ਸਿੱਖ ਗੁਰੂ ਸਾਹਿਬਾਨ/ਗੁਰੂ ਅੰਗਦ ਦੇਵ ਜੀ

ਵਿਕੀਸਰੋਤ ਤੋਂ

ਸ੍ਰੀ ਗੁਰੂ ਅੰਗਦ ਦੇਵ ਜੀ

'ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜ਼ਾਰ॥
ਏਤੇ ਚਾਨਣ ਹੋਂਦਿਆ ਗੁਰ ਬਿੰਨ ਘੋਰ ਅੰਧਾਰ॥'
('ਗ. ਗ. ਸ ਪੰਨਾ 462')

ਗੁਰੂ ਅੰਗਦ ਦੇਵ ਸਿੱਖਾਂ ਦੇ ਦੂਸਰੇ ਗੁਰੂ ਸਨ। ਉਹਨਾਂ ਦਾ ਜਨਮ 31 ਮਾਰਚ 1504 ਈ. ਵਿੱਚ ਮੱਤੇ ਦੀ ਸਰਾਏ ਨਾਗਾ ਵਿਖੇ ਪਿਤਾ ਫੇਰੂ ਮੱਲ ਅਤੇ ਮਾਤਾ ਰਾਮੋ ਦੇ ਘਰ ਹੋਇਆ। ਉਹਨਾਂ ਦਾ ਪਹਿਲਾ ਨਾਮ ਲਹਿਣਾ ਸੀ। ਗੁਰੂ ਨਾਨਕ ਜੀ ਨੇ ਆਪਣਾ ਉਤਰਾਧਿਕਾਰੀ ਬਣਾਉਣ ਸਮੇਂ ਉਹਨਾਂ ਦਾ ਨਾਂ 'ਅੰਗਦ' ਕਰ ਦਿੱਤਾ ਸੀ। ਪੰਦਰਾਂ ਕੁ ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ। ਉਹਨਾਂ ਦੇ ਦੋ ਸਪੁੱਤਰ ਦਾਤੂ ਅਤੇ ਦਾਸੂ ਸਨ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਅਤੇ ਅਨੋਖੀ ਸਨ। ਗੁਰੂ ਨਾਨਕ ਜੀ ਨਾਲ ਮਿਲਣ ਤੋਂ ਪਹਿਲਾਂ ਭਾਈ ਲਹਿਣਾ ਦੇਵੀ ਦੁਰਗਾ ਦੇ ਉਪਾਸਕ ਸਨ। ਉਹ ਹਰ ਸਾਲ ਸ਼ਰਧਾਲੂਆਂ ਨੂੰ ਲੈ ਕੇ ਜੁਆਲਾਮੁਖੀ ਜਾਂਦੇ ਸਨ। ਪਰੰਤੂ ਉਹਨਾਂ ਦਾ ਮਨ ਸਤੁੰਸ਼ਟ ਨਹੀਂ ਸੀ। ਉਹਨਾਂ ਦੀ ਪੂਰੇ ਗੁਰੂ ਨੂੰ ਮਿਲਣ ਦੀ ਤਮੰਨਾ ਦਿਨ-ਬ-ਦਿਨ ਵਧਦੀ ਜਾ ਰਹੀ ਸੀ।

ਇੱਕ ਦਿਨ ਭਾਈ ਲਹਿਣਾ ਨੇ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਜੋਧਾ ਕੋਲੋਂ ਗੁਰੂ ਜੀ ਦੀ ਬਾਣੀ ਸੁਣੀ। ਉਹਨਾਂ ਨੇ ਭਾਈ ਜੋਧਾ ਤੋਂ ਪੁੱਛਿਆ ਕਿ ਉਹ ਕਿਸਦਾ ਲਿਖਿਆ ਸ਼ਬਦ ਗਾ ਰਹੇ ਹਨ ਤਾਂ ਭਾਈ ਜੋਧਾ ਦੇ ਦੱਸਣ ਅਨੁਸਾਰ ਇਹ ਸ਼ਬਦ ਗੁਰੂ ਨਾਨਕ ਦੇਵ ਦਾ ਸੀ। ਭਾਈ ਲਹਿਣਾ ਜਵਾਲਾਮੁਖੀ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਉਹ ਗੁਰੂ ਜੀ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਕਰਤਾਰਪੁਰ ਹੀ ਰਹਿਣ ਲੱਗੇ। ਉਹ ਗੁਰੂ ਜੀ ਦੇ ਸੱਚੇ ਸ਼ਰਧਾਲੂ ਸਨ। ਗੁਰੂ ਜੀ ਦੁਆਰਾ ਦਿੱਤਾ ਹਰ ਕੰਮ ਖਿੜੇ ਮੱਥੇ ਕਰਨ ਲਈ ਤਿਆਰ ਰਹਿੰਦੇ ਸਨ। ਉਹ ਕਰਤਾਰਪੁਰ ਰਹਿੰਦੇ ਹੋਏ ਗੁਰੂ ਜੀ ਨਾਲ ਖੇਤੀ ਦਾ ਕੰਮ ਕਰਾਉਂਦੇ, ਘਾਹ ਦੀ ਪੰਡ ਸਿਰ 'ਤੇ ਚੁੱਕ ਕੇ ਲਿਆ ਪਸ਼ੂਆਂ ਨੂੰ ਪਾਉਂਦੇ, ਲੰਗਰ ਲਈ ਰਸਦ ਆਦਿ ਸਿਰ 'ਤੇ ਲਿਆਉਂਦੇ ਸਨ। ਗੁਰੂ ਨਾਨਕ ਵੱਲੋਂ ਲਈ ਗਈ ਉਤਰਾਧਿਕਾਰੀ ਦੀ ਪ੍ਰੀਖਿਆ ਵਿੱਚ ਵਾਰ-ਵਾਰ ਕੰਧ ਬਣਾਉਣਾ ਤੇ ਢਾਹੁਣਾ ਵਿੱਚ ਉਹ ਸਫਲ ਰਹੇ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਭਾਈ ਲਹਿਣਾ ਤੋਂ ਅੰਗਦ ਨਾਮ ਦੇ ਕੇ ਆਪਣਾ ਜਾਨਸ਼ੀਨ ਥਾਪਿਆ। ਭਾਈ ਗੁਰਦਾਸ ਲਿਖਦੇ ਹਨ-

