ਸਿੱਖ ਗੁਰੂ ਸਾਹਿਬਾਨ/ਗੁਰੂ ਅਮਰਦਾਸ ਜੀ
ਸ੍ਰੀ ਗੁਰੂ ਅਮਰ ਦਾਸ ਜੀ
'ਏ ਸਰੀਰਾ ਮੇਰਿਆ,
ਹਰੀ ਤੁਝ ਮੇ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ।।'
'ਗ. ਗ਼. ਸ਼: ਪੰਨਾ 33)
ਸਿੱਖ ਧਰਮ ਦੇ ਤੀਸਰੇ ਗੁਰੂ ਅਮਰ ਦਾਸ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ ਦਸ ਸਾਲ ਬਾਅਦ 5 ਮਈ, 1479 ਈ. ਵਿੱਚ ਬਾਸਰਕੇ ਜਿਲਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੇ ਪਿਤਾ ਤੇਜ ਭਾਨ ਖੱਤਰੀ ਅਤੇ ਮਾਤਾ ਸੁਲੱਖਣੀ ਸਨ। 23 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਬੇਬੇ ਮਨਸਾ ਦੇਵੀ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਮੋਹਨ ਅਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਭਾਨੀ ਅਤੇ ਬੀਬੀ ਦਾਨੀ ਸਨ। ਬੀਬੀ ਭਾਨੀ ਦਾ ਵਿਆਹ ਗੁਰੂ ਰਾਮਦਾਸ ਨਾਲ ਹੋਇਆ।
ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਬੜੀ ਸਧਾਰਣ ਸੀ। ਉਹ ਵੈਸ਼ਨਵ ਮੱਤ ਦੇ ਧਾਰਣੀ ਸਨ ਅਤੇ ਉਹਨਾਂ ਦਾ ਪਰਿਵਾਰਕ ਕਿੱਤਾ ਵਪਾਰ ਕਰਨਾ ਸੀ। ਲੋਕ ਉਹਨਾਂ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਸਨ। ਉਹ ਹਰ ਸਾਲ ਹਰਦੁਆਰ ਇਸ਼ਨਾਨ ਲਈ ਜਾਂਦੇ ਸਨ ਅਤੇ ਹਿੰਦੂਆਂ ਦੀ ਤਰਾਂ ਸਾਰੀਆਂ ਰਹੁ-ਰੀਤਾਂ ਪੂਰੀਆਂ ਕਰਦੇ ਸਨ ਪ੍ਰੰਤੂ ਉਹਨਾਂ ਦਾ ਮਨ ਸ਼ਾਂਤ ਨਹੀਂ ਸੀ ਅਤੇ ਉਹ ਹਮੇਸ਼ਾ ਉਸ ਗੁਰੂ ਦੀ ਭਾਲ ਵਿੱਚ ਰਹਿੰਦੇ ਸਨ ਜੋ ਉਹਨਾਂ ਦੇ ਮਨ ਦੇ ਸ਼ੰਕੇ ਦੂਰ ਕਰ ਸਕੇ। ਇਸ ਫਿਕਰ ਨੂੰ ਲੈ ਕੇ ਇੱਕ ਦਿਨ ਸਵੇਰੇ-ਸਵੇਰੇ ਉਹਨਾਂ ਨੇ ਬਹੁਤ ਹੀ ਮਧੁਰ ਆਵਾਜ਼ ਵਿੱਚ ਕੋਈ ਇਸਤਰੀ ਸ਼ਬਦ ਗਾਇਨ ਕਰਦੀ ਸੁਣੀ। ਉਹ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ ਜੋ ਗੁਰੂ ਅਮਰ ਦਾਸ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਇਹਨਾਂ ਸ਼ਲੋਕਾਂ ਦਾ ਗੁਰੂ ਅਮਰਦਾਸ ਦੇ ਮਨ 'ਤੇ ਗਹਿਰਾ ਅਸਰ ਹੋਇਆ, ਉਹਨਾਂ ਦੇ ਪਿਆਸੇ ਮਨ ਨੂੰ ਸ਼ਾਂਤੀ ਮਿਲੀ। ਪੁੱਛਣ 'ਤੇ ਬੀਬੀ ਅਮਰੋ ਨੇ ਦੱਸਿਆ ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਹਨ ਅਤੇ ਗੁਰੂ ਨਾਨਕ ਦਾ ਦਰ ਹਰ ਸਮੇਂ ਖੁੱਲ੍ਹਾ ਹੈ। ਉਹਨਾਂ ਨੇ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਹਨਾਂ ਨੂੰ ਨਾਨਕ ਦੇ ਦਰ 'ਤੇ ਲੈ ਕੇ ਜਾਣ। ਬੀਬੀ ਨੇ ਦੱਸਿਆ ਕਿ ਉਸ ਸਮੇਂ ਉਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਇਸ ਗੱਦੀ 'ਤੇ ਬਿਰਾਜਮਾਨ ਹਨ।
