸ਼ਾਹ ਦੇ ਦਰਬਾਰ ਜਾਵੇਗਾ ਅਤੇ ਉਸ ਦੇ ਨਾਲ ਸੰਤੋਖਜਨਕ ਸੰਧੀ ਕਰੇਗਾ। ਗੁਰੂ ਜੀ ਨੇ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ।

ਰਾਮ ਰਾਇ ਜਦ ਦਿੱਲੀ ਵੱਲ ਤੁਰਨ ਲੱਗਾ ਤਾਂ ਗੁਰੂ-ਪਿਤਾ ਨੇ ਉਸ ਨੂੰ ਕੁਝ ਜ਼ਰੂਰੀ ਹਦਾਇਤਾਂ ਦਿੱਤੀਆਂ। 'ਪੁੱਤਰ ਕੁੱਝ ਜਰੂਰੀ ਹਦਾਇਤਾਂ ਸੁਣੋ ਜਦੋਂ ਤੁਸੀਂ ਦਿੱਲੀ ਦਰਬਾਰ ਵਿੱਚ ਜਾਓਗੇ ਅਤੇ ਬਾਦਸ਼ਾਹ ਨੂੰ ਮਿਲੋਗੇ ਤਾਂ ਮੈਂ ਤੁਹਾਡੇ ਦਿਲ ਦੇ ਨਜ਼ਦੀਕ ਹੀ ਹੋਵਾਗਾਂ। ਮੁਗ਼ਲ ਦਰਬਾਰ ਦਾ ਆਪਣੇ ਦਿਮਾਗ਼ ਵਿੱਚ ਕੋਈ ਡਰ ਨਹੀਂ ਰੱਖਣਾ। ਆਪਣੀਆਂ ਅਧਿਆਤਮਕ ਅਤੇ ਧਾਰਮਿਕ ਪ੍ਰਪੱਕਤਾ ਅਤੇ ਆਤਮਾ ਤੇ ਕੋਈ ਸ਼ੱਕ ਸੰਦੇਹ ਨਹੀਂ ਕਰਨਾ। ਜਿੰਨਾ ਤੁਸੀਂ ਮਹਾਨ ਬਾਬਾ ਨਾਨਕ ਨੂੰ ਯਾਦ ਰੱਖੋਗੇ ਅਤੇ ਉਸ ਦੇ ਧਰਮ ਅਤੇ ਆਦਰਸ਼ਾਂ ਨੂੰ ਸੱਚਾਈ ਨਾਲ ਬਿਆਨ ਕਰੋਗੇ ਉਨ੍ਹਾਂ ਚਿਰ ਕੋਈ ਵੀ ਤੁਹਾਡੇ ਤੋਂ ਵੱਧ ਤਾਕਤਵਰ ਨਹੀਂ। ਜੇਕਰ ਉਹ ਔਰੰਗਜੇਬ ਸਿੱਖ ਧਰਮ ਦੇ ਬਾਰੇ ਕੋਈ ਪ੍ਰਸ਼ਨ ਕਰਦਾ ਹੈ ਤਾਂ ਸੱਚੋ ਸੱਚ ਉੱਤਰ ਦੇਣ ਤੋਂ ਝਿਜਕਣਾ ਨਹੀਂ। ਸਿੱਖ ਧਰਮ ਦੀ ਸ਼ਾਨ ਅਤੇ ਸੱਚਾਈ ਦੀ ਮਰਿਆਦਾ ਨੂੰ ਕਾਇਮ ਰੱਖਣਾ ਹੈ ਧਮਕੀਆਂ ਅੱਗੇ ਨਹੀਂ ਝੁਕਣਾ। ਆਪਣੇ ਧਰਮ ਅਤੇ ਮਰਿਆਦਾ ਨੂੰ ਕੋਈ ਠੇਸ ਨਹੀਂ ਪਹੁੰਚਣੀ ਚਾਹੀਦੀ। ਮਹਿਮਾ ਪ੍ਰਕਾਸ਼ ਵਿੱਚੋਂ ਉਪਰੋਕਤ ਵਿਚਾਰ ਲਿਖੇ ਹੋਏ ਹਨ ਕਿ ਗੁਰੂ ਜੀ ਨੇ ਰਾਮਰਾਇ ਨੂੰ ਹਰ ਤਰ੍ਹਾਂ ਤਿਆਰ ਕਰਕੇ ਮੁਗ਼ਲ ਦਰਬਾਰ ਭੇਜਿਆ ਸੀ।