'ਅੰਗਦ ਨੂੰ ਉਹੀ ਤਿਲਕ ਲਾਇਆ ਗਿਆ, ਸਿਰ ਉੱਪਰ ਛਤਰ ਛਾਇਆ ਕੀਤੀ ਗਈ, ਉਸੇ ਗੱਦੀ 'ਤੇ ਬਿਠਾਇਆ ਗਿਆ, ਜਿਥੇ ਗੁਰੂ ਨਾਨਕ ਦੇਵ ਬੈਠਦੇ ਸਨ। ਗੁਰੂ ਜੀ ਦੀ ਆਤਮਾ ਗੁਰੂ ਅੰਗਦ ਵਿੱਚ ਪ੍ਰਵੇਸ਼ ਕਰ ਗਈ। ਉਹਨਾਂ ਨੇ ਕਰਤਾਰਪੁਰ ਛੱਡ ਦਿੱਤਾ ਅਤੇ ਖਡੂਰ ਸਾਹਿਬ ਜਾ ਕੇ ਇਕਾਂਤਵਸ ਰਹਿ ਕੇ ਪ੍ਰਭੂ-ਭਗਤੀ ਵਿੱਚ ਲੀਨ ਹੋ ਗਏ। ਸਿੱਖ ਧਰਮ ਦੀ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਬਾਬਾ ਬੁੱਢਾ ਜੀ ਦੇ ਬੇਨਤੀ ਕਰਨ ਤੇ ਗੁਰੂ ਅੰਗਦ ਦੇਵ ਸਿੱਖਾਂ ਨੂੰ ਮਿਲੇ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗੇ।

ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਤਰਾਂ ਹੀ ਵਿਚਰਦੇ ਸਨ। ਸਵੇਰੇ ਜਲਦੀ ਉੱਠ ਕੇ ਸਮਾਧੀ ਵਿੱਚ ਲੀਨ ਹੁੰਦੇ। ਸੁਬਹ ਜਪੁ ਜੀ ਸਾਹਿਬ ਦਾ ਪਾਠ ਕਰਦੇ, ਉਪਰੰਤ ਸੰਗਤ ਦੀ ਹਾਜ਼ਰੀ ਵਿੱਚ 'ਆਸਾ ਦੀ ਵਾਰ' ਦਾ ਕੀਰਤਨ ਕੀਤਾ ਜਾਂਦਾ। ਸੱਤਾ ਅਤੇ ਬਲਵੰਡ ਹਰਰੋਜ਼ ਢਾਡੀ ਵਾਰਾਂ ਗਾਉਂਦੇ। ਗੁਰੂ ਅੰਗਦ ਦੇਵ ਨਿਮਰਤਾ ਦੇ ਪੁੰਜ ਸਨ। ਉਹ ਇੱਕ ਆਦਰਸ਼ ਸ਼ਗਿਰਦ, ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਅਤੇ ਮਨੁੱਖਤਾ ਦੀ ਸੇਵਾ ਕਰਨਾ ਆਪਣਾ ਧਰਮ ਸਮਝਣ ਵਾਲੇ ਮਹਾਂਪੁਰਸ਼ ਸਨ। ਅਧਿਆਤਮਕ ਗੂਰ ਹੋਣ ਦੇ ਨਾਲ-ਨਾਲ ਉਹ ਅਸਲੀਅਤ ਨੂੰ ਸਮਝ ਕੇ ਮਸਲਿਆਂ ਦਾ ਹੱਲ ਕਰਦੇ ਸਨ। ਗੁਰੂ ਅੰਗਦ ਲਈ ਗੁਰੂ ਦੀ ਪਦਵੀ ਬਹੁਤ ਉੱਚੀ ਸੀ ਉਹ ਗੁਰੂ ਦਾ ਵਿਛੋੜਾ ਸਹਿਣ ਨਹੀਂ ਸਨ ਕਰਦੇ ਇਸੇ ਲਈ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਬਹੁਤ ਉਦਾਸ ਹੋਏ। ਉਹਨਾਂ ਦਾ ਮੰਨਣਾ ਸੀ ਕਿ ਗੁਰੂ ਦਾ ਹੁਕਮ ਮੰਨ ਕੇ ਹੀ ਅਧਿਆਤਮਕ ਤੌਰ 'ਤੇ ਉੱਚਾ ਉੱਠਿਆ ਜਾ ਸਕਦਾ ਹੈ। ਉਹਨਾਂ ਅਨੁਸਾਰ ਮਨੁੱਖ ਜਿਹੋ ਜਿਹੇ ਕੰਮ ਕਰਦਾ ਹੈ, ਉਹੋ ਜਿਹਾ ਹੀ ਉਸ ਨੂੰ ਫਲ ਮਿਲਦਾ ਹੈ, ਆਪਣੇ ਕਰਮਾਂ ਦੇ ਆਧਾਰ 'ਤੇ ਹੀ ਉਸਨੂੰ ਸਵਰਗ ਜਾਂ ਨਰਕ ਪ੍ਰਾਪਤ ਹੁੰਦਾ ਹੈ। ਗੁਣਾਂ ਦੇ ਧਾਰਨੀ ਮਨੁੱਖ ਨੂੰ ਜ਼ਰੂਰ ਉਸਦਾ ਫਲ ਮਿਲਦਾ ਹੈ ਅਤੇ ਬੁਰਾ ਕਰਨ ਵਾਲੇ ਨੂੰ ਸ਼ਜਾ ਮਿਲਦੀ ਹੈ। ਉਹ ਦੁੱਖ, ਤਕਲੀਫ ਵਿੱਚ ਘਿਰਦੇ ਹਨ, ਅਸਫਲ ਹੁੰਦੇ ਹਨ, ਫਿਰ ਪਛਤਾਂਉਦੇ ਹਨ। ਪ੍ਰਮਾਤਮਾ ਨੇ ਸਾਰੇ ਮਨੁੱਖਾਂ ਅਤੇ ਜੀਵ ਜੰਤੂਆਂ ਨੂੰ ਨਿਭਾਉਣ ਲਈ ਕੰਮ ਤੇ ਫਰਜ਼ ਦਿੱਤੇ ਹਨ। ਉਹ ਉਹਨਾਂ ਦੇ ਕੰਮ ਦੇਖਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਦਾ ਹੈ।

