ਸਿੱਖ ਗੁਰੂ ਸਾਹਿਬਾਨ/ਗੁਰੂ ਹਰਗੋਬਿੰਦ ਜੀ

ਵਿਕੀਸਰੋਤ ਤੋਂ

ਸ੍ਰੀ ਗੁਰੂਹਰਗੋਬਿੰਦ ਸਾਹਿਬ ਜੀ

'ਛਠਮ ਪੀਰ ਬੈਠਾ ਗੁਰੂ ਭਾਰੀ॥'

ਸਿੱਖ ਧਰਮ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਦੀ ਜਨਮ ਗੁਰੂ ਅਰਜਨ ਦੇਵ ਜੀ ਦੇ ਘਰ 19 ਜੂਨ 1595 ਈ, ਨੂੰ ਮਾਤਾ ਗੰਗਾ ਜੀ ਦੀ ਕੁਖੋਂ ਹੋਇਆ। ਬਾਬਾ ਬੁੱਢਾ ਜੀ ਨੂੰ ਉਹਨਾਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਸਮੇਂ ਮੁਗਲ ਬਾਦਸ਼ਾਹ ਜਹਾਂਗੀਰ ਸਿੱਖਾਂ ਦਾ ਦੁਸ਼ਮਣ ਬਣ ਚੁੱਕਿਆ ਸੀ। ਗੁਰੂ ਪਿਤਾ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਸਨ। ਇਸ ਲਈ ਉਹ ਬਾਲ ਹਰਗੋਬਿੰਦ ਨੂੰ ਪੜ੍ਹਾਈ- ਲਿਖਾਈ ਦੇ ਨਾਲ ਯੋਧਾ ਵੀ ਬਣਾਉਣਾ ਚਾਹੁੰਦੇ ਸਨ। ਉਹਨਾਂ ਨੇ ਬਾਲ-ਗੁਰੂ ਨੂੰ ਪੜ੍ਹਨ ਤੋਂ ਇਲਾਵਾ ਹਥਿਆਰਾਂ ਦੀ ਵਰਤੋਂ, ਘੋੜ-ਸਾਵਰੀ, ਤੈਰਾਕੀ, ਪਹਿਲਵਾਨੀ ਤੇ ਹੋਰ ਸਰੀਰਕ ਕਸਰਤਾਂ ਤੋਂ ਵੀ ਜਾਣੂ ਕਰਵਾਇਆ। ਇਸ ਤਰਾਂ ਉਹ ਧਾਰਮਿਕ ਵਿਅਕਤੀ ਹੋਣ ਦੇ ਨਾਲ-ਨਾਲ ਬਹਾਦਰ ਅਤੇ ਤਕੜੇ ਜੁੱਸੇ ਦੇ ਮਾਲਕ ਵੀ ਬਣੇ। ਉਹ ਆਪ ਵੀ ਬਹਾਦਰੀ ਭਰੇ ਕਾਰਨਾਮੇ ਕਰਦੇ ਅਤੇ ਆਪਣੇ ਸਾਥੀਆਂ ਨੂੰ ਵੀ ਇਸੇ ਤਰਾਂ ਸਰੀਰਕ ਕਸਰਤਾਂ ਕਰਵਾਉਂਦੇ। ਗੁਰੂ ਪਿਤਾ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੇ ਸਿੱਖ ਧਰਮ ਨੂੰ ਇੱਕ ਨਵਾਂ ਮੋੜ ਦਿੱਤਾ। ਜਿਸ ਨਾਲ ਸਿੱਖ ਕੌਮ ਭਗਤੀ ਤੇ ਸ਼ਕਤੀ ਦਾ ਸੁਮੇਲਬਣੀ ਅਤੇ ਮੁਗਲਾਂ ਨਾਲ ਲੜਾਈਆਂ ਵਿੱਚ ਅਦਭੁੱਤ ਸਾਹਸ ਤੇ ਵੀਰਤਾ ਦਿਖਾਈ।

ਗੁਰੂ ਹਰਗੋਬਿੰਦ ਸਾਹਿਬ ਨੂੰ ਜਿਸ ਸਮੇਂ ਬਾਬਾ ਬੁੱਢਾ ਨੇ ਤਿਲਕ ਲਾਉਣ ਅਤੇ ਸੇਲੀ ਟੋਪੀ ਦੀ ਰਸਮ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਤਲਵਾਰ ਵੀ ਪਹਿਨਾਈ ਜਾਵੇ। 25 ਮਈ 1606 ਈ. ਨੂੰ ਗੁਰੂਆਈ ਦੀ ਇਸ ਰਸਮ ਮੌਕੇ ਆਪਣੇ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਦੋ ਤਲਵਾਰਾਂ ਗ੍ਰਹਿਣ ਕੀਤੀਆਂ। ਇੱਕ ਤਲਵਾਰ 'ਪੀਰੀ' ਦੀ ਸੀ ਜਿਸਦਾ ਮਤਲਬ ਸੀ ਕਿ ਇਹ

ਤਲਵਾਰ ਅਧਿਆਤਮਿਕਤਾ ਦੀ ਪ੍ਰਤੀਕ ਹੈ। ਦੂਜੀ ਤਲਵਾਰ ਨੂੰ 'ਮੀਰੀ' ਦੀ ਤਲਵਾਰ ਕਿਹਾ ਗਿਆ ਜੋ ਕਿ ਸੰਸਾਰਿਕ ਸ਼ਕਤੀ ਦੀ ਪ੍ਰਤੀਕ ਹੈ। ਇਸ ਤਰਾਂ 'ਭਗਤੀ ਤੇ ਸ਼ਕਤੀ' ਇਕੋਂਠੀਆਂ ਕਰ ਦਿੱਤੀਆਂ। ਗੁਰੂ ਦੇ ਸਿੱਖ ਹੁਣ ਧਾਰਮਿਕ ਵੀ ਸਨ ਅਤੇ ਹੱਥ ਵਿੱਚ ਤਲਵਾਰ ਲੈ ਕੇ ਘੋੜ-ਸਵਾਰੀ ਵੀ ਕਰਦੇ ਸਨ। ਇਸ ਤਰਾਂ 'ਸੰਤ ਸਿਪਾਹੀ' ਦਾ ਨਵਾਂ ਸੰਕਕਲਪ ਹੋਂਦ ਵਿੱਚ ਆਇਆ। ਇਸ ਤਰਾਂ ਸਿੱਖ ਕੌਮ ਨਿਡਰ ਹੋਂ ਕੇ ਮੁਗਲ ਸਾਸ਼ਕਾਂ ਦੇ ਜੁਲਮ ਦਾ ਟਾਕਰਾ ਕਰਨ ਲੱਗੀ।