ਉਹ ਬੀਬੀਅਮਰੋ ਦੇ ਨਾਲ ਖਡੂਰ ਸਾਹਿਬ ਗੁਰੂ ਅੰਗਦ ਦੇਵ ਨੂੰ ਮਿਲਣ ਆਏ। ਉਸ ਸਮੇਂ ਉਹਨਾਂ ਦੀ ਉਮਰ 61 ਸਾਲ ਸੀ। ਉਹ ਉੱਥੇ ਜਾ ਕੇ ਗੁਰੂ ਜੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ। ਕੁਝ ਦਿਨਾਂ ਦੇ ਵਿੱਚ ਵਿਚਾਰਾਂ ਦੇ ਵਟਾਂਦਰੇ ਤੋਂ ਬਾਅਦ ਗੁਰੂ ਅਮਰਦਾਸ ਦੇ ਸਾਰੇ ਸ਼ੰਕੇ ਦੂਰ ਹੋ ਗਏ। ਉਹ ਸਿੱਖ ਧਰਮ ਦੇ ਪੱਕੇ ਸ਼ਰਧਾਲੂ ਹੋ ਗਏ। ਉਹ ਗੁਰੂ ਅੰਗਦ ਦੇਵ ਦੀ ਜੀ ਹਰ ਗੱਲ 'ਤੇ ਸ਼ਰਧਾ ਦੇ ਫੁੱਲ ਚੜਾਉਂਦੇ। ਗੁਰੂ ਦਾ ਹਰ ਹੁਕਮ ਸਿਰ ਮੱਥੇ ਲੈਂਦੇ ਅਤੇ ਦਿਨ ਰਾਤ ਭਗਤੀ ਵਿੱਚ ਲੀਨ ਰਹਿੰਦੇ। ਬਾਰਾਂ ਸਾਲ ਦੇ ਲੰਬੇ ਅਰਸੇ ਤੱਕ ਸੇਵਾ ਕਰਕੇ ਉਹਨਾਂ ਨੇ ਗੁਰੂ ਦਾ ਪੂਰਾ ਵਿਸ਼ਵਾਸ ਜਿੱਤ ਲਿਆ ਸੀ ਉਹ ਲੰਗਰ ਦੀ ਸੇਵਾ ਕਰਦੇ ਸਨ। ਸਵੇਰੇ ਜਲਦੀ ਉੱਠ ਕੇ ਬਿਆਸ ਦਰਿਆ ਤੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੇ ਤਾਂ ਜੋ ਗੁਰੂ ਜੀ ਦਾ ਇਸ਼ਨਾਨ ਕਰਵਾਇਆ ਜਾਵੇ। ਇੱਕ ਦਿਨ ਕਾਲੀ ਰਾਤੇ, ਮੀਂਹ ਹਨੇਰੀ ਦੀ ਰੁੱਤ ਵਿੱਚ ਉਹ ਘੜੇ ਸਣੇ ਜੁਲਾਹੇ ਦੀ ਖੱਡੀ ਵਿੱਚ ਡਿੱਗ ਪਏ। ਜੁਲਾਹੇ ਦੀ ਘਰਵਾਲੀ ਚੌਕੀ 'ਤੇ ਕਿਹਾ ਕਿ ਇਹ 'ਅਮਰੂ ਨਿਥਾਵਾਂ' ਹੋਵੇਗਾ। ਗੁਰੂ ਅੰਗਦ ਦੇਵ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਕਿਹਾ ਕਿ ਅਮਰ ਦਾਸ ਤਾਂ ਬੇਘਰਾਂ ਨੂੰ ਸਹਾਰਾ ਦੇਣ ਵਾਲਾ ਬਣੇਗਾ। ਗੁਰੂ ਅੰਗਦ ਦੇਵ ਉਸ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਹੋਏ। 1572 ਈ. ਵਿੱਚ ਅਮਰ ਦਾਸ ਦੀ ਸੇਵਾ ਭਗਤੀ ਅਤੇ ਪ੍ਰਭੂ ਸਿਮਰਨ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੇ ਸੌਂਪ ਦਿੱਤੀ। ਉਸ ਸਮੇਂ ਗੁਰੂ ਅਮਰਦਾਸ 73 ਸਾਲ ਦੇ ਸਨ। ਗੁਰੂ ਅੰਗਦ ਦੇਵ ਦੇ ਪੁੱਤਰਾਂ ਦੇ ਗੁੱਸੇ ਤੋਂ ਟਲਣ ਲਈ ਉਹ ਗੋਇੰਦਵਾਲ ਚਲੇ ਗਏ ਤੇ ਸਿੱਖ ਧਰਮ ਦਾ ਪ੍ਰ੍ਚਾਰ ਕਰਨ ਲੱਗੇ।
ਸਿੱਖ ਸੰਗਤ ਗੁਰੂ ਅਮਰਦਾਸ ਦੇ ਸਿਰ 'ਤੇ ਬਾਬੇ ਨਾਨਕ ਦੀ ਛਤਰਛਾਇਆ ਦੇਖ ਕੇ ਨਿਹਾਲ ਹੋ ਗਈ। ਦੂਰੋਂ ਨੇੜਿਉਂ ਸਿੱਖ ਸੰਗਤਾਂ ਗੋਇੰਦਵਾਲ ਆਉਣ ਲੱਗੀਆਂ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਤੂ ਨੇ ਗੁਰੂ ਅਮਰ ਦਾਸ ਦਾ ਵਿਰੋਧ ਕੀਤਾ ਅਤੇ ਗੋਇੰਦਵਾਲ ਜਾ ਕੇ ਬੁਰਾ ਭਲਾ ਬੋਲਣ ਲੱਗਾ। ਨਿਮਰਤਾ ਦੇ ਪੁੰਜ ਗੁਰੂ ਨੇ ਦਾਤੂ ਦਾ ਬੁਰਾ ਨਹੀਂ ਮਨਾਇਆ ਅਤੇ ਬਾਸਰਕੇ ਜਾ ਕੇ ਰਹਿਣ ਲੱਗੇ। ਬਾਬਾ ਬੁੱਢਾ ਅਤੇ ਹੋਰ ਸਿੱਖ ਗੁਰੂ ਜੀ ਨੂੰ ਗੋਇੰਦਵਾਲ ਲੈ ਕੇ ਆਏ। ਦਾਤੂ ਨੂੰ ਵੀ ਗਿਆਨ ਹੋ ਗਿਆ ਕਿ ਹੁਣ ਉਸ ਦੀ ਦਾਲ ਨਹੀਂ ਗਲੇਗੀ।
ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ 'ਤੇ ਸਿੱਖ ਜਗਤ ਲਈ ਯਾਦ ਰੱਖਣ ਯੋਗ ਕੰਮ ਕੀਤੇ ਭਾਵੇਂ ਉਹਨਾਂ ਦੀ ਉਮਰ ਵੱਡੀ ਸੀ ਪਰ ਉਹਨਾਂ ਵਿੱਚ ਪਕਿਆਈ ਜ਼ਿਆਦਾ ਸੀ। ਉਹਨਾਂ ਨੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ। ਹਰ ਸਿੱਖ ਜੋ ਗੁਰੂ ਨੂੰ ਮਿਲਣ ਆਉਂਦਾ ਸੀ, ਉਸ ਲਈ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਲੰਗਰ ਛਕ ਕੇ ਹੀ ਗੁਰੂ ਜੀ ਨੂੰ ਮਿਲ ਸਕਦਾ ਹੈ। ਇਸ ਨਾਲ ਜਾਤ-ਪਾਤ ਦੀ ਬੁਰਾਈ ਖਤਮ ਹੋ ਗਈ। ਹਿੰਦੂ-ਮੁਸਲਿਮ ਵਿੱਚ ਭਾਈਚਾਰਾ ਪਨਪਨ ਲੱਗਾ। ਬਾਦਸ਼ਾਹ ਅਕਬਰ ਜਦ ਗੁਰੂ ਜੀ ਨੂੰ ਮਿਲਣ ਆਇਆ ਤਾਂ ਉਸ ਨੂੰ ਵੀ ਲੰਗਰ ਪੰਗਤ ਵਿੱਚ ਬੈਠ ਕੇ ਛਕਣ ਉਪਰੰਤ ਹੀ ਗੁਰੂ ਜੀ ਮਿਲੇ ਸਨ। ਇਸ ਪ੍ਰਥਾ ਨਾਲ ਊਚ-ਨੀਚ, ਜਾਤ-ਪਾਤ ਤੇ ਛੋਟੇ ਵੱਡੇ ਦਾ ਭੇਦ ਖਤਮ ਹੋਣ ਲੱਗਾ ਤੇ ਉਸ ਸਮੇਂ ਦਾ ਮੁੱਖ ਭਾਈਚਾਰਾ ਹਿੰਦੂ ਤੇ ਮੁਸਲਮਾਨ ਇੱਕ ਦੂਸਰੇ ਦੇ ਦੁਖ-ਸੁਖ ਦੇ ਸੰਗੀ- ਸਾਥੀ ਬਣਨ ਲੱਗੇ।
ਗੁਰੂ ਅਮਰਦਾਸ ਜੀ ਵੱਡੇ ਸਮਾਜ ਸੁਧਾਰਕ ਸਨ। ਉਸ ਵੇਲੇ ਦਾ ਸਮਾਜ ਕਈ ਬੁਰਾਈਆਂ ਜਿਵੇਂ ਸਤੀ ਪ੍ਰਥਾ, ਪਰਦੇ ਦਾ ਰਿਵਾਜ ਅਤੇ ਛੂਤ-ਛਾਤ ਆਦਿ ਵਿੱਚ ਗ੍ਰਸਿਆ ਹੋਇਆ ਸੀ। ਸਤੀ ਪ੍ਰਥਾ ਵਿੱਚ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਇਸਤਰੀ ਨੂੰ ਪਤੀ ਦੀ ਚਿਖਾ ਵਿੱਚ ਸੜਨਾ ਪੈਂਦਾ ਸੀ। ਗੁਰੂ ਜੀ ਨੇ ਇਸ ਪ੍ਰਥਾ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜ਼ਿੰਦਗੀ ਨੂੰ ਬਚਾਉਣਾ ਪਵਿੱਤਰ ਫਰਜ਼ ਹੈ। 'ਅਸਲੀ ਸਤੀ ਉਹ ਹੈ ਜੋ ਪਤੀ ਦੀ ਮੌਤ ਪਿੱਛੋਂ ਪਵਿੱਤਰ, ਨਿਮਰਤਾ ਤੇ ਸਬਰ ਦੀ ਜ਼ਿੰਦਗੀ ਜਿਉਦੀ ਹੈ ਅਤੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿੰਦੀ ਹੈ। ਇਸ ਤੋਂ ਪਿੱਛੋਂ ਬਾਦਸ਼ਾਹ ਅਕਬਰ ਨੇ ਸ਼ਾਹੀ ਫੁਰਮਾਨ ਜਾਰੀ ਕਰਕੇ ਸਤੀ ਪ੍ਰਥਾ ਨੂੰ ਬੰਦ ਕਰਵਾ ਦਿੱਤਾ। ਗੁਰੂ ਜੀ ਨੇ ਪਰਦੇ ਦੀ ਪ੍ਰਥਾ ਨੂੰ ਇੱਕ ਬੁਰਾਈ ਕਿਹਾ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸਤਰੀਆਂ ਦਰਬਾਰ ਵਿੱਚ ਬਿਨਾਂ ਪਰਦੇ ਤੋਂ ਆਉਣੀਆਂ ਚਾਹੀਦੀਆਂ ਹਨ।