ਗੁਰੂ ਅੰਗਦ ਦੇਵ ਨੇ ਗੁਰਗੱਦੀ, ਸੰਭਾਲਣ ਤੋਂ ਬਾਅਦ ਪਹਿਲਾਂ ਕੰਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸੰਭਾਲਣ ਦਾ ਕੀਤਾ। ਜੋ ਕਿ ਪੰਜਾਬੀ ਭਾਸ਼ਾ ਵਿੱਚ ਸਨ। ਉਸ ਸਮੇਂ ਪੰਜਾਬੀ ਲਈ ਕੋਈ ਆਪਣੀ ਕੋਈ ਲਿਪੀ ਈਜਾਦ ਨਹੀਂ ਕੀਤੀ ਗਈ ਸੀ। ਗੁਰੂ ਅੰਗਦ ਦੇਵ ਜੀ ਨੇ ਇਹਨਾਂ ਰਚਨਾਵਾਂ ਨੂੰ ਲਿਖਣ ਲਈ 'ਗੁਰਮੁਖੀ' ਲਿਪੀ ਦੀ ਕਾਢ ਕੱਢੀ ਜੋ ਕਿ ਸੌਖੀ ਅਤੇ ਸਧਾਰਨ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸੀ। ਗੁਰਮੁਖੀ ਲਿਪੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਲਿਖਤ ਰੂਪ ਵਿੱਚ ਲਿਆਂਦਾ ਗਿਆ। ਉਹਨਾਂ ਨੇ ਲੋਕਾਂ ਨੂੰ ਧਾਰਮਿਕ ਸਾਹਿਤ ਅਤੇ ਪੰਜਾਬੀ ਪੜਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਵਾਈ ਜਿਸਨੂੰ 'ਬਾਲਾ ਜਨਮਸਾਖੀ' ਕਿਹਾ ਜਾਂਦਾ ਹੈ।

ਗੁਰੂ ਅੰਗਦ ਦੇਵ ਬੱਚਿਆਂ ਨੂੰ ਇਕੱਠਾ ਕਰਕੇ ਉਹਨਾਂ ਲਈ ਖੇਡਾਂ ਕਰਵਾਉਂਦੇ ਤੇ ਇਨਾਮ ਦਿੰਦੇ। ਉਹਨਾਂ ਦਾ ਯਕੀਨ ਸੀ ਕਿ ਪੜਾਈ ਦੇ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਵੀ ਹੋਣਾ ਚਾਹੀਦਾ ਹੈ। ਉਹ ਉਹਨਾਂ ਦੀ ਪੜ੍ਹਾਈ-ਲਿਖਾਈ ਵੱਲ ਖਾਸ ਤਵੱਜੋ ਦਿੰਦੇ, ਸਰੀਰਕ ਵਿਕਾਸ ਦੇ ਲਈ ਉਹਨਾਂ ਨੇ ਅਖਾੜਿਆਂ ਦੀ ਸਥਾਪਨਾ ਵੀ ਕਰਵਾਈ ਜਿੱਥੇ ਪਹਿਲਵਾਨਾਂ ਨੂੰ ਸਿੱਖਿਅਤ ਕੀਤਾ ਜਾਂਦਾ ਸੀ।

ਗੁਰੂ ਅੰਗਦ ਦੇਵ ਜੀ ਨੇ ਪਹਿਲੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ। ਲੰਗਰ ਦੀ ਸੇਵਾ ਮਾਤਾ ਖੀਵੀ ਜੇ ਦੇ ਹੱਥਾਂ ਵਿੱਚ ਸੀ ਅਤੇ ਮਾਤਾ ਖੀਵੀ ਦੇ ਹੱਥ ਜੱਸ ਸੀ। ਗੁਰੂ ਦੇ ਲੰਗਰ ਵਿਚੋਂ ਕੋਈ ਜ਼ਰੂਰਤਮੰਦ ਖਾਲੀ ਨਹੀਂ ਸੀ ਮੁੜਦਾ। ਗੁਰੂ ਅੰਗਦ ਦੇਵ ਦੇ ਲੰਗਰ ਸਮੇਂ ਪ੍ਰਥਾ ਦਾ ਵਿਸਥਾਰ ਹੋਇਆ, ਜਿਸ ਵਿੱਚ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਤੋਂ ਲੰਗਰ ਵਰਤਾਇਆ ਜਾਂਦਾ ਸੀ। ਮਾਤਾ ਖੀਵੀ ਖੁਦ ਲੰਗਰ ਪ੍ਰਸ਼ਾਦੇ ਤਿਆਰ ਕਰਦੇ ਅਤੇ ਲੋੜਵੰਦਾਂ ਨੂੰ ਬੜੇ ਸਨੇਹ ਅਤੇ ਸ਼ਰਧਾ ਨਾਲ ਖਾਣਾ ਵਰਤਾਉਂਦੇ।