ਗੁਰੂ ਹਰਗੋਬਿੰਦ ਜੀ ਨੇ ਸਿੱਖ ਸ਼ਰਧਾਲੂਆਂ ਨੂੰ ਸੁਨੇਹੇ ਭੇਜੇ ਕਿ ਉਹ ਦਸਵੰਧ ਦੇ ਵਿੱਚ ਪੈਸੇ ਨਾਲ ਹਥਿਆਰ, ਘੋੜੇ ਆਦਿ ਵੀ ਭੇਜਣ ਤਾਂ ਕਿ ਜ਼ੁਲਮ ਦੇ ਖਿਲਾਫ ਮੋਰਚਾ ਖੋਲਿਆ ਜਾਵੇ। ਉਹਨਾਂ ਨੇ ਸਿੱਖ ਫੌਜ ਤਿਆਰ ਕੀਤੀ, ਉਹਨਾਂ ਦੀਆਂ ਜੰਗੀ ਮਸ਼ਕਾਂ ਕਰਾਉਂਦੇ ਅਤੇ ਹਥਿਆਰਾਂ ਦੀ ਸਿਖਲਾਈ ਦਿੰਦੇ। ਉਹਨਾਂ ਨੇ ਅੰਮ੍ਰਿਤਸਰ ਨਗਰੀ ਦੀ ਸੁਰੌਖਿਅਤਾ ਲਈ 'ਲੋਹਗੜ' ਕਿਲੇ ਦੀ ਸਥਾਪਨਾ ਕੀਤੀ। ਬਹਾਦਰ ਨੌਜੁਆਨ ਉਹਨਾਂ ਦੀ ਫੌਜ ਵਿੱਚ ਬਿਨਾਂ ਕਿਸੇ ਭੇਦ-ਭਾਵ ਤੋਂ ਸ਼ਾਮਲ ਹੋ ਸਕਦੇ ਸਨ। ਕਿਲਿਆਂ ਦਾ ਨਿਰਮਾਣ ਕੀਤਾ ਗਿਆ। ਗੁਰੂ ਸਾਹਿਬ ਨੇ ਸ਼ਾਹੀ ਚਿੰਨ ਧਾਰਨ ਕੀਤੇ ਅਤੇ ਸਿੱਖ ਉਹਨਾਂ ਨੂੰ 'ਸੱਚਾ ਪਾਤਸ਼ਾਹ' ਕਹਿਣ ਲੱਗੇ। ਇਤਿਹਾਸਕਾਰ ਕੰਨਿਘਮ ਦੇ ਅਨੁਸਾਰ ਗੁਰੂ ਜੀ ਦੀ ਸੈਨਾ ਵਿੰਚ 800 ਘੋੜੇ, 300 ਘੋੜਸਵਾਰ, 60 ਤੋਪਚੀ ਸਨ। ਜਿਹੜੇ ਲੜਾਈ ਦੇ ਹਰ ਪੱਖ ਤੋਂ ਮਾਹਰ ਸਨ। ਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਜੋ ਵੀ ਲੜਾਈਆਂ ਲੜੀਆਂ ਉਹ ਸਿੱਖ ਧਰਮ ਦੇ ਬਚਾਅ ਲਈ ਹੀ ਸਨ।