ਗੁਰੂ ਜੀ ਸੰਨਿਆਸ ਨੂੰ ਪ੍ਰਮਾਤਮਾ ਪ੍ਰਾਪਤ ਕਰਨ ਦਾ ਰਸਤਾ ਨਹੀਂ ਸਮਝਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਮਨੁੱਖ ਗ੍ਰਹਿਸਥ ਮਾਰਗ ਵਿੱਚ ਰਹਿ ਕੇ, ਆਪਣੇ ਸਾਰੇ ਫਰਜ਼ ਨਿਭਾ ਕੇ ਵੀ ਧਾਰਮਿਕ ਹੋ ਸਕਦਾ ਹੈ। ਉਹਨਾਂ ਦੇ ਅਨੁਸਾਰ ਮੁਕਤੀ ਮਾਰਗ ਦਾ ਇੱਕੋਂ ਇੱਕ ਰਸਤਾ ਗੁਰਬਾਣੀ ਹੈ। ਸਿਰਫ ਵੇਦ, ਸ਼ਾਸਤਰ ਤੇ ਪੁਰਾਣ ਪੜਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਗੁਰੂ ਰਸਤਾ ਦਿਖਾਉਂਦਾ ਹੈ ਅਤੇ ਉਸ ਰਸਤੋਂ ਤੋਂ ਚੱਲ ਕੇ ਮਨੁੱਖ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ। ਪਹਿਲੇ ਗੁਰੂਆਂ ਵਾਂਗ ਹੀ ਉਹਨਾਂ ਨੇ ਭਰਮ-ਭੁਲੇਖੇ, ਵਹਿਮ, ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਸੰਗਤ ਨੂੰ ਠੀਕ ਰਸਤਾ ਦਿਖਾਇਆ। ਜੋ ਗੰਢਾਂ ਸਮਾਜ ਵਿੱਚ ਵੇਦਾਂ ਸ਼ਾਸਤਰਾਂ, ਮਨੂੰ-ਸਿਮਰਤੀ ਆਦਿ ਨੇ ਪਾਈਆਂ ਹੋਈਆਂ ਸਨ, ਗੁਰੂ ਅਮਰਦਾਸ ਨੇ ਖੋਲਦਿੱਤੀਆਂ।
ਗੁਰੂ ਅਮਰਦਾਸ ਜੀ ਨੇ ਧਰਮ ਪ੍ਰਚਾਰ ਲਈ ਮਹਾਨ ਦੇਣ ਦਿੱਤੀ। ਗੁਰੂ ਗਰੰਥ ਸਾਹਿਬ ਵਿੱਚ ਉਹਨਾਂ ਦੇ 907 ਸ਼ਬਦ ਹਨ। ਗੁਰੂ ਜੀ ਨੇ ਧਰਮ ਦੇ ਪ੍ਚਾਰ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਜਿਨਾ ਦੇ ਮੁਖੀ ਧਰਮ ਪ੍ਰਚਾਰ ਕਰਦੇ ਸਨ। ਉਹਨਾਂ ਨੇ 146 ਸਿੱਖਿਅਤ ਸਿੱਖਾਂ ਦਾ ਜੱਥਾ ਤਿਆਰ ਕੀਤਾ। ਜਿੰਨੇ ਵਿੱਚੋਂ 52 ਇਸਤਰੀਆਂ ਸਨ ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਸਿੱਖਾਂ ਦੀਆਂ ਅਧਿਆਤਮਕ ਅਤੇ ਧਾਰਮਕ ਜ਼ਰੂਰਤਾਂ ਨੂੰ ਪੂਰਾ ਕਰਦੇ ਸਨ। ਇਸ ਤਰਾਂ ਗੁਰੂ ਨਾਨਕ ਦਾ ਸੁਨੇਹਾ ਦੂਰ-ਦੁਰਾਡੇ ਤੱਕ ਪਹੁੰਚ ਗਿਆ ਅਤੇ ਬਹੁਤ ਸਾਰੇ ਲੋਕ ਗੋਇੰਦਵਾਲ ਸਾਹਿਬ ਆਉਣ ਲੱਗੇ। ਗੋਇੰਦਵਾਲ ਸਿੱਖੀ ਦਾ ਧੁਰਾ ਬਣ ਗਿਆ। ਇਸ ਸਮੇਂ ਗੋਇੰਦਵਾਲ ਦਾ ਬਹੁਤ ਵਿਕਾਸ ਹੋਇਆ। ਗੁਰੂ ਜੀ ਨੇ ਸਾਵਣ ਮੱਲ ਨੂੰ ਕਾਂਗੜਾ ਜਿਲੇ ਵਿੱਚ ਹਰੀਪੁਰ ਲੱਕੜੀ ਦੀ ਲੋੜ ਪੂਰਾ ਕਰਨ ਲਈ ਭੇਜਿਆ ਤਾਂ ਜੋ ਇਮਾਰਤ ਸਾਜੀ ਲਈ ਸ਼ਹਿਰ ਵਿੱਚ ਲੱਕੜੀ ਦੀ ਕਮੀ ਨਾ ਆਵੇ।
ਗੁਰੂ ਅਮਰਦਾਸ ਨੇ ਸਿੱਖਾਂ ਦੀ ਤੀਰਥ ਸਥਾਨ ਦੀ ਕਮੀ ਨੂੰ ਪੂਰਾ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ (ਖੂਹੀ) ਖੁਦਵਾਈ। ਇਸ ਬਾਉਲੀ ਦੀਆਂ 84 ਪੌੜੀਆਂ ਹਨ। ਇਹਨਾਂ ਪੌੜੀਆਂ ਉੱਤੇ ਬੈਠ ਕੇ ਸ਼ਰਧਾਲੂ ਜਪੁਜੀ ਸਾਹਿਬ ਦਾ ਪਾਠ ਕਰਦੇ ਅਤੇ ਪਵਿੱਤਰ ਬਾਉਲੀ ਵਿੱਚ ਇਸ਼ਨਾਨ ਕਰਦੇ ਸਨ।