ਗੁਰੂ ਅੰਗਦ ਦੇਵ ਨੇ ਹਿੰਦੂ ਹੰਕਾਰੀ ਸਾਧੂ 'ਤਪਾ', ਦਯਾ ਨਾਥ, ਸੱਤਾ ਅਤੇ ਬਲਵੰਡ ਆਦਿ ਲੋਕਾਂ ਨੂੰ ਸਿੱਧਾ ਰਸਤਾ ਦਿਖਾਇਆ। ਹਾਰਿਆ ਹੋਇਆ ਮੁਗਲ ਬਾਦਸ਼ਾਹ ਹੰਮਾਯੂ/ਜਿਸ ਵੇਲੇ ਗੁਰੂ ਦਰਬਾਰ ਵਿੱਚ ਆਇਆ ਤਾਂ ਸੰਗਤ ਪ੍ਰਭੂ ਦੇ ਜਸ ਨੂੰ ਗਾ ਰਹੀ ਸੀ। ਹੰਮਾਯੂ ਨੇ ਆਪਣੀ ਗੁਰੂ ਨਾਲ ਮਿਲਣ ਵਿੱਚ ਹੁੰਦੀ ਦੇਰੀ ਵਿੱਚ ਆਪਣੀ ਤੌਹੀਨ ਸਮਝ ਕੇ ਤਲਵਾਰ ਮਿਆਨ ਵਿੱਚੋਂ ਬਾਹਰ ਕੱਢੀ। ਗੁਰੂ ਅੰਗਦ ਦੇਵ ਜੀ ਨੇ ਕਿਹਾ, 'ਜਿੱਥੇ ਤੈਨੂੰ ਤਲਵਾਰ ਕੱਢਣੀ ਚਾਹੀਦੀ ਸੀ, ਉੱਥੇ ਨਹੀਂ ਕੱਢੀ, ਉੱਥੇ ਤੂੰ ਲੜਾਈ ਦੇ ਮੈਦਾਨ ਵਿੱਚੋਂ ਡਰਪੋਕਾਂ ਦੀ ਤਰਾਂ ਭੱਜ ਆਇਆ ਹੈ। ਇੱਥੇ ਤੂੰ ਦਰਵੇਸ਼ ਦੇ ਸਾਹਮਣੇ ਬਹਾਦਰੀ ਦਿਖਾਉਣ ਲੱਗਾ ਹੈਂ। ਹੰਮਾਯੂ ਸ਼ਰਮਿੰਦਾ ਹੋਇਆ ਤੇ ਮਾਫ਼ੀ ਮੰਗੀ।

ਆਪਣਾ ਅੰਤ ਸਮਾਂ ਨੇੜੇ ਆਇਆ ਦੇਖ ਕੇ ਗੁਰੂ ਅੰਗਦ ਦੇਵ ਜੀ ਨੇ 28 ਮਾਰਚ 1552 ਈ. ਵਿੱਚ ਆਪਣੇ ਯੋਗ ਸਿੱਖ ਅਮਰਦਾਸ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅੰਗਦ ਦੇਵ ਬਾਰਾਂ ਸਾਲ, ਛੇ ਮਹੀਨੇ, ਅਤੇ ਨੌ ਦਿਨ ਗੁਰਗੱਦੀ 'ਤੇ ਬਿਰਾਜਮਾਨ ਰਹੇ। ਉਹ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸਿਦਕ ਨਾਲ ਅੱਗੇ ਤੋਰਨ ਅਤੇ ਸਿੱਖ ਧਰਮ ਦੀ ਨੀਂਹ ਪੱਕੀ ਕਰਨ ਵਿੱਚ ਸਫ਼ਲ ਰਹੇ।

ਗੁਰੂ ਅੰਗਦ ਦੇਵ ਜੀ ਦੇ ਰਚੇ ਹੋਏ 63 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਹਨਾਂ ਨੇ ਗੁਰੂ ਨਾਨਕ ਦੀ ਬਾਣੀ ਦੀਆਂ ਬਹੁਤ ਸਾਰੀਆਂ ਗੁਰਮੁਖੀ ਲਿਪੀ ਵਿੱਚ ਲਿਖਤਾਂ ਕਰਵਾਈਆਂ। 35 ਚਿੱਠੀਆਂ ਹੋਰ ਅਲੱਗ-ਅਲੱਗ ਉਸ ਸਮੇਂ ਦੀਆਂ ਲਿਪੀਆਂ ਤੋਂ ਗੁਰਮੁਖੀ ਵਿੱਚ ਅਨੁਵਾਦ ਕਰਵਾਈਆਂ। ਆਪਣੇ ਛੋਟੇ ਜਿਹੇਕਾਲ ਵਿੱਚ ਉਹਨਾਂ ਨੇ ਹੈਰਾਨ-ਕੁੰਨ ਕੰਮ ਕੀਤੇ।

ਗੁਰੂ ਅੰਗਦ ਸ਼ੁਰੂ ਤੋਂ ਹੀ ਰੱਬ ਤੋਂ ਡਰਨ ਵਾਲੇ ਅਤੇ ਜਗਿਆਸੂ ਬਿਰਤੀ ਵਾਲੇ ਇਨਸਾਨ ਸਨ। ਸੱਚਾਈ ਦੀ ਖੋਜ ਵਿੱਚ ਉਹ ਗੁਰੂ ਨਾਨਕ ਦੇਵ ਕੋਲ ਪਹੁੰਚੇ। ਆਪਣੀ ਜਗਿਆਸਾ ਨੂੰ ਸ਼ਾਂਤ ਕੀਤਾ ਅਤੇ ਸੱਚੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਗੁਰਗੱਦੀ ਪ੍ਰਾਪਤ ਕੀਤੀ। ਦਿਆਲੂ, ਨਿਮਰ, ਗੁਰੂ ਦੇ ਪਿਆਰੇ ਤੇ ਅਗਿਆਕਾਰੀ ਸਿੱਖ ਬਣਕੇ ਉਹਨਾਂ ਨੇ ਸਿੱਖੀ ਰਹੁ-ਰੀਤਾਂ ਨੂੰ ਵਡਿਆਈ ਬਖ਼ਸ਼ੀ। ਗੁਰੂ ਤੋਂ ਇੱਕ ਪਲ ਵੀ ਦੂਰ ਨਾ ਰਹਿਣ ਵਾਲੇ ਅੰਗਦ ਦੇਵ ਖਡੂਰ ਸਾਹਿਬ ਚਲੇ ਗਏ ਤਾਂ ਕਿ ਉਹਨਾਂ ਨੂੰ ਗੁਰਆਈ ਮਿਲਣ ਕਰਕੇ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਇਸ ਸਮੇਂ ਦੁਖੀ ਨਾ ਹੋਣ। ਬਾਬੇ ਨਾਨਕ ਵਾਂਗ ਉਹ ਵਹਿਮਾਂ-ਭਰਮਾਂ, ਪਾਖੰਡਾਂ, ਜਾਦੂ-ਟੋਨਿਆਂ ਆਦਿ ਭੈੜੀਆਂ ਰਸਮਾਂ ਤੋਂ ਦੂਰ ਰਹੇ ਤੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਸੱਚੇ ਪ੍ਰਭੂ ਦੀ ਭਗਤੀ ਨਾਲ ਹੀ ਮੁਕਤੀ ਮਿਲਦੀ ਹੈ ਤੇ ਸੱਚ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ।