ਗੁਰੂ ਹਰ ਗੋਬਿੰਦ ਸਾਹਿਬ ਨੇ ਹਰਿਮੈਦਰ ਸਾਹਿਬ ਦੇ ਸਾਹਮਣੇ 'ਅਕਾਲ ਤਖ਼ਤ' ਦੀ ਇਮਾਰਤ ਦੀ ਉਸਾਰੀ 1608 ਈ. ਵਿੱਚ ਕਰਵਾਈ। ਇਸ ਦੀ ਸਾਰੀ ਉਸਾਰੀ ਬਾਬਾ ਬੁੱਢਾ, ਭਾਈ ਗੁਰਦਾਸ ਅਤੇ ਗੁਰੂ ਜੀ ਨੇ ਆਪ ਕੀਤੀ। ਕਿਸੇ ਮਿਸਤਰੀ ਦੀ ਇਸ ਉਸਾਰੀ ਵਿੱਚ ਮਦਦ ਨਹੀਂ ਲਈ ਗਈ। ਸਵੇਰ ਵੇਲੇ ਰੋਜ਼ਾਨਾ ਦੀ ਸਰੀਰ ਸੋਧਣ ਦੀ ਕਿਰਿਆ ਤੋਂ ਬਾਦ ਗੁਰੂ ਜੀ ਭਗਤੀ ਕਰਦੇ। ਸਵੇਰੇ ਸ਼ਾਮ ਸ਼ਬਦ ਕੀਰਤਨ ਹੁੰਦਾ। ਸਿੱਖ ਸੰਗਤਾਂ ਇਸ ਵਿੱਚ ਸ਼ਾਮਲ ਹੁੰਦੀਆਂ। ਦਿਨ ਵੇਲੇ ਸਰੀਰਕ ਅਭਿਆਸ ਪਰੇਡ, ਘੋੜ ਸਵਾਰੀ ਸ਼ਿਕਾਰ ਅਤੇ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਂਦੀ। ਬਿਧੀ ਚੰਦ, ਭਾਈ ਪਿਰਾਣਾ, ਪਿਆਰਾ ਆਦਿ ਕੋਲ ਘੋੜ ਸਵਾਰਾਂ ਦੀ ਸਿਖਲਾਈ ਦਾ ਅਭਿਆਸ ਹੁੰਦਾ। ਰਾਜਿਆਂ ਵਾਂਗ ਗੁਰੂ ਜੀ ਤਖਤ 'ਤੇ ਬੈਠ ਕੇ ਸਾਰੇ ਕੌਤਕ ਦੇਖਦੇ ਅਤੇ ਭੇਟਾ ਸਵੀਕਾਰ ਕਰਦੇ। ਇਸ ਤਰਾਂ ਹਰਿਮੰਦਰ ਸਾਹਿਬ ਲਈ ਸਭਾਵਾਂ ਕਰਨ ਦਾ ਸਥਾਨ ਬਣ ਗਿਆ। ਅੱਜ ਵੀ ਹਰ ਸਿੱਖ ਹਰਿਮੰਦਰ ਸਾਹਿਬ ਸੀਸ ਨਿਵਾਉਣ ਤੋਂ ਬਾਅਦ ਅਕਾਲ-ਤਖਤ 'ਤੇ ਜਾ ਕੇ ਵੀ ਆਪਣੀ ਸ਼ਰਧਾ ਵਿਅਕਤ ਕਰਦਾ ਹੈ। ਸਿੱਖਾਂ ਦੇ ਮਾੜੇ ਚੱਲਦੇ ਸਮਿਆਂ ਵਿੱਚ ਜਦੋਂ ਮੀਰ ਮੰਨੂੰ ਤੇ ਜ਼ਕਰੀਆ ਖ਼ਾਨ ਆਦਿ ਸਿੱਖਾਂ ਦੇ ਸਿਰਾਂ ਦੇ ਮੁੱਲ ਤਹਿ ਕਰਦੇ ਸਨ ਅਤੇ ਘੱਲੂਘਾਰਿਆਂ ਦੇ ਸਮੇਂ ਇੱਥੇ ਹੀ ਸਿੱਖ ਇਕੱਠੇ ਹੋ ਕੇ 'ਗੁਰਮਤਾ' ਕਰਦੇ ਸਨ ਅਤੇ 'ਸਰਬਤ ਖਾਲਸੇ' ਦੀਆਂ ਬੈਠਕਾਂ ਕਰਦੇ ਸਨ।

ਗੁਰੂ ਅਰਜਨ ਜੀ ਦੀ ਸ਼ਹੀਦੀ ਪਿੱਛੋਂ ਬੇਸ਼ੱਕ ਜਹਾਂਗੀਰ ਨੇ ਗੁਰੂ ਹਰਗੋਬਿੰਦ ਖਿਲਾਫ ਕੋਈ ਬੰਦਿਸ਼ ਨਹੀਂ ਲਗਾਈ। ਸਗੋਂ ਕਈ ਵਾਰ ਮਿੱਤਰਤਾਪੂਰਨ ਸ਼ਿਕਾਰ ਆਦਿ ਖੇਡਣ ਲਈ ਵੀ ਬੁਲਾਵਾ ਭੇਜਿਆ ਤਾਂ ਵੀ ਚੰਦੂ ਸ਼ਾਹ ਜਿਹੇ ਮੁਗਲ ਦਰਬਾਰ ਦੇ ਦਰਬਾਰੀ ਭਰਮ-ਭੁਲੇਖ ਖੜੇ ਕਰਦੇ ਰਹਿੰਦੇ ਸਨ। ਮੁਗਲ ਬਾਦਸ਼ਾਹ ਨੇ ਚੰਦੂ ਸ਼ਾਹ ਦੀ ਚੁੱਕ ਵਿੱਚ ਆ ਕੇ ਗੁਰੂ ਜੀ ਨੂੰ ਦਿੱਲੀ ਸੱਦਿਆ। ਗੁਰੂ ਜੀ ਨੂੰ ਮਿਲਕੇ ਜਹਾਂਗੀਰ ਖੁਸ਼ ਹੋਇਆ ਅਤੇ ਉਹ ਇਕੱਠੇ ਕਈ ਮੁਹਿੰਮਾਂ 'ਤੇ ਵੀ ਗਏ। ਜਹਾਂਗੀਰ ਗੁਰੂ ਜੀ ਦੀ ਬਹਾਦਰੀ ਦਾ ਕਾਇਲ ਸੀ। ਗੁਰੂ ਜੀ ਨੇ ਆਪਣੇ ਜੰਗੀ ਅਭਿਆਸ ਅਤੇ ਆਪਣੀ ਧਾਰਮਿਕ ਰੰਗਣਾ ਨਾਲ ਸਿੱਖਾਂ ਨੂੰ ਬਹਾਦਰ ਤੋਂ ਯੋਧੇ ਬਣਾ ਦਿੱਤਾ। ਮੁਗਲ ਬਾਦਸ਼ਾਹ ਦੇ ਦਰਬਾਰੀਆਂ ਨੇ ਫਿਰ ਚੁਗਲੀ ਕੀਤੀ ਕਿ ਗੁਰੂ ਜੀ ਦੀ ਤਾਕਤ ਦਿਨੋ-ਦਿਨ ਵਧ ਰਹੀ ਹੈ, ਇਸ ਨੂੰ ਰੋਕਿਆ ਜਾਵੇ। ਬਾਦਸ਼ਾਹ ਇਸ ਸਮੇਂ ਆਗਰਾ ਵਿਖੇ ਸੀ ਉਸਨੇ ਗੁਰੂ ਜੀ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਗੁਰੂ ਜੀ ਨੂੰ ਕੈਦ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ। ਕਿਲੇ ਵਿੱਚ ਪਹਾੜੀ ਰਾਜੇ ਵੀ ਕੈਦ ਕੀਤੇ ਹੋਏ ਸਨ। ਉਹ ਗੁਰੂ ਜੀ ਦੀ ਜੀਵਨ ਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਹੋਏ ਅਤੇ ਗੁਰੂ ਜੀ ਨਾਲ ਉਹਨਾਂ ਦੀ ਨੇੜਤਾ ਹੋ ਗਈ।