ਰਾਮ ਰਾਇ ਦੇ ਦਿੱਲੀ ਪਹੁੰਚਣ ਤੇ ਦਰਬਾਰੀਆਂ ਨੇ ਔਰੰਗਜ਼ੇਬ ਨੂੰ ਸੂਚਿਤ ਕੀਤਾ ਕਿ ਗੁਰੂ ਹਰ ਰਾਇ ਆਪ ਨਹੀਂ ਆਏ ਸਗੋਂ ਆਪਣੇ ਪੁੱਤਰ ਨੂੰ ਮੁਗ਼ਲ ਦਰਬਾਰ ਵਿੱਚ ਭੇਜਿਆ ਹੈ। ਇਸ ਲਈ ਉਸ ਤੋਂ ਵੀ ਉਸੇ ਤਰ੍ਹਾਂ ਪੁੱਛ ਗਿੱਛ ਕੀਤੀ ਜਾਵੇ ਜਿਵੇਂ ਕਿ ਉਸਦੇ ਪਿਤਾ ਤੋਂ ਕਰਨੀ ਸੀ। ਬਾਦਸ਼ਾਹ ਨੇ ਫੈਸਲਾ ਕੀਤਾ ਕਿ ਜੇਕਰ ਰਾਮ ਰਾਇ ਦ ਪੇਸ਼ੀ ਵਿੱਚ ਪੁੱਛੇ ਗਏ ਸਵਾਲਾਂ ਤੋਂ ਉਸ ਦੀ ਤਸੱਲੀ ਨਹੀਂ ਹੁੰਦੀ ਤਾਂ ਗੁਰੂ ਜੀ ਨੂੰ ਵੀ ਸੱਦਿਆ ਜਾਵੇਗਾ। ਰਾਮ ਰਾਇ ਨੂੰ ਬਾਦਸ਼ਾਹ ਸਾਹਮਣੇ ਲਿਆਂਦਾ ਗਿਆ।

ਦਿੱਲੀ ਦਰਬਾਰ ਵਿੱਚ ਰਾਮ ਰਾਇ ਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਮਹਿਮਾ ਪ੍ਰਕਾਸ਼ ਦੇ ਅਨੁਸਾਰ ਬਾਦਸ਼ਾਹ ਨੇ ਉਸ ਨੂੰ ਇੱਕ ਮਹਿੰਗੀ ਅਤੇ ਜ਼ਹਿਰੀਲੀ ਪੁਸ਼ਾਕ ਭੇਟ ਕੀਤੀ। ਜਿਸ ਨਾਲ ਆਦਮੀ ਜੋ ਉਸ ਨੂੰ ਪਹਿਨਦਾ ਸੀ ਖਤਮ ਹੋ ਸਕਦਾ ਸੀ। ਇਹ ਰਾਮ ਰਾਇ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰਨ ਲਈ ਕੀਤਾ ਗਿਆ ਕੰਮ ਸੀ। ਰਾਮ ਰਾਇ ਨੇ ਇਸ ਵੱਲ ਦੇਖਿਆ ਤੇ ਕਿਹਾ 'ਜੇਕਰ ਸੱਪ ਨੂੰ ਸੰਦਲ ਦੇ ਦਰੱਖਤ ਨੇੜੇ ਰੱਖ ਦਿੱਤਾ ਜਾਵੇ ਤਾਂ ਸੱਪ ਦੀ ਜ਼ਹਿਰ ਸੰਦਲ ਦੀ ਖੁਸ਼ਬੂ ਨੂੰ ਖਤਮ ਨਹੀਂ ਕਰ ਸਕਦੀ। ਇਸ ਲਈ ਜ਼ਹਿਰਲੀ ਪੁਸ਼ਾਕ ਮੈਨੂੰ ਮਾਰ ਨਹੀਂ ਸਕਦੀ ਸਗੋਂ ਮੈਂ ਇਸ ਦੇ ਜ਼ਹਿਰੀਲੇ ਪਨ ਨੂੰ ਦੂਰ ਕਰ ਸਕਦਾ ਹਾਂ।' ਮੈਕਾਲਿਫ ਦੇ ਅਨੁਸਾਰ ਵੀ ਇੱਕ ਹੋਰ ਸਮੇਂ ਬਾਦਸ਼ਾਹ ਨੇ ਇੱਕ ਖੱਡੇ ਉੱਪਰ ਇੱਕ ਚਟਾਈ ਵਿਛਾ ਦਿੱਤੀ ਤਾਂ ਜੋ ਬੈਠਣ ਸਮੇਂ ਰਾਮ ਰਾਇ ਇਸ ਖੱਡੇ ਵਿੱਚ ਡਿੱਗ ਪਵੇ ਪ੍ਰੰਤੂ ਚਟਾਈ ਆਪਣੀ ਥਾਂ ਤੋਂ ਨਹੀਂ ਹਿੱਲੀ ਅਤੇ ਰਾਮ ਰਾਇ ਜਾਦੂਈ ਢੰਗ ਨਾਲ ਬਚ ਗਿਆ। ਇਸ ਤਰ੍ਹਾਂ ਦਿੱਲੀ ਦਰਬਾਰ ਵਿਚ ਰਾਮ ਰਾਇ ਦੀ ਵਾਹਵਾ ਹੋਣ ਲੱਗੀ ਅਤੇ ਉਸ ਦੀਆਂ ਕਰਾਮਾਤਾਂ ਦੀਆਂ ਗੱਲਾਂ ਹੋਣ ਲੱਗੀਆਂ।

ਹੁਣ ਰਾਮ ਰਾਇ ਇੰਨਾ ਬੇਧਿਆਨਾ ਹੋ ਗਿਆ ਕਿ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇੱਕ ਤੁਕ ਹੀ ਬਦਲ ਦਿੱਤੀ ਤਾਂ ਕਿ ਬਾਦਸ਼ਾਹ ਨੂੰ ਖੁਸ਼ ਕੀਤਾ ਜਾ ਸਕੇ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਰਾਮ ਰਾਏ ਨੂੰ ਆਦਿ ਗ੍ਰੰਥ ਵਿੱਚ ਦਰਜ ਬਾਣੀ ਦੀ ਇੱਕ ਤੁਕ ਦੇ ਅਰਥ ਕਰਨ ਲਈ ਕਿਹਾ ਜੋ ਮੁਸਲਮਾਨਾਂ ਦੇ ਵਿਰੁੱਧ ਸੀ।

'ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ।।
ਘੜ ਭਾਂਡੇ ਇੱਟਾਂ ਕੀਆ ਜਲਤੀ ਕਰੇ ਪੁਕਾਰ॥
ਜਲਿ ਜਲਿ ਰੋਵੇ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੇ ਕਰਤਾਰ।।'
('ਆਦਿ ਗ੍ਰੰਥ' ਆਸਾ ਦੀ ਵਾਰ ਵਿੱਚੋਂ।)

ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਆਦਿ ਗ੍ਰੰਥ ਵਿਚ ਆਸਾ ਦੀ ਵਾਰ ਵਿੱਚ ਦਰਜ ਹੈ। ਰਾਮਰਾਇ ਸਮਝ ਗਿਆ ਕਿ ਮੁਸਲਮਾਨਾਂ ਨੂੰ ਇਸ ਸ਼ਬਦ ਵਿੱਚ ਕਿਹੜਾ ਸ਼ਬਦ ਦੁਖੀ ਕਰਦਾ ਸੀ। ਉਸਨੇ ਬੜੀ ਸਾਫ਼ਗੋਈ ਨਾਲ ਉੱਤਰ ਦਿੱਤਾ ਕਿ ਅਣਜਾਣ ਵਿਅਕਤੀ ਤੋਂ ਮੂਲਰੂਪ ਵਿੱਚ ਲਿਖੇ ਸ਼ਬਦ ਦੀ ਤੋੜ-ਫੋੜ ਕੀਤੀ ਗਈ ਹੈ ਅਤੇ ਬੇਈਮਾਨ (ਅਧਰਮੀ) ਸ਼ਬਦ ਦੀ ਥਾਂ ਤੇ ਮੁਸਲਮਾਨ ਲਿਖ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਧਰਮ ਨੂੰ ਨਾ ਮੰਨਣ ਵਾਲੇ ਦੋਨਾਂ ਜਹਾਨਾਂ ਵਿੱਚ ਤ੍ਰਿਸਕਾਰੇ ਜਾਂਦੇ ਹਨ ਨਾ ਕਿ ਮੁਸਲਮਾਨ। ਜਿਉਂਦੇ ਵੀ ਉਹ ਦੁਖੀ ਰਹਿੰਦੇ ਹਨ ਅਤੇ ਮਰ ਕੇ ਵੀ ਉਨ੍ਹਾਂ ਦੀ ਮਿੱਟੀ ਬਲਦੀ ਰਹਿੰਦੀ ਹੈ। ਸੱਚੇ ਮੁਸਲਮਾਨ ਇਸ ਵਿੱਚ ਸ਼ਾਮਿਲ ਨਹੀਂ ਹਨ। ਮਹਿਮਾ ਪ੍ਰਕਾਸ਼ ਵਿੱਚ ਸਪੱਸ਼ਟ ਲਿਖਿਆ ਹੈ—

'ਸ੍ਰੀ ਪ੍ਰਭੂ ਜੀ ਕਹਾ ਸਹਿਜ ਸੁਭਾਇ।।
ਕਾਹੇ ਸੁਲ ਮਨ ਗਿਲਾ ਕਹਾਇ।।
ਮੁਸਲਮਾਨ ਪਾਕ ਨਹੀਂ ਜਲੇ।।
ਬੇਈਮਾਨ ਜਲ ਖਾਕ ਸੋ ਮਿਲੇ।।'

