ਸਿੱਖ ਗੁਰੂ ਸਾਹਿਬਾਨ/ਸਿੱਖ ਧਰਮ
ਸਿੱਖ ਧਰਮ
ਸਿੱਖ ਧਰਮ ਅਜੋਕਾ ਅਤੇ ਦੂਸਰੇ ਧਰਮਾਂ ਤੋਂ ਅਲੱਗ ਕਿਸਮ ਦਾ ਧਰਮ ਹੈ, ਜੋ ਗੁਰੂ ਗਰੰਥ ਸਾਹਿਬ ਵਿੱਚ ਸੰਕਲਿਤ ਸਿੱਖਿਆਵਾਂ 'ਤੇ ਅਧਾਰਿਤ ਹੈ। ਦੇਖਿਆ ਗਿਆ ਹੈ ਕਿ ਸਿੱਖ ਧਰਮ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਉਂਦਾ ਹੈ, ਜ਼ਿੰਦਗੀ ਦੇ ਮਾਅਨੇ ਸਮਝਾਉਦਾਂ ਹੈ, ਸਚਾਈ ਦੇ ਰੂਬਰੂ ਕਰਦਾ ਹੈ ਅਤੇ ਸਧਾਰਣ ਲੋਕਾਂ ਲਈ ਸੁਨੇਹਾ ਵੀ ਦਿੰਦਾ ਹੈ। ਇਹ ਹਿੰਦੂ ਧਰਮ ਤੇ ਇਸਲਾਮ ਤੋਂ ਵੱਖਰਾ ਧਰਮ ਹੈ। ਇਹ ਲੋਕਾਂ ਦਾ ਧਰਮ ਹੈ- ਜਿਸ ਵਿੱਚ ਊਚ-ਨੀਚ, ਭੇਦ-ਭਾਵ, ਆਦਮੀ-ਇਸਤਰੀ, ਜਾਤ-ਪਾਤ ਦੀ ਕੋਈ ਥਾਂ ਨਹੀਂ ਹੈ। ਇਸ ਧਰਮ ਵਿੱਚ ਪ੍ਰਮਾਤਮਾ ਦੀ ਸਰਵਉੱਚਤਾ ਦਾ ਗੁਣਗਾਣ ਕੀਤਾ ਗਿਆ ਹੈ, ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਗਿਆ ਹੈ, ਭਾਈਚਾਰੇ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ-
'ਨਾ ਕੋ ਹਿੰਦੂ ਨਾ ਮੁਸਲਮਾਨ, ਅਲਹਿ ਰਾਮ ਕੇ ਪਿੰਡ ਪੁਰਾਨ'।।
ਇਹ ਇੱਕ ਨਵਾਂ ਧਰਮ ਹੈ ਜਿਸਦੀਆਂ ਅਲੱਗ-ਅਲੱਗ ਰਸਮਾਂ, ਅਲੱਗ- ਅਲੱਗ ਅਵਸਰਾਂ 'ਤੇ ਨਿਭਾਈਆਂ ਜਾਂਦੀਆਂ ਹਨ। ਇਸ ਧਰਮ ਨੇ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰ ਕੇ, ਵਿਕਸਿਤ ਹੋ ਕੇ, ਖਾਸ ਕਿਸਮ ਦੀ ਸੋਚ ਤੇ ਦਾਰਸ਼ਕਿਤਾ ਆਪਣਾ ਲਈ ਹੈ ਜਿਸ 'ਤੇ ਅਮਲ ਕਰਕੇ ਸਿੱਖ ਅਧਿਆਤਮਕਵਾਦ ਨੂੰ ਸਮਝਿਆ ਤੇ ਪਰਖਿਆ ਜਾ ਸਕਦਾ ਹੈ। ਇਸਦੀ ਸੋਚ ਦਾ ਅਧਾਰ ਗੁਰੂ ਤੇ ਸਿੱਖ ਦੀ ਪਰੰਪਰਾ ਹੈ। ਗੁਰੂ ਦੇ ਰਾਹੀਂ ਹੀ ਸੱਚੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੱਚਾ ਗੁਰੂ ਆਪਣੀ ਪੂਰੀ ਵਾਹ ਲਾ ਕੇ ਆਪਣੇ ਚੇਲੇ ਦੀ ਜ਼ਿੰਦਗੀ ਵਿੱਚ ਪੂਰਨਤਾ ਲਿਆਉਂਦਾ ਹੈ। ਚੇਲਾ ਸੱਚਾਈ ਦੇ ਮਾਰਗ 'ਤੇ ਚੱਲਦਾ ਹੋਇਆ ਅਧਿਆਤਮਕਵਾਦ ਵੱਲ ਵਧਦਾ ਹੈ ਅਤੇ ਪ੍ਰਮਾਤਮਾ ਨਾਲ ਉਸਦਾ ਮੇਲ ਹੁੰਦਾ ਹੈ। ਇੱਥੇ ਆ ਕੇ ਸਾਰੇ ਭੇਦ-ਭਾਵ ਮਿਟ ਜਾਂਦੇ ਹਨ ਤੇ ਮਨ ਸ਼ਾਂਤ ਹੋ ਜਾਂਦਾ ਹੈ। ਇਹ ਪਰਮ-ਅਨੰਦ ਦੀ ਸਥਿਤੀ ਕਹੀ ਗਈ ਹੈ।
ਸਿੱਖ ਧਰਮ ਵਿੱਚ 'ਪ੍ਰਮਾਤਮਾ ਇੱਕ ਹੈ' ਮੰਨਿਆ ਗਿਆ ਹੈ। ਉਹੀ ਸਾਰੇ ਸੰਸਾਰ ਦੀ ਤਾਕਤ ਦਾ ਸੋਮਾ ਹੈ ਅਤੇ ਪ੍ਰਮਾਤਮਾ ਤੋਂ ਬਿਨਾਂ ਮਨੁੱਖ ਕੁਝ ਵੀ ਨਹੀਂ ਹੈ। ਉਹ ਜਲ-ਥਲ, ਜੀਵ-ਜੰਤੂ ਸਭ ਦਾ ਸਿਰਜਣਹਾਰ ਹੈ ਅਤੇ ਪਾਲਣਹਾਰ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦਾ ਕੋਈ ਅਕਾਰ ਨਹੀਂ, ਉਹ ਨਿਰਭਉ ਹੈ, ਉਸ ਦਾ ਕਿਸੇ ਨਾਲ ਵੈਰ ਨਹੀਂ। ਉਹ ਹਮੇਸ਼ਾ ਸੱਚ ਹੈ ਤੇ ਸੱਚ ਹੀ ਰਹੇਗਾ। ਉਸ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਉਹ ਸਭ ਜੀਆਂ ਦਾ ਦਾਤਾ ਹੈ ਅਤੇ ਦਿਆਲੂ ਤੇ ਸਰਵ-ਵਿਆਪਕ ਹੈ।