ਗੁਰੂ ਜੀ ਦੀ ਇੱਕ ਹੋਰ ਵੱਡੀ ਦੇਣ ਸਿੱਖ ਧਰਮ ਨੂੰ 'ਅਨੰਦ ਸਹਿਬ' ਦੀ ਰਚਨਾ ਸੀ। ਇਹ ਖੁਸ਼ੀ ਦੇ ਮੌਕੇ 'ਤੇ ਗਾਇਆ ਜਾਣ ਵਾਲਾ ਸ਼ਬਦ ਹੈ। ਸਿੱਖ ਵਿਆਹ ਦੀ ਰੀਤ 'ਅਨੰਦ ਕਾਰਜ' ਮੌਕੇ ਲਾਵਾਂ ਦਾ ਪਾਠ ਇਸ ਬਾਣੀ ਨਾਲ ਸੰਪੰਨ ਕੀਤਾ ਜਾਂਦਾ ਹੈ। ਇਸ ਤਰਾਂ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖਾਂ ਨੂੰ ਬਾਣੀ ਦੇ ਨਾਲ-ਨਾਲ ਤੀਰਥ ਸਥਾਨ ਅਤੇ ਵਿਆਹ-ਸ਼ਾਦੀ ਸਮੇਂ ਪੜੇ ਜਾਣ ਵਾਲੇ ਸ਼ਬਦ ਪ੍ਰਾਪਤ ਹੋਏ। ਜਿਨਾਂ ਨੇ ਸਿੱਖ ਧਰਮ ਦੀ ਨੀਂਹ ਪੱਕਾ ਕਰਨ ਲਈ ਬਹੁਤ ਯੋਗਦਾਨ ਪਾਇਆ।
ਗੋਇੰਦਵਾਲ ਵਿੱਚ ਸਿੱਖ ਪਹਿਰ ਰਾਤ ਰਹਿੰਦੀ ਉੱਠਕੇ, ਇਸ਼ਨਾਨ ਕਰਕੇ ਇਕਾਂਤ ਵਿੱਚ ਵਾਹਿਗੁਰੂ ਦੇ ਧਿਆਨ ਵਿੱਚ ਬੈਠ ਜਾਂਦੇ। ਫਿਰ ਗੁਰਬਾਣੀ ਤੇ ਵਿਚਾਰ ਹੁੰਦੀ, ਸੰਗਤ ਜੁੜਦੀ, ਕੀਰਤਨ ਹੁੰਦਾ ਅਤੇ ਸਾਰੇ ਕਿਰਤ ਵਿੱਚ ਲੱਗ ਜਾਂਦੇ । ਹੱਕ ਸੱਚ ਦੀ ਕਮਾਈ ਕਰਦੇ, ਸੰਤੋਖ ਰੱਖਦੇ ਤੇ ਦੂਜਿਆਂ ਦਾ ਦੁਖ-ਸੁਖ ਵੰਡਾਉਂਦੇ ਅਤੇ ਗੁਰਬਾਣੀ ਦਾ ਆਸਰਾ ਲੈਂਦੇ। ਗੁਰੂ ਜੀ ਨੇ ਕਿਹਾ ਕਿ ਜਿੱਥੇ ਪ੍ਰਭੂ ਨੂੰ ਯਾਦ ਕੀਤਾ ਜਾਂਦਾ ਹੈ ਉਹ ਥਾਂ ਪਵਿੱਤਰ ਹੋ ਜਾਂਦਾ ਹੈ।
ਜਦੋਂ ਗੁਰੂ ਅਮਰਦਾਸ ਜੀ ਨੇ ਆਪਣਾ ਅੰਤ ਨੇੜੇ ਆਉਂਦਾ ਦੇਖਿਆ ਤਾਂ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਪ੍ਰਭੂ ਨੇ ਉਹਨਾਂ ਨੂੰ ਵਾਪਸ ਬੁਲਾਇਆ ਹੈ। ਇਸ ਲਈ ਉਸ ਦੀ ਇੱਛਾ ਅਨੁਸਾਰ ਉਹ ਉਸ ਕੋਲ ਜਾ ਰਹੇ ਹਨ। ਉਹਨਾਂ ਦੇ ਜਾਣ 'ਤੇ ਕਿਸੇ ਨੇ ਰੋਣਾ ਨਹੀਂ, ਸਭ ਨੇ ਖੁਸ਼ ਰਹਿਣਾ ਹੈ। ਉਹਨਾਂ ਨੇ ਆਪਣੇ ਸਭ ਤੋਂ ਯੋਗ ਸਿੱਖ ਭਾਈ ਜੇਠਾ ਨੂੰ ਆਪਣਾ ਉਤਰਾਧਿਕਾਰੀ ਬਣਾਇਆ। ਜੋ ਬਾਅਦ ਵਿੱਚ 'ਰਾਮ ਦਾਸ' ਦੇ ਨਾਂ ਨਾਲ ਸਿੱਖਾਂ ਦੇ ਚੌਥੇ ਗੁਰੂ ਬਣੇ। 1574 ਈ. ਵਿੱਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ।ਬੇਸ਼ੱਕ ਗੁਰੂ ਅਮਰ ਦਾਸ 73 ਸਾਲ ਦੀ ਵੱਡੀ ਉਮਰ ਵਿੱਚ ਗੁਰੂ ਬਣੇ ਤਾਂ ਵੀ ਉਨਾਂ ਸਿੱਖ ਧਰਮ ਨੂੰ ਅਦੁੱਤੀ ਦੇਣ ਦਿੱਤੀ। ਉਹਨਾਂ ਨੇ ਹਰ ਪੱਖ ਤੋਂ ਸਿੱਖਾਂ ਦੇ ਮਨੋਬਲ, ਸਮਰੱਥਾ ਅਤੇ ਧਾਰਮਿਕਤਾ ਨੂੰ ਸੇਧ ਦਿੱਤੀ। ਉਹਨਾਂ ਦਾ 'ਸਤਿਨਾਮ ਸ੍ਰੀ ਵਾਹਿਗੁਰੂ' ਦਾ ਨਾਅਰਾ ਸਾਰੇ ਸੰਸਾਰ ਵਿੱਚ ਗੂੰਜਣ ਲੱਗਾ। ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਅਪਣਾਇਆ ਅਤੇ ਸਿੱਖਾਂ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਪ੍ਰਚਾਰ ਕਰਨ ਲਈ ਕਿਹਾ ਜਿਹੜੀ ਉਸ ਸਮੇਂ ਆਮ ਲੋਕਾਂ ਦੀ ਬੋਲੀ ਸੀ। ਉਹਨਾਂ ਨੇ ਲੋਕਾਂ ਨੂੰ ਖਾਸ ਤਿਉਹਾਰ ਦਿਵਾਲੀ, ਮਾਘੀ ਤੇ ਵਿਸਾਖੀ ਇਕੱਠੇ ਹੋ ਕੇ ਮਨਾਉਣ ਦੀ ਅਪੀਲ ਕੀਤੀ। ਗੁਰੂ ਜੀ ਦੇ ਮੁਗਲ ਬਾਦਸ਼ਾਹ ਅਕਬਰ ਨਾਲ ਚੰਗੇ ਸਬੰਧ ਰਹੇ ਕਿਹਾ ਜਾਂਦਾ ਹੈ ਕਿ ਅਕਬਰ ਨੇ ਬੀਬੀ ਭਾਨੀ (ਗੁਰੂ ਜੀ ਦੀ ਸਪੁੱਤਰੀ) ਨੂੰ ਜ਼ਮੀਨ ਦਾ ਇੱਕ ਟੁਕੜਾ ਤੋਹਫੇ ਵਜੋਂ ਦਿੱਤਾ। ਗੁਰੂ ਅਮਰਦਾਸ ਜੀ ਸਿੱਖਾਂ ਲਈ ਇੱਕ ਤੀਰਥ ਸਥਾਨ ਵੀ ਬਣਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਆਪਣੇ ਜਵਾਈ ਅਤੇ ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਇਹ ਕੰਮ ਸੌਂਪਿਆ ਜੋ ਉਹਨਾਂ ਨੇ ਆਪਣੇ ਗੁਰੂ ਕਾਲ ਵਿੱਚ, ਸੰਪੂਰਨ ਕੀਤਾ ਜਦੋਂ ਉਹ ਭਾਈ ਜੇਠਾ ਤੋਂ ਗੁਰੂ ਰਾਮਦਾਸ ਬਣ ਤੇ ਸਿੱਖਾਂ ਦੇ ਚੌਥੇ ਰਾਹ-ਨੁਮਾ ਬਣੇ। ਵ658
ਗੁਰੂ ਅਮਰਦਾਸ ਦੇ ਸਮੇਂ ਸਿੱਖ ਧਰਮ ਦੀ ਇੱਕ ਹੋਰ ਰੀਤ ਵੀ ਬਣੀ। ਹੁਣ ਤੱਕ ਸਿੱਖ ਧਰਮ ਵਿੱਚ ਸਿੱਖ ਗੁਰੂ ਆਪਣੇ ਯੋਗ ਸਿੱਖ ਨੂੰ ਹੀ ਗੁਰਗੱਦੀ ਸੌਂਪਦੇ ਸਨ। ਗੁਰੂ ਅਮਰਦਾਸ ਜੀ ਦੇ ਗੁਰੂ ਕਾਲ ਸਮੇਂ ਉਹਨਾਂ ਦੀ ਸਪੁੱਤਰੀ ਬੀਬੀ ਭਾਨੀ ਨੇ ਗੁਰੂ ਜੀ ਤੋਂ ਇਹ ਵਾਕ ਲੈ ਲਿਆ ਕਿ ਗੁਰਗੱਦੀ ਹੁਣ ਘਰ ਵਿੱਚ ਹੀ ਰਹੇਗੀ। ਗੁਰੂ ਜੀ ਨੇ ਇਹ ਵਚਨ ਦੇ ਦਿੱਤਾ। ਪਰ ਨਾਲ ਹੀ ਸੁਚੇਤ ਕੀਤਾ ਕਿ ਗੁਰਆਈ ਸਿਰਫ ਯੋਗ ਤੇ ਆਦਰਸ਼ ਵਿਅਕਤੀ ਨੂੰ ਹੀ ਮਿਲੇਗੀ ਤੇ ਇਸ ਦੀ ਚੋਣ ਭਲੇ ਹੀ ਘਰ ਵਿੱਚੋਂ ਕੀਤੀ ਜਾਵੇਗੀ। ਇਸ ਤਰਾਂ ਤੀਸਰੇ ਗੁਰੂ ਅਮਰਦਾਸ ਵੱਲੋਂ ਸਥਾਪਿਤ ਕੀਤੇ ਗਏ ਆਦਰਸ਼ਾਂ ਨਾਲ ਸਿੱਖ ਧਰਮ ਉਚੇਰੀਆਂ ਤਰੱਕੀਆਂ ਕਰਦਾ ਗਿਆ ਤੇ ਇੱਕ ਦਿਨ ਸਿਰਮੌਰ ਧਰਮ ਬਣ ਨਿਬੜਿਆ।
ਗੁਰੂ ਅਮਰਦਾਸ ਨੇ ਸਿੱਖਾਂ ਨੂੰ ਅਗਵਾਈ ਦਿੱਤੀ ਕਿ ਇਸ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਜੋ ਸਿੱਖ ਗੁਰੂ ਦੇ ਸ਼ਬਦ ਨਾਲ ਜੁੜਿਆ ਹੁੰਦਾ ਹੈ, ਉਸ 'ਤੇ ਪਕੜ ਬਣਾ ਕੇ ਰੱਖਦਾ ਹੈ, ਉਹੀ ਗੁਰੂ ਦਾ ਸਿੱਖ ਕਹਾਉਣ ਦੇ ਕਾਬਿਲ ਹੈ। ਉਹਨਾਂ ਨੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਕਰਨ ਅਤੇ ਇਕਾਂਤ ਵਿੱਚ ਬੈਠ ਕੇ ਗੁਰੂ ਵੱਲ ਪ੍ਰਭੂ ਵੱਲ ਧਿਆਨ ਲਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਸਿੱਖਾਂ ਨੂੰ ਹਦਾਇਤ ਕੀਤੀ ਕਿ ਗੁਰਬਾਣੀ ਵਿਚਾਰ ਨਾਲ ਮਨ ਤੇ ਆਤਮਾ ਪਵਿੱਤਰ ਹੁੰਦੀਆਂ ਹਨ ਅਤੇ ਅਮੋੜ ਮਨ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸਿੱਖਾਂ ਨੂੰ ਹਰ ਵੇਲੇ ਮਹਾਂ ਪੁਰਖਾਂ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਗਿਆਨ ਹਾਸਿਲ ਕਰਨਾ ਚਾਹੀਦਾ ਹੈ, ਬਿਗਾਨੀ ਚੀਜ਼ ਵੱਲ ਕਦੇ ਵੀ ਲਲਚਾਈ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ। ਬਿਨਾਂ ਥਕੇਵੇਂ ਤੋਂ ਸੌਣਾ ਨਹੀਂ ਚਾਹੀਦਾ। ਸਿੱਖਾਂ ਨੂੰ ਉਹਨਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਭੇਖੀ ਹਨ। ਪ੍ਰਮਾਤਮਾ ਦੀ ਭਗਤੀ ਦਾ ਢੋਂਗ ਰਚਦੇ ਹਨ। ਪਵਿੱਤਰਤਾ ਤੇ ਸ਼ਰਧਾ ਬਣਾਈ ਰੱਖਣ ਲਈ ਸੱਚੇ ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ।
