ਸਿੱਖ ਗੁਰੂ ਸਾਹਿਬਾਨ/ਗੁਰੂ ਅਰਜਨ ਦੇਵ ਜੀ

ਵਿਕੀਸਰੋਤ ਤੋਂ

ਸ਼੍ਰੀ ਗੁਰੂ ਅਰਜਨ ਦੇਵ ਜੀ

'ਦੋਹਿਤਾ ਬਾਣੀ ਕਾ ਬੋਹਿਥਾ'- ਗੁਰੂ ਅਮਰ ਦਾਸ ਜੀ।।'

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ। ਉਹਨਾਂ ਦਾ ਜਨਮ 15 ਅਪ੍ਰੈਲ 1563 ਈ. ਵਿੱਚ ਗੁਰੂ ਰਾਮਦਾਸ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਇਹਨਾਂ ਦਾ ਜਨਮ ਸਥਾਨ ਗੋਇੰਦਵਾਲ ਹੈ। ਗੁਰੂ ਅਰਜਨ ਦੇਵ ਆਪਣੇ ਦੋ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਤੋਂ ਤੀਜੇ ਨੰਬਰ 'ਤੇ ਸਨ। ਉਹਨਾਂ ਦੇ ਪਾਲਣ ਪੋਸ਼ਣ ਅਤੇ ਸਿੱਖਿਆ ਵੱਲ ਖਾਸ ਧਿਆਨ ਦਿੱਤਾ ਗਿਆ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਆਪਣੇ ਨਾਨਾ ਗੁਰੂ ਅਮਰਦਾਸ ਅਤੇ ਪਿਤਾ ਗੁਰੂ ਰਾਮਦਾਸ ਜੀ ਦਾ ਵਿਸ਼ਵਾਸ ਜਿੱਤ ਲਿਆ ਸੀ। ਆਪ ਨਿਮਰਤਾ, ਭਗਤੀ, ਸ਼ਰਧਾ, ਮਿੱਠੀ ਬੋਲੀ ਦੇ ਨਾਲ ਆਪਣੇ ਫਰਜ਼ ਨੂੰ ਚੰਗੀ ਤਰਾਂ ਪਛਾਣਦੇ ਸਨ। ਉਹਨਾਂ ਦੇ ਵੱਡਾ ਭਰਾ ਪ੍ਰਿਥੀ ਚੰਦ ਨੇ ਆਪਣੇ ਲਾਲਚੀ ਸੁਭਾਅ ਕਾਰਨ ਗੁਰੂ ਪਿਤਾ ਨੂੰ ਨਾਰਾਜ਼ ਕਰ ਲਿਆ ਸੀ। ਜਿਸ ਕਰਕੇ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਨੂੰ ਸੌਂਪੀ। ਭਾਵੇਂ ਗੁਰੂ ਅਰਜਨ ਦੇਵ ਨੇ ਆਪਣੇ ਭਰਾਵਾਂ ਦੇ ਗੁਜ਼ਾਰੇ ਲਈ ਚੰਗਾ ਪ੍ਰਬੰਧ ਕਰ ਦਿੱਤਾ ਸੀ ਪਰੰਤੂ ਪ੍ਰਿਥੀ ਚੰਦ ਸਾਰੀ ਉਮਰ ਗੁਰੂ ਅਰਜਨ ਦੇਵ ਨੂੰ ਤੰਗ ਕਰਦਾ ਰਿਹਾ, ਮਸੰਦਾਂ ਤੋਂ ਰਸਤੇ ਵਿੱਚ ਹੀ ਪੈਸੇ ਹਥਿਆ ਲੈਣੇ, ਮੁਗਲ ਬਾਦਸ਼ਾਹ ਜਹਾਂਗੀਰ ਨੂੰ ਸ਼ਿਕਾਇਤਾਂ ਕਰਨੀਆਂ ਤੇ ਸਿੱਖ ਗੁਰੂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨੀਆਂ, ਉਸਨੇ ਜਾਰੀ ਰੱਖੀਆਂ। ਗੁਰੂ ਅਰਜਨ ਦੇਵ ਅੰਮ੍ਰਿਤਸਰ ਚਲੇ ਗਏ ਅਤੇ ਗੁਰੂ ਰਾਮਦਾਸ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲੱਗੇ।

ਗੁਰੂ ਅਰਜਨ ਦੇਵ ਜਾ ਦਾ ਵਿਆਹ ਮਾਤਾ ਗੰਗਾ ਨਾਲ ਹੋਇਆ। ਕਾਫੀ ਸਮਾਂ ਉਹਨਾਂ ਦੇ ਘਰ ਕੋਈ ਸੰਤਾਨ ਨਹੀਂ ਸੀ। ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਘਰ 1595 ਈ. ਵਿੱਚ ਗੁਰੂ ਹਰਗੋਬਿੰਦ ਦਾ ਜਨਮ ਹੋਇਆ। ਜੋ ਬਾਅਦ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਬਣੇ।

ਗੁਰੂ ਅਰਜਨ ਜੇਵ ਜੀ ਨੇ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਯਤਨ ਕੀਤੇ। 1588 ਈ. ਵਿੱਚ ਸੰਤੋਖਸਰ ਸਰੋਵਰ ਦਾ ਕੰਮ ਪੂਰਾ ਹੋ ਗਿਆ। ਇਹ ਗੁਰੂ ਰਾਮਦਾਸ ਦੁਆਰਾ ਅਰੰਭਿਆ ਕਾਰਜ ਸੀ।

ਹੁਣ ਗੁਰੂ ਅਰਜਨ ਦੇਵ ਨੇ ਅਮ੍ਰਿੰਤਸਰ ਸ਼ਹਿਰ ਦੀ ਉਸਾਰੀ ਮੁਕੰਮਲ ਕਰਨ ਲਈ 'ਅਮ੍ਰਿੰਤ ਸਰੋਵਰ' ਦੀ ਰਚਨਾ ਵੱਲ ਧਿਆਨ ਦਿੱਤਾ। ਸਰੋਵਰ ਦੇ ਵਿੱਚਕਾਰ 'ਹਰਿਮੰਦਰ' ਬਣਾਇਆ ਗਿਆ ਜਿਸ ਦੀ ਨੀਂਹ ਮੁਸਲਮਾਨ ਫਕੀਰ ਮੀਆਂਮੀਰ ਤੋਂ ਰਖਵਾਈ ਗਈ। 1589 ਈ. ਵਿੱਚ ਸ਼ੁਰੂ ਕੀਤੇ ਗਏ ਇਸ ਕਾਰਜ ਲਈ ਗੁਰੂ ਅਰਜਨ ਦੇਵ ਜੀ ਨੇ ਖਾਸ ਤਿਆਰੀ ਕੀਤੀ। ਇਸ ਇਮਾਰਤ ਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਜੋ ਸਮਾਜ ਦੇ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਦੇ ਕਿਸੇ ਵੀ ਦਰਵਾਜ਼ੇ ਤੋਂ ਦਾਖਲ ਹੋ ਸਕਣ। ਸਿੱਖ ਧਰਮ ਸਾਰੇ ਵਰਣਾਂ ਲਈ ਖੁੱਲਾ ਹੈ। ਇਹ ਸਥਾਨ ਸਿੱਖਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਅਤੇ ਸਿੱਖ ਗੁਰੂ ਅਰਜਨ ਦੇਵ ਜੀ ਦੇ ਸਿਰਜਣਾਤਮਕ ਕੰਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ।

