ਸਿੱਖ ਗੁਰੂ ਸਾਹਿਬਾਨ/ਗੁਰੂ ਰਾਮਦਾਸ ਜੀ

ਵਿਕੀਸਰੋਤ ਤੋਂ

ਸ੍ਰੀ ਗੁਰੂ ਰਾਮਦਾਸ ਜੀ

'ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੁ ਸੁਆਰਿਐ।।'

ਗੁਰੂ ਨਾਨਕ ਦੇ ਚੌਥੇ ਅਵਤਾਰ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਈ. ਲਾਹੌਰ ਸ਼ਹਿਰ ਵਿੱਚ ਚੂਨਾ ਮੰਡੀ ਵਿਖੇ ਹੋਇਆ। ਇਹ ਸੋਢੀ ਪਰਿਵਾਰ ਸਧਾਰਨ ਪਰ ਪ੍ਰਮਾਤਮਾ ਤੋਂ ਡਰਨ ਵਾਲਾ ਸੀ। ਉਹਨਾਂ ਦਾ ਬਚਪਨ ਦਾ ਨਾਂ 'ਜੇਠਾ' ਸੀ ਜਿਸਦਾ ਮਤਲਬ ਉਹ ਆਪਣੇ ਮਾਤਾ-ਪਿਤਾ ਦੀ ਪਹਿਲੀ ਸੰਤਾਨ ਸਨ। ਉਹਨਾਂ ਦੇ ਪਿਤਾ ਦਾ ਨਾਂ ਹਰੀਦਾਸ ਅਤੇ ਮਾਤਾ ਦਾ ਨਾਂ ਦਯਾ ਕੌਰ ਸੀ। ਦਯਾ ਕੌਰ ਨੂੰ ਅਨੂਪ ਦੇਵੀ ਦੇ ਤੌਰ 'ਤੀ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਮਾਤਾ-ਪਿਤਾ ਦਾ ਸਾਇਆ ਜਲਦੀ ਉਹਨਾਂ ਦੇ ਸਿਰ ਤੋਂ ਉੱਠ ਗਿਆ ਜਿਸ ਕਰਕੇ ਰੋਜ਼ੀ ਰੋਟੀ ਕਮਾਉਣ ਲਈ ਛੋਟੀ ਉਮਰ ਵਿੱਚ ਹੀ ਭਾਈ ਜੇਠੇ ਨੂੰ ਘੁੰਗਣੀਆਂ ਭਾਵ ਉਬਲੀਆਂ ਦਾਲਾਂ ਆਦਿ ਵੇਚਣ ਦਾ ਕੰਮ ਕਰਨਾ ਪਿਆ।

ਗੋਇੰਦਵਾਲ ਵਿਖੇ ਉਸ ਸਮੇਂ ਬਾਉਲੀ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। ਭਾਈ ਜੇਠਾ ਨੇ ਵੀ ਬਾਉਲੀ ਦੀ ਖੁਦਾਈ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਗੁਰੂ ਅਮਰਦਾਸ ਤੋਂ ਆਸ਼ੀਰਵਾਦ ਲਿਆ। ਭਾਈ ਜੇਠਾ ਸੇਵਾ ਭਗਤੀ, ਸ਼ਰਧਾ ਤੇ ਤਿਆਗ ਦੀ ਮੂਰਤ ਸਨ, ਉਹ ਗੁਰੂ ਦਾ ਹੁਕਮ ਖਿੜੇ ਮੱਥੇ ਸਵੀਕਾਰਦੇ ਸਨ, ਗੁਰੂ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਸਮਝਦੇ ਸਨ, ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਅਤੇ ਧਾਰਮਿਕ ਰੰਗਤ ਵਿੱਚ ਰੰਗੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਉਹਨਾਂ ਦੀ ਸ਼ਰਧਾ ਤੋਂ ਇਸ ਕਦਰ ਪ੍ਰਸੰਨ ਹੋਏ ਕਿ ਉਹਨਾਂ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਲਈ ਭਾਈ ਜੇਠਾ ਜੀ ਨੂੰ ਹੀ ਵਰ ਚੁਣਿਆ। ਇਸ ਸਮੇਂ ਭਾਈ ਜੇਠਾ 19 ਸਾਲ ਦੇ ਸਨ। ਬੀਬੀ ਭਾਨੀ ਨਾਲ ਸ਼ਾਦੀ ਤੋਂ ਮਗਰੋਂ ਵੀ ਉਸੇ ਸ਼ਰਧਾ ਤੇ ਪ੍ਰੇਮ ਭਗਤੀ ਨਾਲ ਉਹ ਕੰਮ ਕਰਦੇ ਰਹੇ।

ਕੁੱਝ ਹਿੰਦੂਆਂ ਦੀ ਸ਼ਕਾਇਤ 'ਤੇ ਬਾਦਸ਼ਾਹ ਅਕਬਰ ਨੇ ਗੁਰੂ ਅਮਰਦਾਸ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਗੁਰੂ ਜੀ ਨੇ ਭਾਈ ਜੇਠਾ ਨੂੰ ਭੇਜਿਆ। ਭਾਈ ਜੇਠਾ ਨੇ ਅਕਬਰ ਨੂੰ ਦੱਸਿਆ ਕਿ ਗੁਰੂ ਅਮਰਦਾਸ ਜੀ ਜ਼ਿੰਦਗੀ ਦਾ ਅਸਲ ਮਕਸਦ ਸਿੱਖਾਂ ਨੂੰ ਸਮਝਾ ਰਹੇ ਹਨ, ਕਿਸੇ ਹਿੰਦੂ ਦੇਵੀ ਦੇਵਤੇ ਦੀ ਨਿੰਦਿਆ ਨਹੀਂ ਕਰ ਰਹੇ। ਗੰਗਾ, ਜਮਨਾ ਆਦਿ ਨਦੀਆਂ ਵਿੱਚ ਨਹਾ ਕੇ ਸਰੀਰ ਦੀ ਬਾਹਰੀ ਮੈਲ ਉੱਤਰ ਜਾਂਦੀ ਹੈ ਪਰ ਮਨ ਦੀ ਮੈਲ ਸਾਫ਼ ਕਰਨ ਲਈ ਪ੍ਰਮਾਤਮਾ ਦੇ ਬੰਦਿਆਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਦੀ ਲੋੜ ਹੁੰਦੀ ਹੈ। ਹਿੰਦੂ ਵਿਸ਼ਵਾਸ ਕਰਦੇ ਹਨ ਕਿ ਕੁੱਝ ਲੋਕ ਜਨਮ ਤੋਂ ਨੀਵੇਂ ਹਨ ਅਤੇ ਕੁੱਝ ਉੱਚੇ ਹਨ ਜਦ ਕਿ ਗੁਰੂ ਅਮਰਦਾਸ ਦਾ ਵਿਚਾਰ ਹੈ ਕਿ ਸਾਰੇ ਮਨੁੱਖ ਬਰਾਬਰ ਹੁੰਦੇ ਹਨ। ਅਕਬਰ ਭਾਈ ਜੇਠੇ ਦੀਆਂ ਦਲੀਲਾਂ ਨਾਲ ਸਹਿਮਤ ਹੋ ਗਿਆ। ਉਸਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਵਿੱਚ ਕੁੱਝ ਵੀ ਗਲਤ ਨਹੀਂ ਲੱਗਿਆ।