ਗੁਰੂ ਅੰਗਦ ਦੇਵ ਜੀ ਨੇ ਆਪਣਾ ਵਾਰਸ ਚੁਣਨ ਵੇਲੇ ਵੀ ਸਹੀ ਰਸਤਾ ਅਖਤਿਆਰ ਕੀਤਾ। ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸਭ ਤੋਂ ਯੋਗ ਸਿੱਖ ਅਮਰਦਾਸ ਨੂੰ ਗੁਰਗੱਦੀ ਸੌਂਪੀ। 'ਆਪਣੀ ਨਿਮਰਤਾ ਕਰਕੇ ਹੀ ਅਤੇ ਗੁਰੂ ਦੀ ਉਚੇਰੀ ਪਦਵੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਆਪਣੀ ਬਾਣੀ 'ਨਾਨਕ' ਨਾਮ ਹੇਠ ਉਚਾਰੀ। ਇਨਾਂ ਤੋਂ ਪਿੱਛੋਂ ਦੂਸਰੇ ਗੁਰੂਆਂ ਨੇ ਵੀ ਇਸੇ ਰੀਤ ਨੂੰ ਅੱਗੇ ਤੋਰਿਆ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਹਿੰਦੂਵਾਦ ਤੋਂ ਸੁਤੰਤਰ ਕੀਤਾ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਤੇ ਖਾਸ ਧਰਮ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਹਾਲਾਂਕਿ ਪਹਿਲਾਂ ਉਹ ਆਪ ਵੀ ਦੇਵੀ ਦੇ ਉਪਾਸਕ ਸਨ ਅਤੇ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਪਰ ਜਦੋਂ ਇੱਕ ਵਾਰ ਉਹਨਾਂ ਨੇ ਗੁਰੂ ਦਾ ਪੱਲਾ ਫੜ ਲਿਆ ਤਾਂ ਸਾਰੇ ਦਾ ਸਾਰਾ ਆਪਾ ਗੁਰੂ ਦੇ ਸਪੁਰਦ ਕਰ ਦਿੱਤਾ। ਆਪਣੇ ਗੁਰੂ ਦੀ ਸੇਵਾ ਕੀਤੀ। ਤਨ ਮਨ ਗੁਰੂ ਨੂੰ ਸੌਂਪ ਕੇ ਹਰ ਹੁਕਮ ਦੀ ਪਾਲਣਾ ਕੀਤੀ ਅਤੇ ਇਸ ਘਾਲਣਾ ਦਾ ਫਲ ਗੁਰੂ ਨੇ ਉਹਨਾਂ ਨੂੰ ਗੁਰਗੱਦੀ ਸੌਂਪ ਕੇ ਬਖਸ਼ਿਆ।

ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਉਹ ਹੈ ਜਿਹੜਾ ਉਹਨਾਂ ਨੇ ਦੇਵੀ ਪੂਜਾ ਵਿੱਚ ਗੁਜ਼ਾਰਿਆ, ਦੇਵੀ ਦਰਸ਼ਨਾਂ ਲਈ ਭਿੰਨ-ਭਿੰਨ ਥਾਵਾਂ 'ਤੇ ਜਾ ਕੇ ਪੂਜਾ ਅਰਚਨਾ ਕੀਤੀ। ਦੇਵੀ ਨੂੰ ਖੁਸ਼ ਕਰਨ ਲਈ ਦਾਨ ਪੁੰਨ ਕੀਤੇ ਤੇ ਲੰਗਰ ਲਾਏ ਤੇ ਭੇਟਾ ਚੜਾਈਆਂ। ਪਰ ਮਨ ਸਤੁੰਸ਼ਟ ਨਾ ਹੋਇਆ। ਦੂਜੇ ਭਾਗ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੇ ਲੜ ਲੱਗ ਗਏ। ਇੱਥੇ ਉਹਨਾਂ ਨੂੰ ਸਮਰੱਥ ਗੁਰੂ ਮਿਲਿਆ ਜਿਸਨੇ ਉਹਨਾਂ ਦੇ ਮਨ ਦੀ ਜਿਗਿਆਸਾ ਨੂੰ ਸ਼ਾਂਤ ਕੀਤਾ। ਉਹਨਾਂ ਨੂੰ ਪ੍ਰਮਾਤਮਾ ਨਾਲ ਮਿਲਣ ਲਈ ਰਾਹ ਦਸੇਰਾ ਤੇ ਪਰਪੱਕ ਰਸਤਾ ਮਿਲ ਗਿਆ। ਗੁਰੂ ਨਾਨਕ ਦੇਵ ਜੀ ਦੀ ਸ਼ਖਸ਼ੀਅਤ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਔਖੇ ਤੋਂ ਔਖੇ ਰਸਤੇ 'ਤੇ ਚੱਲਣ ਲਈ ਵੀ ਤਿਆਰ ਹੋ ਜਾਂਦੇ ਆਪਣੇ ਗੁਰੂ ਦੀ ਸੇਵਾ ਹੀ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਬਣ ਗਿਆ। ਉਹਨਾਂ ਦੀਆਂ ਪ੍ਰੀਖਿਆਵਾਂ ਲਈਆਂ ਉਹ ਉਹਨਾਂ ਵਿੱਚ ਸਫ਼ਲ ਹੋਏ। ਗੁਰੂ ਦਾ ਹੁਕਮ ਉਹਨਾਂ ਲਈ ਇਲਾਹੀ ਹੁਕਮ ਸੀ। ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਭਾਈ ਲਹਿਣਾ ਤੇ ਪਿੱਛੋਂ ਬਣੇ ਗੁਰੂ ਅੰਗਦ ਲਈ ਸਭ ਤੋਂ ਉੱਤਮ ਸਨ। ਤੀਜਾ ਭਾਗ ਉਹਨਾਂ ਦੀ ਜ਼ਿੰਦਗੀ ਦਾ ਉਹ ਭਾਗ ਹੈ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ। ਉਹਨਾਂ ਨੇ ਇਸ ਪਵਿੱਤਰ ਅਸਥਾਨ 'ਤੇ ਬੈਠ ਕੇ ਆਪਣੇ ਗੁਰੂ ਦੇ ਸੰਦੇਸ਼ ਨੂੰ ਸਿੱਖ ਸੰਗਤ ਵਿੱਚ ਫੈਲਾਇਆ, ਸੰਗਤਾਂ ਨੂੰ ਨਾਨਕ ਨਾਮ ਨਾਲ ਜੋੜਿਆ। ਬਾਣੀ ਨੂੰ ਇਕੱਠਾ ਕਰਕੇ ਲਿਖਣਾ ਗੁਰੂ ਗਰੰਥ ਸਾਹਿਬ ਦੀ ਸਥਾਪਨਾ ਦਾ ਪਹਿਲਾ ਕਦਮ ਗੁਰੂ ਅੰਗਦ ਦੇਵ ਜੀ ਨੇ ਉਠਾਇਆ।