ਬੇਸ਼ੱਕ ਮੁਸਲਮਾਨ ਕਾਜ਼ੀ ਮੁੱਲਾ ਇਸ ਵਿਆਖਿਆ ਨਾਲ ਸੰਤੁਸਟ ਹੋ ਗਏ। ਪਰ ਇਸ ਤਰ੍ਹਾਂ ਭੁਗਤ ਕੇ ਰਾਮਰਾਇ ਔਰੰਗਜ਼ੇਬ ਦੇ ਗੁੱਸੇ ਤੋਂ ਬਚ ਗਿਆ। ਪਰ ਗੁਰੂ ਹਰ ਰਾਇ ਜੀ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ। ਗੁਰਬਾਣੀ ਦੀ ਤੁੱਕ ਬਦਲ ਕੇ ਰਾਮਰਾਇ ਨੇ ਗੁਰੂ ਪਿਤਾ ਦਾ ਗੁੱਸਾ ਸਹੇੜ ਲਿਆ। ਜਦੋਂ ਗੁਰੂ ਹਰ ਰਾਇ ਜੀ ਨੂੰ ਇਹ ਸੂਚਨਾ ਮਿਲੀ ਤਾਂ ਗੁਰੂ ਜੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਗੁਰੂ ਨਾਨਕ ਦੀ ਬਾਣੀ ਨਹੀਂ ਬਦਲ ਸਕਦਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ ਕਿ ਗੁਰੂ ਜੀ ਨੇ ਕਿਹਾ ਕਿ ਜਿਸ ਮੂੰਹ ਨਾਲ ਰਾਮ ਰਾਇ ਨੇ ਤੁੱਕ ਬਦਲੀ ਹੈ ਉਹ ਉਸ ਮੂੰਹ ਨੂੰ ਤੱਕਣਾ ਨਹੀਂ ਚਾਹੁੰਦੇ। ਉਸ ਤੇ ਝੂਠਾ ਹੋਣ ਦੇ ਦੋਸ਼ ਆਇਦ ਕੀਤੇ ਗਏ। ਮਹਿਮਾ ਪ੍ਰਕਾਸ਼ ਦੇ ਰਚੇਤਾ ਅਨੁਸਾਰ ਗੁਰੂ ਜੀ ਨੇ ਹੁਕਮਨਾਮਾ ਲਿਖ ਕੇ ਲਾਹੌਰ ਭੇਜਿਆ ਕਿ ਮੇਰਾ ਸਿੱਖ ਕਰਤਾ ਪੁਰਖ ਕੋ ਕੌਡੀ, ਦਮੜੀ, ਧੇਲਾ, ਪੈਸਾ ਕੋਈ ਭੇਟਾ ਨਾ ਦੇਵੇ ਜਿਹੜਾ ਸਿੱਖ ਐਸਾ ਕਰੇਗਾ ਉਹ ਮੇਰਾ ਸਿੱਖ ਨਹੀਂ ਰਹੇਗਾ। ਮੈਕਾਲਿਫ ਦੇ ਅਨੁਸਾਰ ਗੁਰੂ ਜੀ ਨੇ ਫਰਮਾਇਆ ਗੁਰੂਤਾ ਸ਼ੇਰਨੀ ਦੇ ਦੁੱਧ ਵਾਂਗ ਹੈ ਇਸ ਨੂੰ ਸੁਨਹਿਰੀ ਪਿਆਲੇ ਵਿੱਚ ਹੀ ਪੀਤਾ ਜਾ ਸਕਦਾ ਹੈ ਜੋ ਆਪਣੀ ਜ਼ਿੰਦਗੀ ਗੁਰੂ ਨੂੰ ਸ਼ਰਧਾ ਨਾਲ ਦੇਣ ਲਈ ਤਿਆਰ ਹੈ ਸਿਰਫ ਹੀ ਇਸ ਗੁਰੂਤਾ ਦੇ ਯੋਗ ਹੈ। ਉਸ ਨੂੰ ਔਰੰਗਜ਼ੇਬ ਦਾ ਹੁਕਮ ਮੰਨਣ ਦਿਓ ਅਤੇ ਉਸ ਦੇ ਦਰਬਾਰ ਵਿੱਚ ਧਨ ਇਕੱਠਾ ਕਰ ਲੈਣ ਦਿਓ।

