ਸਿੱਖ ਗੁਰੂ ਸਾਹਿਬਾਨ/ਗੁਰੂ ਨਾਨਕ ਦੇਵ ਜੀ

ਵਿਕੀਸਰੋਤ ਤੋਂ

ਸ੍ਰੀ ਗੁਰੂ ਨਾਨਕ ਦੇਵ ਜੀ

ਅਵੱਲ ਅੱਲਾਹ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ॥
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।।

ਯੁੱਗ ਪੁਰਸ਼ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਵਿੱਚ ਮਹਿਤਾ ਕਾਲੂ ਜੀ ਦੇ ਘਰ ਹੋਇਆ। ਆਪ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਇਹਨਾਂ ਦਾ ਜਨਮ ਪੱਛਮੀ ਪੰਜਾਬ ਦੀ ਸ਼ੇਖੂਪੁਰਾ ਤਹਿਸੀਲ ਦੇ ਪਿੰਡ ਤਲਵੰਡੀ ਰਾਇ ਭੋਂਇ ਵਿਖੇ ਹੋਇਆ। ਇਸ ਅਸਥਾਨ ਨੂੰ ਅੱਜਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਅਤੇ ਇਹ ਇੱਕ ਪ੍ਰਸਿੱਧ ਤੀਰਥ ਸਥਾਨ ਹੈ। ਗੁਰੂ ਜੀ ਦੀ ਇਕ ਭੈਣ ਬੀਬੀ ਨਾਨਕੀ ਸੀ। ਉਮਰ ਵਿੱਚ ਗੁਰੂ ਜੀ ਤੋਂਵੱਡੀ ਸੀ। ਪੰਦਰਵੀਂ ਸ਼ਤਾਬਦੀ ਦਾ ਇਹ ਸਮਾਂ ਧਰਮ ਲਈ ਪਰਖ ਦਾ ਸਮਾਂ ਸੀ। ਅਜਿਹੇ ਘੋਰ ਕਲਯੁੱਗ ਦੇ ਸਮੇਂ ਵਿੱਚ ਗੁਰੂ ਨਾਨਕ ਦੇਵ ਵਰਗੇ ਰਾਹ ਦਸੇਰੇ ਮਹਾਂਪੁਰਸ਼ ਦੀ ਲੋੜ ਸੀ। ਬਾਬਾ ਨਾਨਕ ਇਸ ਪਰਖ ਵਿੱਚ ਖਰੇ ਉੱਤਰੇ ਅਤੇ ਹਨੇਰੇ ਵਿੱਚ ਭਟਕਦੇ ਲੋਕਾਂ ਨੂੰ ਉਹਨਾਂ ਵਿੱਚ ਇੱਕ ਆਸ਼ਾ ਦੀ ਕਿਰਨ ਦਿਖਾਈ ਦਿੱਤੀ।

ਸੱਤ ਸਾਲ ਦੀ ਉਮਰ ਵਿੱਚ ਬਾਲ ਨਾਨਕ ਨੂੰ ਪਿੰਡ ਦੇ ਪਾਂਧੇ ਗੋਪਾਲ ਦਾਸ ਕੋਲ ਪੜ੍ਹਨ ਲਈ ਭੇਜਿਆ ਗਿਆ ਜਿੱਥੇ ਉਹਨਾਂ ਨੇ ਮੁੱਢਲੀ ਪੜ੍ਹਾਈ ਤੇ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਨਾਨਕ ਤੇਜ ਬੁੱਧੀ ਦੇ ਮਾਲਕ ਸਨ। ਉਹਨਾਂ ਨੇ ਜਲਦੀ ਹੀ ਮਦਰੱਸੇ ਵਿੱਚੋਂ ਅਰਬੀ ਤੇ ਫਾਰਸੀ ਭਾਸ਼ਾਵਾਂ ਸਿੱਖੀਆਂ ਜਿੱਥੇ ਰੁਕਨਦੀਨ ਨਾਮਕ ਅਧਿਆਪਕ ਉਹਨਾਂ ਨੂੰ ਪੜ੍ਹਾਉਂਦਾ ਸੀ। ਅਧਿਆਪਕਾਂ ਤੋਂ ਬਾਲ ਨਾਨਕ ਸੋਚ ਤੇ ਪ੍ਰਮਾਤਮਾ ਬਾਰੇ ਪ੍ਰਸ਼ਨ ਪੁੱਛਦੇ ਸਨ। ਉਹ ਅਸਾਧਾਰਨ ਅਧਿਆਤਮਕ ਰੁਚੀਆਂ ਰੱਖਣ ਵਾਲੇ ਸਨ ਤੇ ਕਈ ਵਾਰ ਦੀਨ ਦੁਨੀ ਤੋਂ ਬੇਖ਼ਬਰ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ।

ਇਸ ਸਮੇਂ ਹੀ ਬਾਲ ਨਾਨਕ ਨੂੰ ਜਨੇਊ ਦੀ ਰਸਮ ਧਾਰਨ ਕਰਨ ਲਈ ਹਰਦਿਆਲ ਪੰਡਤ ਨੂੰ ਬੁਲਾਇਆ ਗਿਆ। ਨਾਨਕ ਨੇ ਇਹ ਜਨੇਊ ਜੋ ਧਾਗੇ ਤੋਂ ਬਣਿਆ ਸੀ, ਪਾਉਣ ਤੋਂ ਨਾਂਹ ਕਰ ਦਿੱਤੀ ਤੇ ਸ਼ਬਦ ਉਚਾਰਿਆ

'ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ॥
ਇਹ ਜਨੇਊ ਜੀਅ ਕਾ, ਹਈ ਤਾਂ ਪਾਂਡੇ ਘਤੁ॥
ਨਾਂ ਇਹ ਤੁਟੈ ਨਾ ਮਲ ਲਾਗੇ ਨਾ ਇਹ ਜਲੈ ਨਾ ਜਾਇ॥
ਧੰਨ ਸੁ ਮਾਨਸ ਨਾਨਕਾ ਜੋ ਗਲ ਚਲੈ ਪਾਇ।।'
ਗ. ਗ. ਸ ਰਾਗ ਆਸਾ