ਸਿੱਖ ਧਰਮ ਵਿੱਚ ਪ੍ਰਮਾਤਮਾ ਨੂੰ ਕੇਂਦਰ ਬਿੰਦੂ ਮੰਨਿਆ ਗਿਆ ਹੈ, ਦੂਸਰੇ ਧਰਮਾਂ ਵਿੱਚ ਦੇਵੀ ਦੇਵਤੇ, ਭੂਤ-ਪ੍ਰੇਤ ਤੇ ਰੂਹਾਂ ਆਦਿ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਦਕਿ ਸਿੱਖ ਧਰਮ ਵਿੱਚ ਇਹ ਸਭ ਕੁਝ ਵਰਜਿਤ ਹੈ। ਰਸਮ ਰਿਵਾਜ, ਵਰਤ ਅਤੇ ਜਾਦੂ ਆਦਿ ਦੀ ਸਿੱਖ ਧਰਮ ਵਿੱਚ ਮਾਨਤਾ ਨਹੀਂ ਹੈ। ਇਸ ਧਰਮ ਦਾ ਮੂਲ ਉਦੇਸ਼ ਚੰਗੇ ਕੰਮਾਂ ਅਤੇ ਸਦਾਚਾਰੀ ਜੀਵਨ ਜੀ ਕੇ ਮਨੁੱਖਤਾ ਦਾ ਭਲਾ ਕਰਨਾ ਹੈ। ਸਿੱਖ ਸੱਚੇ ਮਾਰਗ 'ਤੇ ਚੱਲਦਿਆਂ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ, ਕਿਸੇ ਇਕਾਂਤ ਵਿੱਚ ਜਾਣ ਦੀ ਲੋੜ ਨਹੀਂ। ਪ੍ਰਮਾਤਮਾ ਸਭ ਦੇ ਦਿਲ ਵਿੱਚ ਵਸਦਾ ਹੈ ਅਤੇ ਸਿੱਖ ਆਪਣੇ ਦਿਲ ਵਿੱਚ ਉਸਦਾ ਨਾਮ ਜਪ ਸਕਦਾ ਹੈ। ਉਸਦੇ ਲਈ ਉੱਚੀ-ਉੱਚੀ ਮੰਤਰ ਪੜਨ ਦੀ ਲੋੜ ਨਹੀਂ। ਸਿਰਜਣਹਾਰ ਵਿਆਪਕ ਹੈ, ਉਸ ਵਿੱਚ ਵਿਸ਼ਵਾਸ਼ ਰੱਖ ਕੇ ਮਨੁੱਖਤਾ ਦੀ ਸੇਵਾ ਕਰਕੇ, ਜੀਵਾਂ 'ਤੇ ਦਯਾ ਕਰਕੇ ਤੁਸੀਂ ਉਸਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਸਿੱਖ ਧਰਮ ਵਿੱਚ ਪ੍ਰਮਾਤਮਾ ਨੂੰ ਪਾਉਣ ਲਈ ਚੰਗੇ ਕਰਮ ਕਰਨ ਦੀ ਜ਼ਰੂਰਤ ਹੈ।
ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਨੇ ਸਿੱਖ ਨੂੰ ਤਿੰਨ ਚੀਜ਼ਾ- ਕਰਮ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਪਾਲਣਾ ਕਰਨ ਲਈ ਕਿਹਾ। ਸਿੱਖ ਨੂੰ ਪ੍ਰਭੂ ਨੂੰ ਲੱਭਣ ਲਈ ਨੇਕ ਕੰਮ ਕਰਨੇ, ਧਨ ਕਮਾਉਣਾ ਚਾਹੀਦਾ ਹੈ, ਭੋਜਨ ਲੋੜਵੰਦ ਨਾਲ ਵੰਡ ਕੇ ਖਾਣਾ ਚਾਹੀਦਾ ਹੈ ਅਤੇ ਸੱਚੇ ਰੱਬ ਦਾ ਜਾਪ ਕਰਨਾ ਚਾਹੀਦਾ ਹੈ। ਮਿਹਨਤ ਤੇ ਇਮਾਨਦਾਰੀ ਨਾਲ ਕੀਤਾ ਕੰਮ ਹੀ ਗੁਰੂ ਨੂੰ ਖੁਸ਼ ਕਰਦਾ ਹੈ। ਅਜਿਹੇ ਸਿੱਖਾਂ 'ਤੇ ਹੀ ਪ੍ਰਭੂ ਦੀ ਨਿਗਾ ਸਵੱਲੀ ਹੁੰਦੀ ਹੈ, ਉਹ ਸਹੀ ਰਸਤੇ 'ਤੇ ਚੱਲ ਕੇ ਪ੍ਰਮਾਤਮਾ ਦੇ ਬਣਦੇ ਹਨ। ਇਸ ਤਰਾਂ ਦਾ ਸੱਚਾ ਸਿੱਖ ਜੋ ਪ੍ਰਭੂ ਦਾ ਆਗਿਆਕਾਰ ਹੁੰਦਾ ਹੈ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਾ ਹੈ, ਨੈਤਿਕ ਕਦਰਾਂ-ਕੀਮਤਾਂ ਦਾ ਹਾਮੀ ਹੁੰਦਾ ਹੈ, ਉਹੀ ਪ੍ਰਮਾਤਮਾ ਨੂੰ ਪਾ ਸਕਦਾ ਹੈ।
ਸਿੱਖ ਧਰਮ ਵਿੱਚ ਪ੍ਰਭੂ-ਪ੍ਰਾਪਤੀ ਲਈ ਜੰਗਲਾਂ ਵਿੱਚ ਜਾ ਕੇ ਧੂਣਾ ਲਾਉਣਾ ਜਾਂ ਸੰਸਾਰ ਦਾ ਤਿਆਗ ਕਰਨ ਦੀ ਕੋਈ ਲੋੜ ਨਹੀਂ। ਪ੍ਰਭੂ ਦੀ ਵਡਿਆਈ ਤੇ ਮਹਿਮਾ ਤੋਂ ਜਾਣੂ ਵਿਅਕਤੀ ਨਿਮਰਤਾ ਨਾਲ ਪ੍ਰਾਰਥਨਾ ਕਰਦਾ ਹੈ, ਘੁਮੰਡੀ ਨਹੀਂ ਹੁੰਦਾ, ਪ੍ਰਭੂ ਦੀਆਂ ਬੰਦਿਸ਼ਾਂ ਤੋਂ ਜਾਣੂ ਹੁੰਦਾ ਹੈ ਅਤੇ ਸੱਚੇ ਤੇ ਪਵਿੱਤਰ ਮਨ ਨਾਲ ਸੱਚੇ ਰੱਬ ਦੇ ਨੇੜੇ ਹੁੰਦਾ ਹੈ। ਸੱਚਾ ਸਿੱਖ ਆਦਰਸ਼ ਸਮਾਜ ਦਾ ਨਰੋਆ ਅੰਗ ਹੁੰਦਾ ਹੈ। ਉਹ ਨੈਤਿਕ ਅਤੇ ਅਧਿਆਤਮਕ ਤੌਰ 'ਤੇ ਮਹਾਨ ਹੁੰਦਾ ਹੈ ਅਤੇ ਆਤਮਿਕ ਅਨੰਦ ਦੀ ਪ੍ਰਾਪਤੀ ਕਰਕੇ ਧੰਨ ਹੁੰਦਾ ਹੈ।