ਰਾਮ ਰਾਇ ਨੇ ਮਾਫੀ ਮੰਗੀ ਅਤੇ ਕੀਰਤਪੁਰ ਆਪਣੇ ਪਿਤਾ ਜੀ ਕੋਲ ਜਾਣਾ ਚਾਹਿਆ। ਆਪਣੇ ਤਾਏ ਧੀਰ ਮੱਲ ਨੂੰ ਵੀ ਕਿਹਾ ਕਿ ਆਪਣੇ ਤੌਰ ਤੇ ਇਸ ਮਸਲੇ ਵਿੱਚ ਦਖਲ ਦੇਵੇ। ਪਰ ਗੁਰੂ ਨੇ ਉਸ ਦੀ ਮੁਆਫ਼ੀ ਸਵੀਕਾਰ ਨਹੀਂ ਕੀਤੀ। ਇਥੋਂ ਤੱਕ ਕਿ ਗੁਰੂ ਜੀ ਉਸ ਨੂੰ ਇੱਕ ਵਾਰ ਵੀ ਮਿਲਣ ਲਈ ਤਿਆਰ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਉਸੇ ਸਮੇਂ ਕੀਰਤਪੁਰ ਤੋਂ ਚਲਾ ਜਾਵੇ। ਉਸੇ ਰਸਤੇ ਸਿੱਧਾ ਚੱਲਿਆ ਜਾਵੇ ਜਿਧਰ ਉਸ ਦਾ ਮੂੰਹ ਸੀ। ਇਸ ਤਰ੍ਹਾਂ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਨੂੰ ਬਣਾਇਆ ਅਤੇ ਵੱਡੇ ਪੁੱਤਰ ਰਾਮ ਰਾਏ ਨੂੰ ਅਯੋਗ ਕਰ ਕਰਾਰ ਦੇ ਦਿੱਤਾ। ਇਸ ਦੇ ਨਤੀਜੇ ਵਜੋਂ ਰਾਮ ਰਾਏ ਆਪਣੇ ਛੋਟੇ ਭਰਾ ਹਰਕ੍ਰਿਸਨ ਦਾ ਵੈਰੀ ਬਣ ਗਿਆ ਤੇ ਸਮੇਂ ਅਨੁਸਾਰ ਸਿੱਖ ਧਰਮ ਦਾ ਵੀ ਵਿਰੋਧੀ ਹੋ ਗਿਆ। ਆਪਣੇ ਤਾਏ ਧੀਰਮੱਲ ਵਾਂਗ ਉਸ ਨੇ ਵੀ ਵਿਰੋਧੀ ਧਰਮ ਦੀ ਨੀਂਹ ਰੱਖੀ ਅਤੇ ਮੁਗਲਾਂ ਨਾਲ ਮਿਲ ਕੇ ਸਿੱਖ ਧਰਮ ਨੂੰ ਨੁਕਸਾਨ ਕਰਨ ਦੀਆਂ ਵਿਉਤਾਂ ਬਣਾਉਣ ਲੱਗਾ। ਉਸ ਸਮੇਂ ਚੱਲਦੀ ਉੱਤਰ ਅਧਿਕਾਰੀਆਂ ਦੀ ਰੀਤ ਕਰਕੇ ਸਿੱਖਾਂ ਵਿੱਚ ਕਈ ਵਿਰੋਧੀ ਸਮੂਹ ਬਣੇ ਸਨ। ਗੁਰੂ ਰਾਮਦਾਸ ਦੀ ਚੌਥੇ ਗੁਰੂ ਦੇ ਵੱਡੇ ਪੁੱਤਰ ਪਿਰਥੀ ਚੰਦ ਦੀ ਸੰਤਾਨ ਨੂੰ ਗੁਰਗੱਦੀ ਨਾ ਮਿਲਣ ਕਰਕੇ ਵਿਰੋਧੀ ਗਰੁੱਪ ਮੀਣਾ ਕਰਕੇ ਜਾਣੇ ਜਾਂਦੇ ਸਨ। ਗੁਰੂ ਹਰ ਰਾਇ ਦੇ ਵੱਡੇ ਭਰਾ ਧੀਰ ਮੱਲ ਨੇ ਵੀ ਇਸੇ ਕਰਕੇ ਧੀਰ ਮੱਲੀਏ ਨਾਂ ਦਾ ਸਮੂਹ ਬਣਾਇਆ ਸੀ। ਉਹ ਆਪਣੀਆਂ ਗੱਦੀਆਂ ਤੇ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਸਨ। ਹੁਣ ਰਾਮ ਰਾਇ ਵੀ ਗੁਰਗੱਦੀ ਨਾ ਮਿਲਣ ਕਰਕੇ ਖਫ਼ਾ ਹੋ ਗਿਆ ਅਤੇ ਡੇਹਰਾਦੂਨ ਜਾ ਕੇ ਨਵੀਂ ਅਲੱਗ ਗੱਦੀ ਸਥਾਪਤ ਕਰ ਲਈ ਉਸ ਦੇ ਅਨੁਆਈਆਂ ਨੂੰ ਰਾਮ ਰਾਈਏ ਕਿਹਾ ਜਾਂਦਾ ਹੈ।