ਜਿਉਂ-ਜਿਉਂ ਨਾਨਕ ਵੱਡੇ ਹੋ ਰਹੇ ਸਨ ਉਹ ਹਿੰਦੂ ਸੰਤਾਂ ਅਤੇ ਮੁਸਲਿਮ ਦਰਵੇਸ਼ਾਂ ਦਾ ਸਾਥ ਮਾਣਦੇ। ਉਹਨਾਂ ਨਾਲ ਸੰਵਾਦ ਰਚਾਉਂਦੇ ਅਤੇ ਆਪਣੀ ਜਗਿਆਸਾ ਨੂੰ ਤ੍ਰਿਪਤ ਕਰਦੇ। ਮਹਿਤਾ ਕਾਲੂ ਨੇ ਉਹਨਾਂ ਨੂੰ ਕਈ ਕੰਮ ਜਿਵੇਂ ਪਸ਼ੂ ਚਰਾਉਣਾ ਆਦਿ ਤੇ ਲਾਇਆ। ਉਹ ਪਸ਼ੂਆਂ ਨੂੰ ਚਰਦਿਆਂ ਛੱਡ ਆਪ ਪ੍ਰਭੂ-ਭਗਤੀ ਵਿੱਚ ਲੀਨ ਹੋ ਜਾਂਦੇ। ਪਸ਼ੂ ਲੋਕਾਂ ਦੇ ਖੇਤਾਂ ਦਾ ਨੁਕਸਾਨ ਕਰਦੇ ਤੇ ਪਿਤਾ ਨੂੰ ਉਲਾਂਭੇ ਸੁਣਨੇ ਪੈਂਦੇ। ਬਾਬਾ ਨਾਨਕ ਸਧਾਰਨ ਆਦਮੀ ਨਹੀਂ ਸਨ। ਉਹ ਤਾਂ ਸੰਸਾਰ ਨੂੰ ਤਾਰਨ ਲਈ ਰਹਿਬਰ ਬਣ ਕੇ ਆਏ ਸਨ। ਉਹਨਾਂ ਦੀ ਭੈਣ ਬੀਬੀ ਨਾਨਕੀ ਅਤੇ ਰਾਏ ਬੁਲਾਰ ਬਾਬਾ ਨਾਨਕ ਦੇ ਚੋਜਾਂ ਦੇ ਕਾਇਲ ਸਨ ਅਤੇ ਹਮੇਸ਼ਾ ਮਹਿਤਾ ਕਾਲੂ ਨੂੰ ਸਮਝਾਉਂਦੇ ਸਨ ਕਿ ਨਾਨਕ ਕਿਸੇ ਖਾਸ ਮਿਸ਼ਨ ਲਈ ਸੰਸਾਰ 'ਤੇ ਆਏ ਸਨ।

19 ਸਾਲ ਦੀ ਉਮਰ ਵਿੱਚ ਨਾਨਕ ਦੇਵ ਦਾ ਵਿਆਹ ਮਾਤਾ ਸੁਲੱਖਣੀ ਨਾਲ ਕਰ ਦਿੱਤਾ ਗਿਆ। ਸੁਲੱਖਣੀ ਬਟਾਲੇ ਦੇ ਰਹਿਣ ਵਾਲੇ ਲਾਲਾ ਮੂਲ ਚੰਦ ਦੀ ਧੀ ਸਨ। ਉਹਨਾਂ ਦੇ ਘਰ ਦੋ ਬੇਟੇ ਪੈਦਾ ਹੋਏ ਸਿਰੀ ਚੰਦ ਅਤੇ ਲਖਮੀ ਦਾਸ। ਇਕ ਦਿਨ ਪਿਤਾ ਮਹਿਤਾ ਕਾਲੂ ਨੇ ਨਾਨਕ ਦੇਵ ਨੂੰ ਕੁੱਝ ਰੁਪਏ ਦਿੱਤੇ ਤੇ ਭਾਈ ਬਾਲਾ ਨੂੰ ਉਹਨਾਂ ਨਾਲ ਸ਼ਹਿਰ ਵਿੱਚ ਕੋਈ ਲਾਹੇਵੰਦਾ ਵਪਾਰ ਕਰਨ ਲਈ ਭੇਜਿਆ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਰਸਤੇ ਵਿੱਚ ਉਹਨਾਂ ਨੂੰ ਕੁੱਝ ਭੁੱਖੇ ਸਾਧੂ ਮਿਲੇ ਤੇ ਉਹਨਾਂ ਨੂੰ ਭੋਜਨ ਕਰਾਉਣਾ ਗੁਰੂ ਨਾਨਕ ਦੇਵ ਜੀ ਨੂੰ ਲਾਹੇਵੰਦਾ ਸੌਦਾ ਪ੍ਰਤੀਤ ਹੋਇਆ। ਗੁਰੂ ਜੀ ਨੇ ਉਹਨਾਂ ਰੁਪਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਇਤਿਹਾਸ ਵਿੱਚ ਇਸ ਘਟਨਾ ਨੂੰ 'ਸੱਚਾ ਸੌਦਾ' ਕਿਹਾ ਜਾਂਦਾ ਹੈ। ਖਾਲੀ ਹੱਥ ਘਰ ਆਉਣ ਤੋਂ ਪਿਤਾ ਜੀ ਬਹੁਤ ਨਾਰਾਜ਼ ਹੋਏ। ਮਹਿਤਾ ਕਾਲੂ ਨੇ ਗੁਰੂ ਜੀ ਨੂੰ ਸੁਲਤਾਨਪੁਰ ਉਹਨਾਂ ਦੀ ਭੈਣ ਬੇਬੇ ਨਾਨਕੀ ਕੋਲ ਭੇਜ ਦਿੱਤਾ। ਜਿੱਥੇ ਬੇਬੇ ਨਾਨਕੀ ਦੇ ਪਤੀ ਜੈ ਰਾਮ ਨੇ ਗੁਰੂ ਜੀ ਨੂੰ ਮੋਦੀਖਾਨੇ ਵਿੱਚ ਨੌਕਰੀ ਦੁਆ ਦਿੱਤੀ। ਇੱਥੇ ਉਹਨਾਂ ਨੇ ਦੋ ਸਾਲ ਨੌਕਰੀ ਕੀਤੀ। ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸਨ। ਭਾਈ ਮਰਦਾਨਾ ਰਬਾਬ ਵਜਾਉਂਦਾ ਤੇ ਬਾਬਾ ਨਾਨਕ ਵਜਦ ਵਿੱਚ ਆ ਕੇ ਸ਼ਬਦ ਗਾਇਨ ਕਰਦੇ। ਇੱਥੇ ਵੇਂਈ ਵਿੱਚ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਬਾਅਦ ਬਾਹਰ ਨਿਕਲੇ ਅਤੇ ਕਿਹਾ 'ਨਾ ਕੋ ਹਿੰਦੂ ਨਾ ਮੁਸਲਮਾਨ'। ਹੁਣ ਗੁਰੂ ਨਾਨਕ ਦੇਵ ਜੀ ਨੇ ਸੱਚੇ ਰੱਬ ਦੀ ਪ੍ਰਾਪਤੀ ਕਰ ਲਈ ਸੀ ਅਤੇ ਇਸ ਸੱਚਾਈ ਦੇ ਮਾਰਗ ਨੂੰ ਦੁਨੀਆਂ ਵਿੱਚ ਫੈਲਾਉਣ ਲਈ ਉਹ ਯਾਤਰਾ 'ਤੇ ਨਿਕਲ ਪਏ ਉਸ ਸਮੇਂ ਉਹਨਾਂ ਦੀ ਉਮਰ ਲਗਭਗ ਤੀਹ ਸਾਲ ਸੀ।