ਗੁਰੂ ਗਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੇ 869 ਸ਼ਬਦ ਹਨ। ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਨਾਨਕ ਅਤੇ ਗੁਰੂ ਅਰਜਨ ਦੇਵ ਤੋਂ ਬਾਦ ਤੀਸਰੀ ਵੱਡੀ ਬਾਣੀ ਹੈ। ਇਹਨਾਂ ਦੀ ਬਾਣੀ ਦੀ ਭਾਸ਼ਾ ਸੌਖੀ ਤੇ ਸਰਲ ਹੈ। ਕੋਈ ਗੁੰਝਲ ਨਹੀਂ ਹੈ। ਜੋ ਵੀ ਰੂਪਕ ਤੇ ਪ੍ਰਤੀਕ ਵਰਤੇ ਗਏ ਹਨ ਆਮ ਪੜੇ-ਲਿਖੇ ਲੋਕਾਂ ਦੇ ਸਮਝ ਵਿੱਚ ਆਉਣ ਵਾਲੇ ਹਨ। ਬਾਣੀ ਵਿੱਚ ਦਾਰਸ਼ਨਿਕਤਾ ਤੇ ਅਧਿਆਤਮਿਕਤਾ
ਨੂੰ ਤਰਜੀਹ ਦਿੱਤੀ ਗਈ ਹੈ। ਮਨੁੱਖ ਨੂੰ ਉਪਦੇਸ਼ ਦਿੱਤੇ ਗਏ ਹਨ ਕਿ ਕਿਵੇਂ ਗ੍ਰਹਿਸਥੀ ਜੀਵਨ ਹੰਢਾਉਂਦਿਆਂ ਵੀ ਉਹ ਸੁੱਚੀ ਕਿਰਤ ਅਤੇ ਉੱਚੇ ਆਚਰਨ ਦੇ ਨਾਲ ਜੀਵਨ ਸਫ਼ਲ ਕਰ ਸਕਦਾ ਹੈ ਅਤੇ ਪ੍ਰਮਾਤਮਾ ਨੂੰ ਪਾ ਸਕਦਾ ਹੈ। ਗੁਰੂ ਅਮਰਦਾਸ ਜੀ ਦੇ ਕੁੱਝ ਸ਼ਬਦ, ਗੁਰੂ ਗਰੰਥ ਸਾਹਿਬ
ਵਿੱਚ ਦਰਜ
1. ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ।
ਹਰ ਜੋਤਿ ਰਖੀ ਤੁਧ ਵਿਚਿ ਤਾ ਤੂੰ ਜਗ ਮਹਿ ਆਇਆ।।
('ਅਨੰਦ ਸਾਹਿਬ' ਪੰਨਾ 33)
2. ਜਾਤ ਨਾ ਗਰਬ ਨਾ ਕਰੀਅਹ ਕੋਈ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ।।
ਜਾਤਿ ਕਾ ਗਰਬੁ ਨਾ ਕਰ ਮੂਰਖ ਗਵਾਰਾ॥
ਇਸੁ ਗਰਬੁ ਤੇ ਚਲੈ ਬਹੁਤ ਵਿਕਾਰਾ।।
(ਪੰਨਾ 1128)
3. ਏ ਮਨ ਪਿਆਰਿਆ ਤੂ ਸਦਾ ਸਚ ਸਮਾਲੇ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੇ ਨਾਲੇ।।
ਸਾਥਿ ਤੇਰੇ ਚਲੈ ਨਾਹੀ ਤਿਸੁ ਨਾਲ ਕਿਉ ਚਿਤੁ ਲਾਈਐ।।
ਐਸਾ ਕੰਮ ਮੂਲੇ ਨਾ ਕੀਚੈ ਜਿਤੁ ਅੰਤ ਪਛੋਤਾਈਐ॥
ਸਤਿਗੁਰ ਕਾ ਉਪਦੇਸ਼ ਸੁਣਿ ਤੂੰ ਹੋਵੈ ਤੇਰੇ ਨਾਲੇ।।
ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਚੁ ਸਮਾਲੇ॥
(ਵਡਹੰਸ ਮਹਲਾ 3 ਪੰਨਾ 918)
4. ਗੋਵਿੰਦ ਗੁਣੀ ਨਿਧਾਨ ਹੈ ਅੰਤੁ ਨਾ ਪਾਇਆ ਜਾਇ।।
ਕਥਨੀ ਬਦਲੀ ਨਾ ਪਾਈਐ ਹਉਮੈ ਵਿਚਹੁ ਜਾਇ।।
('ਸ਼ਲੋਕ')
5. ਆਵਹੁ ਸਿਖ ਸਤਗੁਰ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।
ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ।।
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ।।