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੁਆਰਾ ਲਾਇਆ ਇਹ ਬੂਟਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਇੱਕ ਦਰਖ਼ਤ ਦਾ ਰੂਪ ਲੈ ਚੁੱਕਿਆ ਸੀ। ਦੂਸਰੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਤੱਕ ਸਾਰੇ ਗੁਰੂਆਂ ਨੇ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ ਇਸ ਦੀ ਸਾਂਭ ਸੰਭਾਲ ਕੀਤੀ, ਇਸਦਾ ਪ੍ਰ੍ਚਾਰ ਕੀਤਾ ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਦੀ ਰਖਵਾਲੀ ਲਈ ਕੁਰਬਾਨੀ ਦੇਣੀ ਪਈ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖ ਧਰਮ ਨੂੰ ਪ੍ਰਫੁੱਲਤ ਕੀਤਾ। ਉਹਨਾਂ ਦੇ ਵਡਮੁੱਲੇ ਯਤਨਾਂ ਦੀ ਜਿਤਨੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਪਰਿਵਾਰ ਪਿਤਾ, ਮਾਤਾ, ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ ਪਰ ਸਿੱਖ-ਧਰਮ ਦੀ ਰਖਵਾਲੀ ਕੀਤੀ। ਉਹਨਾਂ ਨੇ 1699 ਈ. ਵਿੱਚ 'ਖਾਲਸਾ' ਸਿਰਜ ਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਿੱਤਾ। ਉਹ ਕੌਮ ਜਿਹੜੀ ਚਿੜੀਆਂ ਤੋਂ ਬਾਜਾਂ ਨੂੰ ਤੁੜਵਾ ਸਕਦੀ ਸੀ, ਮਤਲਬ ਮਾੜੇ ਮਜਲੂਮਾਂ ਨੂੰ ਇੰਨਾ ਬਹਾਦਰ ਬਣਾ ਸਕਦੀ ਸੀ ਤਾਂ ਕਿ ਉਹ ਆਪਣੀ ਰਾਖੀ ਕਰਨ ਦੇ ਨਾਲ ਕਮਜ਼ੋਰਾਂ ਦੀ ਵੀ ਰੱਖਿਆ ਕਰ ਸਕੇ। ਸੱਚੇ ਸਿੱਖ ਨੂੰ ਸਿੱਖ ਧਰਮ ਦੇ ਸਿਧਾਂਤਾ 'ਤੇ ਚੱਲਣ ਮਨ ਤੇ ਆਤਮਾ ਦੀ ਸ਼ੁੱਧਤਾ, ਗਊ ਗਰੀਬ ਦੀ ਰੱਖਿਆ ਕਰਨ ਵਾਲਾ ਜਾਗ੍ਰਿਤ ਇਨਸਾਨ ਮੰਨਿਆ ਜਾਂਦਾ ਹੈ। ਸਿੱਖ ਧਰਮ ਵਿੱਚ ਅਨੁਸ਼ਾਸਨ ਦਾ ਬੜਾ ਮਹੱਤਵ ਹੈ। ਜਿਸਦੇ ਅਨੁਸਾਰ ਸਵੇਰੇ ਉੱਠ ਕੇ ਇਸ਼ਨਾਨ, ਨਾਮ ਜਪਣ, ਮਿਹਨਤ ਤੇ ਇਮਾਨਦਾਰੀ ਨਾਲ ਕਮਾਈ ਕਰਨੀ ਲੋੜਵੰਦਾਂ ਤੇ ਕਮਜ਼ੋਰਾਂ ਦੀ ਮਦਦ ਕਰਨੀ, ਇਸਤਰੀਆਂ ਦਾ ਸਤਿਕਾਰ ਅਤੇ ਸਦਾਚਾਰ ਸ਼ਾਮਲ ਹਨ। ਪ੍ਰਮਾਤਮਾ ਦੀ ਸ਼ਰਧਾ ਤੋਂ ਪ੍ਰੇਰਿਤ ਹੋ ਕੇ ਉਸਦੀ ਉਸਤਤ ਦਾ ਗਾਇਨ ਕਰਨਾ, ਉਸਦੀ ਪ੍ਰੇਮ ਭਗਤੀ ਵਿੱਚ ਲੀਨ ਹੋ ਕੇ ਉਸ ਇਕ ਪ੍ਰਮਾਤਮਾ ਦਾ ਜਾਪ ਕਰਨਾ, ਗਲਤੀ ਨਾਲ ਵੀ ਮੰਦਰਾਂ, ਮਸਜਿਦਾਂ, ਪੂਜਾ ਸਥਾਨਾਂ ਤੇ ਵਰਤ ਆਦਿ ਨਾਂ ਕਰਨਾ ਸਗੋਂ ਰੌਸ਼ਨ-ਦਿਮਾਗ ਆਦਮੀ ਵਾਂਗੂ ਵਿਚਰਨਾ ਹੀ ਸੱਚੇ ਸਿੱਖ ਦੀ ਨਿਸ਼ਾਨੀ ਹੈ। ਸਿੱਖ ਧਰਮ ਵਿੱਚ ਇੱਕ ਉਂਕਾਰ ਦਾ ਉਪਦੇਸ਼ ਦਿੰਦਿਆਂ ਗੁਰੂ ਨਾਨਕ ਜੀ ਨੇ ਕਿਹਾ ਕਿ ਸਾਰੀ ਮਨੁੱਖਤਾ ਇੱਕ ਪ੍ਰਭੂ ਦੀ ਸਿਰਜੀ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਜਿਸ ਅਨੁਸਾਰ ਸਾਰੀ ਸ਼੍ਰਿਸ਼ਟੀ ਇੱਕ ਪ੍ਰਮਾਤਮਾ ਨੇ ਸਿਰਜੀ ਹੈ ਅਤੇ ਇਸ ਸਾਂਝੀਵਾਲਤਾ ਨੂੰ ਪੁਗਾਉਣਾ ਹੀ ਮਨੁੱਖ ਦਾ ਪਰਮ-ਧਰਮ ਹੈ।