ਗੁਰੂ ਨਾਨਕ ਦੇਵ ਜੀ ਨੇ 4 ਲੰਮੀਆਂ ਯਾਤਰਾਵਾਂ ਕੀਤੀਆਂ ਜਿਹਨਾਂ ਨੂੰ 'ਉਦਾਸੀਆਂ ਕਿਹਾ ਜਾਂਦਾ ਹੈ। ਉਹਨਾਂ ਨੇ ਪਹਿਲੀ ਉਦਾਸੀ ਵਿੱਚ ਸੁਲਤਾਨਪੁਰ, ਤਾਲੰਬਾ, ਪਾਣੀਪਤ, ਦਿੱਲੀ, ਵਾਰਾਨਸੀ, ਨਾਨਕਮੱਤਾ, ਆਸਾਮ, ਪਾਕਪਟਨ, ਸੈਦਪੁਰ, ਪਸਰੂਰ ਅਤੇ ਸਿਆਲਕੋਟ ਦੀ ਯਾਤਰਾ ਕੀਤੀ। ਉਹਨਾਂ ਨੇ ਇਸ ਯਾਤਰਾ ਵਿੱਚ ਸੈਦਪੁਰ ਨਾਂ ਦੇ ਸਥਾਨ 'ਤੇ ਅਮੀਰ ਮਲਿਕ ਭਾਗੋ ਦੇ ਘਰ ਦਾ ਵਧੀਆ ਭੋਜਨ ਛੱਡ ਕੇ ਗਰੀਬ ਤਰਖਾਣ ਭਾਈ ਲਾਲੋ ਦੇ ਘਰ ਭੋਜਨ ਖਾਧਾ ਤਾਂ ਜੋ ਮਿਹਨਤ ਨਾਲ ਕਮਾਈ ਕੀਤੀ ਦਾ ਮਹੱਤਵ ਦੱਸਿਆ ਜਾਵੇ। ਅੱਗੇ ਚੱਲ ਕੇ ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ। ਕੁਰਕਸ਼ੇਤਰ ਵਿਖੇ ਸੂਰਜ ਗ੍ਰਹਿਣ ਮੌਕੇ ਪੰਡਤਾਂ ਨੂੰ ਉਪਦੇਸ਼ ਦਿੱਤਾ। ਹਰਦੁਆਰ ਵਿੱਚ ਪਿਤਰਾਂ ਨੂੰ ਪਾਣੀ ਦੇ ਰਹੇ ਹਿੰਦੂਆਂ ਨੂੰ ਸਮਝਾਇਆ ਕਿ ਜਿਸ ਤਰਾਂ ਇਥੋਂ ਪੰਜਾਬ ਦੇ ਖੇਤਾਂ ਨੂੰ ਪਾਣੀ ਨਹੀਂ ਭੇਜਿਆ ਜਾ ਸਕਦਾ ਉਸੇ ਤਰਾਂ ਪਿੱਤਰਾਂ ਨੂੰ ਵੀ ਪਾਣੀ ਨਹੀਂ ਜਾ ਸਕਦਾ। ਗੋਰਖਮੱਤਾ (ਪੀਲੀਭੀਤ) ਵਿਖੇ ਗੋਰਖ ਨਾਥ ਦੇ ਚੇਲਿਆਂ ਨੂੰ ਰਾਹੇ ਪਾਇਆ ਕਿ ਸੰਸਾਰ ਤੋਂ ਦੂਰ ਰਹਿ ਕੇ ਯੋਗੀ ਬਣਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਸੱਚੇ ਗੁਰੂ ਨਾਲ ਮਿਲਣ ਤੋਂ ਹੁੰਦੀ ਹੈ ਜੋ ਆਪਣੇ ਗਿਆਨ ਰਾਹੀਂ ਬੇਚੈਨ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਰੌਸ਼ਨੀ ਦਾ ਦੀਪ ਜਗਾਉਂਦਾ ਹੈ। ਯੋਗੀਆਂ ਨੂੰ ਅੰਦਰ ਚਾਨਣ ਹੋਇਆ ਅਤੇ ਗੋਰਖਮੱਤੇ ਦਾ ਨਾਂ ਨਾਨਕ ਮੱਤਾ ਹੋ ਗਿਆ।

ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਉਦਾਸੀ ਦੱਖਣ ਵਿੱਚ ਧਨਾਸਰੀ ਘਾਟੀ, ਰਮੇਸ਼ਵਰਮ, ਕੰਨਿਆਕੁਮਾਰੀ ਅਤੇ ਸ੍ਰੀ ਲੰਕਾ ਤੱਕ ਗਏ। ਇਸ ਥਾਂ 'ਤੇ ਉਹ ਮਨਸੁਖ ਨਾਂ ਦੇ ਆਪਣੇ ਸ਼ਰਧਾਲੂ ਨੂੰ ਮਿਲੇ। ਉਨਾਂ ਨੇ ਸ਼ਿਵਨਾਥ ਨਾਂ ਦੇ ਰਾਜੇ ਨੂੰ ਵੀ ਆਪਣੇ ਬਚਨਾਂ ਨਾਲ ਨਿਹਾਲ ਕੀਤਾ। ਇਸ ਉਦਾਸੀ ਸਮੇਂ ਭਾਈ ਮਰਦਾਨੇ ਦੀ ਥਾਂ 'ਤੇ ਭਾਈ ਸੈਦੋ ਅਤੇ ਘੋਹੋ ਨੇ ਉਹਨਾਂ ਦਾ ਸਾਥ ਦਿੱਤਾ।

ਤੀਸਰੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਉੱਤਰ ਵਿੱਚ ਹਿਮਾਲਾ ਤੋਂ ਤਿੱਬਤ ਤੱਕ ਗਏ। ਸ੍ਰੀ ਨਗਰ ਉਹਨਾਂ ਦੀ ਠਹਿਰ ਵਾਲੀ ਥਾਂ ਇਤਿਹਾਸਕ ਗੁਰਦੁਆਰਾ ਸੁਸ਼ੋਭਿਤ ਹੈ। ਕਸ਼ਮੀਰ ਵਿੱਚ ਪੰਡਿਤ ਬ੍ਰਹਮ ਦੱਤ ਅਤੇ ਮੁਸਲਿਮ ਦਰਵੇਸ਼ ਕਾਮਲ ਗੁਰੂ ਜੀ ਤੋਂ ਪ੍ਰਭੂ ਭਗਤੀ ਦੇ ਸ਼ਬਦ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਤਿੱਬਤ ਵਿਖੇ ਝੀਲ ਮਾਨਸਰੋਵਰ ਵਿਖੇ ਸਿੱਧਾਂ ਨਾਲ ਗੋਸ਼ਟੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਕੋਸਿਆ ਕਿ ਉਹ ਜ਼ਿੰਦਗੀ ਦੇ ਔਖੇ ਹਾਲਾਤਾਂ ਤੋਂ ਭੱਜ ਕੇ ਇੱਥੇ ਧੂਣੇ ਰਮਾ ਕੇ ਬੈਠੇ ਹਨ। ਉਹਨਾਂ ਨੇ ਦੱਸਿਆ ਕਿ ਜਿਸ ਤਰਾਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਵੀ ਖਿੜ ਸਕਦਾ ਹੈ। ਉਸ ਤਰਾਂ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਸੰਸਾਰ ਵਿੱਚ ਰਹਿ ਕੇ ਵੀ ਸੱਚੇ ਪ੍ਰਭੂ ਨੂੰ ਮਿਲ ਸਕਦੇ ਹਨ।

ਚੌਥੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਨੀਲਾ ਵੇਸ ਧਾਰਨ ਕਰਕੇ ਮੱਕੇ ਦਾ ਜੋ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਸਥਾਨ ਹੈ, ਰੁੱਖ ਕੀਤਾ। ਰਾਹ ਵਿੱਚ ਵਲੀ ਕੰਧਾਰੀ ਨਾਂ ਦੇ ਹੰਕਾਰੀ ਦਰਵੇਸ਼ ਨੂੰ ਸਿੱਧੇ ਰਾਹ ਪਾਇਆ। ਮੱਕੇ ਪਹੁੰਚੇ ਕੇ ਹਾਜੀਆਂ ਨੂੰ ਉਦਾਹਰਣ ਦੇ ਕੇ ਸਮਝਾਇਆ ਕਿ ਰੱਬ ਹਰ ਪਾਸੇ ਹੈ। ਜਿਸਨੂੰ ਸੱਚੇ ਕਰਮਾਂ ਰਾਹੀਂ ਹੀ ਮਿਲਿਆ ਜਾ ਸਕਦਾ ਹੈ। ਇਥੋਂ ਮਦੀਨਾ, ਮੁਲਤਾਨ ਹੁੰਦੇ ਹੋਏ ਐਮਨਾਵਾਦ ਪਹੁੰਚੇ। ਇਸ ਸਮੇਂ ਬਾਬਰ ਨੇ ਭਾਰਤ 'ਤੇ ਹਮਲਾ ਕੀਤਾ ਸੀ। ਚਾਰ ਚੁਫੇਰੇ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਦੇ ਕੋਮਲ ਮਨ ਨੇ ਰੱਬ ਨੂੰ ਉਲਾਂਭਾ ਦਿੱਤਾ-

'ਖੁਰਾਸਾਨ ਖਸਮਾਨਾ ਕੀਯਾ, ਹਿੰਦੁਸਤਾਨ ਡਰਾਇਆ॥
ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ॥
ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ।।
('ਗ. ਗ. ਸ' 'ਆਸਾ')

ਗੁਰੂ ਜੀ ਦੀ ਉਮਰ ਜ਼ਿਆਦਾ ਹੋ ਰਹੀ ਸੀ। ਇਸ ਲਈ ਉਹ 1520 ਈ. ਵਿੱਚ ਪੰਜਾਬ ਆ ਕੇ ਰਹਿਣ ਲੱਗੇ। ਰਾਵੀ ਦਰਿਆ ਦੇ ਕੰਢੇ 'ਤੇ ਜ਼ਮੀਨ ਖਰੀਦ ਕੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ ਅਤੇ ਆਪਣੇ ਹੱਥੀਂ ਖੇਤੀ ਕੀਤੀ। ਇੱਥੇ 'ਕਿਰਤ' ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ ਅਤੇ ਲੋਕਾਂ ਨੂੰ ਪ੍ਰੇਰਿਆ ਕਿ ਹੱਥੀਂ ਕੀਤੀ ਕਿਰਤ ਦੀ ਬੜੀ ਮਹਾਨਤਾ ਹੈ। ਕਰਤਾਰਪੁਰ ਵਿਖੇ ਆਪਣੇ ਖੇਤਾਂ ਵਿੱਚ ਕੰਮ ਕਰਦੇ ਗੁਰੂ ਨਾਨਕ ਨੇ ਸੰਸਾਰ ਵਿੱਚ ਪ੍ਰਭੂ ਪ੍ਰੇਮ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦੇ ਬੀਜ ਵੀ ਬੀਜ ਦਿੱਤੇ। ਦੂਰੋਂ ਦੂਰੋਂ ਲੋਕ ਉਹਨਾਂ ਦੇ ਉਪਦੇਸ਼ ਸੁਣਨ ਲਈ ਆਉਂਦੇ ਉਹਨਾਂ ਲੋਕਾਂ ਨੂੰ ਸਿੱਖ ਕਿਹਾ ਜਾਂਦਾ ਸੀ। ਹਰ ਇੱਕ ਨੂੰ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਸੀ ਤਾਂ ਕਿ ਕਿਰਤ ਦੇ ਮਹੱਤਵ ਨੂੰ ਸਮਝਿਆ ਜਾਵੇ। ਕਰਤਾਰਪੁਰ ਵਿਖੇ ਕੰਮ ਵਿੱਚ ਹੱਥ ਵਟਾਉਣਾ ਅਤੇ ਫਿਰ ਸਾਂਝੀ ਥਾਂ 'ਤੇ ਬੈਠ ਕੇ ਬਿਨਾਂ ਕਿਸੇ ਊਚ-ਨੀਚ, ਭੇਦ-ਭਾਵ ਤੋਂ ਖਾਣਾ ਵਰਤਾਉਣਾ ਤੇ ਸਾਰਿਆਂ ਨੇ ਰਲ ਕੇ ਭੋਜਨ ਕਰਨ ਵਰਗੇ ਅਮਲ ਬਾਅਦ ਵਿੱਚ ਲੰਗਰ ਪ੍ਰਥਾ ਦੀ ਅਗਾਊ ਰੀਤ ਸੀ ਜੋ ਬਾਅਦ ਵਿੱਚ ਆਉਣ ਵਾਰੇ ਸਾਰੇ ਗੁਰੂਆਂ ਨੇ ਕਾਇਮ ਰੱਖੀ ਅਤੇ ਅੱਜ ਤੱਕ ਵੀ ਕਾਇਮ ਹੈ।