ਉਹਨਾਂ ਨੇ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਖੇਤਰ ਦਾ ਦੌਰਾ ਕੀਤਾ ਤਾਂ ਜੋ ਸਿੱਖਾਂ ਨੂੰ ਸੇਧ ਦੇ ਕੇ ਸਿੱਖ ਧਰਮ ਨਾਲ ਜੋੜਿਆ ਜਾਵੇ। ਜਦ ਉਹ ਤਰਨਤਾਰਨ ਦੇ ਸਥਾਨ 'ਤੇ ਪਹੁੰਚੇ ਤਾਂ ਕੁਦਰਤ ਦੀ ਵਰੋਸਾਈ ਹੋਈ ਇਸ ਥਾਂ ਇੱਕ ਵੱਡੇ ਸਰੋਵਰ ਦੀ ਉਸਾਰੀ ਕੀਤੀ। ਜਲੰਧਰ ਦੇ ਨੇੜੇ ਕਰਤਾਰਪੁਰ ਸ਼ਹਿਰ ਦੀ ਉਸਾਰੀ ਕਰਵਾਈ। ਲਾਹੌਰ ਡੱਬੀ ਬਾਜ਼ਾਰ ਵਿਖੇ ਬਾਉਲੀ ਬਣਵਾਈ। ਸ਼ਾਹਜਹਾਂ ਦੇ ਸਮੇਂ ਇਸ ਬਾਉਲੀ ਨੂੰ ਢਾਹ ਕੇ ਇੱਥੇ ਮਸਜਿਦ ਬਣਾ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਫਿਰ ਇਸ ਬਾਉਲੀ ਨੂੰ ਬਣਾਇਆ। 1947 ਦੇ ਦੰਗਿਆਂ ਵੇਲੇ ਫਿਰ ਇਹ ਬਾਉਲੀ ਖਤਮ ਕਰ ਦਿੱਤੀ ਗਈ।

ਪ੍ਰਿਥੀ ਚੰਦ ਦੀ ਈਰਖਾ ਤੋਂ ਦੁਖੀ ਗੁਰੂ ਅਰਜਨ ਦੇਵ ਅੰਮ੍ਰਿਤਸਰ ਛੱਡ ਕੇ ਵਡਾਲੀ ਪਿੰਡ ਵਿੱਚ ਆਪਣੇ ਪਰਿਵਾਰ ਕੋਲ ਆ ਗਏ। ਇੱਥੇ ਰਹਿੰਦਿਆਂ ਗੁਰੂ ਜੀ ਨੇ ਦੇਖਿਆ ਕਿ ਇਸ ਥਾਂ ਪਾਣੀ ਦੀ ਭਾਰੀ ਕਿਲੱਤ ਹੈ। ਲੋਕਾਂ ਦੀ ਸਹੂਲਤ ਲਈ ਗੁਰੂ ਜੀ ਨੇ ਇੱਥੇ ਇੱਕ ਵੱਡਾ ਖੂਹ ਪਟਵਾਇਆ ਜਿਸ ਦੇ ਪਾਣੀ ਨੂੰ ਕੱਢਣ ਲਈ ਛੇ ਹਲਟ ਲੱਗੇ ਸਨ। ਉਦੋਂ ਤੋਂ ਹੀ ਇਸ ਥਾਂ ਦਾ ਨਾਂ 'ਛੇਹਰਟਾ' ਪੈ ਗਿਆ। ਇਥੇ ਹੀ ਵਡਾਲੀ ਵਿਖੇ ਬਾਲ ਹਰਗੋਬਿੰਦ ਦਾ ਜਨਮ ਹੋਇਆ। ਜਿਵੇਂ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਤੋਂ ਪਹਿਲਾਂ ਮਾਤਾ ਗੰਗਾ ਨੇ ਬਾਬਾ ਬੁੱਢਾ ਜੀ ਦਾ ਅਸ਼ੀਰਵਾਦ ਲਿਆ ਸੀ, ਇਸ ਥਾਂ 'ਤੇ ਅੱਜ ਵੀ ਬਿਨਾਂ ਔਲਾਦ ਜੋੜੇ ਗੁਰਦੁਆਰਾ ਬਾਬਾ ਬੁੱਢਾ ਵਿਖੇ ਮਿੱਸੀਆਂ ਰੋਟੀਆਂ ਦਾ ਪ੍ਰਸ਼ਾਦ ਗ੍ਰਹਿਣ ਕਰਦੇ ਹਨ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਅਨੇਕਾਂ ਯਤਨ ਕੀਤੇ ਪਰ ਅਸਫਲ ਰਿਹਾ। ਨਿਰਾਸ਼ ਹੋ ਕੇ ਪ੍ਰਿਥੀ ਚੰਦ ਆਪਣੇ ਵੱਲੋਂ ਕੁੱਝ ਸ਼ਬਦ ਰਚ ਕੇ ਸਿੱਖਾਂ ਨੂੰ ਵੰਡਣ ਲੱਗਾ ਅਤੇ ਦੱਸਣ ਲੱਗਾ ਕਿ ਇਹ ਗੁਰੂ ਨਾਨਕ ਅਤੇ ਦੂਸਰੇ ਗੁਰੂਆਂ ਦੀ ਬਾਣੀ ਹੈ। ਗੁਰੂ ਅਰਜਨ ਦੇਵ ਨੇ ਪ੍ਰਿਥੀ ਚੰਦ 'ਤੇ ਉਸਦੇ ਪੁੱਤਰ ਮਿਹਰਬਾਨ ਦੇ ਇਸ ਗਲਤ ਕਦਮ ਨੂੰ ਰੋਕਣ ਦਾ ਫੈਸਲਾ ਕੀਤਾ।