ਨਿਸ਼ਕਾਮ ਸੇਵਾ ਭਾਵਨਾ ਤੋਂ ਖੁਸ਼ ਹੋ ਕੇ 1574 ਈ. ਵਿੱਚ ਗੁਰੂ ਅਮਰ ਦਾਸ ਜੀ ਨੇ ਭਾਈ ਜੇਠਾ ਨੂੰ ਗੁਰੂਆਈ ਬਖਸ਼ ਦਿੱਤੀ ਅਤੇ ਭਾਈ ਜੇਠਾ ਤੋ ਰਾਮਦਾਸ ਨਾਂ ਦੇ ਦਿੱਤਾ। ਉਹਨਾਂ ਦੇ ਘਰ ਤਿੰਨ ਪੁੱਤਰਾਂ, ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਨੇ ਜਨਮ ਲਿਆ। ਗੁਰੂ ਅਮਰਦਾਸ ਦੇ ਜੋਤੀ ਜੋਤਿ ਸਮਾਉਣ ਤੱਕ ਉਹ ਗੋਇੰਦਵਾਲ ਰਹਿ ਕੇ ਹੀ ਗੁਰੂ ਘਰ ਦੀ ਸੇਵਾ ਕਰਦੇ ਰਹੇ।

ਗੁਰੂ ਜੀ ਨੇ ਬੀਬੀ ਭਾਨੀ ਨੂੰ ਮਿਲੀ ਜਾਗੀਰ ਉੱਤੇ ਇੱਕ ਸ਼ਹਿਰ ਵਸਾਉਣ ਲਈ ਉਸ ਥਾਂ ਦਾ ਰੁੱਖ ਕੀਤਾ। ਪਹਿਲਾਂ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਗਈ। ਨਾਲ ਦੀ ਨਾਲ ਸ਼ਹਿਰ ਦੀ ਸਥਾਪਨਾ ਕੀਤੀ ਗਈ। ਵਪਾਰੀਆਂ, ਕਾਰੋਬਾਰੀਆਂ ਨੇ ਸਿੱਖਾਂ ਨੂੰ ਵਸਣ ਦੀ ਅਪੀਲ ਕੀਤੀ। ਇਸ ਤਰਾਂ 'ਚੱਕ ਰਾਮਦਾਸਪੁਰਾ' ਹੋਂਦ ਵਿੱਚ ਆਇਆ। ਅੰਮ੍ਰਿਤ ਸਰੋਵਰ ਦੇ ਤਿਆਰ ਹੋਣ ਪਿੱਛੋਂ ਇਸਦਾ ਨਾਂ 'ਅੰਮ੍ਰਿਤਸਰ ਕਰ ਦਿੱਤਾ ਗਿਆ ਜੋ ਅੱਜ ਸਿੱਖੀ ਦਾ ਮਹਾਨ ਤੀਰਥ ਹੈ। ਪੱਟੀ, ਕਸੂਰ ਤੇ ਕਲਾਨੌਰ ਦੇ ਦੇ ਵਪਾਰੀਆਂ ਤੇ ਮਿਸਤਰੀਆਂ ਨੇ ਇਸ ਪਵਿੱਤਰ ਥਾਂ ਦੀ ਉਸਾਰੀ ਲਈ ਆਪਣਾ ਵੱਡਾ ਯੋਗਦਾਨ ਪਾਇਆ। ਇਸ ਸ਼ਹਿਰ ਵਿੱਚ ਇੱਕ ਹੀ ਬਜ਼ਾਰ ਸੀ ਜਿਸਨੂੰ 'ਗੁਰੂ ਕਾ ਬਜ਼ਾਰ' ਕਿਹਾ ਜਾਂਦਾ ਸੀ। ਇਸਦਾ ਨਾਂ ਅੱਜ ਵੀ ਉਹੀ ਹੈ ਹਾਲਾਂਕਿ ਇਸਦੀ ਦਿੱਖ ਤੇ ਅਬਾਦੀ ਬਹੁਤ ਬਦਲ ਗਈ ਹੈ। ਸ਼ਹਿਰ ਦੀ ਸਥਾਪਨਾ ਤੇ ਅੰਮ੍ਰਿਤ ਸਰੋਵਰ ਦੀ ਉਸਾਰੀ ਲਈ ਧਨ ਦੀ ਕਾਫੀ ਲੋੜ ਸੀ। ਗੁਰੂ ਰਾਮਦਾਸ ਜੀ ਨੇ ਇਸ ਕੰਮ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 'ਦਸਵੰਧ' ਕਮਾਈ ਦਾ ਦਸਵਾਂ ਹਿੱਸਾ ਗੁਰੂ ਲਈ ਦਾਨ ਕਰਨ। ਦੂਰ-ਦੁਰਾਡਿਓ ਇਹ ਦਸਵੰਧ ਇਕੱਠਾ ਕਰਨ ਲਈ ਜਿਹਨਾਂ ਸਿੱਖਾਂ ਦੀ ਡਿਊਟੀ ਲਾਈ ਗਈ ਸਿੱਖ ਇਤਿਹਾਸ ਵਿੱਚ ਉਹਨਾਂ ਨੂੰ 'ਮਸੰਦ' ਕਿਹਾ ਜਾਂਦਾ ਹੈ। ਇਸ ਤਰਾਂ ਗੁਰੂ ਰਾਮਦਾਸ ਜੀ ਦੇ ਸਮੇਂ 'ਮਸੰਦ ਪ੍ਰਥਾ' ਹੋਈ ਅਤੇ ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨ ਵਿੱਚ ਸੌਖ ਹੋ ਗਈ।

ਗੁਰੂ ਰਾਮਦਾਸ ਜੀ ਨੇ 679 ਸ਼ਲੋਕਾਂ ਦੀ ਰਚਨਾ ਕੀਤੀ ਜੋ ਗਿਆਰਾਂ ਰਾਗਾਂ ਵਿੱਚ ਲਿਖੇ ਹੋਏ ਹਨ ਅਤੇ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ ਹਨ। ਇਹਨਾਂ ਸ਼ਲੋਕਾਂ ਵਿੱਚ ਉਹਨਾਂ ਨੇ ਪ੍ਰਭੂ ਵਡਿਆਈ, ਅਧਿਆਤਮਿਕਤਾ ਅਤੇ ਸੱਚੇ ਗੁਰੂ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਲੋਕ ਇਸਦਾ ਫਾਇਦਾ ਲੈ ਸਕਣ। ਉਹਨਾਂ ਨੇ ਆਪਣੀ ਬਾਣੀ ਵਿੱਚ ਸਪੱਸ਼ਟ ਕੀਤਾ ਹੈ ਕਿ ਗੁਰੂ ਪਾਰਸ ਹੈ ਅਤੇ ਅਸੀਂ ਗੁਰੂ ਤੋਂ ਧਾਰਮਿਕ ਸਿੱਖਿਆ ਲੈ ਕੇ ਪਾਰਸ ਬਣ ਸਕਦੇ ਹਾਂ। ਗੁਰੂ ਸਾਨੂੰ ਪ੍ਰਭੂ ਨਾਲ ਜੋੜਦਾ ਹੈ। ਤੀਰਥ ਸਥਾਨਾਂ 'ਤੇ ਜਾਣ ਦਾ ਤਾਂ ਹੀ ਫਾਇਦਾ ਹੈ ਜੇਕਰ ਪ੍ਰਮਾਤਮਾ ਦੀ ਉਸਤਤ ਕਰਦੇ ਜਾਈਏ। ਪੱਕੇ ਇਰਾਦੇ ਅਤੇ ਸੱਚੀ ਰੌਸ਼ਨੀ ਦੇ ਚਾਨਣ ਵਿੱਚ ਹੀ ਮਨੁੱਖ ਠੀਕ ਮਾਰਗ 'ਤੇ ਚੱਲ ਸਕਦਾ ਹੈ।

ਪ੍ਰਸਿੱਧ ਸਿੱਖ ਵਿਦਵਾਨ ਭਾਈ ਗੁਰਦਾਸ ਗੁਰੂ ਰਾਮਦਾਸ ਜੀ ਪਾਸ ਉਹਨਾਂ ਦਾ ਅਸ਼ੀਰਵਾਦ ਲੈਣ ਆਏ। ਗੁਰੂ ਰਾਮਦਾਸ ਉਹਨਾਂ ਦੀ ਸ਼ਰਧਾ ਅਤੇ ਨਿਮਰਤਾ ਤੋਂ ਬਹੁਤ ਖੁਸ਼ ਹੋਏ। ਅਤੇ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਆਗਰਾ ਜਾਣ ਲਈ ਕਿਹਾ। ਉਹਨਾਂ ਨੇ ਭਾਈ ਗੁਰਦਾਸ ਨੂੰ ਕੁੱਝ ਹਿਦਾਇਤਾਂ ਦਿੱਤੀਆਂ ਜੋਂ ਆਗਰੇ ਦੇ ਸਿੱਖਾਂ ਲਈ ਸਨ। ਉਹਨਾਂ ਨੇ ਕਿਹਾ ਕਿ ਸੱਚੇ ਗੁਰੂ ਦੇ ਸਿੱਖ ਨੂੰ ਸਵੇਰ ਵੇਲੇ ਇਸ਼ਨਾਨ ਕਰਕੇ ਪ੍ਰਭੂ ਭਗਤੀ ਕਰਨੀ ਚਾਹੀਦੀ ਹੈ। ਇਸ ਨਾਲ ਦੁੱਖਾਂ, ਪਾਪਾਂ ਤੋਂ ਮੁਕਤੀ ਮਿਲਦੀ ਹੈ। ਸੂਰਜ ਨਿਕਲਣ ਸਮੇਂ ਪਵਿੱਤਰ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਹਰ ਵੇਲੇ ਪ੍ਰਭੂ ਨੂੰ ਯਾਦ ਰੱਖਣਾ ਚਾਹੀਦਾ ਹੈ। ਜਿਹਨਾਂ ਲੋਕਾਂ ਤੋਂ ਗੁਰੂ ਦੀ ਦਇਆ ਹੋ ਜਾਂਦੀ ਹੈ, ਗੁਰੂ ਉਹਨਾਂ ਨੂੰ ਰਸਤਾ ਦਿਖਾਉਂਦਾ ਹੈ। ਉਹ ਅਜਿਹੇ ਸੱਚੇ ਸੁੱਚੇ ਸਿੱਖ ਦੇ ਪੈਰਾਂ ਦੀ ਧੂੜ ਚਾਹੁੰਦੇ ਹਨ।