ਗੁਰੂ ਨਾਨਕ ਦੇਵ ਜੀ ਨੇ ਖਡੂਰ ਸਾਹਿਬ ਤੋਂ ਸਿੱਖ ਸ਼ਰਧਾਲੂ ਭਾਈ ਲਹਿਣਾ ਨੂੰ ਆਪਣਾ ਉਤਰਾਧਿਕਾਰੀ ਚੁਣਿਆ। ਗੁਰੂ ਜੀ ਨੇ ਭਾਈ ਲਹਿਣਾ ਨੂੰ ਕਈ ਪ੍ਰੀਖਿਆਵਾਂ ਵਿੱਚੋਂ ਪਾਸ ਹੋਣ ਉਪਰੰਤ ਇਸ ਮਹਾਨ ਕਾਰਜ ਲਈ ਚੁਣਿਆ। ਭਾਈ ਲਹਿਣਾ ਗੁਰੂ ਜੀ ਦੇ ਸਾਰੇ ਸਿੱਖਾਂ ਵਿੱਚੋਂ ਯੋਗ, ਗੁਰੂ ਦਾ ਹੁਕਮ ਮੰਨਣ ਵਾਲੇ ਅਤੇ ਨਿਮਰਤਾ ਦੇ ਪੁੰਜ ਸਨ। ਭਾਈ ਲਹਿਣਾ ਦਾ ਨਾਂ ਬਦਲ ਕੇ 'ਅੰਗਦ' ਕਰ ਦਿੱਤਾ ਗਿਆ, ਉਹ ਗੁਰੂ ਦੇ ਸਰੀਰ ਅਤੇ ਆਤਮਾ ਦੇ ਅੰਗ ਬਣ ਗਏ। ਇੱਕ ਖਾਸ ਸਭਾ ਵਿੱਚ ਜਿੱਥੇ ਬਹੁਤ ਸਾਰੇ ਸ਼ਰਧਾਲੂ ਜੁੜੇ ਹੋਏ ਸਨ, ਗੁਰੂ ਨਾਨਕ ਦੇਵ ਜੀ ਨੇ 'ਅੰਗਦ' ਨੂੰ ਰਸਮੀ ਤੌਰ 'ਤੇ ਵੀ ਗੁਰੂਗੱਦੀ 'ਤੇ ਬਿਠਾ ਦਿੱਤਾ। ਕੁਝ ਦਿਨਾਂ ਪਿੱਛੋਂ ਬਾਬਾ ਨਾਨਕ ਨੇ 1539 ਈ. ਨੂੰ ਆਪਣਾ ਸਰੀਰ ਤਿਆਗ ਦਿੱਤਾ। ਗੁਰੂ ਨਾਨਕ ਦੇਵ ਜੀ ਦੀਆਂ ਪ੍ਰਸਿੱਧ ਰਚਨਾਵਾਂ ਜਪੁ ਜੀ ਸਾਹਿਬ, ਸਿੱਧ ਗੋਸ਼ਿਟ, ਸੋਦਰ, ਆਸਾ ਦੀ ਵਾਰ, ਸੋਹਿਲਾ ਅਤੇ ਬਾਰਾਂ ਮਾਹ ਹਨ। ਗੁਰੂ ਗਰੰਥ ਸਾਹਿਬ ਵਿੱਚ ਉਹਨਾਂ ਦੇ 947 ਸ਼ਲੋਕ ਹਨ ਜੋ 19 ਰਾਗਾਂ ਵਿੱਚ ਲਿਖੇ ਹੋਏ ਹਨ।

ਭਾਈ ਗੁਰਦਾਸ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ—

'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ।।'

ਗੁਰੂ ਨਾਨਕ ਦੇਵ ਜੀ ਦੇ ਵਿਅਕਤੀਤਵ ਤੇ ਇਹ ਸ਼ਬਦ ਬਿਲਕੁਲ ਠੀਕ ਢੁਕਦੇ ਹਨ। ਉਹ ਜਿੱਥੇ ਪ੍ਰਭੂ ਭਗਤੀ 'ਤੇ ਜ਼ੋਰ ਦਿੰਦੇ ਸਨ, ਉੱਥੇ ਸਮਾਜ ਸੁਧਾਰਕ ਦੇ ਰੂਪ ਵਿੱਚ ਉਹਨਾਂ ਨੇ ਵਰਨਣਯੋਗ ਦੇਣ ਦਿੱਤੀ। ਵਹਿਮਾਂ ਭਰਮਾਂ ਵਿੱਚ ਗ੍ਰਸੇ ਸਮਾਜ ਨੂੰ ਉਹਨਾਂ ਨੇ ਸਮਝਾਇਆ-

'ਥਿਤੁ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ॥
ਜਾ ਕਰਤਾ ਸ੍ਰਿਸ਼ਟੀ ਕੋਂ ਸਾਜੇ ਆਪੇ ਜਾਣੇ ਸੋਈ।।'
(ਜਪੁ ਜੀ ਸਾਹਿਬ)

ਇਹ ਸ਼ਬਦ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਮਹੱਤਤਾ ਰੱਖਦਾ ਸੀ ਅੱਜ ਵੀ ਇਸਦੀ ਉਤਨੀ ਹੀ ਮਹੱਤਤਾ ਹੈ। ਸਮਾਜ ਅੱਜ ਵੀ ਉਸੇ ਚੌਰਾਹੇ 'ਤੇ ਖੜਾ ਹੈ। ਵਹਿਮ-ਭਰਮ, ਪਾਖੰਡ ਅਜੋਕੇ ਸਮਾਜ ਨੂੰ ਵੀ ਬੁਰੀ ਤਰਾਂ ਚੰਬੜੇ ਹੋਏ ਹਨ। ਦਿਨਾਂ, ਤਿੱਥਾਂ, ਵਾਰਾਂ ਵਿੱਚ ਉਲਝਿਆ ਪੰਜਾਬੀ ਸਮਾਜ ਰਹਿਤਲ ਵੱਲ ਜਾ ਰਿਹਾ ਹੈ। ਬਾਬੇ ਨਾਨਕ ਦੀ ਬਾਣੀ ਅੱਜ ਵੀ ਉੱਨੀ ਹੀ ਸਾਰਥਕ ਹੈ ਜੇ ਕਰ ਇਸਨੂੰ ਕੋਈ ਹਰਿਆ ਬੂਟ ਲਾਗੂ ਕਰ ਸਕੇ। ਇਸਤਰੀਆਂ ਦੀ ਸਮਾਜ ਵਿੱਚ ਉਸ ਸਮੇਂ ਦੀ ਦਸ਼ਾ ਨੂੰ ਲੈ ਕੇ ਬਾਬੇ ਨਾਨਕ ਨੇ ਕਿਹਾ ਸੀ-