ਗੁਰੂ ਜੀ ਨੇ ਆਪਣੇ ਵਿਸ਼ਵਾਸਯੋਗ ਸਿੱਖਾਂ ਨੂੰ ਸਿੱਖੀ ਦੇ ਕੇਂਦਰ ਰਹਿ ਚੁੱਕੀਆਂ ਥਾਵਾਂ ਗੋਇੰਦਵਾਲ, ਖਡੂਰ, ਕਰਤਾਰਪੁਰ ਆਦਿ ਥਾਵਾਂ 'ਤੇ ਭੇਜਿਆ ਤਾਂ ਕਿ ਆਪਣੇ ਤੋਂ ਪਹਿਲਾਂ ਚਾਰਾਂ ਗੁਰੂਆਂ ਦੀ ਬਾਣੀ ਇਕੱਠੀ ਹੋ ਸਕੇ। ਗੁਰੂ ਜੀ ਆਪ ਚੱਲ ਕੇ ਬਾਬਾ ਮੋਹਨ, ਸ੍ਰੀ ਚੰਦ ਅਤੇ ਦਾਤੂ ਕੋਲ ਗਏ, ਇਹਨਾਂ ਤਿੰਨਾਂ ਨੇ ਗੁਰੂ ਜੀ ਨੂੰ ਪੂਰਾ ਸਹਿਯੋਗ ਦਿੱਤਾ। ਸਿੱਖ ਧਰਮ ਦੀਆਂ ਰਵਾਇਤਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਹੋਰ ਹਿੰਦੂ ਤੇ ਮੁਸਲਿਮ ਸੰਤਾਂ ਦੀਆਂ ਰਚਨਾਵਾਂ ਵੀ ਇਸ ਪਵਿੱਤਰ ਗ੍ਰੰਥ ਵਿੱਚ ਛਾਪਣ ਲਈ ਇਕੱਤਰ ਕੀਤੀਆਂ। ਸਾਰੇ ਸ਼ਬਦਾਂ ਨੂੰ ਰਾਗਾਂ ਵਿੱਚ ਲੈ-ਬੱਧ ਕੀਤਾ ਗਿਆ ਜਿਸ ਤਰਾਂ ਕ੍ਰਮ ਅਨੁਸਾਰ ਗੁਰੂਆਂ ਨੇ ਲਿਖੀਆਂ ਸਨ। ਇਸ ਗੁਰੂਆਂ ਦੀ ਬਾਣੀ ਤੋਂ ਬਾਅਦ ਭਗਤਾਂ ਦੀ ਬਾਣੀ ਦਰਜ ਕੀਤੀ ਗਈ। ਰਾਮਸਰ ਸਰੋਵਰ ਦੇ ਕਿਨਾਰੇ ਤੰਬੂ ਲਾ ਕੇ 'ਆਦਿ ਗ੍ਰੰਥ' ਲਿਖਣ ਦਾ ਕੰਮ ਆਰਿੰਭਿਆ ਗਿਆ। ਭਾਈ ਗੁਰਦਾਸ ਨੇ 'ਆਦਿ ਗ੍ਰੰਥ' ਦੀ ਪਹਿਲੀ ਬੀੜ ਤਿਆਰ ਕੀਤੀ। ਭਾਈ ਗੁਰਦਾਸ ਜੀ ਨੇ ਵੀ 39 ਵਾਰਾਂ ਲਿਖੀਆਂ ਹਨ, ਪਰ ਉਹ ਗੁਰੂ ਗਰੰਥ ਸਾਹਿਬ ਵਿੱਚ ਦਰਜ ਨਹੀਂ ਹਨ। 1604 ਈ. ਵਿੱਚ 'ਆਦਿ ਗ੍ਰੰਥ' ਦੀ ਰਚਨਾ ਮੁਕੰਮਲ ਹੋਈ। ਇਸੇ ਸਾਲ ਇਸ ਗ੍ਰੰਥ ਦਾ ਪ੍ਰਕਾਸ਼ ਹਰਮੰਦਿਰ ਸਾਹਿਬ ਵਿਖੇ ਕਰ ਦਿੱਤਾ ਗਿਆ। ਬਾਬਾ ਬੁੱਢਾ ਜੀ ਨੂੰ ਹਰਮੰਦਿਰ ਸਾਹਿਬ ਵਿਖੇ ਪਹਿਲਾ ਗ੍ਰੰਥੀ ਥਾਪਿਆ ਗਿਆ।

'ਆਦਿ ਗ੍ਰੰਥ' ਵਿੱਚ ਗੁਰੂ ਅਰਜਨ ਦੇਵ ਜੀ ਦੇ 2218 ਸ਼ਬਦ ਸ਼ਾਮਲ ਹਨ। ਜਿਹਨਾਂ ਨੂੰ ਰਾਗਾਂ ਵਿੱਚ ਕਲਮਬੱਧ ਕੀਤਾ ਗਿਆ ਹੈ। ਇਹ ਸ਼ਬਦ ਮਹਾਨ ਕਾਵਿਕ ਸੁੰਦਰਤਾ ਅਤੇ ਅਧਿਆਤਮਕ ਰਚਨਾਵਾਂ ਹਨ। 'ਸੁਖਮਨੀ' ਸ਼ਰਧਾ ਭਾਵਨਾ ਦੀ ਉੱਤਮ ਰਚਨਾ ਹੈ ਅਤੇ ਡੂੰਘਾ ਦਰਸ਼ਨ ਗਿਆਨ ਹੈ। ਇਹ ਰਚਨਾ ਕੁਦਰਤ ਦੇ ਕਾਦਰ ਦੀ ਮਹਿਮਾ ਕਰਦੀ ਹੋਈ ਅੱਗ ਵਾਂਗ ਤਪਦੇ ਹਿਰਦਿਆਂ ਨੂੰ ਸ਼ਾਂਤ ਕਰਦੀ ਹੈ। ਇਸ ਵਿੱਚ ਪ੍ਰਭੂ ਦੇ ਨਾਮ ਦੀ ਮਹਿਮਾ ਗਾਈ ਹੋਈ ਹੈ ਅਤੇ ਇਹ ਪੜਨ ਵਾਲੇ ਨੂੰ ਸੱਚਾਈ ਦੀ ਖੋਜ ਵੱਲ ਲਿਜਾਂਦੀ ਹੈ। ਇਸਨੂੰ ਪੜਕੇ ਮਨ ਇਕਾਗਰ ਹੋ ਜਾਂਦਾ ਹੈ ਅਤੇ ਲੈ-ਬੱਧ ਸ਼ਾਹਕਾਰ ਮਨ ਨੂੰ ਤ੍ਰਿਪਤੀ ਬਖਸ਼ਦਾ ਹੈ। ਇਸ ਵਿੱਚ ਪ੍ਰਭੂ ਨਾਮ ਦੀ ਵਡਿਆਈ ਹੈ, ਗੁਰੂ ਜੀ ਨੇ ਲਿਖਿਆ ਹੈ,

‘ਪ੍ਰਭੂ ਕਾ ਸਿਮਰਨ ਸਭਸੇ ਊਚਾ।।'

ਅਤੇ

‘ਪ੍ਰਭੂ ਕਾ ਸਿਮਰਨ ਰਿਧਿ ਸਿਧਿ ਨੌ ਨਿਧ।।'

ਹੁਣ ਸਿੱਖਾਂ ਨੂੰ ਆਪਣਾ ਪਵਿੱਤਰ ਗ੍ਰੰਥ, ਪਵਿੱਤਰ ਸਰੋਵਰ ਤੇ ਗੁਰੂ ਮਿਲ ਚੁੱਕੇ ਸਨ। ਦੇਸ਼-ਵਿਦੇਸ਼ ਤੋਂ ਸੰਗਤਾਂ ਅੰਮ੍ਰਿਤਸਰ ਕੇ ਆਪਦਾ ਮਨ ਤ੍ਰਿਪਤ ਕਰ ਰਹੀਆਂ ਸਨ। ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਸਿਖਰ 'ਤੇ ਸੀ। ਮੁਗਲ ਬਾਦਸ਼ਾਹ ਅਕਬਰ ਨਾਲ ਵੀ ਗੁਰੂ ਜੀ ਦੇ ਸਬੰਧ ਸੁਖਾਵੇਂ ਸਨ। ਸਿੱਖੀ ਦਾ ਬੂਟਾ ਦਿਨੋ ਦਿ ਪਲਰਦਾ ਜਾ ਰਿਹਾ ਸੀ। ਗੁਰੂ ਦੇ ਸਿੱਖ ਗੁਰੂ ਵਾਂਗ ਹੀ ਨਾਮ ਵੀ ਜਪਦੇ ਸਨ, ਸੇਵਾ ਵੀ ਕਰਦੇ ਸਨ, ਆਪਣੇ ਘਰ ਗ੍ਰਹਿਸਥ ਦੀ ਗੱਡੀ ਰੇੜਦਿਆਂ, ਆਪਣੇ ਸੱਚੇ ਗੁਰੂ ਦੇ ਲੜ ਲੱਗ ਕੇ ਸੁਖੀ ਜੀਵਨ ਵੀ ਬਤੀਤ ਕਰ ਰਹੇ ਸਨ।