ਗੁਰੂ ਰਾਮਦਾਸ ਸਿੱਖਾਂ ਦੇ ਧਾਰਮਿਕ ਗੁਰੂ ਹੋਣ ਦੇ ਨਾਲ ਉਹਨਾਂ ਦੇ ਦੁਖ- ਸੁੱਖ ਦਾ ਵੀ ਪੂਰਾ ਧਿਆਨ ਰੱਖਦੇ ਸਨ। ਇਸ ਸਮੇਂ ਪੰਜਾਬ ਵਿੱਚ ਵਰਖਾ ਨਾ ਹੋਣ ਕਾਰਨ ਕਾਲ ਵਰਗੀ ਹਾਲਤ ਹੋ ਗਈ। ਲੋਕੀ ਮਾਲੀਆ ਦੇਣ ਦੀ ਹਾਲਤ ਵਿੱਚ ਨਹੀਂ ਸੀ। ਗੁਰੂ ਰਾਮਦਾਸ ਜੀ ਦੇ ਅਕਬਰ ਬਾਦਸ਼ਾਹ ਨਾਲ ਸਬੰਧ ਚੰਗੇ ਸਨ। ਉਹਨਾਂ ਨੇ ਬਾਦਸ਼ਾਹ ਨੂੰ ਕਿਸਾਨਾਂ ਦਾ ਇਸ ਸਾਲ ਦਾ ਮਾਲੀਆ ਮਾਫ ਕਰਨ ਲਈ ਕਿਹਾ। ਬਾਦਸ਼ਾਹ ਸਹਿਮਤ ਹੋ ਗਿਆ। ਇਸ ਗੱਲ ਨਾਲ ਸਿੱਖਾਂ ਦੇ ਮਨ ਵਿੱਚ ਗੁਰੂ ਜੀ ਦੀ ਇੱਜ਼ਤ ਹੋਰ ਵਧ ਗਈ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਹ ਯਤਨ ਕੀਤੇ ਜਾ ਰਹੇ ਸਨ ਕਿ ਸਖਤ ਹਿੰਦੂ ਰੀਤੀ ਰਿਵਾਜਾਂਤੇਂ ਪ੍ਰੋਹਿਤਾਂ ਦੇ ਪੰਜੇ ਤੋਂ ਲੋਕਾਂ ਨੂੰ ਅਜ਼ਾਦ ਕੀਤਾ ਜਾਵੇ। ਲੋਕਾਂ ਦੇ ਵਹਿਮ ਭਰਮ ਦੂਰ ਕੀਤੇ ਜਾਣ। ਇਸ ਕਾਰਜ ਹਿਤ ਗੁਰੂ ਰਾਮਦਾਸ ਜੀ ਨੇ ਵਿਆਹ ਸਬੰਧੀ ਰਸਮਾਂ ਵਿੱਚ ਖਾਸ ਬਦਲਾਅ ਕੀਤਾ। ਇਸ ਨੂੰ ਸਧਾਰਣ ਰੀਤ ਬਣਾਇਆ ਅਤੇ ਗੁਰੂ ਦੇ ਪਵਿੱਤਰ ਸ਼ਬਦਾਂ ਨਾਲ ਇਸ ਰੀਤ ਨੂੰ ਸਪੰਨ ਕਰਨ ਲਈ 'ਚਾਰ ਲਾਵਾਂ' ਦਾ ਪਾਠ ਕਰਨ ਲਈ ਕਿਹਾ। ਇਹਨਾਂ ਲਾਵਾਂ ਦੇ ਪਾਠ ਵਿੱਚ 'ਵਿਆਹੁਤਾ ਜੋੜੇ ਨੂੰ ਪ੍ਰਭੂ ਦੀ ਵਡਿਆਈ ਕਰਕੇ ਸਹਿਜ ਅਨੰਦ ਅਵਸਥਾ ਗ੍ਰਹਿਣ ਕਰਕੇ ਗੁਰੂ ਨਾਲ ਜੁੜਨ ਲਈ ਕਿਹਾ ਗਿਆ ਹੈ। ਮੇਰਾ ਪ੍ਰਭੂ ਹਰ ਥਾਂ ਵਸਦਾ ਹੈ ਅਤੇ ਉਸਨੂੰ ਪਾ ਕੇ ਉਹ ਹੰਕਾਰ ਦੀ ਮੈਲ ਧੋ ਚੁੱਕਾ ਹੈ ਤੇ ਨਿਡਰ ਹੋ ਗਿਆ ਹੈ। ਉਸਨੂੰ ਸਹਿਜ ਅਨੰਦ ਦੀ ਪ੍ਰਾਪਤੀ ਹੋਈ ਹੈ। ਮਨ ਇੰਨਾ ਖੁਸ਼ ਹੈ ਕਿ ਮੈਂ ਪ੍ਰਭੂ ਦਾ ਨਾਮ ਵਾਰ ਵਾਰ ਲੈ ਕੇ ਕਿਸਮਤਵਾਲਾ ਹੋ ਗਿਆ ਹਾਂ। ਪ੍ਰਭੂ ਨੇ ਆਪ ਹੀ ਵਡਿਆਈ ਬਖਸ਼ੀ ਹੈ, ਆਪ ਹੀ ਸ਼ਾਦੀ ਕਰਵਾਈ ਹੈ, ਉਸਦੇ ਨਾਮ ਲੈਣ ਨਾਲ ਦੁਲਹਣ ਵੀ ਖੁਸ਼ ਹੈ। ਗੁਰੂ ਦੀ ਬਸ਼ਸ਼ਿਸ਼ ਹੋਈ ਹੈ।'

ਗੁਰੂ ਰਾਮਦਾਸ ਜੀ ਦੇ ਤਿੰਨਾਂ ਸਪੁੱਤਰਾਂ ਵਿੱਚੋਂ ਮਹਾਂ ਦੇਵ ਫਕੀਰ ਪ੍ਰਵਿਰਤੀ ਦਾ ਸੀ। ਵੱਡਾ ਪ੍ਰਿਥੀ ਚੰਦ ਲਾਲਚੀ ਵਿਅਕਤੀ ਸੀ। ਗੁਰੂ ਅਰਜਨ ਦੇਵ ਨਿਮਰਤਾ, ਗੁਣਾਂ ਦੀ ਖਾਣ, ਤਿਆਗੀ ਅਤੇ ਵਿਦਵਾਨ ਸਨ। ਪ੍ਰਿਥੀ ਚੰਦ ਗੱਦੀ ਹਥਿਆਉਣੀ ਚਾਹੁੰਦਾ ਸੀ। ਉਸਨੂੰ ਪਤਾ ਸੀ ਕਿ ਗੁਰੂ ਸਾਹਿਬ ਅਰਜਨ ਦੇਵ ਨੂੰ ਗੱਦੀ ਸੌਂਪਣਗੇ। ਇਸ ਲਈ ਉਸਨੇ ਚਾਲਾਂ ਚੱਲਣੀਆਂ ਚਾਹੀਆਂ। ਗੁਰੂ ਅਰਜਨ ਦੇਵ ਨੂੰ ਗੁਰੂ ਪਿਤਾ ਤੋਂ ਦੂਰ ਰੱਖਣ ਦਾ ਹਰ ਸੰਭਵ ਯਤਨ ਕੀਤਾ। ਪਰ ਗੁਰੂ-ਪਿਤਾ ਸਭ ਜਾਣਦੇ ਸਨ। ਉਹਨਾਂ ਨੂੰ ਪਤਾ ਸੀ ਕਿ ਗੁਰਗੱਦੀ ਦੇ ਅਸਲੀ ਵਾਰਸ ਅਰਜਨ ਦੇਵ ਹੀ ਹਨ। ਗੁਰੂ ਜੀ ਅਰਜਨ ਦੇਵ ਦੀਆਂ ਚਿੱਠੀਆਂ ਵਿੱਚ ਉਹਨਾਂ ਦਾ ਪਿਤਾ-ਪਿਆਰ ਅਤੇ ਗੁਰਬਾਣੀ ਦੀ ਸਰਲਤਾ ਤੇ ਸਪੱਸ਼ਟਤਾ, ਵਿਦਵਤਾ ਤੋਂ ਬਹੁਤ ਪ੍ਰਭਾਵਿਤ ਸਨ।