ਜਲਦੀ ਹੀ ਬਾਦਸ਼ਾਹ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਗੁਰੂ ਜੀ ਨੂੰ ਰਿਹਾ ਕਰਨ ਦਾ ਹੁਕਮ ਜਾਰੀ ਕੀਤਾ। ਪਰੰਤੂ ਗੁਰੂ ਜੀ ਆਪਣੇ ਨਾਲ 52 ਹੋਰ ਰਾਜਿਆਂ ਨੂੰ, ਜੋ ਛੋਟੇ-ਮੋਟੇ ਕਾਰਨਾਂ ਕਰਕੇ ਜੇਲ ਵਿੱਚ ਤੁੰਨੇ ਹੋਏ ਸਨ, ਨੂੰ ਲੈ ਕੇ ਕਿਲੇ ਤੋਂ ਬਾਹਰ ਆਉਣ ਲਈ ਰਜ਼ਾਮੰਦ ਹੋਏ। ਬਾਦਸ਼ਾਹ ਨੇ ਇਹ ਮੰਗ ਸਵੀਕਾਰ ਕਰ ਲਈ ਇਸੇ ਘਟਨਾ ਕਰਕੇ ਗੁਰੂ ਹਰ ਗੋਬਿੰਦ ਜੀ ਨੂੰ 'ਬੰਦੀ ਛੋੜ ਦਾਤਾ' ਵੀ ਕਿਹਾ ਜਾਂਦਾ ਹੈ। ਬੰਦੀ ਛੋੜ ਦਾ ਮਤਲਬ ਹੈ- ਕੈਦੀਆਂ ਨੂੰ ਛੁਡਾਉਣ ਵਾਲਾ। ਗੁਰੂ ਜੀ ਉੱਥੋਂ ਅੰਮ੍ਰਿਤਸਰ ਆ ਗਏ।

ਗੁਰੂ ਨਾਨਕ ਦੇਵ ਜੀ ਤਰਾਂ ਗੁਰੂ ਹਰਗੋਥਿੰਦ ਸਾਹਿਬ ਨੇ ਵੀ ਸਿੱਖੀ ਦੇ ਪ੍ਰਚਾਰ ਲਈ ਦੂਰ-ਦੂਰ ਤੌਕ ਯਾਤਰਾਵਾਂ ਕੀਤੀਆਂ। ਕਸ਼ਮੀਰ ਜਾ ਕੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖ ਧਰਮ ਵਿੱਚ ਪਰਿਵਰਤਿਤ ਕੀਤਾ। ਉਹ ਉੱਤਰ ਪ੍ਰਦੇਸ਼ ਗਏ ਅਤੇ ਕਈ ਧਰਮਸ਼ਾਲਾਵਾਂ ਬਣਾਈਆਂ ਤਾਂ ਕਿ ਸਿੱਖ ਸੰਗਤ ਜੁੜ ਸਕੇ। ਇਸ ਸਮੇਂ ਸ੍ਰੀ ਚੰਦ ਬਾਬਾ ਜੀ ਬਹੁਤ ਬਜ਼ੁਰਗ ਹੋ ਚੁੱਕੇ ਸਨ ਅਤੇ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਸਨ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਮਿਲੇ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਨਗਰ ਵਿੱਖੇ ਗੁਰੂ ਘਰ ਦੀ ਭਗਤ ਮਾਤਾ ਭਾਗਭਰੀ ਨੇ ਗੁਰੂ ਜੀ ਨੂੰ ਆਪਣੇ ਹੱਥੀਂ ਬਣਾਇਆ ਹੋਇਆ ਚੋਲਾ ਭੇਟ ਕੀਤਾ। ਉਥੇ ਮਾਈ ਦੀ ਯਾਦ ਵਿੱਚ ਗੁਰੂਦੁਆਰਾ ਬਣਿਆ ਹੋਇਆ ਹੈ। ਇੱਥੇ ਕਸ਼ਮੀਰ ਵਿੱਚ ਰਹਿੰਦਿਆਂ ਹੀ ਉਹਨਾਂ ਨੇਂ ਜਹਾਂਗੀਰ ਦੀ ਮੌਤ ਬਾਰੇ ਸੁਣਿਆ। ਉਹ ਵਾਪਸ ਅੰਮ੍ਰਿਤਸਰ ਗਏ ਸਨ।