ਸਿੱਖ ਧਰਮ ਵਿੱਚ ਬੌਧਿਕਤਾ ਅਤਿ ਜ਼ਰੂਰੀ ਹੈ ਅਤੇ ਸਿੱਖ ਦਾ ਮਨ ਹਮੇਸ਼ਾ ਜਾਨਣ ਦੀ ਇੱਛਾ ਰੱਖਣ ਵਾਲਾ ਹੁੰਦਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਸਮਝ ਸਕੇ। ਅਜਿਹਾ ਆਦਮੀ ਹੀ ਸਿੱਖ ਧਰਮ ਦੇ ਫਲਸਫੇ ਨੂੰ ਸਮਝ ਕੇ ਗੁਰਾਬਾਣੀ ਦੀ ਵਿਆਖਿਆ ਕਰ ਸਕਦਾ ਹੈ। ਸਿੱਖ ਧਰਮ ਵਿੱਚ ਸੱਚਾਈ ਤੇ ਸੱਚੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ ਹੈ-
'ਸਚੇ ਉਪਰ ਸਭ ਕੋ ਉਪਰ ਸੱਚਾ ਆਚਾਰ॥'
ਸਿੱਖ ਸੱਚ ਦੇ ਰਾਹ ਉੱਤੇ ਚੱਲਦਾ ਹੈ ਅਤੇ ਉਸਦਾ ਆਚਰਣ ਸ਼ੁੱਧ ਹੁੰਦਾ ਹੈ। ਇਸ ਲਈ ਹੀ ਦੂਜਿਆਂ ਦਾ ਮਾਰਗ ਦਰਸ਼ਕ ਬਣ ਸਕਦਾ ਹੈ। ਇਸ ਸ਼ੁੱਧਤਾ ਲਈ ਉਸਨੂੰ ਭਗਤੀ ਕਰਨ ਦੀ ਲੋੜ ਹੈ। ਸੱਚੇ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਹੀ ਪ੍ਰਭੂ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਭਗਤੀ ਵਿੱਚ ਉਸਨੂੰ ਵਣਾਂ ਵਿੱਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ ਹੁੰਦੀ ਹੈ। ਆਦਮੀ ਆਪਣੀ ਘਰ-ਗ੍ਰਹਿਸਥੀ ਨੂੰ ਨਿਭਾਉਂਦਾ ਹੋਇਆ ਆਪਣੇ ਸੱਚੇ ਆਚਾਰ-ਵਿਵਹਾਰ ਤੇ ਪ੍ਰਭੂ ਦੇ ਦੱਸੇ ਹੋਏ ਰਸਤੇ 'ਤੇ ਜਾ ਕੇ ਵੀ ਭਗਤੀ ਕਰ ਸਕਦਾ ਹੈ। ਸਿੱਖ ਧਰਮ ਵਿੱਚ ਬੁੱਤ ਪੂਜਾ, ਵਹਿਮ-ਭਰਮ, ਪਾਖੰਡ, ਸ਼ਰਾਬ ਆਦਿ ਨਸ਼ਿਆਂ ਦੀ ਵਰਤੋਂ, ਕੁੜੀ ਮਾਰਨਾ, ਆਦਿ ਬੁਰਾਈਆਂ ਦਾ ਸਖਤ ਵਿਰੋਧ ਕੀਤਾ ਗਿਆ ਹੈ। ਇਸ ਧਰਮ ਵਿੱਚ ਸੱਚਾਈ, ਇਮਾਨਦਾਰੀ ਨੈਤਿਕ ਕਦਰਾਂ-ਕੀਮਤਾਂ ਕਾਇਮ ਕਰਨੀਆਂ ਤੇ ਸਦਾਚਾਰ ਨੂੰ ਮਹੱਤਤਾ ਦਿੱਤੀ ਗਈ ਹੈ। ਸੱਚੇ ਵਿਅਕਤੀ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹ ਪ੍ਰਮਾਤਮਾ ਦਾ ਪਿਆਰਾ ਹੁੰਦਾ ਹੈ ਅਤੇ ਪ੍ਰਭੂ ਆਪਣੇ ਪਿਆਰਿਆਂ ਦੇ ਹਮੇਸ਼ਾ ਅੰਗ-ਸੰਗ ਹੁੰਦਾ ਹੈ।
ਸਿੱਖ ਵਿਚਾਰਧਾਰਾ ਨਿਰੰਤਰ ਪ੍ਰਵਾਹ ਹੈ। ਸੰਸਾਰ ਦੇ ਸਾਰੇ ਕੋਨਿਆਂ ਵਿੱਚ ਜਿੱਥੇ ਵੀ ਸਿੱਖ ਗਏ ਹਨ ਜਾਂ ਵਸਦੇ ਹਨ, ਇਸ ਵਿਚਾਰਧਾਰਾ ਨੂੰ ਮਾਨਤਾ ਮਿਲੀ ਹੈ। ਪਿਛਲੀਆਂ ਪੰਜ ਸਦੀਆਂ ਤੋਂ ਵੱਖ-ਵੱਖ ਪੜਾਵਾਂ ਵਿੱਚੋਂ ਲੰਘਕੇ ਧਰਮ ਨੇ ਸਫਲਤਾਪੂਰਵਕ ਆਪਣਾ ਸਫਰ ਤੈਅ ਕੀਤਾ ਹੈ। ਇਸ ਧਰਮ ਨੇ ਅਨੇਕਾਂ ਵਿਦਵਾਨ, ਸੂਰਬੀਰ, ਵਿਗਿਆਨੀ, ਲਿਖਾਰੀ, ਕਲਾਕਾਰ ਪ੍ਰਬੰਧਕਾਂ ਤੇ ਜੱਜਾਂ ਨੂੰ ਪੈਦਾ ਕੀਤਾ ਹੈ। ਸਿੱਖ ਧਰਮ ਵਿੱਚ ਵਿਅਕਤੀ ਆਪਣੇ ਕੀਤੇ ਹੋਏ ਕਰਮਾਂ (ਕੰਮਾਂ) ਦੁਆਰਾ ਪਛਾਣਿਆ ਜਾਂਦਾ ਹੈ ਨਾ ਕਿ ਜਾਤ ਜਾਂ ਰੰਗ ਦੇ ਅਧਾਰ 'ਤੇ ਉਸਦੀ ਪਹਿਚਾਣ ਹੈ। ਸਿੱਖ ਧਰਮ ਵਿੱਚ ਹੀ ਮਨੁੱਖਤਾ ਨੂੰ ਪ੍ਰਮੁਖਤਾ ਦਿੱਤੀ ਗਈ ਹੈ-