ਗੁਰੂ ਅੰਗਦ ਦੇਵ ਜੀ ਨੇ ਆਪ ਵੀ ਬਾਣੀ ਰਚੀ ਜਿਸ ਵਿੱਚ ਉਹਨਾਂ ਨੇ ਗੁਰੂ ਪ੍ਰੇਮ, ਗੁਰੂ ਭਗਤੀ, ਗੁਰੂ ਮਿਲਾਪ, ਗੁਰ ਪ੍ਰਾਪਤੀ, ਆਤਮ ਸਮਰਪਣ ਅਤੇ ਗੁਰ- ਸ਼ਬਦ ’ਤੇ ਜ਼ੋਰ ਦਿੱਤਾ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਮਿਲਦੀ ਵਿਲੱਖਣਤਾ ਵਿੱਚ ਬਿਰਹਾ ਦੀ ਤੜਪ ਹੈ, ਮਨੁੱਖਤਾ ਦੀ ਬਰਾਬਰਤਾ 'ਤੇ ਜ਼ੋਰ ਦਿੱਤਾ ਗਿਆ ਹੈ, ਮਨਮੁੱਖ ਤੋਂ ਗੁਰਮੁੱਖ ਬਣਨ ਲਈ ਨਸੀਹਤ ਦਿੱਤੀ ਗਈ ਹੈ ਅਤੇ ਪ੍ਰਮਾਤਮਾ ਦੇ ਅਸਲੀ ਸੇਵਕ ਬਣਨ ਲਈ ਮਨੁੱਖ ਨੂੰ ਆਦੇਸ਼ ਦਿੱਤਾ ਗਿਆ ਹੈ। ਸਿੱਖਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਚੰਗੇ ਤੇ ਮਾੜੇ ਦੀ ਪਹਿਚਾਣ ਕਰਕੇ ਚੰਗੇ ਵੱਲ ਪ੍ਰੇਰਿਤ ਹੋਣ। ਗੁਰੂ ਅੰਗਦ ਦੇਵ ਜੀ ਦੀ ਬਾਣੀ ਤੇ ਗੁਰੂ ਨਾਨਕ ਦੇਵ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਅਸੂਲਾਂ ਦਾ ਸਪੱਸ਼ਟ ਪ੍ਰਭਾਵ ਹੈ। ਉਹਨਾਂ ਨੇ ਆਪ ਇਹਨਾਂ ਅਸੂਲਾਂ ਨੂੰ ਜੀਵਿਆ, ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਲਾਗੂ ਕੀਤਾ ਅਤੇ ਜੀਵਨ ਜਾਂਚ ਵੀ ਸਿਖਾਈ। ਉਹਨਾਂ ਨੇ ਬਾਣੀ ਪੜ੍ਹੀ ਆਪਣੀ ਬਾਣੀ ਵੀ ਰਚੀ, ਆਪਣੀ ਜ਼ਿੰਦਗੀ ਵਿੱਚ ਉਹੀ ਸਾਦਗੀ ਪਵਿੱਤਰਤਾ ਤੇ ਸਦਾਚਾਰਤਾ ਨਿਭਾਈ ਅਤੇ ਸਿੱਖਾਂ ਨੂੰ ਵੀ ਇਸੇ ਸੱਚੇ ਰਾਹ 'ਤੇ ਚੱਲਣ ਲਈ ਉਪਦੇਸ਼ ਦਿੱਤਾ। ਗੁਰੂ ਅੰਗਦ ਦੇਵ ਜੀ ਸ਼ਲੋਕਾਂ ਦਾ ਅਧਿਐਨ ਕਰਨ ਤੋਂ ਇਹ ਗੱਲ ਸਾਹਮਣੇਆਉਂਦੀ ਹੈ ਕਿ ਉਹ ਅੰਦਰੋਂ ਬਾਹਰੋਂ ਪ੍ਰਮਾਤਮਾ ਨਾਲ ਇਕ ਮਿਕ ਸਨ। ਸ਼ਲੋਕ ਵਿੱਚ ਆਦਰਸ਼ ਮਨੁੱਖ ਦੀ ਵੀ ਸਿਰਜਣਾ ਕਰਨ ਹਿਤ ਅਨੇਕ ਸਿੰਬਲਾਂ, ਸੰਕਲਪ, ਵਸਤਾਂ, ਜਜ਼ਬਿਆਂ ਤੇ ਵਿਚਾਰਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ। ਉਹਨਾਂ ਦਾ ਵਿਚਾਰ ਸੀ ਕਿ ਪ੍ਰਮਾਤਮਾ ਨੂੰ ਪਾਉਣ ਲਈ ਨਾ ਸੰਸਾਰ ਛੱਡਣ ਦੀ ਲੋੜ ਨਹੀਂ ਸਗੋਂ ਇਸ ਸੰਸਾਰ ਵਿੱਚ ਵਿਚਰਦਿਆਂ ਹੀ ਪ੍ਰਭੂ ਨਾਲ ਜੁੜਨਾ ਚਾਹੀਦਾ ਹੈ। ਇਸੇ ਨੂੰ ਉਹ ਪ੍ਰਭੂ-ਪ੍ਰੇਮ ਦਾ ਨਾਂ ਦਿੰਦੇ ਸਨ।