1628 ਈ. ਵਿੱਚ ਸ਼ਾਹਜਹਾਨ ਮੁਗਲ ਬਾਦਸ਼ਾਹ ਬਣਿਆ। ਗੁਰ ਹਰੋਗਬਿੰਦ ਸਾਹਿਬ ਅਤੇ ਸ਼ਾਹਜਹਾਨ ਇੱਕ ਹੀ ਜੰਗਲ ਦੇ ਵਿੱਚ ਸ਼ਿਕਾਰ ਕਰ ਰਹੇ ਸਨ ਤਾਂ ਬਾਦਸ਼ਾਹ ਦੇ ਬਾਜ਼ ਕਾਰਨ ਸਿੱਖਾਂ ਤੇ ਮੁਗਲਾਂ ਵਿੱਚਕਾਰ ਝੜਪ ਹੋ ਗਈ। ਸ਼ਾਹ ਜਹਾਨ ਨੇ ਜਰਨੈਲ ਮੁਖਲਿਸ ਖਾਨ ਦੀ ਅਗਵਾਈ ਵਿੱਚ ਫੌਜ ਗੁਰੁ ਜੀ ਨਾਲ ਲੜਾਈ ਕਰਨ ਲਈ ਭੇਜੀ ਪਰ ਮੁਗਲ ਹਾਰ ਗਏ। ਮੁਖਲਿਸ ਖਾਨ ਤੇ ਸ਼ਮਸ ਖਾਨ ਮਾਰੇ ਗਏ। ਇਹ ਲੜਾਈ 1631 ਈ. ਵਿੱਚ ਲੜੀ ਗਈ ਤੇ ਇਸ ਤੋਂ ਪਿੱਛੋਂ ਗੁਰੂ ਜੀ ਕਰਤਾਰਪੁਰ ਆ ਗਏ ਜਿੱਥੇ 1634 ਈ. ਵਿੱਚ ਮੁਗਲ ਕਮਾਂਡਰ ਪੈਂਦੇ ਖਾਨ ਦੀ ਅਗਵਾਈ ਵਿੱਚ ਮੁਗਲ ਫੌਜ ਨੇ ਇਕ ਵਾਰ ਫਿਰ ਹਮਲਾ ਕੀਤਾ ਗਿਆ। ਇੱਥੇ ਵੀ ਮੁਗਲ ਫੌਜਾਂ ਹਾਰ ਗਈਆਂ, ਬਿਖਰ ਗਈਆਂ ਅਤੇ ਬਹੁਤ ਸਾਰੇ ਉਹਨਾਂ ਦੇ ਆਦਮੀ ਮਾਰੇ ਗਏ। ਇਹਨਾਂ ਜੰਗਾਂ ਨਾਲ ਸਿਖਾਂ ਵਿੱਚ ਆਤਮ ਵਿਸ਼ਵਾਸ ਤੇ ਹੌਂਸਲਾ ਵਧ ਗਿਆ। ਇਹਨਾਂ ਲੜਾਈਆਂ ਵਿੱਚ ਸਿੱਖਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ। ਜਿਸਦਾ ਗੁਰੂ ਜੀ ਨੂੰ ਬਹੁਤ ਦੁੱਖ ਸੀ। ਉਹ ਪਹਿਲੇ ਸਿੱਖ ਗੁਰੂ ਸਨ ਜਿਹਨਾਂ ਨੇ ਆਪਣੇ ਹੱਥ ਵਿੱਚ ਹਥਿਆਰ ਚੁੱਕੇ ਸਨ। ਉਨਾਂ ਨੂੰ ਲਹਿਰਾ, ਗੁਰੂਸਰ ਤੇ ਕੀਰਤਪੁਰ ਦੀਆਂ ਜੰਗਾਂ ਵੀ ਲੜਨੀਆਂ ਪਈਆਂ, ਹਾਲਾਤ ਹੀ ਅਜਿਹੇ ਬਣ ਚੁੱਕੇ ਸਨ। ਗੁਰੂ ਜੀ ਨੇ ਆਪਣੇ ਪਿਤਾ 'ਤੇ ਹੋਏ ਅਣਮਨੁੱਖੀ ਜ਼ੁਲਮ ਦਾ ਬਦਲਾ ਲੈਣਾ ਸੀ। ਉਸ ਸਮੇਂ ਦੀ ਮੁਗਲ ਸਰਕਾਰ ਬਹੁਤ ਜ਼ਾਲਮ ਹੋ ਚੁੱਕੀ ਸੀ। ਸਿੱਖਾਂ ਵਿੱਚ ਵੀ ਕੁੱਝ ਵਿਰੋਧੀ ਤਾਕਤਾਂ ਮੀਣੇ ਅਤੇ ਧੀਰਮੱਲੀਏ ਗੁਰੂ ਜੀ ਦੇ ਵਿਰੁੱਧ ਲਗਾਤਾਰ ਗੋਦਾਂ ਗੁੰਦ ਰਹੇ ਸਨ। ਇਹੋ ਜਿਹੇ ਸਮੇਂ ਦਾ ਸਾਹਮਣਾ ਕਰਦਿਆਂ ਹੋਇਆਂ ਗੁਰੂ ਹਰਗੋਬਿਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਸ਼ੁਰੂ ਕੀਤੇ ਸ਼ਾਤ ਮਿਸ਼ਨ ਨੂੰ ਸੰਤ ਸਿਪਾਹੀ ਮਿਸ਼ਨ ਵਿੱਚ ਬਦਲਣਾ ਪਿਆ। ਸਾਰੀਆਂ ਲੜਾਈਆਂ ਵਿੱਚ ਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ ਪਰ ਉਹਨਾਂ ਨੇ ਕਿਸੇ ਇਲਾਕੇ 'ਤੇ ਕੋਈ ਕਬਜ਼ਾ ਨਹੀਂ ਕੀਤਾ। ਉਹ ਸੰਤ ਸਨ ਅਤੇ ਆਪਣੇ ਧਰਮ ਦੇ ਪ੍ਰਚਾਰ ਲਈ ਉਹਨਾਂ ਨੇ ਅਨੇਕਾਂ ਕਸ਼ਟ ਝੱਲੇ।