'ਸਭੈ ਸਾਂਝੀ ਵਾਲ ਸਦਾਇਣ, ਕੋਇ ਨਾ ਦਿਸੈ ਬਾਹਰਾ ਜੀਓ॥'
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਮਾੜੇ ਹਾਲਾਤ ਵਿੱਚੋਂ ਲੰਘ ਰਿਹਾ ਸੀ। ਪੰਜਾਬ ਦੀ ਰਾਜਨੀਤਕ, ਸਮਾਜਿਕ, ਆਰਥਿਕ ਤੇ ਧਾਰਮਿਕ ਹਾਲਤ ਨਿੱਘਰ ਚੁੱਕੀ ਸੀ। ਤੈਮੂਰ ਦੇ ਹਮਲਿਆਂ ਨੇ ਰਾਜ ਦੀ ਜਨਤਾ ਨੂੰ ਆਰਥਿਕ ਤੌਰ 'ਤੇ ਕੰਗਾਲ ਕਰ ਦਿੱਤਾ ਸੀ। ਲੋਧੀ ਵੰਸ਼ ਜੋ ਉਸ ਸਮੇਂ ਪੰਜਾਬ ਉੱਪਰ ਕਾਬਜ਼ ਸੀ ਤੈਮੂਰ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਰਾਜ ਵਿੱਚ ਅਰਾਜਕਤਾ ਦਾ ਮਾਹੌਲ ਸੀ। ਸਮਾਜ ਦੀ ਵਰਗ ਵੰਡ ਨੇ ਲੋਕਾਂ ਨੂੰ ਬੁਰੀ ਤਰਾਂ ਉੱਚੀਆਂ ਨੀਵੀਆਂ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਸੀ। ਧਾਰਮਿਕ ਤੌਰ 'ਤੇ ਦੇਸ਼ ਹੋਰ ਵੀ ਮਾੜੇ ਦੌਰ ਵਿੱਚੋਂ ਲੰਘ ਰਿਹਾ ਸੀ। ਹਿੰਦੂ ਧਰਮ ਦੀਆਂ ਸਖ਼ਤ ਹਦਾਇਤਾਂ ਨੇ ਹਿੰਦੂਆਂ ਨੂੰ ਇੱਕ ਖਾਸ ਸੀਮਾ ਵਿੱਚ ਬੰਨਿਆ ਹੋਇਆ ਸੀ। ਮੁਸਲਮਾਨਾਂ ਦਾ ਰਾਜ ਹੋਣ ਕਰਕੇ ਉਹਨਾਂ ਨੂੰ ਖਾਸ ਰਿਆਇਤਾਂ ਮਿਲੀਆਂ ਹੋਈਆਂ ਸਨ। ਬਾਬੇ ਨਾਨਕ ਨੇ ਇਸੇ ਮਾਹੌਲ ਬਾਰੇ ਕਿਹਾ,
'ਕਲਕਾਤੀ ਕਸਾਈ ਰਾਜੇ ਧਰਮ ਪੰਖ ਕਰ ਉਡਰਿਆ
ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕੈ ਚੜਿਆ।।'
ਇਸ ਤਰਾਂ ਦੇ ਬੁਰੇ ਹਾਲਾਤਾਂ ਵਿੱਚ ਦੇਸ਼ ਵਿੱਚ ਭਗਤੀ ਲਹਿਰ ਵੀ ਚੱਲ ਰਹੀ ਸੀ। ਜਿਸ ਵਿੱਚ ਸਮਾਜ ਸੁਧਾਰਕ ਕੁੱਝ ਸੂਫੀ ਸੰਤ, ਭਗਤ ਕਬੀਰ, ਬੁੱਲੇ ਸ਼ਾਹ, ਰਵੀਦਾਸ, ਮੀਰਾ ਤੇ ਤੁਲਸੀਦਾਸ ਆਦਿ ਆਪਣੇ ਸ਼ਬਦਾਂ 'ਤੇ ਭਜਨਾਂ ਰਾਹੀਂ ਦੇਸ਼ ਵਿੱਚ ਪ੍ਰਮਾਤਮਾ ਦੀ ਭਗਤੀ ਦਾ ਗੁਣਗਾਨ ਕਰ ਰਹੇ ਸਨ। ਇਹੋ ਜਿਹੇ ਸਮੇਂ ਵਿੱਚ ਸਿੱਖ ਧਰਮ ਦਾ ਉੱਥਾਨ ਹੋਇਆ। ਪੰਜਾਬ ਇਸ ਧਰਮ ਦਾ ਕੇਂਦਰ ਬਿੰਦੂ ਸੀ। ਇਸ ਧਰਮ ਨੇ ਜਿੱਥੇ ਨਿਮਾਣਿਆਂ ਤੇ ਨਿਤਾਣਿਆਂ ਨੂੰ ਮਾਣ ਤੇ ਤਾਣ ਬਖਸ਼ਿਆ ਉੱਥੇ 'ਸਰਬੱਤ ਦਾ ਭਲਾ' ਤੇ ਸਰਵ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਉਸ ਸਮੇਂ ਇਹੋ ਜਿਹੇ ਧਰਮ ਦੀ ਬਹੁਤ ਜ਼ਰੂਰਤ ਸੀ ਜਿਸਨੇ ਆਮ ਜਨ-ਸਧਾਰਨ ਨੂੰ ਗਲ ਨਾਲ ਲਾਇਆ ਉਹਨਾਂ ਨੂੰ ਸੇਧ ਦਿੱਤੀ। ਸਿੱਖ ਧਰਮ ਵਿੱਚ ਇੱਕ ਉਂਕਾਰ ਸ਼ਬਦ ਦੀ ਬੜੀ ਮਹੱਤਤਾ ਹੈ ਜਿਸ ਦੇ ਰਾਹੀਂ ਮਨੁੱਖ ਸੱਚੇ ਪ੍ਰਭੂ ਨੂੰ ਪਾ ਸਕਦਾ ਹੈ, ਉਸਦੀ ਭਗਤੀ ਕਰ ਸਕਦਾ ਹੈ, ਉਸਦੀ ਉਸਤਤ ਕਰ ਸਕਦਾ ਹੈ ਅਤੇ ਉਸਤੋਂ ਬਖਸ਼ਿਸ਼ਾਂ ਪਾ ਸਕਦਾ ਹੈ। ਸਿੱਖ ਧਰਮ ਵਿੱਚ ਪ੍ਰਭੂ ਨੂੰ ਨਿਰਾਕਰ, ਨਿਰਭਉ ਤੇ ਨਿਰਵੈਰ ਮੰਨਿਆ ਗਿਆ ਹੈ, ਜਿਸਨੂੰ ਸੱਚੇ ਅਮਲਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਸਰਵ-ਸ਼ਕਤੀਮਾਨ ਹੈ, ਸਭ ਦਾ ਪਾਲਣਹਾਰ ਹੈ, ਸੱਚੇ ਦੀ ਬੇਨਤੀ ਸੁਣਦਾ ਹੈ ਅਤੇ ਨਿਓਟਿਆਂ ਦੀ ਓਟ ਬਣਦਾ ਹੈ। ਸਿੱਖ ਧਰਮ ਵਿੱਚ ਵਹਿਮਾਂ-ਭਰਮਾਂ ਲਈ ਕੋਈ ਥਾਂ ਨਹੀਂ, ਕੋਈ ਮਹਿੰਗੇ ਚੜਾਵਿਆਂ ਦੀ ਲੋੜ ਨਹੀਂ, ਕੰਮ ਕਾਰ ਛੱਡ ਕੇ ਯੋਗੀ ਹੋਣ ਦੀ ਲੋੜ ਨਹੀਂ। ਉਹ ਤਾਂ
'ਹਸੰਦਿਆਂ, ਖੇਲਦਿੰਆਂ, ਪੈਨੰਦਿਆਂ ਖਾਵੰਦਿਆਂ ਵਿਚੈ ਹੋਵੇ ਮੁਕਤਿ॥'
ਦੀ ਧਾਰਨਾ 'ਤੇ ਅਧਾਰਿਤ ਹੈ। ਸੱਚੇ ਮਨ ਨਾਲ ਨਾਮ ਜਪਣ ਵਾਲਿਆਂ ਦੇ ਪ੍ਰਭੂ ਹਮੇਸ਼ਾ ਸੰਗ ਰਹਿੰਦਾ ਹੈ। ਸਿੱਖ ਧਰਮ ਦਾ ਅਨੁਆਈ ਗੁਰਮੁਖ ਕਹਾਉਂਦਾ ਹੈ ਜੋ ਸੱਚੇ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਕਿਸੇ ਨਾਲ ਵੈਰ-ਵਿਰੋਧ,ਊਚ-ਨੀਚ, ਧੋਖਾ-ਧੜੀ ਜਾਂ ਬੇਈਮਾਨੀ ਨਹੀਂ ਕਰਦਾ। ਉਹ ਸਮਾਜ ਵਿੱਚ ਉੱਚਾ ਹੁੰਦਾ ਹੋਇਆ ਵੀ ਹਲੀਮੀ ਨਾਲ ਵਿਚਰਦਾ ਹੈ, ਕਦੇ ਹੰਕਾਰ ਨਹੀਂ ਕਰਦਾ ਅਤੇ ਲੋਕਾਂ ਦੇ ਸਤਿਕਾਰ ਦਾ ਪਾਤਰ ਬਣਦਾ ਹੈ-
'ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ।।'
ਸਿੱਖ ਧਰਮ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਿੱਖਾਂ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਸਿੱਖੀ ਸਿਦਕ ਨਹੀਂ ਹਾਰਿਆ। ਸ਼ਹੀਦ ਭਾਈ ਮਨੀ ਸਿੰਘ, ਤਾਰੂ ਸਿੰਘ ਵਰਗਿਆਂ ਨੇ ਬੰਦ-ਬੰਦ ਕਟਵਾ ਲਿਆ ਪਰ ਡੋਲੇ ਨਹੀਂ। ਸਿੱਖ ਸਿੰਘਣੀਆਂ ਵੀ ਸ਼ਹਾਦਤ ਦੇਣ ਵਾਲਿਆਂ ਵਿੱਚ ਖਾਸ ਸਥਾਨ ਰੱਖਦੀਆਂ ਹਨ। ਉਹਨਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾਏ ਉਹਨਾਂ ਦੇ ਹਾਰ ਬਣਾ ਕੇ ਗਲਾਂ ਵਿੱਚ ਪਵਾਏ ਪਰ ਸਿੱਖੀ ਸ਼ਾਨ ਤੇ ਆਨ ਤੇ ਕੋਈ ਆਂਚ ਨਹੀਂ ਆਉਣ ਦਿੱਤੀ। ਉਹਨਾਂ ਮਰਜੀਵੜਿਆਂ ਦੀਆਂ ਕੁਰਬਾਨੀਆਂ ਸਦਕਾ ਸਿੱਖੀ ਦਾ ਇਹ ਬੂਟਾ ਪ੍ਰਫੁਲਿਤ ਹੋਇਆ ਅਤੇ ਸਾਰੇ ਸੰਸਾਰ ਦੀ ਰਹਿਨੁਮਾਈ ਕਰਨ ਲੱਗਾ।
ਸਿੱਖ 'ਧਰਮ ਦੇ ਸਿਧਾਂਤ ਬੜੇ ਸਰਲ ਤੇ ਸੌਖੇ ਹਨ। ਇਹ ਲੋਕਾਂ ਦੀ ਆਪਣੀ ਭਾਸ਼ਾ ਵਿੱਚ ਲਿਖੇ ਹੋਏ ਹਨ ਤਾਂ ਕਿ ਜਨਸਧਾਰਨ ਵੀ ਇਹਨਾਂ ਤੇ ਅਮਲ ਕਰ ਸਕੇ। ਕੋਈ ਫਾਲਤੂ ਦੇ ਰੀਤੀ-ਰਿਵਾਜ ਨਹੀਂ ਥੋਪੇ ਗਏ। ਸਿੱਖ ਧਰਮ ਦੇ ਮਹਾਨ ਤੀਰਥ ਸਥਾਨ 'ਹਰਿਮੰਦਰ ਸਾਹਿਬ' ਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਜੋ ਸਮਾਜ ਦੇ ਸਭ ਵਰਗਾਂ ਲਈ ਖੁਲੇ ਹਨ। ਕੋਈ ਵੀ ਕਿਸੇ ਦੀ ਜਾਤ, ਧਰਮ ਦਾ ਵਿਅਕਤੀ ਜਾ ਕੇ ਆਪਣੀ ਸ਼ਰਧਾ ਦਿਖਾ ਸਕਦਾ ਹੈ। ਲੰਗਰ ਦੀ ਰੀਤ ਵੀ ਸਾਂਝੀਵਾਲਤਾ ਦੀ ਨਿਸ਼ਾਨੀ ਹੈ। ਬਿਨਾਂ ਕਿਸੇ ਊਚ-ਨੀਚ ਦੇ ਸਭ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਖੁੱਲ ਹੈ।