ਰਾਮ ਰਾਇ ਆਪਣੇ ਚਰਿੱਤਰ ਦੀ ਪਕਿਆਈ ਦਿਖਾਉਣ ਵਿੱਚ ਅਸਫਲ ਰਿਹਾ ਅਤੇ ਬਾਦਸ਼ਾਹ ਕੋਲ ਪ੍ਰਸ਼ਨਾਂ ਦੇ ਉੱਤਰ ਆਪਣੀ ਮਰਜੀ ਅਨੁਸਾਰ ਦਿੰਦਾ ਰਿਹਾ ਜਿਹਨਾਂ ਨਾਲ ਬਾਦਸ਼ਾਹ ਤਾਂ ਖੁਸ਼ ਹੋ ਗਿਆ ਅਤੇ ਸੋਚਣ ਲੱਗਾ ਕਿ ਗੁਰੂ ਜੀ ਦਾ ਇਹ ਵੱਡਾ ਪੁੱਤਰ ਰਾਮ ਰਾਇ ਗੁਰਗੱਦੀ ਦਾ ਅਗਲਾ ਵਾਰਸ ਹੋਵੇਗਾ, ਇਸ ਦਾ ਦਿਲ ਜਿੱਤਣਾ ਜਰੂਰੀ ਹੈ। ਫੌਜਾ ਸਿੰਘ ਲਿਖਦੇ ਹਨ ਕਿ ਰਾਮ ਰਾਇ ਨੂੰ ਖੁਸ਼ ਕਰਕੇ ਬਾਦਸ਼ਾਹ ਔਰੰਗਜੇਬ ਗੁਰੂ ਜੀ ਨੂੰ ਆਪਣੇ ਝੰਡੇ ਥੱਲੇ ਲਿਆਉਣ ਦੀ ਸਕੀਮ ਸੋਚੀ ਬੈਠਾ ਸੀ। ਪਰੰਤੂ ਗੁਰੂ ਹਰ ਰਾਇ ਆਪਣੇ ਸਿੱਖਾਂ ਨੂੰ ਆਪਣੇ ਉਤਰਧਿਕਾਰੀਆਂ ਦੇ ਪਦ-ਚਿਨਾਂ 'ਤੇ ਚੱਲ ਕੇ ਸੱਚਾਈ ਅਤੇ ਠੀਕ ਸੋਚ ਤੇ ਪਹਿਰਾ ਦੇਣ ਲਈ ਤਿਆਰ ਕਰ ਰਹੇ ਸਨ। ਉਹ ਸਿੱਖਾਂ ਨੂੰ ਨਿਡਰ, ਬਹਾਦਰ ਅਤੇ ਨੈਤਿਕ ਕਦਰਾਂ-ਕੀਮਤਾਂ 'ਤੇ ਚੱਲਣ ਲਈ ਪ੍ਰੇਰ ਰਹੇ ਸਨ। ਉਹਨਾਂ ਨੂੰ ਰਾਮ ਰਾਏ ਦਾ ਡਰਪੋਕਤਾ ਭਰਿਆ ਕੰਮ ਚੰਗਾ ਨਾ ਲੱਗਿਆ। ਗੁਰੂ ਜੀ ਨੇ ਰਾਮ ਰਾਇ ਨੂੰ ਬੇਦਖਲ ਕਰ ਦਿੱਤਾ। ਇੱਥੇ ਇਹ ਗੱਲ ਵਰਨਣਯੋਗ ਹੌ ਕਿ ਗੁਰੂ ਜੀ ਸਿੱਖਾਂ ਦੇ ਮਨ ਤੋਂ ਮੁਗਲਾਂ ਦਾ ਭੈ ਦੂਰ ਕਰ ਰਹੇ ਸਨ ਅਤੇ ਉਹਨਾਂ ਨੂੰ ਬਹਾਦਰੀ ਨਾਲ ਕਿਸੇ ਵੀ ਸੰਕਟ ਦਾ ਟਾਕਰਾ ਕਰਨ ਲਈ ਸਿੱਖਿਆ ਦੇ ਰਹੇ ਸਨ ਜਿਹੋ ਜਿਹੇ ਹਾਲਤ ਬਣੇ ਹੋਏ ਸਨ, ਇਹੋ ਜਿਹੇ ਸਮੇਂ ਸਿੱਖਾਂ ਦੀ ਤਾਕਤ ਅਤੇ ਸਰੀਰਕ ਹੌਂਸਲਾ ਅਫਜ਼ਾਈ ਜ਼ਰੂਰੀ ਸੀ। ਅੱਗੇ ਜਾ ਕੇ ਸਿੱਖ ਕੌਮ ਨੂੰ ਜਿੰਨਾ ਸੰਘਰਸ਼ ਕਰਨਾ ਪਿਆ, ਉਹਦੇ ਵਿੱਚ ਉਹ ਜੇਤੂ ਹੋ ਕੇ ਨਿਕਲੇ। ਰਾਮ ਰਾਇ ਦੇ ਖਿਲਾਫ ਇੰਨਾ ਜਬਰਦਸਤ ਫੈਸਲਾ ਕਿ ਉਸ ਨੂੰ ਗੁਰਗੱਦੀ ਤੋਂ ਵੰਚਿਤ ਕਰ ਦਿੱਤਾ ਗਿਆ, ਇੱਕ ਵੱਡਾ ਕਦਮ ਸੀ। ਹਰ ਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਲਈ ਗੁਰੂ ਹਰ ਰਾਇ ਨੇ ਸੰਗਤਾਂ ਦਾ 23 ਸਤੰਬਰ 1661 ਈ. ਨੂੰ ਇਕੱਠ ਕੀਤਾ। ਗੁਰੂ ਹਰ ਰਾਇ ਸਾਹਿਬ ਉਥੇ ਆਸਾ ਦੀ ਵਾਰ ਕੀਰਤਨ ਉਪਰੰਤ ਆਪ ਸਿੰਘਾਸਨ ਤੋਂ ਉੱਠ ਖੜੇ ਹੋਏ ਅਤੇ ਹਰ ਕ੍ਰਿਸ਼ਨ ਨੂੰ ਉੱਪਰ ਬਿਠਾਇਆ ਅਤੇ ਤਿੰਨ ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਨੇ ਗੁਰਗੱਦੀ ਸਮਰਪਨ ਦੀ ਰੀਤ ਨਿਭਾਈ। ਇਸ ਤਰਾਂ ਉਹਨਾਂ ਨੇ ਸਭ ਤੋਂ ਉੱਚੇ ਤੇ ਯੋਗ ਵਿਅਕਤੀ ਗੁਰਗੱਦੀ ਦੇ ਕੇ ਸਿੱਖ ਸੰਗਤਾਂ ਨੂੰ ਹਕੀਕੀ ਗੁਰੂ ਦੇ ਲੜ ਲਾਇਆ। ਉਹਨਾਂ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਉਹ ਹਰ ਕ੍ਰਿਸ਼ਨ ਨੂੰ ਅੱਠਵਾਂ ਗੁਰੂ ਸਮਝਣ-

'ਸ੍ਰੀ ਹਰ ਕ੍ਰਿਸ਼ਨ ਨਿਜ ਰੂਪ ਮਮ, ਤਿਨ ਚਰਨਣ ਰਸ ਲਾਗ।।'