1605 ਈ. ਵਿੱਚ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਬਣਿਆ। ਉਹ ਕੱਟੜ ਸ਼ਾਸ਼ਕ ਸੀ। ਉਪਰੰਤ ਚੰਦੂ ਸ਼ਾਹ ਦਾ ਮਸਲਾ ਖੜਾ ਹੋ ਗਿਆ। ਚੰਦੂ ਸ਼ਾਹ ਲਾਹੌਰ ਦਾ ਦਰਬਾਰੀ ਸੀ ਅਤੇ ਆਪਣੀ ਬੇਟੀ ਦੀ ਸ਼ਾਦੀ ਅਰਜਨ ਦੇਵ ਦੇ ਸਪੁੱਤਰ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ। ਚੰਦੂ ਸ਼ਾਹ ਬੇਈਮਾਨ ਕਿਸਮ ਦਾ ਇਨਸਾਨ ਸੀ ਸੋ ਗੁਰੂ ਜੀ ਨੇ ਰਿਸ਼ਤਾ ਗੰਢਣ ਤੋਂ ਇਨਕਾਰ ਕਰ ਦਿੱਤਾ। ਉਹ ਗੁਰੂ ਜੀ ਦਾ ਵੈਰੀ ਬਣ ਗਿਆ। ਦੂਜੇ ਪਾਸੇ ਪ੍ਰਿਥੀ ਚੰਦ ਨੇ ਵੀ ਨਵੇਂ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਖਿਲਾਫ ਭੜਕਾ ਦਿੱਤਾ। ਉਸਨੇ ਦੋਸ਼ ਲਾਇਆ ਕਿ ਪਵਿੱਤਰ ਗ੍ਰੰਥ ਵਿੱਚ ਮੁਸਲਮਾਨਾਂ ਦੀ ਨਿੰਦਿਆ ਕੀਤੀ ਗਈ ਹੈ। ਬਾਗੀ ਸਹਿਜ਼ਾਦੇ ਖੁਸਰੋ ਦੇ ਮਸਲੇ ਨੇ ਬਾਦਸ਼ਾਹ ਨੂੰ ਹੋਰ ਵੀ ਚੁਆਤੀ ਲਾ ਦਿੱਤੀ। ਖੁਸਰੋ ਗੁਰੂ ਜੀ ਕੋਲ ਆਇਆ ਸੀ ਅਤੇ ਗੁਰੂ ਜੀ ਨੇ ਉਸ ਨਾਲ ਆਮ ਪ੍ਰਾਹੁਣਚਾਰੀ ਵਾਲਾ ਵਿਹਾਰ ਕੀਤਾ ਸੀ। ਬਾਦਸ਼ਾਹ ਇਸਤੇ ਅੱਗ ਬਬੂਲਾ ਹੋ ਗਿਆ ਤੇ ਉਸਨੇ ਗੁਰੂ ਜੀ 'ਤੇ ਇਲਜ਼ਾਮ ਲਾਇਆ ਕਿ ਗੁਰੂ ਜੀਨੇ ਉਸਦੀ ਮਦਦ ਕੀਤੀ ਹੈ। ਇਸਨੂੰ ਮੁਗਲ ਦਰਬਾਰ ਦੇ ਖਿਲਾਫ ਸਾਜਿਸ਼ ਸਮਝ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਦੋ ਲੱਖ ਰੁਪਏ ਜੁਰਮਾਨਾ ਭਰਨ ਲਈ ਕਿਹਾ ਅਤੇ ਗੁਰੂ ਗਰੰਥ ਸਾਹਿਬ ਨੂੰ ਬਦਲਾਅ ਕਰਕੇ ਦੁਬਾਰਾ ਲਿਖਣ ਲਈ ਕਿਹਾ। ਗੁਰੂ ਅਰਜਨ ਦੇਵ ਨੇ ਸਿੱਖਾਂ ਦੀ ਕਮਾਈ ਵਿੱਚੋਂ ਜੁਰਮਾਨਾ ਭਰਨ ਤੋਂ ਬਿਲਕੁਲ ਨਾਂਹ ਕਰ ਦਿੱਤੀ ਅਤੇ ਗੁਰੂ ਗਰੰਥ ਸਾਹਿਬ ਦਾ ਕੋਈ ਵੀ ਸ਼ਬਦ ਬਦਲਣ ਤੋਂ ਇਨਕਾਰ ਕਰ ਦਿੱਤਾ।

ਇਹਨਾਂ ਘਟਨਾਵਾਂ ਕਾਰਨ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵੱਖ-ਵੱਖ ਕਿਸਮ ਦੇ ਤਸੀਹੇ ਦਿੱਤੇ ਗਏ। ਤੱਤੀ ਤਵੀ 'ਤੇ ਬਿਠਾ ਕੇ ਤੱਤਾ ਰੇਤ ਸਿਰ ਵਿੱਚ ਪਾਇਆ ਗਿਆ। ਭਿਆਨਕ ਮੰਜਰ ਕਾਇਮ ਕੀਤਾ ਗਿਆ। ਪਰ ਗੁਰੂ ਜੀ ਅਡੋਲ ਤੇ ਸ਼ਾਂਤ ਰਹੇ। ਗੁਰਬਾਣੀ ਦਾ ਜਾਪ ਕਰਦੇ ਰਹੇ ਪਰ ਸੀ ਤੱਕ ਨਹੀਂ ਉਚਰੀ। ਫਿਰ ਉਹਨਾਂ ਨੂੰ ਰਾਵੀ ਦਰਿਆ ਦੇ ਠੰਡੇ ਪਾਣੀ ਵਿੱਚ ਬਿਠਾਇਆ ਗਿਆ। ਸਰੀਰ ਕਿੰਨਾ ਕੁ ਕਸ਼ਟ ਸਹਾਰ ਸਕਦਾ ਸੀ। ਗੁਰੂ ਜੀ ਸਮਾਧੀ ਵਿੱਚ ਲੀਨ ਹੋ ਗਏ ਅਤੇ ਇਸ ਤਰਾਂ 30 ਮਈ, 1606 ਈ. ਵਿੱਚ ਰਾਵੀ ਦਰਿਆ ਦੇ ਕੰਢੇ ਜੋਤੀ ਜੋਤ ਸਮਾ ਗਏ। ਗੁਰੂ ਜੀ ਦੀ ਯਾਦ ਵਿੱਚ ਇਸ ਥਾਂ 'ਤੇ ਗੁਰੂਦੁਆਰਾ 'ਡੇਰਾ ਸਾਹਿਬ' ਸੁਸ਼ੋਭਿਤ ਹੈ।