ਪੀਵੁਹ ਅੰਮ੍ਰਿਤ ਸਦਾ ਰਹੁ ਹਰਿ ਜਪਿਹੁ ਸਾਰਿੰਗ ਪਾਣੀ।।
ਕਹੈ ਨਾਨਕ ਸਦਾ ਗਾਵਹੁ ਏਹ ਸਚੀ ਬਾਣੀ।।
(ਰਾਮਕਲੀ ਮਹਲਾ 3 ਅਨੰਦ) 920
6. ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ।।
ਇਸ ਕੀ ਸੇਵਾ ਜੋ ਕਰੇ ਤਿਸ ਕੀ ਕਉ ਫਿਰਿ ਖਾਇ।।
('ਗੁਜਰੀ ਕੀ ਵਾਰ' ਪੰਨਾ 510)
7. ਮਨ ਤੂੰ ਜੋਤਿ ਸੁਰੂਪ ਹੈ ਆਪਣਾ ਮੁਲੂ ਪਛਾਣਿ॥
ਮਨ ਹਰਿ ਜੀ ਤੇਰੈ ਨਾਲ ਹੈ ਗੁਰਮਤਿ ਰੰਗ ਮਾਣ॥
(ਆਸਾ ਮਹੱਲਾ 3 ਪੰਨਾ 441)
8. ਭਗਤਾ ਕੀ ਚਾਲ ਨਿਰਾਲੀ।।
ਚਾਲ ਨਿਰਾਲੀ ਭਗਤਾਹੁ ਕੇਰੀ ਬਿਖਮ ਮਾਰਗ ਚਲਣਾ।।
ਲਬੁ ਲੋਭ ਅਹੰਕਾਰੁ ਤਜਿ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ।
ਖੰਨਿਅਹ ਤਿਖਈ ਵਾਲਹੁ ਨਿਕੀ ਏਤੁ ਮਾਰਗ ਜਾਣਾ।
ਗੁਰ ਪਰਸਾਦੀ ਜਿਨਿ ਆਪੁ ਤਜਿਆ ਹਰਿ ਵਾਸਨਾ ਸਮਾਣਾ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ।।
('ਵਡਹੰਸ' ਪੰਨਾ 919)
9. ਅਨਦੁ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ॥
ਪਾਰ ਬ੍ਰਹਮ ਪ੍ਰਭੂ ਪਾਇਆ ਉਤਰੈ ਸਗਲ ਵਿਸੂਰੇ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ।।
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰ ਰਹਿਆ ਭਰਪੂਰੇ॥
ਬਿਨਵੰਤਿ ਨਾਨਕ ਗੁਰਚਰਣ ਲਾਗੇ ਵਾਜੇ ਅਨਹਦ ਤੂਰੇ॥
(ਅਨੰਦ ਸਾਹਿਬ ਪੰਨਾ 922)
10. ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ॥
ਪਿਰ ਬਿਨੁ ਨੀਂਦ ਨਾ ਆਵੈ ਜੀਊ ਕਾਪੜ ਤਨ ਨਾ ਸੁਹਾਈ।।
ਕਾਪੁਰ ਤਨਿ ਸੁਹਾਵੈ ਜਾ ਪਿਰੁ ਭਾਵੈ ਗੁਰਮੀਤ ਚਿਤੁ ਲਾਈਐ।।
ਸਦਾ ਸੁਹਾਗਿਣ ਜਾ ਸਤਿਗੁਰੁ ਸੇਵੈ ਗੁਰ ਕੈ ਅੰਕਿ ਸਮਾਈਐ।।
ਗੁਰ ਸ਼ਬਦੇ ਮੇਲਾ ਤਾ ਪਿਹੁ ਗਈ ਲਾਗ ਨਾਮੁ ਸੰਸਾਰੇ॥
ਨਾਨਕ ਕਾਮਣਿ ਨਾਹ ਪਿਆਰੀ ਜਾ ਰਹਿ ਕੇ ਗੁਣ ਸਾਰੇ॥
(ਗਉੜੀ ਮਹੱਲਾ 3) 244-45
11. ਨਿਰਤਿ ਕਰੇ ਬਹੁ ਵਾਜੇ ਵਜਾਏ॥
ਇਹ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ
ਅੰਤਹਿ ਲੋਭੁ ਭਰਮੁ ਅਕਲ ਵਾਉ। ਦੀਵਾ ਬਲੈ ਨਾ ਸੋਝੀ ਪਾਏ।।
(ਪੰਨਾ 364)
12. ਗੁਰ ਸਭਾ ਏਵਿ ਨਾ ਪਾਈਐ ਨਾ ਨੇੜੇ ਨਾ ਦੂਰਿ॥
ਨਾਨਕ ਸਤਿਗੁਰੂ ਤਾ ਮਿਲੈ ਜਾ ਮਨ ਰਹੈ ਹਦੂਰਿ॥
(ਸ਼ਲੋਕ ਪੰਨਾ 84)
13. ਗੁਰੂ ਕੀ ਸਿਖ ਕੋ ਵਿਰਲਾ ਲੇਵੈ।।
ਨਾਨਕ ਜਿਸੁ ਆਪਿ ਵਡਿਆਈ ਦੇਵੈ॥
(ਪੰਨਾ 509)
14. ਭੈ ਵਿੱਚ ਜੰਮੈ ਭੈ ਮਰੇ ਭੀ ਭਉ ਮਨ ਮਹਿ ਹੋਇ।।
ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਇ।।
(ਸ਼ਲੋਕ ਪੰਨਾ 49)