ਗੁਰੂ ਹਰ ਰਾਇ ਜੀ ਨੇ ਸਿੱਖ ਸੰਗਤ ਨੂੰ ਸਮਝਾਇਆ ਕਿ ਉਹ ਹਰ ਕ੍ਰਿਸ਼ਨ ਮੇਰੇ ਸਮਾਨ ਹੀ ਹਨ। ਲੋਕ ਪ੍ਰਲੋਕ ਦੇ ਇਹੀ ਮਾਲਕ ਹਨ। ਇਹਨਾਂ ਪਾਸ ਹੀ ਮੁਕਤੀ ਦੀ ਕੁੰਜੀ ਹੈ। ਜੋ ਵਿਅਕਤੀ ਸ਼ਰਧਾ ਧਾਰ ਕੇ ਇਹਨਾਂ ਦਾ ਲੜ ਫੜੇਗਾ ਉਸਨੂੰ

ਸਭ ਫਲ ਪ੍ਰਾਪਤ ਹੋਣਗੇ।

ਗੁਰਗੱਦੀ ਦੀ ਜ਼ਿੰਮੇਵਾਰੀ ਹਰ ਕ੍ਰਿਸ਼ਨ ਨੂੰ ਸੌਂਪ ਕੇ ਗੁਰੂ ਹਰ ਰਾਇ ਜੀ ਨੇ ਆਪਣਾ ਸਮਾਂ ਪਾਠ ਕਰਨ ਤੇ ਕੀਰਤਨ ਕਰਨ ਵਿੱਚ ਹੀ ਬਤੀਤ ਕੀਤਾ। ਗੁਰੂ ਜੀ ਅਕਤੂਬਰ 1661 ਈ. ਵਿੱਚ ਜੋਤੀ ਜੋਤ ਸਮਾ ਗਏ। ਇਸ ਸਮੇਂ ਉਹਨਾਂ ਦੀ ਉਮਰ ਸਿਰਫ 31 ਸਾਲ 8 ਮਹੀਨੇ 17 ਦਿਨ ਸੀ। ਇੰਨੀ ਛੋਟੀ ਉਮਰ ਵਿੱਚ ਜੋਤੀ ਜੋਤ ਸਮਾਉਣ ਪਿੱਛੇ ਕਈ ਤਰਾਂ ਦੀਆਂ ਮਨਘੜਤ ਕਹਾਣੀਆਂ ਬਣਾਈਆਂ ਗਈਆਂ ਹਨ। ਜਿਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਰਾਮਾਤਾਂ ਤੇ ਟੋਟਕਿਆਂ ਨਾਲ ਜੋੜੀਆਂ ਇਹ ਗੱਲਾਂ ਸਿੱਖਾਂ ਸਿਧਾਤਾਂ 'ਤੇ ਖਰੀਆਂ ਨਹੀਂ ਉਤਰਦੀਆਂ। ਸਾਰੇ ਸਿੱਖ ਗੁਰੂਆਂ ਨੇ ਸਮੇਂ-ਸਮੇਂ ਤੇ ਕਰਾਮਾਤਾਂ ਦੇ ਵਿਰੁੱਧ ਆਵਾਜ਼ ਉਠਾਈ ਅਤੇ ਸਿੱਖਾਂ ਨੂੰ ਖਬਰਦਾਰ ਕੀਤਾ। ਛੋਟੀ ਉਮਰ ਵਿੱਚ ਅਕਾਲ ਚਲਾਣਾ ਕਰਨ ਦਾ ਕਾਰਣ ਕੋਈ ਸਰੀਰਕ ਰੋਗ ਵੀ ਹੋ ਸਕਦਾ ਹੈ।

ਖ਼ਾਸ ਗੱਲ ਇਹ ਹੈ ਕਿ ਇੰਨੀ ਛੋਟੀ ਉਮਰ ਵਿੱਚ ਹੀ ਗੁਰੂ ਜੀ ਨੇ ਬੜੇ ਹੀ ਵੱਡੇ ਕੰਮ ਕੀਤੇ। ਜਿੱਥੇ ਆਪ ਘੁੰਮ ਫਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ, ਦੂਰ-ਦੂਰ ਤੋਂ ਵੱਡੇ ਘਰਾਣਿਆਂ ਨੂੰ ਸਿੱਖ ਧਰਮ ਵਿੱਚ ਲਿਆਂਦਾ ਉਥੇ ਹਮੇਸ਼ਾ ਸੱਚਾਈ ਤੇ ਨਿਮਰਤਾ ਦਾ ਪੱਲਾ ਫੜੀ ਰੱਖਿਆ, ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਰਹੇ ਅਤੇ ਭ੍ਰਿਸ਼ਟਾਚਾਰ ਤੇ ਅਨਿਆਂ ਖਿਲਾਫ ਲੜਨ ਲਈ ਸਿੱਖ ਕੌਮ ਨੂੰ ਪ੍ਰੇਰਿਤ ਕੀਤਾ।

ਗੁਰੂ ਜੀ ਦੇ ਨਿਮਰ ਸੁਭਾਅ, ਸੁਹਿਰਦਤਾ ਤੇ ਸਹਿਜ ਕਾਰਣ ਜੋ ਵੀ ਵਿਅਕਤੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਸੀ, ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਵਿਅਕਤੀਤਵ ਦੀ ਵਡਿਆਈ ਕਰਦੇ ਹੋਏ ਲਿਖਿਆ ਹੈ—

'ਸਿਮਰੋ ਸ੍ਰੀ ਹਰ ਰਾਇ।।'