ਗੁਰੂ ਅਰਜਨ ਦੇਵ ਜੀ ਮੁਗਲ ਬਾਦਸ਼ਾਹ ਜਹਾਂਗੀਰ, ਚੰਦੂ ਸ਼ਾਹ ਤੇ ਪ੍ਰਿਥੀ ਚੰਦ ਦੀ ਦੁਸ਼ਮਣੀ, ਅਣਮਨੁੱਖੀ ਵਿਹਾਰ ਤੇ ਕੱਟੜਤਾ ਦਾ ਸ਼ਿਕਾਰ ਹੋ ਗਏ ਪਰ ਕਦੇ ਵੀ ਉਹਨਾਂ ਨੇ ਆਪਣੇ ਉੱਤੇ ਹੋਏ ਤਸ਼ੱਦਦ ਲਈ ਕੋਈ ਗੁਹਾਰ ਨਹੀਂ ਲਾਈ। ਉਹ ਸ਼ਾਂਤ ਅਡੋਲ ਤੇ ਆਪਣੇ ਪ੍ਰਭੂ ਨਾਲ ਇਕਮਿਕ ਹੋ ਗਏ। ਉਹਨਾਂ ਦੀ ਸ਼ਹੀਦੀ ਨੇ ਸਿੱਖਾਂ ਦੇ ਮਨ ਵਿੱਚ ਰੋਸ ਭਰ ਦਿੱਤਾ ਅਤੇ ਸਿੱਖ ਲਹਿਰ ਧਾਰਮਿਕ ਖੇਤਰ ਦੇ ਨਾਲ-ਨਾਲ ਆਪਣੇ ਧਰਮ ਦੀ ਰੱਖਿਆ ਲਈ ਵੀ ਤਿਆਰੀ ਕਰਨ ਲੱਗੀ। ਸਿੱਖ ਧਰਮ ਵਿੱਚ ਬੇਇਨਸਾਫੀ ਕਰਨ ਦੀ ਮਨਾਹੀ ਹੈ ਅਤੇ ਬੇਇਨਸਾਫ਼ੀ ਸਹਿਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ। ਇਹਨਾਂ ਮੁਗਲ ਹਾਕਮਾਂ ਦੀਆਂ ਆਪਹੁਦਰੀਆਂ ਤੇ ਜ਼ੁਲਮਾਂ ਨੂੰ ਰੋਕਣ ਲਈ ਅਤੇ ਆਪਣੀ ਸਵੈ-ਰੱਖਿਆ ਲਈ ਸਿੱਖਾਂ ਨੂੰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵਿੱਚ ਹਥਿਆਰ ਉਠਾਉਣੇ ਪਏ। ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਬਾਦਸ਼ਾਹ ਜਹਾਂਗੀਰ ਦੇ ਬੁਲਾਵੇ ਤੇ ਲਾਹੌਰ ਜਾਣ ਤੋਂ ਪਹਿਲਾਂ ਹੀ ਗੁਰਗੱਦੀ ਸੌਂਪ ਦਿੱਤੀ ਸੀ।

ਸੋਲ੍ਹਵੀਂ ਸਦੀ ਵਿੱਚ ਵਿਚਰਦਿਆਂ ਗੁਰੂ ਅਰਜਨ ਦੇਵ ਜੀ ਨੇ ਹਿੰਦੂ ਭਗਤੀ ਤੇ ਮੁਸਲਿਮ ਰਹੱਸਵਾਦ ਨੂੰ ਨੇੜਿਉਂ ਦੇਖਿਆ। ਉਹਨਾਂ ਨੇ ਆਪਣਾ ਸੁਨੇਹਾ ਪ੍ਰਭੂ ਨੂੰ ਸਭ ਤੋਂ ਉੱਤਮ ਕਹਿ ਕੇ ਸਿੱਖਾਂ ਨੂੰ ਉਸ ਦੀ ਭਗਤੀ ਕਰਨ ਲਈ ਪ੍ਰੇਰਿਰਤ ਕੀਤਾ। ਵਿਦਵਾਨ ਤੇ ਮਹਾਨ ਕਵੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੀ ਲਹਿਰ ਨੂੰ ਵਧੀਆ ਸੰਗਠਨ ਤੇ ਤਜਰਬੇਕਾਰ ਗੁਣਾਂ ਰਾਹੀਂ ਅੱਗੇ ਤੋਰਿਆ। ਉਹਨਾਂ ਨੇ ਅਮ੍ਰਿੰਤਸਰ ਸ਼ਹਿਰ ਵਸਾਉਣ ਲਈ ਨਿਪੁੰਨ ਕਾਰੀਗਰ ਬੁਲਾਏ। ਉਸਾਰੀ ਲਈ ਇੱਟਾਂ ਦੇ ਭੱਠੇ ਲਗਵਾਏ। ਕਾਬੁਲ ਅਤੇ ਕਸ਼ਮੀਰ ਤੋਂ ਵਪਾਰੀਆਂ ਨੂੰ ਬੁਲਾ ਕੇ ਅਮ੍ਰਿੰਤਸਰ ਵਸਾਇਆ। ਜਲਦੀ ਹੀ ਅੰਮ੍ਰਿਤਸਰ ਸ਼ਹਿਰ ਪ੍ਰਸਿੱਧ ਵਪਾਰਕ ਕੇਂਦਰ ਬਣ ਗਿਆ। ਆਪਣੀ ਬਾਣੀ ਵਿੱਚ ਵੀ ਉਹਨਾਂ ਨੇ ਇਸ ਸ਼ਹਿਰ ਦੀ ਵਡਿਆਈ ਕੀਤੀ ਹੈ ਤੇ ਕਿਹਾ ਹੈ-

'ਅੰਮ੍ਰਿਤਸਰ ਸਿਫਤੀ ਦਾ ਘਰ।।'

ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਆਪਣੇ ਸਰੀਰ ਤੇ ਅਨੇਕ ਦੁੱਖਾਂ ਨੂੰ ਝੱਲਿਆ ਤੇ ਸ਼ਹੀਦੀ ਦਿੱਤੀ। ਉਹਨਾਂ ਨੇ ਆਪਣੇ ਸਪੁੱਤਰ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦਿੱਤਾ ਕਿ ਹੁਣ ਹਥਿਆਰਬੰਦ ਹੋਣ ਦੀ ਲੋੜ ਹੈ ਅਤੇ ਸੰਘਰਸ਼ ਦੇ ਰਾਹ 'ਤੇ ਚੱਲਣਾ ਪਵੇਗਾ ਤਾਂ ਕਿ ਜ਼ੁਲਮ ਦਾ ਟਾਕਰਾ ਕੀਤਾ ਜਾ ਸਕੇ।

'ਸ਼ਹੀਦਾਂ ਦੇ ਸਿਰਤਾਜ’ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਬਲੀਦਾਨ ਨੇ ਸਿੱਖਾਂ ਵਿੱਚ ਸਵੈਮਾਨ ਦੀ ਭਾਵਨਾ ਭਰ ਦਿੱਤੀ। ਸ਼ਹਾਦਤ ਸਮੇਂ ਗੁਰੂ ਜੀ ਵੱਲੋਂ ਦਿਖਾਈ ਗਈ ਸ਼ਹਿਨਸ਼ੀਲਤਾ ਨੇ ਲੋਕਾਂ ਸਾਹਮਣੇ ਗੁਰੂ ਜੀ ਦੀ ਲੋਕ-ਨਾਇਕ ਵਾਲੀ ਦਿੱਖ ਅੱਗੇ ਲਿਆਂਦੀ। ਖਿੜੇ ਮੱਥੇ ਜ਼ੁਲਮ ਦਾ ਸਾਹਮਣਾ ਕਰਨਾ ਅਤੇ ਪਰਉਪਕਾਰ ਕਰਦੇ ਹੋਏ ਬਲੀਦਾਨ ਦੇਣਾ ਗੁਰੂਜੀ ਦੀ ਵਡੱਪਣ ਦੀਆਂ ਨਿਸ਼ਾਨੀਆਂ ਸਨ। ਬੇਸ਼ੱਕ ਅਸਲੀ ਤੌਰ 'ਤੇ ਚੰਦੂ ਸ਼ਾਹ ਦੀ ਨਫਰਤ ਨੂੰ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਬਾਦਸ਼ਾਹ ਜਹਾਂਗੀਰ ਵੀ ਗੁਰੂ ਜੀ ਦੇ ਵਧਦੇ ਪ੍ਰਭਾਵ ਤੋਂ ਔਖਾ ਸੀ। ਆਪਣੀ ਕਿਤਾਬ 'ਤੁਜ਼ਕ-ਏ-ਜਹਾਂਗੀਰੀ' ਵਿੱਚ ਉਸਨੇ ਗੁਰੂ ਜੀ ਪ੍ਰਤੀ ਆਪਣੀ ਸੋਚ ਪ੍ਰਗਟ ਕੀਤੀ ਹੈ। ਉਸਨੇ ਲਿਖਿਆ ਹੈ ਕਿ 'ਰਾਵੀ ਦਰਿਆ ਕੰਢੇ 'ਤੇ ਬੈਠੇ ਇਕੱ ਹਿੰਦੂ ਫਕੀਰ ਦੀ ਵਧਦੀ ਹੋਈ ਲੋਕਪ੍ਰਿਯਤਾ ਨੂੰ ਉਹ ਪਸੰਦ ਨਹੀਂ ਕਰਦਾ ਤੇ ਇਸ ਦੁਕਾਨ ਨੂੰ ਉਹ ਬੰਦ ਕਰਨਾ ਚਾਹੁੰਦਾ ਸੀ'। ਚੰਦੂ ਸ਼ਾਹ ਨੇ ਤਾਂ ਬਲਦੀ 'ਤੇ ਤੇਲ ਪਾਇਆ ਅਤੇ ਸ਼ਾਂਤ ਸੁਭਾਅ ਦੇ ਮਾਲਕ ਅਤੇ ਗੰਭੀਰ ਵਿਦਵਾਨ ਮਹਾਂਪੁਰਸ਼ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਸਿੱਖ ਧਰਮ ਵਿੱਚ ਇਹ ਪਹਿਲੀ ਕੁਰਬਾਨੀ ਸੀ। ਇਸ ਤੋਂ ਅੱਗੇ ਦਾ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜੋ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਦੇਣੀਆਂ ਪਈਆਂ।

ਗੁਰੂ ਅਰਜਨ ਦੇਵ ਜੀ ਨੇ ਜਿਵੇ ਬਾਣੀ ਨੂੰ ਇਕੱਠਾ ਕਰਨ ਦਾ ਬੀੜਾ ਚੁੱਕਿਆ ਉਵੇਂ ਹੀ ਇਹ ਕਾਰਜ ਪੂਰਾ ਕੀਤਾ। ਇਹਨਾਂ ਨੇ ਭਾਰਤੀ ਭਾਵਾਤਮਕ ਏਕਤਾਨੂੰ ਕਾਇਮ ਰੱਖਿਆ। ਉਹ ਮਹਾਨ ਵਿਦਵਾਨ ਸਨ ਅਤੇ ਗੰਭੀਰ ਰਹੱਸਵਾਦੀ ਸਾਧਕ ਵੀ ਸਨ। ਉਹਨਾਂ ਦੀ ਰਚੀ ਹੋਈ ਬਾਣੀ ਦਾ ਵਿਸ਼ਾ-ਖੇਤਰ ਬਹੁਤ ਹੀ ਵਿਸ਼ਾਲ ਸੀ। ਉਹਨਾਂ ਦੀ ਬਾਣੀ ਵਿੱਚ ਪ੍ਰਮਾਤਮਾ, ਜੀਵ-ਆਤਮਾ, ਸ੍ਰਿਸ਼ਟੀ, ਮੁਕਤੀ ਮਾਰਗ, ਸਮੇਂ ਦੇ ਹਾਲਾਤ ਅਤੇ ਧਾਰਮਿਕਤਾ ਦਾ ਗੰਭੀਰ ਤੇ ਵਿਸ਼ਾਲ ਚਿਤਰਣ ਕੀਤਾ ਗਿਆ ਹੈ। ਜੋ ਸ਼ਹਿਰਾਂ ਦਾ ਉਹਨਾਂ ਨੇ ਨਿਰਮਾਣ ਕੀਤਾ ਉਹ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਜ਼ਰੀਆ ਬਣੇ ਹਨ। ਅੱਜ ਵੀ ਇਹ ਸ਼ਹਿਰ ਅੰਮ੍ਰਿਤਸਰ, ਤਰਨਤਾਰਨ, ਛੇਹਰਟਾ ਸਿੱਖ ਧਰਮ ਦਾ ਮਹਾਨ ਕੇਂਦਰ ਹਨ। ਅਮ੍ਰਿਤਸਰ ਵਿੱਚ ਦਰਬਾਰ ਸਾਹਿਬ ਹੋਣ ਕਰਕੇ ਹੀ ਇਹ ਸ਼ਹਿਰ ਦੁਨੀਆਂ ਦੇ ਨਕਸ਼ੇ 'ਤੇ ਉਭਰਿਆ ਹੈ। ਇਹ ਸ਼ਹਿਰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦਾ ਮਹਾਨ ਕੇਂਦਰ ਹੈ। ਦੇਸ-ਵਿਦੇਸ਼ ਤੋਂ ਸੰਗਤ ਇੱਥੇ ਆ ਕੇ ਹਰਿਮੰਦਰ ਸਾਹਿਬ ਨਤਮਸਤਕ ਹੁੰਦੀ ਹੈ ਅਤੇ ਰੂਹਾਨੀ ਕੀਰਤਨ ਸੁਣ ਕੇ ਅਤੇ ਗੁਰੂ ਦਰਸ਼ਨ ਕਰ ਕੇ ਆਪਣੇ ਆਪ ਨੂੰ

ਨਿਹਾਲ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਵਰੋਸਾਇਆ ਇਹ ਸ਼ਹਿਰ ਸਿੱਖ ਇਤਿਹਾਸ ਨੂੰ ਆਪਣੇ ਹਿਰਦੇ ਵਿੱਚ ਸਮੋਈ ਬੈਠਾ ਹੈ। ਹਰਿਮੰਦਰ ਸਾਹਿਬ ਦੇ ਨੇੜੇ ਹੀ ਸਿੱਖ ਅਜਾਇਬ ਘਰ ਹੈ ਜਿਸ ਵਿੱਚ ਸਿੱਖ ਇਤਿਹਾਸ ਬਾਰੇ ਮਹੱਤਵਪੂਰਣ ਜਾਣਕਾਰੀ ਮਿਲਦੀ ਹੈ।

ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਕੁੱਝ ਸ਼ਬਦ ਗੁਰੂ

ਗਰੰਥ ਸਾਹਿਬ ਵਿੱਚੋਂ

1. ਹਰ ਜੀਓ ਨਿਮਾਣਿਆਂ ਤੂੰ ਮਾਣ॥
ਨਿਚੀਜਿਆ, ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਣੁ।।
('ਸੋਰਠ ਮਹੌਲਾ 5 ਪੰਨਾ 624-25)

2. ਦੁਖ ਭੰਜਨ ਤੇਰਾ ਨਾਮੁ ਜੀ ਦੁਖ ਭੰਜਨ ਤੇਰਾ ਨਾਮ।।
ਆਠ ਪਹਰ ਅਰਾਧੀਐ ਪੂਰਨ ਸਤਿਗੁਰ ਗਿਆਨ॥
(ਪੰਨਾ 218)