ਗੁਰੂ ਜੀ ਦਾ ਹਿਰਦਾ ਬਹੁਤ ਨਰਮ ਅਤੇ ਵਿਸ਼ਾਲ ਸੀ। ਉਹ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਅਤੇ ਗਰੀਬਾਂ ਦੀ ਮਦਦ ਕਰਦੇ ਸਨ। ਕਰਤਾਰਪੁਰ ਵਿਖੇ ਉਹਨਾਂ ਨੇ ਆਪਣੇ ਖਰਚ 'ਤੇ ਇੱਕ ਮਸਜਿਦ ਬਣਾ ਕੇ ਦਿੱਤੀ। ਸ਼ਾਹੀ ਕਾਜ਼ੀ ਦੀ ਲੜਕੀ ਬੀਬੀ ਕੌਲਾ ਨੂੰ ਰਹਿਣ ਲਈ ਥਾਂ ਦਿੱਤੀ। ਉਸਦੇ ਨਾਂ 'ਤੇ ਇੱਕ ਸਰੋਵਰ 'ਕੌਲਸਰ' ਵੀ ਬਣਵਾਇਆ। ਕੌਲਾਂ ਗੁਰੂ ਘਰ ਦੀ ਵੱਡੀ ਪ੍ਰਸ਼ੰਸਕ ਸੀ। ਉਸਦੇ ਪਿਤਾ ਨੇ ਗੁਰੂ ਘਰ ਲਈ ਕਾਬਲ ਦੇ ਸਿੱਖਾਂ ਵੱਲੋਂ ਭੇਜੇ ਘੋੜੇ ਮੁਗਲਾਂ ਨੂੰ ਫੜਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਸੀ। ਭਾਈ ਬਿਧੀ ਚੰਦ ਨੇ ਮੁਗਲ ਸ਼ਾਹੀ ਤਬੇਲੇ ਵਿੱਚ ਨੌਕਰ ਦਾ ਵੇਸ ਧਾਰਨ ਕਰਕੇ ਕੰਮ ਕੀਤਾ ਅਤੇ ਆਪਣੇ ਬਹਾਦਰੀ ਅਤੇ ਚਤੁਰਾਈ ਨਾਲ ਦੋਵਾਂ ਘੋੜਿਆਂ 'ਦਿਲਬਾਗ' ਅਤੇ 'ਗੁਲਬਾਗ' ਨੂੰ ਵਾਪਸ ਲੈ ਕੇ ਆਇਆ। ਗੁਰੂ ਜੀ ਨੇ ਇਹਨਾਂ ਵਿੱਚੋ ਦਿਲਬਾਗ ਦਾ ਨਾਂ ਜੈ ਭਾਈ ਅਤੇ ਗੁਲਬਾਗ ਦਾ ਨਾਂ ਸੁਹੇਲਾ ਰੱਖ ਦਿੱਤਾ। ਇੱਕ ਮੁਸਲਮਾਨ ਫਕੀਰ ਬੁੱਢਣ ਸ਼ਾਹ ਗੁਰੂ ਘਰ ਦਾ ਬਹੁਤ ਪਿਆਰਾ ਪ੍ਰਸੰਸਕ ਸੀ। ਆਪਣੇ ਅੰਤਿਮ ਸਮੇਂ ਉਸ ਨੇ ਗੁਰੂ ਜੀ ਦੇ ਹੱਥੋਂ ਦੁੱਧ ਦਾ ਪਿਆਲਾ ਲੈ ਕੇ ਪੀਤਾ ਅਤੇ ਕਿਹਾ ਕਿ ਹੁਣ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਸਕੇਗਾ। ਗੁਰੂ ਜੀ ਨੇ ਉਸ ਨਾਲ ਕੁੱਝ ਸਮਾਂ ਬਿਤਾਇਆ ਅਤੇ ਹਮਦਰਦੀ ਪ੍ਰਗਟ ਕੀਤੀ। ਫਕੀਰ ਛੇਤੀ ਹੀ ਅਕਾਲ ਚਲਾਣਾ ਕਰ ਗਿਆ। ਉਸ ਦੀ ਯਾਦ ਵਿੱਚ ਇੱਕ ਤਕੀਆ ਬਣਾਇਆ ਗਿਆ। ਉਸ ਦੇ ਨਾਲ ਹੀ ਬੁੱਢਣ ਸ਼ਾਹ ਦੇ ਪਾਲਤੂ ਜਾਨਵਰ ਬੱਕਰੀ, ਸ਼ੇਰ ਤੇ ਕੁੱਤੇ ਦੀਆਂ ਮੜੀਆਂ ਬਣੀਆਂ ਹੋਈਆਂ ਹਨ।