ਗੁਰੂ ਅੰਗਦ ਦੇਵ ਜੀ ਦੇ ਅਨੁਸਾਰ ਲੰਗਰ ਵਿੱਚ ਗਰੀਬਾਂ, ਜ਼ਰੂਰਤਮੰਦਾਂ, ਮਜ਼ਲੂਮਾਂ, ਭੁੱਖਿਆਂ, ਅਪਾਹਜਾਂ ਤੇ ਰੋਗੀਆਂ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਚੰਗੇ ਭਲੇ ਤੇ ਤੰਦਰੁਸਤ ਆਦਮੀ ਨੂੰ ਕਮਾਈ ਕਰ ਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋੜਵੰਦਾਂ ਨੂੰ ਪਿਆਰ ਤੇ ਸਤਿਕਾਰ ਨਾਲ ਭੋਜਨ ਕਰਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਦੇ ਤਰਸ ਦਾ ਪਾਤਰ ਨਾ ਬਨਣ।

ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰੂਤਾ ਸਮੇਂ ਕੀਰਤਨ ਪਰੰਪਰਾ ਨੂੰ ਭਰਪੂਰ ਵਡਿਆਈ ਬਖਸ਼ੀ। ਭਾਈ ਬਲਵੰਡ ਤੇ ਸੱਤਾ ਉਹਨਾਂ ਦੇ ਨਾਲ ਸਨ ਤੇ ਉਹ ਪ੍ਰਸਿੱਧ ਕੀਰਤਨੀਏ ਸਨ। ਢਾਡੀ ਵਾਰਾਂ ਗਾਉਣ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਕੀਰਤਨ ਪਰੰਪਰਾ, ਜੋ ਬਾਬੇ ਨਾਨਕ ਨੇ ਭਾਈ ਮਰਦਾਨੇ ਦੀ ਰਬਾਬ ਨਾਲ ਆਰੰਭ ਕੀਤੀ ਸੀ ਉਸ ਨੂੰ ਅੱਗੇ ਤੋਰਿਆ। ਰਬਾਬੀ ਬਲਵੰਡ ਨੂੰ ਤਾਂ ਗੁਰੂ ਜੀ ਆਪਣੇ ਨਾਲ ਹੀ ਖਡੂਰ ਸਾਹਿਬ ਲੈ ਕੇ ਆਏ ਸਨ। ਗੁਰੂ ਅੰਗਦ ਦੇਵ ਜੀ ਦੀ ਸਿੱਖ ਧਰਮ ਨੂੰ ਇਹ ਅਦੁੱਤੀ ਦੇਣ ਹੈ। ਉਹਨਾਂ ਨੇ ਕੀਰਤਨਕਾਰਾਂ ਦੀ ਘਰਾਣੇਦਾਰ ਪਰੰਪਰਾ ਦਾ ਆਰੰਭ ਕੀਤਾ। ਇਹ ਦੂਸਰੇ ਗੁਰੂਆਂ ਦੇ ਜੀਵਨ ਕਾਲ ਵਿੱਚ ਬਾ-ਦਸਤੂਰ ਚੱਲਦਾ ਰਿਹਾ।

ਗੁਰੂ ਅੰਗਦ ਦੇਵ ਜੀ ਨੇ ਤਿਉਹਾਰਾਂ ਦੀਵਾਲੀ, ਦੁਸਹਿਰਾ ਤੇ ਹੋਰ ਮੌਕੇ ਜੋੜ ਮੇਲਿਆਂ ਦੀ ਰੀਤ ਚਲਾਈ। ਸਾਰੀ ਸੰਗਤ ਗੁਰੂ ਦਰਬਾਰ ਵਿੱਚ ਇਕੱਠੀ ਹੁੰਦੀ ਤੇ ਤਿਉਹਾਰ ਮਨਾਏ ਜਾਂਦੇ। ਗੁਰੂ ਜਸ ਗਾਇਆ ਜਾਂਦਾ, ਲੰਗਰ ਚੱਲਦੇ ਅਤੇ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਬਾਬੇ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਿਆ ਇਸ ਤਰਾਂ ਦੀਆਂ ਨਵੀਆਂ ਪਰੰਪਰਾਵਾਂ ਵੀ ਪਾਈਆਂ ਗਈਆਂ। ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਉਹਨਾਂ ਦੀ ਭੂਮਿਕਾ ਸ਼ਲਾਘਾਯੋਗ ਹੈ।

ਗੁਰੂ ਅੰਗਦ ਦੇਵ ਜੀ ਦੇ ਕੁੱਝ ਚੋਣਵੇਂ ਸ਼ਬਦ ਜੋ ਗੁਰੂ

ਗਰੰਥ ਸਾਹਿਬ ਵਿੱਚ ਦਰਜ ਹਨ

1. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜ਼ਾਰ॥
ਏਤੇ ਚਾਨਣ ਹੋਂਦਿਆ ਗੁਰ ਬਿਨੁ ਘੋਰ ਅੰਧਾਰ।।
(ਗੁਰੂ ਗਰੰਥ ਸਾਹਿਬ 'ਆਸਾ ਦੀ ਵਾਰ' ਪੰਨਾ 462.)

2. ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ।।
ਬੀਜੇ ਬਿਖ ਮੰਗੇ ਅੰਮ੍ਰਿਤ ਵੇਖਹੁ ਏਹੁ ਨਿਆਉ॥
(ਆਸਾ ਦੀ ਵਾਰ ਪੰਨਾ 474)

3. ਨਾਲ ਇਆਣੈ ਦੋਸਤੀ ਵਡਾਰੁ ਸਿਉ ਨੇਹੁ॥
ਪਾਣੀ ਅੰਦਰਿ ਲੀਕ ਜਿਉ ਤਿਸ ਕਾ ਥਾਉ ਨਾ ਥੇਹੁ॥
(ਆਸਾ ਦਾ ਵਾਰ ਪੰਨਾ 474)

4. ਬਧਾ ਚਾਟੀ ਜੋ ਭਰੇ ਨਾ ਗੁਣ ਨਾ ਉਪਕਾਰ
ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰੁ॥
5. ਨਾਨਕ ਤਿਨਾ ਬਸੰਤ ਹੈ ਜਿਨਹੁ ਘਰ ਵਸਿਆ ਕੰਤੁ।।
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ।।
(ਬਸੰਤ ਰਾਗ ਪੰ.791)

6. ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ।।
ਰਤਨਾ ਸਾਰ ਨਾ ਜਾਣਈ ਆਵੈ ਆਪੁ ਲਖਾਇ।।
(ਪੰਨਾ 954)

7. ਆਪੈ ਜਾਣੈ ਕਰੇ ਆਪਿ ਆਪੇ ਆਵੈ ਰਾਸਿ॥
ਤਿਸੈ ਅਗੋ ਨਾਨਕਾ ਖਲਿਇ ਕੀਚੈ ਅਰਦਾਸਿ।।
(ਪੰਨਾ 1093)

8. ਸਾਵਣ ਆਇਆ ਹੈ ਸਖੀ ਕੰਤੈ ਚਿਤਿ ਕਰੇਹੁ॥
ਨਾਨਕ ਝੂਰ ਮਰਹਿ ਦੋਹਰਾਣੀ ਜਿਨ ਅਵਰੀ ਲਾਗਾ ਨੇਰੁ।।

(ਪੰਨਾ 1280)

9. ਨਾਨਕ ਦੁਨੀਆ ਕੀਆ ਵਡਿਆਈਆਂ ਅਸੀ ਸੇਤੀ ਜਾਲਿ।।
ਏਨੀ ਜਲੀਈ ਨਾਮ ਵਿਸਰਿਆ ਇਕ ਨਾ ਚਲੀਆ ਨਾਲਿ।।
(ਪੰਨਾ1290)

10. ਜੋ ਸਿਰ ਸਾਈ ਨਾ ਨਿਵੈ ਸੋ ਸਿਰੁ ਦੀਜੈ ਡਾਰ॥
ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਹਿ।।
(ਪੰਨਾ 89)

11. ਇਹ ਜਗ ਸਾਚੈ ਕੀ ਹੈ ਕੋਠੜੀ ਸਚੇ ਕਾ ਵਿੱਚ ਵਾਸੁ।।
ਇਕ ਨੁਹਾ ਹੁਕਮ ਸਮਾਇ ਲਏ ਇਕਨੁਹਾਂ ਹੁਕਮੇ ਕਰੇ ਵਿਣਾਸੁ॥
ਇਕਨੁਹਾਂ ਭਾਣੇ ਕਢਿ ਲਏ ਇਕਨੁਹਾਂ ਮਾਇਆ ਵਿੱਚ ਨਿਵਾਸੁ॥
ਏਵਿ ਭਿ ਆਖਿ ਨਾ ਜਾਪਈ ਜਿ ਕਿਸੈ ਆਣੇ ਰਾਸਿ॥
ਨਾਨਕ ਗੁਰਮੁਖਿ ਜਾਣੀੲੈ ਜਾ ਕਉ ਆਪਿ ਕਰੇ ਪਰਗਾਸੁ॥
(ਪੰਨਾ 463)


12. ਦੀਖਿਆ ਆਖਿ ਬੁਝਾਇਆ ਸਿਫਤੀ ਸਾਚਿ ਸਮੇਉ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ।।
(ਪੰਨਾ 150)

13. ਆਖਣ ਆਖ ਨਾ ਰਜੀਆ ਸੁਨਣਿ ਗਾਹਕ ਇਕ ਵੰਨ।।
ਅਖੀ ਦੇਖ ਨਾ ਰਜੀਆ ਗੁਣ ਗਾਹਕ ਇਕ ਵੰਨ।।
ਭੁਖਿਆ ਭੁਖਿ ਨਾ ਉਤਰੈ ਗਲੀ ਭੁਖ ਨਾ ਜਾਇ।।
ਨਾਨਕ ਭੁਖਾ ਤਾਂ ਰਜੈ ਜਾ ਗੁਣ ਕਹਿ ਗੁਣੀ ਸਮਾਇ।।
(ਪੰਨਾ 147)

14. ਅਖੀ ਬਾਝਹੁ ਦੇਖਣਾ ਵਿਣੁ ਕੰਨਾ ਸੁਣਨਾ,
ਪੈਰਾ ਬਾਝਹੁ ਚਲਣਾ ਵਿਣ ਹਥਾ ਕਰਣਾ।।
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ
ਨਾਨਕ ਹੁਕਮ ਪਛਾਣਿ ਕੈ ਤਉ ਖਸਮ ਮਿਲਣਾ।।
(ਪੰਨਾ 139)

15. ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਆਤਮਾ।।
ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ।।
ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ।।
(ਪੰਨਾ 469)

16. ਜਿਸ ਪਿਆਰੇ ਸਿਉ ਨੇਹੁ ਤਿਸੁ ਆਗੈ ਮਰ ਚਲੀਐ।।
ਧ੍ਰਿਗੁ ਜੀਵਣੁ ਸੰਸਾਰ ਤਾ ਕੇ ਪਾਛੈ ਜੀਵਣਾ।।
(ਪੰਨਾ 83)

17. ਸਾਲਮੁ ਜਬਾਬੁ ਦੋਵੈ ਕਰੇ ਮੁੰਢਹਿ ਘੁਥਾ ਜਾਇ।।
ਨਾਨਕ ਦੇਵੈ ਕੂੜੀਆਂ ਥਾਇ ਨਾ ਕਾਇ ਪਾਇ।।
(ਪੰਨਾ 474)