3. ਕਰਣ ਕਾਰਣ ਪ੍ਰਭ ਏਕ ਹੈ ਦੂਸਰ ਨਾਹਿ ਕੋਇ।।
ਨਾਨਕ ਤਿਸੁ ਬਲਿਹਾਰਣੇ ਜਲ ਥਲ ਮਹੀਅਲ ਸੋਇ।।
(ਸ਼ਲੋਕ ਸੁਖਮਣੀ ਸਾਹਿਬ 276)

4. ਮੇਰਾ ਮਨ ਲੋਚੇ ਗੁਰਦਰਸ਼ਨ ਤਾਈ। ਬਿਲਪ ਕਰੇ ਚਾਤ੍ਰਿਕ ਕੀ ਨਿਆਈਂ।
ਤ੍ਰਿਖਾ ਨਾ ਉਤਰੇ ਸਾਂਤਿ ਨਾ ਆਵੈ ਬਿਨੁ ਦਰਸ਼ਨ ਸੰਤ ਪਿਆਰੇ ਜੀਉ॥
ਹਉ ਘੋਲੀ ਹੋਉ ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ।।
(ਮਾਝ ਮਹੱਲਾ 5 ਪੰਨਾ 96-97)

5. ਕੋਈ ਬੋਲੈ ਰਾਮ ਕੋਈ ਖੁਦਾਇ। ਕੋਈ ਸੇਵੈ ਗੁਸਈਆ ਕੋਈ ਅਲਾਹਿ।।
ਕਾਰਣ ਕਰਣ ਕਰੀਮ। ਕ੍ਰਿਪਾ ਧਾਰਿ ਰਹੀਮ॥
ਕੋਈ ਨਾਵੈ ਤੀਰਥ ਕੋਈ ਹਜ ਜਾਇ। ਕੋਈ ਕਰੈ ਪੂਜਾ ਕੋਈ ਸਿਰ ਨਿਵਾਇ।
ਕੋਈ ਪੜੈ ਬੇਦ ਕੋਈ ਕਤੇਬ। ਕੋਈ ਓਢੇ ਨੀਲ ਕੋਈ ਸੁਪੇਦ।।
ਕੋਈ ਕਹੈ ਤੁਰਕ ਕੋਈ ਕਹੈ ਹਿੰਦੂ। ਕੋਈ ਬਾਛੈ ਭਿਸਤ ਕੋਈ ਸੁਰਗਿੰਦੂ॥
ਕਹੁ ਨਾਨਕ ਜਿਨ ਹੁਕਮ ਪਛਾਤਾ। ਪ੍ਰਭੂ ਸਾਹਿਬ ਕਾ ਤਿੰਨ ਭੇਦ ਜਾਤਾ॥
(ਪੰਨਾ 885)

6. ਪ੍ਰਭੂ ਕਾ ਸਿਮਰਨ ਸਭ ਤੇ ਊਚਾ। ਪ੍ਰਭ ਕੈ ਸਿਮਰ ਉਧਰੇ ਮੂਚਾ॥
ਪ੍ਰਭੂ ਕੈ ਸਿਮਰਨ ਕਾਰਜ ਪੂਰੇ। ਪ੍ਰਭੂ ਕੈ ਸਿਮਰਨ ਕਬਹੁ ਨਾ ਝੂਰੇ।।
('ਸੁਖਮਣੀ ਸਾਹਿਬ')

7. ਤੂ ਠਾਕੁਰ ਤੁਮ ਪਹਿ ਅਰਦਾਸ। ਜੀਉ ਪਿੰਡੁ ਸਭ ਤੇਰੀ ਰਾਸਿ।।
ਤੂੰ ਮਾਤ-ਪਿਤਾ ਹਮ ਬਾਰਿਕ ਤੇਰੇ। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।।
ਕੋਈ ਨਾ ਜਾਨੈ ਤੁਮਰਾ ਅੰਤ। ਊਚੇ ਸੇ ਊਚਾ ਭਗਵੰਤ॥
ਸਗਲ ਸਮਗੱਰੀ ਤੁਮਤੇ ਸੂਤਰਧਾਰੀ। ਤੁਮਤੇ ਹੋਇ ਸੁ ਆਗਿਆਕਾਰੀ।।
ਤੁਮਰੀ ਗਤਿ ਮਿਤੁ ਤੁਮ ਹੀ ਜਾਨੀ। ਨਾਨਕੁ ਦਾਸੁ ਸਦਾ ਕੁਰਬਾਨੀ।।
('ਸੁਖਮਨੀ ਸਾਹਿਬ')

8. ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਉ।।
(ਮਾਝ ਕੀ ਵਰ ਪੰਨਾ 103)

9. ਥਿਰ ਘਰ ਬੈਸਹੁ ਹਰਿ ਜਨ ਪਿਆਰੇ। ਸਤਗੁਰੂ ਤੁਮਰੇ ਕਾਜ ਸਵਾਰੇ॥
ਦੁਸ਼ਟ ਦੂਤ ਪ੍ਰਾਮੇਸਰ ਮਾਰੇ। ਜਨਕੀ ਪੈਜ ਰਖੀ ਕਰਤਾਰੇ॥
ਬਾਦਸ਼ਾਹ ਸ਼ਾਹ ਸਭ ਬਸ ਕਰ ਲੀਨੇ। ਅੰਮ੍ਰਿਤ ਨਾਮ ਮਹਾ ਰਸ ਪੀਨੇ।।
ਨਿਰਭਉ ਹੋਇ ਭਜਉ ਭਗਵਾਨੁ। ਸਾਧਿ ਸੰਗਤਿ ਮਿਲਿ ਕੀਨੋ ਦਾਨ।।
ਸ਼ਰਨ ਪੜੈ ਪ੍ਰਭ ਅੰਤਰਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ।।
(ਗਉੜੀ ਮਹਲਾ 5 ਪੰਨਾ 201)

10. ਹਉਮੇ ਰੋਗ ਮਾਨੁਖ ਕਉ ਦੀਨਾ। ਕਾਮਿ ਰੋਗ ਮੈਗਲ ਬਾਸਿ ਲੀਨਾ॥
ਦ੍ਰਿਸ਼ਟਿ ਰੋਗ ਪਚਿ ਮੁਏ ਪਤੰਗਾ। ਨਾਦਿ ਰੋਗ ਖਪਿ ਗਏ ਕੁਰੰਗਾ।।
ਜੋ ਜੋ ਦੀਸੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ।
(ਪੰਨਾ 1299)

11. ਬਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤਿ ਮੋਹ ਪਾਈ।
(ਪੰਨਾ 1299)

12. ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੈ ਹੋਵੈ ਮੁਕਤਿ॥
(ਪੰਨਾ 522)

13. ਅੰਤਰਿ ਗੁਰੂ ਅਰਾਧਣਾ ਜਿਹਵਾ ਜਪਿ ਗੁਰ ਨਾਉ
ਨੇਤ੍ਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ॥

ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ॥
ਕਹੁ ਨਾਨਕ ਕਿਰਪਾ ਕਰੈ ਜਿਸਨੋ ਇਹ ਵਧੂ ਦੇਇ।।
ਜਗ ਮਹਿ ਊਤਮ ਕਾਢੀਅਹੁ ਵਿਰਲੇ ਕੋਇ ਕੇਇ।।
(ਪੰਨਾ 517)