'ਸੋ ਕਿਉ ਮੰਦਾ ਆਖੀਐ, ਜਿਤੁ ਜੰਮੇ ਰਾਜਾਨ।।'

ਇਹ ਸ਼ਬਦ ਅੱਜ ਵੀ ਬਿਲਕੁਲ ਢੁਕਵਾਂ ਹੈ। ਸਾਡੇ ਸਮਾਜ ਵਿੱਚ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣਾ, ਬਾਲੜੀਆਂ ਦੀਆਂ ਜ਼ਿੰਦਗੀ ਨੂੰ ਹਰ ਸਮੇਂ ਖ਼ਤਰਾ, ਦਾਜ ਵਰਗੀਆਂ ਲਾਹਨਤਾਂ ਅੱਜ ਵੀ ਔਰਤ ਜਾਤੀ ਨੂੰ ਦਰਪੇਸ਼ ਹਨ।

ਬਾਬੇ ਨਾਨਕ ਦੇ 'ਪ੍ਰਮਾਤਮਾ ਇੱਕ ਹੈ' ਦੇ ਸਿਧਾਂਤ ਨੂੰ ਅੱਜ ਵੀ ਸੰਸਾਰ ਵਿੱਚ ਫੈਲਾਉਣ ਦੀ ਲੋੜ ਹੈ। ਸਾਡੇ ਆਪਣੇ ਸਮਾਜ ਵਿੱਚ ਅਨੇਕਾਂ ਹੀ ਰੱਬ ਬਣੇ ਫਿਰਦੇ ਹਨ ਜੋ ਭੋਲੇ-ਭਾਲੇ ਲੋਕਾਂ ਨੂੰ ਮਗਰ ਲਾ ਕੇ ਕੂੜ ਪ੍ਰਚਾਰ ਕਰ ਰਹੇ ਹਨ। ਬਾਬੇ ਨਾਨਕ ਨੇ ਕਿਹਾ ਸੀ-

'ਕਲਯੁੱਗ ਰੱਥ ਅਗਨ ਦਾ ਕੂੜ ਅੱਗੇ ਰਥਵਾਹ॥'

ਲੋਕਾਂ ਨੂੰ ਕੂੜ, ਝੂਠ, ਫਰੇਬ ਤੋਂ ਬਚ ਕੇ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਸੀ। ਗੁਰੂ ਜੀ ਨੇ ਜੀਵਨ ਦੀਆਂ ਨਿਆਮਤਾਂ, ਹਵਾ, ਪਾਣੀ ਤੇ ਧਰਤੀ ਨੂੰ ਅਤਿ ਮਹੱਤਵਪੂਰਨ ਕਿਹਾ ਹੈ-

'ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤੁ ਮਹੱਤ'

ਇਹ ਵਾਕ ਅੱਜ ਸਮੇਂ ਦੀ ਡਾਢੀ ਲੋੜ ਹੈ। ਅੱਜ ਮਨੁੱਖ ਨੇ ਹਵਾ, ਪਾਣੀ ਤੇ ਧਰਤੀ ਨੂੰ ਪਲੀਤ ਕਰ ਦਿੱਤਾ ਹੈ। ਇਹਨਾਂ ਤਿੰਨਾਂ ਨੂੰ ਬਚਾ ਕੇ ਰੱਖਣ ਦੀ ਡਾਢੀ ਲੋੜ ਹੈ।

ਗੁਰੂ ਨਾਨਕ ਦੇਵ ਜੀ ਦਾ ਜੀਵਨ ਮਨੁੱਖਤਾ ਦੀ ਭਲਾਈ ਲਈ ਗੁਜ਼ਰਿਆ। ਉਹਨਾਂ ਨੇ ਹਿੰਦੂ, ਮੁਸਲਮਾਨ ਏਕਤਾ, ਭਾਈਚਾਰਾ, ਪ੍ਰੇਮ-ਭਾਵਨਾ, ਨਿਮਰਤਾ ਤੇ ਜ਼ੋਰ ਦਿੱਤਾ। ਉਸ ਸਮੇਂ ਦੇ ਪ੍ਰਮੁੱਖ ਭਾਈਚਾਰੇ ਹਿੰਦੂ ਤੇ ਮੁਸਲਮਾਨ ਦੋਨੋਂ ਹੀ ਉਹਨਾਂ ਨੂੰ ਆਪਣਾ ਗੁਰੂ ਸਮਝਦੇ ਸਨ।

'ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ॥'

ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਗਮਨ ਦਿਵਸ ਮਨਾਉਣ ਜਾ ਰਹੇ ਹਾਂ ਤਾਂ ਸਾਨੂੰ ਸਭ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੇ ਵੀ ਪਹਿਰਾ ਦੇਣ ਦੀ ਲੋੜ ਹੈ। ਸਾਨੂੰ ਸਾਦਾ ਸਮਾਗਮਾਂ ਵਿੱਚ ਗੁਰੂ ਜੀ ਦੇ ਪਾਏ ਪੂਰਨਿਆਂ 'ਤੇ ਵਿਚਾਰ ਚਰਚਾ ਕਰਨ ਦੀ ਲੋੜ ਹੈ, ਜਿਨਾ ਤੇ ਚੱਲ ਕੇ ਇਹ ਸੰਸਾਰ ਸੁਧਰ ਸਕਦਾ ਹੈ। ਗੁਰੂ ਜੀ ਨੇ ਆਪਣਾ ਜੀਵਨ ਸਾਦਗੀ ਵਿੱਚ ਗੁਜ਼ਾਰਿਆ ਪਰ ਆਦਰਸ਼ ਉੱਚੇ ਰੱਖੇ। ਪੈਦਲ ਯਾਤਰਾ ਕਰ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। 550 ਸਾਲਾਂ ਸਮਾਰੋਹਾਂ 'ਤੇ ਅਸੀਂ ਪਾਣੀ ਵਾਂਗ ਪੈਸਾ ਨਾ ਵਹਾ ਕੇ ਗੁਰੂ ਜੀ ਦੁਆਰਾ ਰੱਖੇ ਆਦਰਸ਼ਾਂ 'ਤੇ ਪੂਰਾ ਉਤਰਨ ਦਾ ਯਤਨ ਕਰੀਏ। ਇਹੀ ਉਸ ਮਹਾਂਪੁਰਸ਼ ਦੀ ਸੱਚੀ ਬੰਦਗੀ ਹੋਵੇਗੀ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਕੁਝ ਸ਼ਬਦ ਗੁਰੂ

ਗਰੰਥ ਸਾਹਿਬ ਵਿੱਚ ਦਰਜ

1. ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
(ਜਪੁ ਜੀ ਸਾਹਿਬ)

2. ਸਾਚਾ ਸਾਹਿਬ ਸਾਚੁ ਨਾਇ ਭਾਖਿਆ ਭਉ ਅਪਾਰੁ॥
ਆਖਹਿ ਮੰਗਿਹ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥
ਫੇਰਿ ਕਿ ਅਗੈ ਰੱਖੀਐ ਜਿਸ ਦਿਸੈ ਦਰਬਾਰੁ॥
ਮੁਹੌ ਕਿ ਬੋਲਣ ਬੋਲੀਐ ਜਿਤੁ ਸੁਣਿ ਧਰੈ ਪਿਆਰੁ।।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।
ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ॥
ਨਾਨਕ ਏਵੈ ਜਾਣੀਐ ਸਭੁ ਆਪੈ ਸਚਿਆਰ॥
(ਜਪੁ ਜੀ ਸਾਹਿਬ)

3. ਸੁਣਿਐ ਸਤੁ ਸੰਤੋਖ ਗਿਆਨ। ਸੁਣਿਐ ਅਠ ਸਠ ਕਾ ਇਸਨਾਨੁ॥
ਸੁਣਿਐ ਪੜ ਪੜ ਪਾਵਹਿ ਮਾਣੁ॥ ਸੁਣਿਐ ਲਾਗੈ ਸਹਜਿ ਧਿਆਨੁ॥
ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥
(ਜਪੁ ਜੀ ਸਾਹਿਬ)

4. ਮੰਨੈ ਪਾਵਹਿ ਮੋਖ ਦੁਆਰੁ॥ ਮੰਨੈ ਪਰਵਾਰੈ ਸਾਧਾਰੁ।।
ਮੰਨੈ ਤਰੈ ਤਾਰੇ ਗੁਰ ਸਿਖ। ਮੰਨੈ ਨਾਨਕ ਭਵਹਿ ਨਾ ਭਿਖ।।
ਐਸਾ ਨਾਮ ਨਿਰੰਜਣ ਹੋਇ। ਜੇ ਕੋ ਮੰਨ ਜਾਣੈ ਮਨ ਕੋਇ।।
(ਜਪੁ ਜੀ ਸਾਹਿਬ)

5. ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਇ।।
ਜਾ ਕਰਤਾ ਸਿਰਠੀ ਕਉ ਸਾਜੈ ਆਪੇ ਜਾਣੈ ਸੋਇ॥
(ਜਪੁ ਜੀ ਸਾਹਿਬ)

6. ਏਕਾ ਮਾਈ ਜੁਗਿਤ ਵਿਆਈ ਤਿਨ ਚੇਲੇ ਪਰਵਾਣੁ॥

ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀਬਾਣੁ॥
ਜਿਵ ਤਿਸੁ ਭਾਣੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥
ਉਹ ਵੇਖਾ ਓਨਾ ਨਦਰਿ ਨਾ ਆਵੈ ਬਹੁਤਾ ਇਹ ਵਿਡਾਣੁ।।
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ॥
(ਜਪੁ ਜੀ ਸਾਹਿਬ)

7. ਜਤੁ ਪਹਾਰਾ ਧੀਰਜ ਸੁਨਿਆਰ। ਅਹਰਣਿ ਮਤਿ ਵੇਦ ਹਥਿਆਰੁ।।
ਭਉ ਖਲਾ ਅਗਨਿ ਤਪ ਤਾਉ। ਭਾਂਡਾ ਭਾਉ ਅੰਮ੍ਰਿ ਤ ਤਿਤ ਢਾਲ।।
ਘੜੀਐ ਸਬਦੁ ਸਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ।
(ਜਪੁ ਜੀ ਸਾਹਿਬ)

8. ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
(ਜਪੁ ਜੀ ਸਾਹਿਬ)

9. ਸੁਣਿ ਵਡਾ ਆਖੈ ਸਭ ਕੋਇ॥ ਕੇਵਡੁ ਵਡਾ ਡੀਠਾ ਹੋਇ।।
ਕੀਮਤਿ ਪਾਇ ਨਾ ਕਰਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ।।
(ਆਸਾ ਮਹਲਾ ਪਹਿਲਾ)

10. ਸਾਚੈ ਨਾਮ ਕੀ ਤਿਲੁ ਵਡਿਆਈ। ਆਖ ਥਕੇ ਕੀਮਤਿ ਨਹੀਂ ਪਾਈ।
ਜੇ ਸਬ ਮਿਲ ਕੇ ਆਖਣ ਪਾਹਿ॥ ਵਡਾ ਨਾ ਹੋਵੈ ਘਾਟਿ ਨਾ ਜਾਇ।।
ਨਾ ਉਹ ਮਰੈ ਨਾ ਹੋ ਸੋਗੁ। ਦੇਦਾ ਰਹੈ ਨਾ ਚੂਕੈ ਭੋਗੁ॥
ਗੁਣ ਏਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇ।।
(ਆਸਾ ਮਹੱਲਾ ਪਹਿਲਾ)

11. ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ।
ਪਾੜ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ।
ਜਲਿ ਜਲਿ ਰੋਵੈ ਬੁਪੜੀ ਝੜਿ ਝੜਿ ਪਵਹਿ ਅੰਗਿਆਰ।।
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥
(ਆਸਾ ਦੀ ਵਾਰ)

12. ਪੜਿ ਪੜਿ ਗਡੀ ਲਦੀਆਹਿ, ਪੜਿ ਪੜਿ ਭਰੀਆਹਿ ਸਾਥ।।
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਾਡੀਆਹਿ ਖਾਤ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹ ਜੇਤੇ ਮਾਸ॥
ਪੜੀਐ ਜੇਹੀ ਅਰਜਾ ਪੜੀਅਹਿ ਜੇਤੇ ਸਾਸ।।
ਨਾਨਕ ਲੇਖੈ ਇਕ ਗਲ ਹੋਰ ਹਉਮੈ ਝਖਣਾ ਝਾਖ॥
(ਆਸਾ ਦੀ ਵਾਰ)

13. ਕੁੰਭੇ ਬਧਾ ਜਲ ਰਹੈ ਜਲ ਬਿਨੁ ਕੁੰਭ ਨਾ ਹੋਇ।।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨਾ ਹੋਇ॥
(ਆਸਾ ਦੀ ਵਾਰ)

14. ਨਾਨਕ ਫਿਕਾ ਬੋਲੀਐ ਤਨੁ ਮਨੁ ਫਿਕਾ ਹੋਇ।।
ਫਿਕੋ ਫਿਕੀ ਸਦੀਐ ਫਿਕੀ ਫਿਕੀ ਸੋਇ॥
ਫਿਕਾ ਦਰਗਾਹ ਸਦੀਐ, ਮੁਹਿ ਥਕਾ ਫਿਕੇ ਪਾਇ।।
ਫਿਕਾ ਮੂਰਖ ਆਖੀਐ ਪਾਣਾ ਲਹੈ ਸਜਾਇ।।
(ਆਸਾ ਦੀ ਵਾਰ)

15. ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨੁ ਖੇਤੁ॥
ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸੁ॥
ਭਉ ਕਰਮ ਕਰਿ ਜੰਮਸੀ ਸੇ ਘਰ ਭਾਗਠਿ ਦੇਖ॥
ਬਾਬਾ ਮਾਇਆ ਸਾਥ ਨਾ ਹੋਇ।।
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ।।
ਪੰਨਾ 595

16. ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ।।
ਭੰਡਹਿ ਹੋਵੈ ਦੋਸਤੀ ਭੰਡਹਿ ਚਲੈ ਰਾਹਿ॥
ਭੰਡਿ ਮੂਆ ਭੰਡਿ ਭਾਲੀਐ ਭੰਡਿ ਹੋਵਿਹ ਬੰਧਾਨ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪੰਨਾ 473.

17. ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।।
ਗੁਰੂ ਪੀਰ ਹਾਮੀ ਤਾ ਭਰੈ ਜਾ ਮੁਰਦਾਰ ਨਾ ਖਾਇ।।
ਪੰਨਾ 141.

18. ਜਉ ਤਉ ਪ੍ਰੇਮ ਖੇਲਣੁ ਕਾ ਚਾਉ।।
ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨਾ ਕੀਜੈ॥
ਪੰਨਾ 142.

19. ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।
ਪੰਨਾ 145.

20. ਨਾਵਣ ਚਲੈ ਤੀਰਥੀ ਮਨਿ ਖੋਟੈ ਤਨ ਚੋਰ।।
ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸ ਹੋਰ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸ ਨਕੋਰ।।
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥
ਪੰਨਾ 789.

21. ਸਿੰਮਲ ਰੁਖ ਸਰਾਇਰਾ ਅਤਿ ਦੀਰਖ ਅਤਿ ਮੁਚ॥
ਓਇ ਜੋ ਆਵਹਿ ਆਸ ਕਰ ਜਾਹਿ ਨਿਰਾਸੇ ਕਿਤੁ॥
ਫਲ ਫਿਕੈ ਫੁਲ ਬਕਬਕੇ ਕੰਮਿ ਨਾ ਆਵਹਿ ਪਤਿ।।
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ।।
ਪੰਨਾ 470

22. ਸਖੀਓ ਸਹੇਲੜੀਓ ਮੇਰਾ ਪਿਰ ਵਣਜਾਰਾ ਰਾਮ
ਹਰਿ ਨਾਮੁ ਵਣੰਜੜਿਆ ਰਸਿ ਮੇਲ ਆਪਾਰਾ ਰਾਮ॥

23. ਗਗਨ ਮੈ ਥਾਲੁ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ।
ਧੂਪ ਮਲਿਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।
ਕੈਸੀ ਆਰਤੀ ਹੋਇ।।

ਭਵਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ। ਰਹਾਓ।।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ
ਸਹਸ ਤਵ ਗੰਧ ਇਵ ਚਲਤ ਮੋਹੀ।।
ਸਭਿ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣੁ ਸਭ ਮਹਿ ਚਾਨਣ ਹੋਇ। ਗੁਰਸਾਖੀ ਜੋਤ ਪਰਗਟ ਹੋਇ।।
ਜੋ ਤਿਸੁ ਭਾਵੈ ਸੁ ਆਰਤੀ ਹੋਇ।।
ਹਰ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿੰ ਆਹੀ ਪਿਆਸੀ॥
ਕ੍ਰਿਪਾ ਜਲ ਦੇਹ ਨਾਨਕ ਸਾਰਿੰਗ ਕਉ ਹੋਇ ਜਾਤੈ ਤੇਰੈ ਨਾਇ ਵਾਸਾ॥
'ਆਰਤੀ' ਪੰਨਾ 13

24. ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।।
ਆਪੈ ਦੋਸੁ ਨਾ ਕੋਈ ਕਰਤਾ ਜਮ ਕਰ ਮੁਗਲ ਚੜਾਇਆ।।
ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ।
ਕਰਤਾ ਤੂੰ ਸਭਨਾ ਕਾ ਸੋਈ॥
ਜੇ ਸਕਤਾ ਸਕਤੇ ਕੋ ਮਾਰੈ ਤਾ ਮਨ ਰੋਸੁ ਨਾ ਹੋਈ। ਰਹਾਉ।।
ਸਕਤਾ ਸਹਿ ਮਾਰੇ ਪੈ ਵਗੈ ਖਸਮੈ ਸਾ ਪਰਸਾਈ।।
ਰਤਨ ਵਿਗਾੜਿ ਵਿਗੋਏ ਕੁਤੀ ਮੋਇਆਂ ਸਾਰ ਨਾ ਕਾਈ।।
ਆਪੇ ਜੋੜਿ ਵਿਛੋੜੇ ਆਪੇ ਦੇਖ ਤੇਰੀ ਵਡਿਆਈ।।
ਜੇ ਕਉ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ।।
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੈ॥
ਮਰਿ ਮਰਿ ਜਾਵੀ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥
ਪੰਨਾ 360

25. ਹਰਣੀ ਹੋਵਾ ਬਨਿ ਵਸਾ ਕੰਦ ਮੂਲ ਚੁਣ ਖਾਉ॥
ਗੁਰਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਓ।।
ਮੈਂ ਬਨਜਾਰਨ ਰਾਮ ਕੀ।।
ਤੇਰਾ ਨਾਮ ਵਖਰ ਵਪਾਰ ਜੀ। (ਰਹਾਉ)

ਕੋਕਿਲ ਹੋਵਾ ਅੰਬ ਬਸਾ ਸਹਜਿ ਸ਼ਬਦ ਬੀਚਾਰੁ॥
ਸਹਜਿ ਸੁਭਾਅ ਮੇਰਾ ਸਹੁ ਮਿਲੈ ਦਰਸ਼ਨਿ ਰੂਪ ਅਪਾਰੁ॥
ਮਛਲੀ ਹੋਵਾ ਜਲ ਬਸਾ ਜੀਅ ਜੰਤ ਸਭ ਸਾਰਿ।।
ਉਰਵਾਰਿ ਪਾਰਿ ਮੇਰਾ ਸਹੂ ਮਿਲੈ ਹਉ ਮਿਲ ਉਸੀ ਬਾਹਿ ਪਸਾਰ।।
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ।।
ਨਾਨਕ ਸਦਾ ਸੋਹਾਗਣੀ ਜਿਨ ਜੋਤਿ ਜੋਤ ਸਮਾਇ।।
ਪੰਨਾ 157