ਗੁਰੂ ਹਰ ਰਾਇ ਜੀ ਨੇ ਸਿੱਖੀ ਦਾ ਪ੍ਰਚਾਰ ਦੇ ਨਾਲ-ਨਾਲ ਦੁਖੀਆਂ ਤੇ ਬਿਮਾਰਾਂ ਲਈ ਮੁਫਤ ਇਲਾਜ ਦਾ ਪ੍ਰਬੰਧ ਕੀਤਾ। ਜਿੱਥੇ ਬਾਦਸ਼ਾਹ ਤੇ ਕੀ ਦਰਵੇਸ਼, ਅਮੀਰ ਤੇ ਕੀ ਗਰੀਬ ਸਭ ਇਲਾਜ ਕਰਵਾ ਸਕਦੇ ਸਨ। ਸਹਿਜ਼ਾਦਾ ਦਾਰਾ ਸ਼ਿਕੋਹ ਵੀ ਗੁਰੂ ਹਰ ਰਾਇ ਦੇ ਦਵਾਖਾਨੇ ਤੋਂ ਜੜੀ ਬੂਟੀਆਂ ਦੀ ਦਵਾ ਨਾਲ ਹੀ ਠੀਕ ਹੋਇਆ ਸੀ।

ਗੁਰੂ ਜੀ ਨਿਡਰ ਤੇ ਦਲੇਰ ਸ਼ਖਸੀਅਤ ਸਨ। ਜੋ ਵੀ ਸ਼ਰਨ ਵਿੱਚ ਆਇਆ। ਉਸ ਦੀ ਜ਼ਰੂਰ ਮਦਦ ਕੀਤੀ। ਰਾਮ ਰਾਇ ਨੂੰ ਅਯੋਗ ਕਰਾਰ ਦਿੱਤਾ। ਬੇਸ਼ੱਕ ਉਹ ਔਰੰਗਜੇਬ ਦੇ ਸੰਪਰਕ ਵਿੱਚ ਸੀ ਅਤੇ ਮੁਗਲ ਬਾਦਸ਼ਾਹ ਬਹੁਤ ਸ਼ਕਤੀਸ਼ਾਲੀ ਸੀ। ਪਰ ਗੁਰੂ ਜੀ ਅਡੋਲ ਰਹੇ ਅਤੇ ਆਪਣੇ ਧਰਮ ਨਾਲ ਤੇ ਆਤਮਾ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਹਨਾਂ ਦੀ ਆਤਮਾ ਹੀ ਉਹਨਾਂ ਦੀ ਸ਼ਕਤੀ ਦਾ ਸੋਮਾ ਸੀ।ਉਹ ਜੋ ਗੱਲ ਦੂਸਰਿਆਂ 'ਤੇ ਲਾਗੂ ਕਰਦੇ ਸਨ, ਪਹਿਲਾਂ ਆਪਣੇ 'ਤੇ ਫੌਜ਼ੀ ਜ਼ਬਤ ਵਾਂਗ ਲਾਗੂ ਕਰਦੇ ਸਨ। ਉਹ ਉਹੀ ਗੱਲ ਮੰਨਦੇ ਸਨ ਜੋ ਉਹਨਾਂ ਦੀ ਅੰਤਰ-ਆਤਮਾ ਮੰਨਦੀ ਸੀ। ਗੁਰੂ ਜੀ ਦੀ ਵਡਿਆਈ ਉਹਨਾਂ ਦੀ ਸੱਚਾਈ ਵਿੱਚ ਸੀ, ਨਿਰਪੱਖਤਾ ਵਿੱਚ ਸੀ ਤੇ ਨਿਰਭੈਤਾ ਵਿੱਚ ਸੀ। ਉਹ ਬਾਦਸ਼ਾਹ ਸਨ, ਦਰਵੇਸ਼ ਸਨ। ਉਹ ਕਮਜ਼ੋਰਾਂ ਅਤੇ ਨਿਆਸਰਿਆਂ ਦੇ ਆਸਰੇ ਤੇ ਸਹਾਰਾ ਵੀ ਬਣੇ। ਉਹਨਾਂ ਨੇ ਜ਼ਿੰਦਗੀ ਭਰ ਕਿਸੇ ਪਸ਼ੂ-ਪੰਛੀ, ਫੁੱਲ-ਬੂਟੇ ਦਾ ਨਿਰਾਦਰ ਨਹੀਂ ਕੀਤਾ, ਉਹਨਾਂ ਨੂੰ ਦੁੱਖ ਨਹੀਂ ਦਿੱਤਾ। ਆਪਣੇ ਧਰਮ ਦੀ ਪਾਲਣਾ ਬੇਖੌਫ ਹੋ ਕੇ ਸੱਚਾਈ ਦੇ ਮਾਰਗ 'ਤੇ ਚੱਲਦਿਆਂ ਕੀਤੀ। ਉਹਨਾਂ ਦਾ ਉੱਚਾ-ਸੁੱਚਾ ਤੇ ਬੇਦਾਗ ਜੀਵਨ ਕਾਲ ਉਹਨਾਂ ਦੀ ਮਹਾਨਤਾ ਦੀ ਸ਼ਾਹਦੀ ਭਰਦਾ ਹੈ।