ਗਰ ਸਾਰਿਬ ਨੇ ਬਾਬਾ ਗੁਰਦਿਤਾ ਦੀ ਮਾਰਫਤ 1626 ਈ. ਵਿੱਚ ਕਹਿਲੂਰ ਦੇ ਰਾਜੇ ਤਾਰਾ ਚੰਦ ਤੋਂ ਜ਼ਮੀਨ ਖਰੀਦ ਕੇ ਕੀਰਤਪੁਰ ਨਗਰ ਵਸਾਇਆ। ਬਾਬਾ ਗੁਰਦਿੱਤਾ ਜੀ ਨੇ ਇੱਥੇ ਪੱਕੇ ਮਕਾਨ, ਧਰਮਸ਼ਾਲ ਤੇ ਬਜ਼ਾਰ ਅਬਾਦ ਕਰਾਏ । ਇਹ ਬਾਗਾਂ ਦਾ ਸ਼ਹਿਰ ਸੀ। ਇੱਥੇ ਗੁਰਦੁਆਰਾ ਚਰਨ ਕਮਲ ਸੁਸ਼ੋਭਿਤ ਹੈ। ਬੁੱਢਣ ਸ਼ਾਹ ਦੇ ਤਕੀਏ ਦੇ ਨੇੜੇ ਇੰਕ ਬਾਉਲੀ ਵੀ ਬਣਾਈ ਗਈ। ਬਾਬਾ ਸਰੀ ਚੰਦ ਨੇ ਵੀ ਗੁਰਦਿੱਤਾ ਦੀ ਮਦਦ ਕੀਤੀ। 1634 ਈ. ਵਿੱਚ ਗੁਰੂ ਜੀ ਨੇ ਹੁਣ ਕੀਰਤਪੁਰ ਨੂੰ ਆਪਣਾ ਟਿਕਾਣਾ ਬਣਾ ਲਿਆ। ਉਹਨਾਂ ਦੇ ਕੋਲ ਇਸ ਸਮੇਂ ਉਹਨਾਂ ਦਾ ਪਰਿਵਾਰ ਸੀ। ਕੀਰਤਪੁਰ ਇੱਕ ਸ਼ਾਂਤ ਜਗਾ ਸੀ, ਇੱਥੇ ਰਹਿ ਕੇ ਗੁਰੂ ਜੀ ਨੇ ਆਪਣਾ ਮਨ ਪ੍ਰਮਾਤਮਾ ਦੀ ਭਗਤੀ ਵਲ ਲਾਇਆ। ਹੁਣ ਉਹਨਾਂ ਨੇ ਆਪਣਾ ਵਾਰਸ ਵੀ ਚੁਨਣਾ ਸੀ। ਗੁਰੂ ਜੀ ਦੀ ਸ਼ਾਦੀ ਮਾਤਾ ਦਮੋਦਰੀ ਨਾਲ ਹੋਈ ਸੀ। ਕੁੱਝ ਵਿਦਵਾਨਾਂ ਦੀ ਰਾਇ ਅਨੁਸਾਰ ਉਹਨਾਂ ਦੇ ਤਿੰਨ ਵਿਆਹ ਹੋਏ। ਮਾਤਾ ਦਮੋਦਰੀ, ਮਾਤਾ ਨਾਨਕੀ ਅਤੇ ਮਹਾਂ ਦੇਵੀ ਉਹਨਾਂ ਦੀ ਤਿੰਨ ਸੁਪੱਤਨੀਆਂ ਦੇ ਨਾਮ ਸਨ। ਉਹਨਾਂ ਦੇ ਘਰ ਪੰਜ ਪੁੱਤਰ- ਬਾਬਾ ਗੁਰਦਿੱਤਾ, ਸੂਰਜ ਮੱਲ, ਅਨੀ ਰਾਏ, ਅਟੱਲ ਰਾਏ ਅਤੇ ਤੇਗ ਬਹਾਦਰ ਸੀ। ਉਹਨਾਂ ਦੀ ਇੱਕ ਸਪੁੱਤਰੀ ਬੀਬੀ ਵੀਰੋ ਵੀ ਸੀ। ਬਾਬਾ ਗੁਰਦਿੱਤਾ ਅਤੇ ਅਟੱਲ ਰਾਏ ਦੀ ਮੌਤ ਗੁਰੂ ਜੀ ਦੇ ਜੀਵਨਕਾਲ ਵਿੱਚ ਹੀ ਹੋ ਗਈ ਸੀ। ਸੂਰਜ ਮੌਲ ਅਤੇ ਅਨੀ ਰਾਏ ਨੂੰ ਗੁਰਗੱਦੀ ਦੇ ਕਾਬਲ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਉਹ ਬਹੁਤ ਹੀ ਸੰਸਾਰਿਕ ਕੰਮਾਂ ਵਿੱਚ ਉਲਝੇ ਰਹਿੰਦੇ ਸਨ। ਤੇਗ਼ ਬਹਾਦਰ ਜ਼ਿਆਦਾ ਸਮਾਂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਇਧਰ ਉਹਨਾਂ ਦਾ ਕੋਈ ਲਗਾਅ ਨਹੀਂ ਸੀ। ਬੀਬੀ ਵੀਰੋ ਦਾ ਵਿਆਹ ਗੁਰੂ ਜੀ ਨੇ ਡਰੋਲੀ ਭਾਈ ਵਿਖੇ ਕਰ ਦਿੱਤਾ ਸੀ। ਬਾਬਾ ਗੁਰਦਿਤਾ ਦੇ ਦੋ ਪੁੱਤਰ ਸਨ- ਧੀਰ ਮੱਲ ਅਤੇ ਹਰ ਰਾਏ। ਧੀਰ ਮੱਲ ਆਪਣੇ ਆਪ ਨੂੰ ਗੱਦੀ ਦਾ ਵਾਰਸ ਸਮਝਦਾ ਸੀ ਪਰੰਤੂ ਉਹ ਨਾ ਤਾਂ ਗੁਰੂ ਦਾ ਆਗਿਆਕਾਰ ਸੀ ਤੇ ਨਾ ਹੀ ਗੁਰਬਾਣੀ ਤੇ ਭਗਤੀ ਵਿੱਚ ਪ੍ਰਪੱਕ ਸੀ। ਉਹ ਮੁਗਲਾਂ ਦੇ ਪ੍ਰਭਾਵ ਨਾਲ ਗੁਰਗੱਦੀ 'ਤੇ ਕਾਬਜ਼ ਹੋਣਾ ਚਾਹੁੰਦਾ ਸੀ। ਸੋ ਗੁਰੂ ਜੀ ਉਸ ਨਾਲ ਖਫ਼ਾ ਸਨ। ਹਰ ਰਾਇ ਗੁਰੂ ਜੀ ਦਾ ਆਗਿਆਕਾਰ, ਨਿਮਰ ਅਤੇਂ ਹਮੇਸ਼ਾ ਗੁਰੂ ਜੀ ਦੇ ਨਾਲ ਰਹਿਣ ਵਾਲੇ ਸਨ। ਹਰ ਰਾਇ ਵਿਲੱਖਣ ਸ਼ਖਸੀਅਤ ਦੇ ਮਾਲਕ ਪ੍ਰਭੂ ਭਗਤੀ ਵਿੱਚ ਰੰਗੇ ਰਹਿਣ ਵਾਲੇ ਅਤੇ ਸੰਤ ਸੁਭਾ ਦੇ ਮਾਲਕ ਸਨ। ਗੁਰੂ ਹਰ ਗੋਬਿੰਦ ਸਾਹਿਬ ਨੇ ਹਰ ਰਾਇ ਦੀ ਅਗਲੇ ਗੁਰੂ ਲਈ ਚੋਣ ਕੀਤੀ। ਉਹਨਾਂ ਨੇ ਸਾਰੇ ਸਿੱਖਾਂ ਨੂੰ ਬੁਲਾ ਕੇ ਕੀਤਰਪੁਰ ਸਾਹਿਬ ਵਿਖੇ ਵੱਡਾ ਇਕੱਠ ਕੀਤਾ, ਪ੍ਰਾਰਥਨਾ ਕੀਤੀ, ਹਰ ਰਾਇ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ। ਬਾਬਾ ਬੁੱਢਾ ਦੇ ਸਪੁੱਤਰ ਬਾਬਾ ਭਾਨਾ ਨੇ ਉਹਨਾਂ ਦੇ ਮੱਥੇ 'ਤੇ ਤਿਲਕ ਲਾਇਆ। ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ ਰਾਏ ਅੱਗੇ ਝੁਕੇ ਅਤੇ ਪੰਜ ਪੈਸੇ, ਨਾਰੀਅਲ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਨੂੰ ਸੱਤਵਾਂ ਗੁਰੂ ਐਲਾਨ ਦਿੱਤਾ।

ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਬਕਾਲਾ ਨੇੜੇ ਅੰਮ੍ਰਿਤਸਰ ਜਾਣ ਦੀ ਸਲਾਹ ਦਿੱਤੀ। ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਸਿੱਖਾਂ ਨੂੰ ਨਸੀਹਤ ਕੀਤੀ ਕਿ ਉਹਨਾਂ ਦੇ ਚਲਾਣੇ ਪਿੱਛੋਂ ਵਿਰਲਾਪ ਨਹੀਂ ਕਰਨਾ। ਪ੍ਰਭੂ ਦਾ ਨਾਮ ਲੈਣਾ ਹੈ। ਦਾਬਿਸਤਾਨ-ਏ-ਮਜਹਬ ਦੇ ਅਨੁਸਾਰ ਗੁਰੂ ਜੀ ਤਿੰਨ ਮਾਰਚ 1644 ਈ. ਵਿੱਚ ਪ੍ਰਭੂ ਜੋਤ ਵਿੱਚ ਵਿਲੀਨ ਹੋ ਗਏ।

ਭਾਵੇਂ ਗੁਰੂ ਹਰ ਗੋਬਿੰਦ ਜੀ ਦਾ ਬਹੁਤਾ ਸਮਾਂ ਮੁਗਲਾਂ ਖਿਲਾਫ ਜੰਗਾਂ ਕਰਦਿਆਂ ਗੁਜ਼ਰਿਆ ਅਤੇ ਉਹਨਾਂ ਨੇ ਕਿਸੇ ਬਾਣੀ ਦੀ ਰਚਨਾ ਨਹੀਂ ਕੀਤੀ। ਪਰ ਉਹਨਾਂ ਨੇ ਬਾਣੀ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਥੇ ਦੂਰ-ਦੂਰ ਤੱਕ ਆਪ ਗਏ ਉੱਥੇ ਮਸੰਦਾ ਤੇ ਸਿੱਖਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਮਾਜ ਸੁਧਾਰ ਦੇ ਵੀ ਕੰਮ ਕੀਤੇ। ਸਿੱਖ ਧਰਮ ਵਿੱਚ ਕਰਾਮਾਤਾਂ ਲਈ ਕੋਈ ਥਾਂ ਨਹੀਂ ਜੋ ਉਹਨਾਂ ਨੇ ਆਪਣੇ ਸਪੁੱਤਰ ਬਾਬਾ ਗੁਰਦਿਤਾ ਤੇ ਅਟੱਲ ਰਾਏ ਨੂੰ ਵੀ ਸਮਝਾਇਆ। ਉਹਨਾਂ ਨੇ ਸਿੱਖ ਧਰਮ ਨੂੰ ਨਵਾਂ ਸਰੂਪ ਬਖਸ਼ਿਆ। ਪ੍ਰਭੂ ਭਗਤੀ ਅਤੇ ਰਾਜਨੀਤਿਕ ਜੀਵਨ ਦੋਨੋਂ ਨਾਲ-ਨਾਲ ਚੱਲ ਸਕਦੇ ਹਨ। ਉਹਨਾਂ ਦਾ ਅਹਿੰਸਾ ਵਿੱਚ ਵਿਸ਼ਵਾਸ ਸੀ ਪਰੰਤੂ ਉਹ ਸਮਝਾਉਂਦੇ ਸਨ ਕਿ ਦੁਸ਼ਮਣ ਨੂੰ ਸਮਝਾਉਣ ਦੇ ਸਾਰੇ ਤਰੀਕੇ ਅਸਫਲ ਹੋ ਜਾਣ ਅਤੇ ਅਹਿੰਸਾ ਨੂੰ ਡਰਪੋਕਤਾ ਸਮਝਣ ਲੌਂਗ ਪਵੇ ਤਾਂ ਹਥਿਆਰ ਚੁੱਕਣਾ ਜ਼ਰੂਰੀ ਹੋ ਜਾਂਦਾ ਹੈ। ਤੁਸੀਂ ਸੱਚੇ ਹੋਣੇ ਚਾਹੀਦੇ ਹੋ ਤਾਂ ਪ੍ਰਮਾਤਮਾ ਵੀ ਤੁਹਾਡਾ ਸਾਥ ਦੇਵੇਗਾ। ਉਹਨਾਂ ਦੇ ਇਸ ਅਧੂਰੇ ਰਹੇ ਕੰਮ ਨੂੰ ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨੇ ਪੂਰਾ ਕੀਤਾ। ਜ਼ਿੰਦਗੀ ਦੇ ਆਖਰੀ ਗਿਆਰਾਂ ਸਾਲ ਉਹਨਾਂ ਨੇ ਫਕੀਰਾਂ ਦੀ ਤਰਾਂ ਗੁਜ਼ਾਰੇ ਅਤੇ ਸਿੱਖ ਧਰਮ ਦੇ ਲਈ ਸ਼ਰਧਾ ਭਾਵਨਾ ਦੇ ਨਾਲ ਲਿਵ ਲਾਈ ਰੱਖੀ। ਉਹਨਾਂ ਨੇ ਸਾਰੀ ਉਮਰ ਅਨਿਆਂ ਦੇ ਖਿਲਾਫ ਜੰਗ ਲੜੀ, ਬੁਰਾਈ ਨਾਲ ਕਦੇ ਸਮਝੌਤਾ ਨਹੀਂ ਕੀਤਾ। ਉਹਨਾਂ ਵਿੱਚ ਭਗਤੀ ਤੇ ਸ਼ਕਤੀ ਦਾ ਅਦਭੁੱਤ ਸੁਮੇਲ ਸੀ।