ਸਹੀਂ ਸਮੇਂ 'ਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਨੂੰ ਗੁਰਗੱਦੀ ਦੇਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਬਾਬਾ ਬੁੱਢਾ ਨੂੰ ਅਰਜਨ ਦੇਵ ਦੇ ਮੱਥੇ 'ਤੇ ਤਿਲਕ ਲਾਉਣ ਲਈ ਕਿਹਾ। ਜਿਵੇਂ ਇੱਕ ਮੋਮਬੱਤੀ ਤੋਂ ਦੂਜੀ ਮੋਮਬੱਤੀ ਬਾਲੀ ਜਾਂਦੀ ਹੈ। ਇਸ ਤਰਾਂ ਪ੍ਰਭੂ ਦੀ ਰੌਸ਼ਨੀ ਗੁਰੂ ਨਾਨਕ ਤੋਂ ਗੁਰੂ ਅੰਗਦ ਕੋਲ ਪਹੁੰਚੀ, ਗੁਰੂ ਅੰਗਦ ਤੋਂ ਗੁਰੂ ਅਮਰ ਦਾਸ ਅਤੇ ਅਮਰਦਾਸ ਤੋਂ ਗੁਰੂ ਰਾਮਦਾਸ, ਰਾਮਦਾਸ ਗੁਰੂ ਤੋਂ ਗੁਰੂ ਅਰਜਨ ਦੇਵ ਕੋਲ ਪਹੁੰਚੀ ਅਤੇ ਉਹ ਪੰਜਵੇਂ ਨਾਨਕ ਬਣੇ। ਕੁੱਝ ਸਮੇਂ ਬਾਅਦ ਸਤੰਬਰ 1581 ਈ. ਵਿੱਚ ਗੁਰੂ ਰਾਮਦਾਸ ਜੀ ਪ੍ਰਮਾਤਮਾ ਕੋਲ ਜਾ ਬਿਰਾਜੇ। ਉਸ ਸਮੇਂ ਉਹਨਾਂ ਦੀ ਉਮਰ ਸਿਰਫ 47 ਸਾਲ ਸੀ ਅਤੇ ਉਹਨਾਂ ਨੇ ਸੱਤ ਸਾਲ ਗੁਰੂਆਈ ਦੇ ਬਿਤਾਏ। ਉਸ ਸਮੇਂ ਸਾਰੇ ਦੇਸ਼ ਵਿੱਚ ਸਿੱਖ ਧਰਮ ਦਾ ਪ੍ਰਚਾਰ ਜੋਰਾਂ 'ਤੇ ਸੀ। ਗੁਰੂ ਰਾਮਦਾਸ ਜੀ ਨੇ ਸਿੱਖ ਜਗਤ ਵਿੱਚ ਬਹੁਤ ਇੱਜ਼ਤ ਤੇ ਨਾਮ ਕਮਾਇਆ।

ਗੁਰੂ ਰਾਮਦਾਸ ਜੀ ਦਾ ਕਾਰਜਕਾਲ ਭਾਵੇਂ ਛੋਟਾ ਸੀ ਪਰ ਉਹਨਾਂ ਨੇ ਸਿੱਖ ਧਰਮ ਦੇ ਲਈ ਜੋ ਕੰਮ ਕੀਤੇ ਉਹ ਬੇਮਿਸਾਲ ਸਨ। ਆਪਣੀ ਨਿਮਰਤਾ ਨਾਲ ਨੇ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ, ਜੋ ਉਦਾਸੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ, ਨੂੰ ਵੀ ਪ੍ਰਭਾਵਿਤ ਕੀਤਾ। ਸ੍ਰੀ ਚੰਦ ਦੇ ਇਹ ਪੁੱਛਣ 'ਤੇ ਕਿ ਗੁਰੂ ਜੀ ਨੇ ਇਨਾ ਲੰਬਾ ਦਾਹੜਾ ਕਿਉਂ ਰੱਖਿਆ ਹੈ, ਗੁਰੂ ਰਾਮਦਾਸ ਜੀ ਨੇ ਨਿਮਰਤਾ ਨਾਲ ਕਿਹਾ ਕਿ ਇਹ ਬਾਬਾ ਸ੍ਰੀ ਚੰਦ ਵਰਗੇ ਮਹਾਂਪੁਰਖਾਂ ਦੇ ਪੈਰ ਪੂੰਝਣ ਲਈ ਹੈ। ਸ੍ਰੀ ਚੰਦ ਨੇ ਇਸ ਗੱਲ ਨੂੰ ਸੁਣ ਕੇ ਅਨੁਭਵ ਕੀਤਾ ਕਿ ਨਿਮਰਤਾ ਨਾਲ ਹੀ ਮਨੁੱਖੀ ਮਨ ਦੀ ਜਿੱਤ ਹੁੰਦੀ ਹੈ। ਇਸ ਤਰਾਂ ਦੀਆਂ ਅਨੇਕਾਂ ਮਿਸਾਲਾਂ ਹਨ ਜਿਹਨਾਂ ਤੋਂ ਉਹਨਾਂ ਦੇ ਵਿਅਕਤੀਤਵ ਦੇ ਅਨੇਕਾਂ ਗੁਣਾਂ 'ਤੇ ਰੌਸ਼ਨੀ ਪੈਂਦੀ ਹੈ। ਸਰੋਵਰ ਦਾ ਰਹਿੰਦਾ ਕੰਮ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਜ਼ਿੰਮੇਵਾਰੀ ਉਹਨਾਂ ਦੇ ਸਪੁੱਤਰ ਅਤੇ ਪੰਜਵੇਂ ਗੁਰੂ ਅਰਜਨ ਦੇਵ ਨੇ ਪੂਰੀ ਕੀਤੀ ਕਿਉਂਕਿ ਗੁਰੂ ਰਾਮਦਾਸ ਜੀ ਦੀ ਸੰਸਾਰਿਕ ਯਾਤਰਾ ਥੋੜੀ ਸੀ।