14. ਡੰਡਉਤਿ ਬੰਦਨਾ ਅਨਿਕ ਬਾਰ ਸਰਬ ਕਲਾ ਸਮਰੱਥ।।
ਡੋਲਨ ਤੇ ਰਾਖੁਹ ਪ੍ਰਭੂ ਨਾਨਕ ਦੇ ਕਰ ਹਥ।।
(ਸ਼ਲੋਕ ਪੰਨਾ 256)

15. ਖੁਦੀ ਮਿਟੀ ਤਬ ਸੁਖ ਭਏ ਤਨ ਮਨ ਭਏ ਅਰੋਗ।।
ਨਾਨਕ ਦ੍ਰਿਸ਼ਟੀ ਆਇਆ ਉਸਤਤਿ ਕਰਨੈ ਜੋਗੁ॥
(ਪੰਨਾ 260)

16. ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲੀ ਪੀਵੁਹ ਭਾਈ।।
ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ॥
ਕਰ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨਾ ਕਾਈ॥
ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ।।
ਤੁਧੁ ਜੇਵਡੁ ਤੈਹੇ ਪਾਰਬ੍ਰਹਮ ਨਾਨਕ ਸਰਣਾਈ।।
(ਪਉੜੀ 3)

17. ਸਭੈ ਵਸਤ ਕਉੜੀਆ ਸਚੇ ਨਾਉ ਮਿਠਾ॥
ਸਾਦੁ ਆਇਆ ਤਿਨ ਹਰਿ ਜਨਾ ਚਖਿ ਸਾਧੀ ਡਿਠਾ।।
ਪਾਰਬ੍ਰਹਮਿ ਜਿਸ ਲਿਖਿਆ ਮਨਿ ਤਿਸੈ ਵੁਡਾ॥
ਇਕ ਨਿਰੰਜਣ ਰਵਿ ਰਹਿਆ ਭਾਉ ਦਯਾ ਕੁਠਾ।।
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ॥
(ਪਉੜੀ 13)

18. ਭਿੰਨੀ ਰੈਨੜੀਐ ਚਮਕਨਿ ਤਾਰੇ। ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ।
ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਿਹ ਅਨਦਿਨੋ।।
ਚਰਣੁ ਕਮਲ ਧਿਆਨ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ।।
ਤਜਿ ਮਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ॥

ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ।
(ਪੰਨਾ 459)

19. ਤੂੰ ਸਮਰਥ ਵਡਾ ਮੇਰੀ ਮਤ ਥੋਰੀ ਰਾਮ।।
ਪਾਲਹਿ ਅਕਿਰਤਘਨਾ ਪੂਰਨ ਦ੍ਰਿਸ਼ਟਿ ਤੇਰੀ ਰਾਮ॥
ਅਗਾਧ ਬੋਧਿ ਅਪਾਰ ਕਰਤੈ ਮੋਹਿ ਨੀਚੁ ਕਛੁ ਨਾ ਜਾਨਾ॥
ਰਤਨ ਤਿਆਗ ਸੰਗ੍ਰਹਨ ਕਉਡੀ ਪਸ਼ੂ ਨੀਕ ਇਆਨਾ।।
ਤਿਆਗਿ ਚਲਤੀ ਮਹਾ ਚੰਚਲੁ ਦੋਖ ਕਰਿ ਕਰਿ ਜੋਰੀ।।
ਨਾਨਕ ਸਰਨਿ ਸਮਰੱਥ ਸੁਆਮੀ ਪੈਜ ਰਾਖਤ ਮੋਰੀ।।
('ਬਿਹਾਗੜਾ ਮਹੱਲਾ 5 ਛੰਤ' ਪੰਨਾ 547)

20. ਮਨ ਸਾਚਾ ਮੁਖਿ ਸਾਚਾ ਸੋਇ। ਅਵਰੁ ਨਾ ਪੇਖੈ ਏਕਸੁ ਬਿਨੁ ਕੋਇ।।
ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ।।
('ਸੁਖਮਨੀ ਸਾਹਿਬ' 272)

21. ਬ੍ਰਹਮ ਗਿਆਨੀ ਕੇ ਏਕੈ ਰੰਗ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ॥

22. ਜਿਸ ਸਿਮਰਤ ਦੁਖ ਜਾਇ ਸਹਜ ਸੁਖ ਪਾਈਐ।।
ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ।।
ਨਾਨਕ ਕਾ ਪ੍ਰਭ ਸੋਇ ਜਿਸ ਕਾ ਸਭ ਕੋਇ।।
ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ।।
(ਪੰਨਾ 398)

23. ਸਤਿਗੁਰ ਪੂਰੇ ਸੇਵਿਆ ਦੁਖਾ ਕਾ ਹੋਇ ਨਾਸੁ॥
ਨਾਨਕ ਨਾਮੁ ਅਰਾਧਿਐ ਕਾਰਜ ਆਵੈ ਰਾਸੁ।।
(ਸੋਰਿਠ ਮਹੱਲਾ 320)

24. ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ਼॥
ਹਰ ਕ੍ਰਿਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ॥
(ਪੰਨਾ 293)

25. ਸੰਤਾ ਕੇ ਕਾਰਜ ਆਪ ਖਲੋਇਆ ਹਰਿ ਕੰਮੁ ਕਰਾਵਣ ਆਇਆ
ਰਾਮ॥

ਧਰਿਤਿ ਸੁਹਾਵੀ ਤਾਲੁ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ॥

26. ਮਿਠ ਬੋਲ਼ੜਾ ਜੀ ਹਰਿ ਸਜਣ ਸੁਆਮੀ ਮੋਰਾ॥
ਹਉ ਸੰਮਲਿ ਥਕੀ ਜੀ ਉਹ ਕਦੇ ਨਾ ਬੋਲੈ ਕਉਰਾ॥
(ਪੰਨਾ 784)

27. ਡਿਠੇ ਸਭੈ ਥਾਵ ਨਹੀ ਤੁਧੁ ਜੇਹਿਆ॥
ਬਧੋਹਿ ਪੁਰਖ ਬਿਧਾਤੈ ਤਾ ਤੂ ਸੋਹਿਆ॥
('ਫੁਨਹੇ ਮਹੱਲਾ 5 1362)

28. ਜਗਤ ਜਲੰਦਾ ਰਖਿ ਲੈ, ਆਪਣੀ ਕ੍ਰਿਪਾ ਧਾਰਿ।।
ਜਿਤੁ ਦੁਆਰੈ, ਉਬਰੈ, ਤਿਤੈ ਲੋਹੁ ਉਬਾਰਿ॥
ਸਤਿਗੁਰ ਸੁਖ ਵੇਖਾਲਿਆ, ਸਚਾ ਸਬਦ ਵੀਚਾਰਿ॥
ਨਾਨਕ ਅਵਰ ਨਾ ਸੁਝਈ, ਹਰਿ ਬਿਨੁ ਬਖਸ਼ਣਹਾਰੁ।।
(ਬਿਲਾਵਲ ਕੀ ਵਾਰ ਪੰਨਾ 253)

29. ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ।।
ਨਾਨਕ ਦਾਸੁ ਮੁਖ ਤੇ ਜੋ ਬੋਲੈ, ਈਹਾ ਊਹਾ ਸਚ ਹੋਵੈ।।
(ਧਨਾਸਰੀ ਮੱਹਲਾ 5 ਪੰਨਾ 681)