ਗੁਰੂ ਰਾਮ ਦਾਸ ਜੀ ਸ਼ਾਂਤ ਪ੍ਰਵਿਰਤੀ ਦੇ ਮਾਲਕ ਸਨ। ਉਹਨਾਂ ਦੀ ਰਚੀ ਬਾਣੀ ਵਿੱਚ ਪ੍ਰਭੂ ਭਗਤੀ 'ਤੇ ਜ਼ੋਰ ਦਿੱਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤ ਧਾਰਾ ਬਹਿੰਦੀ ਹੈ। ਗੁਰੂ ਜੀ ਛੋਟੀ ਉਮਰ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਉਹਨਾਂ ਵਿੱਚ ਗੁਰੂ ਘਰ ਦੇ ਸਾਰੇ ਸੰਸਕਾਰ ਹਲੀਮੀ, ਸ਼ਹਿਨਸ਼ੀਲਤਾ ਅਤੇ ਸਬਰ ਸੰਤੋਖ ਪ੍ਰਤੱਖ ਦਿਸਦੇ ਸਨ। ਸ਼ੁਰੂ ਤੋਂ ਹੀ ਉਹਨਾਂ ਨੂੰ ਗੁਰੂ ਅਮਰਦਾਸ ਜਿਹੇ ਨਿਮਰਤਾ ਦੇ ਪੁੰਜ ਗੁਰੂ ਦਾ ਸਾਥ ਮਿਲਿਆ। ਬਾਬਾ ਬੁੱਢਾ ਜਿਹੇ ਕਰਮਯੋਗੀ ਦੀ ਸੰਗਤ ਮਿਲੀ ਤਾਂ ਉਹਨਾਂ ਦੇ ਜੀਵਨ 'ਤੇ ਇਹਨਾਂ ਗੱਲਾਂ ਦਾ ਅਸਰ ਹੋਣਾ ਲਾਜ਼ਮੀ ਸੀ। ਆਪਣੇ ਗੁਰੂ ਦੀ ਸੰਗਤ ਤੇ ਸੇਵਾ ਲਈ ਉਹ ਹਰਦਮ ਤਿਆਰ ਸਨ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਪ੍ਰਮੇਸ਼ਰ ਦੀ ਸਰਵ ਉੱਚਤਾ ਦੀ ਵਡਿਆਈ ਵਿੱਚ ਲਿਖੀ ਬਾਣੀ ਗੁਰੂ ਰਾਮਦਾਸ ਜੀ ਦੀ ਮਿਠਾਸ ਭਰਪੂਰ ਅਤੇ ਤਪਦੇ ਹਿਰਦੇ ਸ਼ਾਂਤ ਕਰਦੀ ਹੈ। ਆਪ ਜੀ ਦੀਆਂ ਸਿੱਖਿਆਵਾਂ ਮਨੁੱਖ ਮਾਤਰ ਲਈ ਸੁਚੱਜਾ ਜੀਵਨ ਜਿਉਣ ਦੀ ਪ੍ਰੇਰਨਾ ਦਾ ਸੋਮਾ ਹਨ। ਉਹਨਾਂ ਨੇ ਸਿੱਖਾਂ ਨੂੰ 'ਆਪਾ' ਗੁਰੂ ਨੂੰ ਸੌਂਪਣ 'ਤੇ ਜ਼ੋਰ ਦਿੱਤਾ। ਅੰਤਰ ਆਤਮਾ ਦੀ ਸੋਝੀ ਮਨ ਦੀ ਮੈਲ ਧੋ ਸਕਦੀ ਹੈ। ਨਾਮ ਦਾਨ, ਇਸ਼ਨਾਨ, ਸੁੱਚੀ ਕਿਰਤ, ਵੰਡ ਛਕਣ ਸਿੱਖ ਲਈ ਸ਼ੁਭ ਕਰਮ ਹਨ। ਉਹਨਾਂ ਦੇ ਅਨੁਸਾਰ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਸਿੱਖ ਦੀ ਚਰਨ ਧੂੜ ਮਸਤਕ 'ਤੇ ਲਗਾਉਣੀ ਚਾਹੀਦੀ ਹੈ। ਭੱਟ ਕਵੀਆ ਨੇ ਬੜੇ ਸੁੰਦਰ ਢੰਗ ਨਾਲ ਗੁਰੂ ਰਾਮਦਾਸ ਜੀ ਬਾਰੇ ਚਿਤ੍ਰਣ ਕਰਦੇ ਹੋਏ ਦੱਸਿਆ ਹੈ ਕਿ ਗੁਰੂ ਜੀ ਕਲਯੁੱਗ ਅੰਦਰ ਭਵਸਾਗਰ ਤੋਂ ਤਾਰਨ ਵਿੱਚ ਸਮਰੱਥ ਅਜਿਹੀ ਸ਼ਖਸ਼ੀਅਤ ਸਨ। ਜਿਨਾਂ ਦੇ ਸ਼ਬਦ ਸੁਣਦਿਆਂ ਹੀ ਸਮਾਧੀ ਲੱਗ ਜਾਂਦੀ ਸੀ। ਉਹ ਦੁੱਖਾਂ ਦਾ ਨਾਸ਼ ਕਰਨ ਵਾਲੀ ਅਤੇ ਸੁੱਖ ਦੇਣ ਵਾਲੀ ਸ਼ਕਤੀ ਦਾ ਧਿਆਨ ਧਰਨ ਨਾਲ ਹੀ ਮਨੁੱਖ ਭਵ ਸਾਗਰ ਪਾਰ ਕਰ ਸਕਦਾ ਸੀ।

'ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸ਼ਬਦ ਜਿਸੁ ਕੇਰੈ।।'
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੁਰਊ ਜੋ ਧਰਤ ਧਿਆਨੁ ਬਸਤ ਇਹ
ਨੇਰੈ॥
(ਗੁਰੂ ਗਰੰਥ ਸਾਹਿਬ, ਪੰਨਾ 400)

ਗੁਰੂ ਰਾਮਦਾਸ ਜੀ ਦੀ ਬਾਣੀ ਪਹਿਲਾਂ ਚੱਲੀ ਆ ਰਹੀ ਅਧਿਆਤਮਿਕਤਾ ਦੀ ਵਿਚਾਰਧਾਰਾ ਦਾ ਵਿਸਥਾਰ ਕਰਦੀ ਹੋਈ ਆਪਣੇ ਰਹੱਸਵਾਦੀ ਅਨੁਭਵ ਨੂੰ ਨਾਲ ਮਿਲਾ ਕੇ ਇੱਕ ਨਵੀਂ ਸਰੂਪਤਾ ਵਿੱਚ ਢਾਲ ਦਿੰਦੀ ਹੈ। ਉਹਨਾਂ ਨੇ ਆਪਣੀ ਧਰਮ ਸਾਧਨਾ ਸੰਪੰਨ ਕਰ ਲਈ ਸਾਧ ਸੰਗਤ, ਨਾਮ ਸਿਮਰਨ, ਮਨ ਨੂੰ ਕਾਬੂ ਵਿੱਚ ਰੱਖਣ, ਚੰਗੇ ਗੁਣਾਂ ਦੇ ਧਾਰਨੀ ਬਣਨ ਅਤੇ ਹਰਿ ਭਗਤੀ ਵੀ ਪ੍ਰਭੂ ਭਗਤੀ ਨਾਲ ਪ੍ਰਵਾਨ ਚੜ ਜਾਂਦਾ ਹੈ, ਸੇਵਾ ਭਗਤੀ ਨੂੰ ਉਹ ਉੱਚ ਘਾਲਣਾ ਕਹਿਕੇ ਵਡਿਆਉਂਦੇ ਹਨ। ਸੇਵਾ ਦੀ ਬਿਰਤੀ ਨਾਲ ਮਨੁੱਖ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ ਅਤੇ ਉਹ ਸਮਾਜ ਦੇ ਭਲੇ ਲਈ ਜਿਉਂਦਾ ਹੈ ਅਤੇ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ।

ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਮੰਗਲ ਮਈ ਕਾਰਜਾਂ ਜਿਵੇਂ ਵਿਆਹ ਸ਼ਾਦੀ ਨਾਲ ਸਬੰਧਤ ਵਾਲੇ ਲੋਕ-ਗੀਤਾਂ ਨੂੰ ਅਧਾਰ ਬਣਾ ਕੇ ਆਪਣੀ ਬਾਣੀ ਵਿੱਚ ਲਿਪੀ ਬੱਧ ਕੀਤਾ ਗਿਆ ਹੈ। ਇਸ ਬਾਣੀ ਵਿੱਚ ਛੰਦ-ਮੁਕਤ ਹੋ ਕੇ ਰਾਗ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਉਹਨਾਂ ਨੇ ਇਹਨਾਂ ਗੀਤਾਂ ਦਾ ਅਧਿਆਤਮੀਕਰਣ ਕਰਕੇ ਪ੍ਰਮਾਤਮਾ ਅਤੇ ਜੀਵਾਤਮਾ ਦੇ ਪ੍ਰਸੰਗ ਵਿੱਚ ਢਾਲ ਦਿੱਤਾ ਹੈ। ਇਸ ਬਾਣੀ ਵਿੱਚ ਸਮਾਜਿਕ ਸੱਚ ਵੀ ਸਹਿਜ ਸੁਭਾਅ ਹੀ ਉੱਭਰ ਆਏ ਹਨ। ਉਹਨਾਂ ਦੀ ਬਾਣੀ ਵਾਰਤਿਕ ਨੁਮਾ ਹੈ ਪਰ ਤੁਕਾਂ ਦੀ ਲੈਅ ਫੇਰ ਵੀ ਬਰਕਰਾਰ ਹੈ। ਉਹਨਾਂ ਦੀ ਬਾਣੀ ਦੀ ਵਿਲੱਖਣਤਾ ਇਹਨਾਂ ਸਾਹਿਤਕ ਗੁਣਾਂ ਕਰਕੇ ਵਧੇਰੇ ਹੈ। ਬਾਣੀ ਵਿੱਚ ਵਰਤੀ ਗਈ ਭਾਸ਼ਾ ਦੀ ਸਾਦਗੀ, ਸਰਲ ਸ਼ੈਲੀ, ਸੁਹਜ ਵਾਦੀ ਅਲੰਕਾਰ ਬਿੰਬ, ਇਸਨੂੰ ਸ੍ਰੇਸ਼ਠਾ ਪ੍ਰਦਾਨ ਕਰਦੇ ਹਨ। ਉਹ ਸੱਚੇ ਸੁੱਚੇ ਸਾਧਕ ਸਨ। ਉਹਨਾਂ ਦੇ ਮੁੱਖ ਤੋਂ ਉਚਰਿਆ ਹਰ ਵਾਕ ਬ੍ਰਹਮ ਵਿਚਾਰ ਹੈ। ਇਸ ਬ੍ਰਹਮੀ ਪੇ੍ਰਣਾ ਨੂੰ ਸਵੀਕਾਰਦੇ ਹੋਏ ਉਹ ਕਹਿੰਦੇ ਹਨ-

'ਆਪੇ ਲੇਖਣਿ ਆਪੁ ਲੇਖਾਰੀ ਆਪੇ ਲੇਖੁ ਲਿਖਾਹਾ।।'
(ਗੁਰੂ ਗਰੰਥ ਸਾਹਿਬ ਪੰਨਾ 606,)

ਇਹਨਾਂ ਗੁਣਾਂ ਦੀ ਬਦੌਲਤ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਪੂਰੀ ਤਰਾਂ ਸੁਸਿਖਿਅਤ ਕੀਤਾ। ਨਿਮਰਤਾ, ਸ਼ਹਿਨਸ਼ੀਲਤਾ ਦੇ ਗੁਣਾਂ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਦਿੱਤੀ। ਉਹਨਾਂ ਦੇ ਸਦਗੁਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂਆਈ ਬਖਸ਼ੀ। ਗੁਰੂ ਰਾਮਦਾਸ ਜੀ ਸਚਮੁੱਚ ਹੀ ਦੈਵੀ ਸ਼ਖਸ਼ੀਅਤ ਦੇ ਮਾਲਕ ਸਨ।

ਗੁਰੂ ਰਾਮ ਦਾਸ ਜੀ ਦੇ ਕੁੱਝ ਸ਼ਬਦ ਗੁਰੂ ਗਰੰਥ ਸਾਹਿਬ

ਵਿੱਚ ਦਰਜ

1. ਵਡਾ ਮੇਰਾ ਗੋਵਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਉ।।
ਤਾਂ ਕੀ ਗਤਿ ਕਹੀ ਨਾ ਜਾਈ ਅਮਿਤਿ ਵਡਿਆਈ
ਮੇਰਾ ਗੋਵਿੰਦ ਅਲਖ ਅਪਾਰ ਜੀਓ।।
ਗੋਵਿੰਦ ਅਲਖ ਅਪਾਰੁ ਅਪੰਰਪਾਰ ਆਪੁ ਆਪਣਾ ਜਾਣੈ।।
ਕਿਆ ਇਹ ਜੰਤ ਵਿਚਾਰੇ ਕਹੀਆਹਿ ਤੈ ਤੁਧੁ ਆਖਿ ਵਖਾਣੈ॥
ਤਿਸ ਨੇ ਨਦਰਿ ਕਰਹਿ ਤੂੰ ਆਪਣੀ ਸੇ ਗੁਰਮੁਖਿ ਕਰੇ ਵਿਚਾਰ ਜੀਉ।।
ਵਡਾ ਮੇਰਾ ਗੋਵਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਉ॥
('ਆਸਾ ਮੱਹਲਾ 4 ਛੰਤ' ਪੰਨਾ 448)

2. ਜਿਥੈ ਜਾਵੇ ਬਹੈ ਮੇਰਾ ਸਤਿਗੁਰੂ ਸੇ ਥਾਨ ਸੁਹਾਵਾ ਰਾਮ ਰਾਜੇ।।
ਗੁਰਸਿਖੀ ਸੋ ਥਾਨੁ ਤਾਲਿਆ ਲੈ ਬੁਰਿ ਮੁਖਿ ਨਾਵਾ॥
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ।।
ਜਿਨਹੁ ਨਾਨਕ ਸਤਿਗੁਰੂ ਪੂਜਿਆ ਤਿਨ ਹਰਿ ਪੂਜ ਕਰਾਵਾ।।
(ਆਸਾ ਮਹਲਾ 4 (442-43)

3. ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ।।
ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ।।
ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮਿ ਨਾਮਿ ਵਡਿਆਈ।।
ਕਲਿਜੁਗਿ ਰਾਮ ਨਾਮ ਬੋਹਿਥਾ ਗੁਰਮੁਖ ਪਾਰਿ ਲਘਾਈ।।
ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ।।
ਨਾਨਕ ਦਾਤਿ ਦਇਆ ਕਰ ਦੇਣੈ ਰਾਮ ਨਾਮਿ ਨਿਸਤਾਰੀ।।
(ਆਸਾ ਮਹਲਾ 4 (442-43)

4. ਕਾਮਿ ਕਰੋਧ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ।।

ਪੂਰਬਿ ਲਿਖਤ ਲਿਖੇ ਗੁਰ ਪਾਇਆ ਮਨਿ ਹਰ ਲਿਵ ਮੰਡਲ ਮੰਡਾ ਹੇ।।
ਕਰ ਸਾਧੂ ਅੰਜੁਲੀ ਪੁੰਨੁ ਵਡਾ ਹੈ। ਕਰ ਡੰਡਉਂਤ ਪੁੰਨ ਵਡਾ ਹੇ।।
(ਪੰਨਾ 171)

5. ਅੰਧੇ ਚਾਨਣ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ।।
ਬੰਧਨ ਤੋੜੈ ਸਚਿ ਵਸੈ ਅਗਿਆਨ ਅੰਧੇਰਾ ਜਾਇ।।
ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ॥
ਨਾਨਕ ਸਰਣ ਕਰਤਾਰ ਕੀ ਕਰਤਾ ਰਖੈ ਲਾਜ॥
(ਪੰਨਾ 551)

6. ਆਪੇ ਧਰਤੀ ਸਾਜੀਅਨੁ ਆਪੇ ਅਕਾਸੁ॥
ਵਿਚਿ ਆਪੇ ਜੰਤ ਉਪਾਇਅਨ ਮੁਖਿ ਆਰੇ ਦੇਇ ਗਿਰਾਸੁ।।
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਯੇ ਤਾਸੁ।।
(ਪੰਨਾ 302)

7. ਹਰਿ ਕੀ ਵਡਿਆਈ ਵਡੀ ਹੈ ਹਰ ਕੀਰਤਨੁ ਹਰਿ ਕਾ॥
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ
ਹਰਿ ਕੀ ਵਡਿਆਈ ਵਡੀ ਹੈ ਜਾ ਨਾ ਸੁਣਈ ਕਰਿਆ ਚੁਗਲ ਕਾ
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨ ਦੇਵਕਾ।।
(ਪਉੜੀ 6)

8. ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ।।
ਕਾਰਜ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ।।
ਸੰਤਾ ਸੰਗਿ ਨਿਧਾਨ ਅਮ੍ਰਿੰਤ ਚਾਖੀਐ।।
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ।।
ਨਾਨਕ ਹਰ ਗੁਣ ਗਾਇ ਅਲਖੁ ਪ੍ਰਭੁ ਲਾਖੀਐ।।
(ਪਉੜੀ 20)


9. ਵੀਆਹੁ ਹੋਆ ਮੇਰੇ ਬਾਬਲਾ ਗੁਰਮੁਖੇ ਹਰਿ ਪਾਇਆ

ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ।।
(ਸਿਰੀ ਰਾਗੁ ਮੱਹਲਾ 4 ਪੰਨਾ 78)

10. ਵਡਭਾਈਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ।।
ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮੁ ਸਮਾਇ॥
(ਪੰਨਾ 309)

11. ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮ ਪਿਆਰਾ
ਹਉ ਤਿਸੁ ਪਹਿ ਆਪੁ ਵੇਚਾਈ।।
ਦਰਸ਼ਨ ਹਰਿ ਦੇਖਣ ਕੇ ਤਾਈ।।
ਕ੍ਰਿਪਾ ਕਰੇਹਿ ਤਾਂ ਸਤਿਗੁਰੂ ਮੇਲਹਿ ਹਰ ਹਰਿ ਨਾਮਿ ਧਿਆਈ।।
(ਰਾਗ ਸੂਹੀ ਅਸੁਟਪਦੀਆ 757-58)

12.
ਜਪਿ ਮਨ ਰਾਮ ਨਾਮੁ ਸੁਖ ਪਾਵੈਗੋ।।
ਜਿਉ ਜਿਉ ਤਿਵੈ ਸੁਖੁ ਪਵੈ ਸਤਿਗੁਰੂ ਸੇਵਿ ਸਮਾਵੈਗੋ॥
(ਪੰਨਾ 1308)