ਸਿੱਖ ਧਰਮ ਦੀ ਅਗਵਾਈ ਕਰਨ ਵਾਲੇ ਦਸ ਗੁਰੂ ਜੋ ਵਿਅਕਤੀ ਗੁਰੂ ਦੇ ਰੂਪ ਵਿੱਚ ਵਿਚਰੇ ਸਾਰੇ ਸੰਤ ਸੁਭਾਅ ਅਤੇ ਉਚੇ-ਸੁੱਚੇ ਆਦਰਸ਼ਾਂ ਦੇ ਪ੍ਰਤੀਕ ਸਨ। ਜੋ ਗਿਆਨ ਉਹ ਸਿੱਖਾਂ ਨੂੰ ਦਿੰਦੇ ਸਨ ਉਹ ਅਮਲੀ ਰੂਪ ਵਿੱਚ ਉਸ 'ਤੇ ਚੱਲਦੇ ਸਨ। ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ। ਗੁਰੂ ਹਰ ਕ੍ਰਿਸ਼ਨ ਜੀ ਜਿਹਨਾਂ ਦਾ ਦੇਹਾਂਤ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ, ਨੂੰ ਛੱਡ ਕੇ ਬਾਕੀ ਸਾਰੇ ਗੁਰ ਘਰ ਗ੍ਰਹਿਸਥ ਵਾਲੇ ਹੀ ਸਨ। ਉਹਨਾਂ ਦਾ ਪਰਿਵਾਰ ਸੀ, ਬੱਚੇ ਸਨ ਪਰ ਇਹ ਜ਼ਰੂਰੀ ਨਹੀਂ ਸੀ ਕਿ ਉਹਨਾਂ ਦੀ ਔਲਾਦ ਹੀ ਉਹਨਾਂ ਦੀ ਉਤਰਾਧਿਕਾਰੀ ਬਣੇ। ਉਤਰਾਧਿਕਾਰੀ ਬਣਨ ਲਈ ਯੋਗਤਾ ਸੀ, ਪਰਖ ਸੀ ਜੋ ਇਸ ਪਰਖ ਵਿੱਚ ਖ਼ਰਾ ਉਤਰਦਾ, ਉਹ ਹੀ ਸਿੱਖ ਧਰਮ ਵਿੱਚ ਗੁਰੂ ਦੇ ਯੋਗ ਸਮਝਿਆ ਜਾਂਦਾ ਸੀ। ਬੇਸ਼ੱਕ ਤੀਜੇ ਗੁਰੂ ਅਮਰਦਾਸ ਜੀ ਨੇ ਗੁਰੂਆਈ ਘਰ ਵਿੱਚ ਹੀ ਰਹਿਣ ਦਾ ਵਚਨ ਦੇ ਦਿੱਤਾ ਸੀ ਤਾਂ ਵੀ ਜਾਨਸ਼ੀਨ ਉੱਚ-ਪਾਏ ਅਤੇ ਗੁਣੀ ਵਿਅਕਤੀ ਨੂੰ ਹੀ ਚੁਣਿਆ ਜਾਂਦਾ ਰਿਹਾ। ਸਿੱਖ ਗੁਰੂਆਂ ਨੇ ਕਦੇ ਵੀ ਆਪਣੇ ਸਿੱਖਾਂ ਨੂੰ ਸਵਰਗ-ਨਰਕ ਦੇ ਚੱਕਰਾਂ ਵਿੱਚ ਨਹੀਂ ਪਾਇਆ। ਵੱਡੇ ਲਾਭਾਂ ਦੇ ਵਾਅਦੇ ਨਹੀਂ ਕੀਤੇ। ਸਗੋਂ ਉਹਨਾਂ ਨੇ ਇਸ ਧਰਤੀ 'ਤੇ ਰਹਿੰਦਿਆਂ ਨਾਮ ਤੇ ਸਬਰ ਸੰਤੋਖ ਦੀ ਕਮਾਈ ਕਰਨ ਲਈ ਸਿੱਖਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਲੋਕਾਂ ਨੂੰ
ਕਦੇ ਬਹਿਸ਼ਤੀ ਹੂਰਾਂ ਦਾ ਲਾਰਾ ਨਹੀਂ ਲਾਇਆ। ਸਿੱਖ ਧਰਮ ਵਿੱਚ ਇਸ ਲੋਕ ਵਿੱਚ ਸੱਚ ਤੇ ਧਰਮ ਦੇ ਰਸਤੇ 'ਤੇ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਕਿ ਪ੍ਰਲੋਕ ਸੁਹੇਲਾ ਹੋ ਸਕੇ ਅਤੇ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲ ਸਕੇ।
ਸਿੱਖ ਗੁਰੂ ਆਪਣੇ ਆਪ ਨੂੰ ਪ੍ਰਮਾਤਮਾ ਦੇ ਸੇਵਕ ਕਹਾਉਂਦੇ ਸਨ। ਸਿੱਖ ਧਰਮ ਵਿੱਚ ਅਵਤਾਰਵਾਦ ਨੂੰ ਰੱਦ ਕੀਤਾ ਗਿਆ ਹੈ। ਪਰੰਤੂ ਕੁਝ ਪ੍ਰਮਾਤਮਾ ਦੇ ਵਰੋਸਾਏ ਹੋਏ ਨਾਸ਼ਵਾਨ ਵਿਅਕਤੀ ਜੋ ਸੱਚਾਈ ਦੀ ਵਿਆਖਿਆ ਕਰ ਸਕਦੇ ਹਨ ਤੇ ਸੱਚਾਈ ਤੇ ਧਰਮ ਦਾ ਪ੍ਰ੍ਚਾਰ ਕਰ ਸਕਦੇ ਹਨ, ਉਹ ਸਮਰੱਥ ਪ੍ਰਮਾਤਮਾ ਤੱਕ ਪਹੁੰਚਣ ਦੇ ਨੇੜੇ ਹੀ ਹੁੰਦੇ ਹਨ। ਉਹ ਪ੍ਰਭੂ ਦੇ ਪਿਆਰੇ ਹੁੰਦੇ ਹਨ, ਪ੍ਰਭੂ ਦਾ ਸਿਮਰਨ ਕਰਦੇ ਹਨ, ਦੂਜਿਆਂ ਨੂੰ ਸਹੀ ਸੇਧ ਦਿੰਦੇ ਹਨ, ਕਿਸੇ ਭਰਮ-ਜਾਲ ਵਿੱਚ ਨਹੀਂ ਫਸਦੇ, ਔਖੇ ਸਮਿਆਂ 'ਤੇ ਵੀ ਮੱਥੇ ਵੱਟ ਨਹੀਂ ਪਾਉਂਦੇ, ਨਿਡਰ ਹੁੰਦੇ ਹਨ, ਬਹਾਦਰ ਹੁੰਦੇ ਹਨ, ਬਾਦਸ਼ਾਹਾਂ ਦੀਆਂ ਕੋਝੀਆਂ ਕਰਤੂਤਾਂ ਦਾ ਪਾਜ ਉਧੇੜ ਦਿੰਦੇ ਹਨ, ਸਵਾ ਲੱਖ ਨਾਲ ਇੱਕ ਲੜਾ ਦਿੰਦੇ ਹਨ, ਉਹ ਸਰਵ-ਸ਼ਕਤੀਮਾਨ ਤੇ ਸਰਵਉੱਚ ਪ੍ਰਮਾਤਮਾ ਤੋਂ ਸਿਰਫ ਇੱਕ ਪਤਲੀ ਪਰਤ ਜਿੰਨੀ ਦੂਰੀ ਨਾਲ ਹੀ ਅਲੱਗ ਕੀਤੇ ਜਾ ਸਕਦੇ ਹਨ। ਉਹਨਾਂ ਦੀਆਂ ਆਤਮਾਵਾਂ ਪ੍ਰਭੂ ਨੂੰ ਮਿਲਣ ਲਈ ਵਿਆਕੁਲ ਹੁੰਦੀਆਂ ਹਨ।
ਪ੍ਰਭੂ ਨੂੰ ਮਿਲ ਕੇ ਉਹ ਸਰਸ਼ਾਰ ਹੁੰਦੀਆਂ ਹਨ ਅਤੇ ਮਨੁੱਖਤਾ ਲਈ ਮਾਰਗ ਦਰਸ਼ਕ ਬਣ ਜਾਂਦੀਆਂ ਹਨ ਤਾਂ ਜੋ ਜਗਤ-ਜਲੰਦੇ ਨੂੰ ਤਾਰ ਸਕਣ। ਇਸੇ ਵਰਗ ਵਿੱਚ ਸਿੱਖ ਗੁਰੂ ਆਉਂਦੇ ਸਨ। ਇਹ ਮਹਾਂਪੁਰਸ਼ ਪ੍ਰਮਾਤਮਾ ਦੇ ਫੈਸਲਿਆਂ ਜਾਂ ਕਾਦਰ ਦੇ ਕਾਨੂੰਨਾਂ ਦੇ ਰਾਹ ਵਿੱਚ ਅਧਿਆਤਮਿਕ ਸ਼ਕਤੀਆਂ ਦੀ ਵਰਤੋਂ ਕਰਕੇ ਕੋਈ ਵਿਘਨ ਨਹੀਂ ਸਨ ਪਾਉਂਦੇ ਸਗੋਂ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ ਹਨ। ਉਸ ਸਰਵ ਉੱਚ ਤਾਕਤ ਦੀ ਰਜ਼ਾ ਵਿੱਚ ਜਿਉਂਦੇ ਹਨ। ਸਿੱਖ ਧਰਮ ਵਿੱਚ ਗੁਰੂਆਂ ਨੇ ਇਹ ਅਮਲ ਆਪਣੀ ਜ਼ਿੰਦਗੀ ਵਿੱਚ ਲਿਆਂਦਾ ਅਤੇ ਸਿੱਖਾਂ ਨੂੰ ਵੀ ਇਸੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
ਸਿੱਖ ਧਰਮ ਵਿੱਚ ਕਰਾਮਾਤਾਂ ਦਿਖਾਉਣ, ਜਾਦੂ-ਟੂਣਿਆਂ ਦੀ ਸਖਤ ਮਨਾਹੀ ਹੈ। ਗੁਰੂ-ਪੁੱਤਰ ਰਾਮ ਰਾਏ ਨੇ ਜੇਕਰ ਇਹ ਅਵੱਗਿਆ ਕੀਤੀ ਤਾਂ ਉਸਨੂੰ ਸਿੱਖ ਧਰਮ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਸਬਕ ਸੀ ਕੇ ਜੇਕਰ ਗੁਰੂ ਪੁੱਤਰ ਹੀ ਕਰਾਮਾਤਾਂ ਦਿਖਾਉਣ ਲੱਗ ਪੈਣ ਤਾਂ ਉਹਨਾਂ ਦੇ ਧਰਮ ਅਤੇ ਹੋਰ ਧਰਮਾਂ ਜਿੱਥੇ ਅਜਿਹੀਆਂ ਚੀਜ਼ਾਂ ਦੀ ਖੁੱਲ੍ਹ ਹੈ, ਉਹਨਾਂ ਨਾਲੋਂ ਕੀ ਫਰਕ ਹੋਇਆ। ਸਿੱਖ ਗੁਰੂਆਂ ਨੇ ਅਨੁਸ਼ਾਸਨ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਤਾਂ ਹੀ ਇਹ ਧਰਮ ਹਰਮਨਪਿਆਰਾ ਹੋ ਸਕਿਆ। ਸਿੱਖ ਧਰਮ ਦਾ ਇਤਿਹਾਸ ਸਿੱਖ ਧਰਮ ਦੇ ਸਿਧਾਂਤਾ ਅਤੇ ਆਦਰਸ਼ਾਂ ਨਾਲ ਇਕਮਿਕ ਹੈ। ਜੋ ਆਦਰਸ਼ ਮਿੱਥੇ ਗਏ ਉਹ ਗੁਰੂਆਂ ਨੇ ਆਪਣੇ ਜੀਵਨ ਵਿੱਚ ਅਪਣਾਏ। ਜੋ ਸਿੱਖੀ ਦੇ ਸਿਧਾਂਤ ਹਨ ਸਾਰੇ ਸਿੱਖ ਗੁਰੂਆਂ ਨੇ ਉਹਨਾਂ ਤੇ ਪਹਿਰਾ ਦਿੱਤਾ। ਇਸੇ ਕਰਕੇ ਸਿੱਖ ਗੁਰੂਆਂ ਦੀ ਮਾਨਤਾ ਹੈ। ਅੱਜ ਤੱਕ ਕੋਈ ਵੀ ਸਿੱਖ ਧਰਮ ਦੇ ਸਿਧਾਂਤਾ ਤੇ ਉਦੇਸ਼ਾਂ ਦੀ ਜ਼ਰਾ ਜਿੰਨੀ ਵੀ ਆਲੋਚਨਾ ਨਹੀਂ ਕਰ ਸਕਿਆ। ਸਿੱਖ ਗੁਰੂ ਕਥਨੀ ਤੇ ਕਰਨੀ ਦੇ ਪੂਰੇ ਸਨ। ਸਿੱਖ ਧਰਮ ਆਪਣੇ ਉਦੇਸ਼ਾਂ ਤੋਂ ਖ਼ਰਾ ਉਤਰਦਾ ਹੈ।
ਸਿੱਖ ਧਰਮ ਦੀ ਉਮਰ ਸਿਰਫ 550 ਸਾਲ ਹੈ। ਸੰਸਾਰ ਦੇ ਸਾਰੇ ਧਰਮਾਂ ਵਿੱਚ ਇਹ ਨਵਾਂ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਮਹਾਨ ਤੇ ਵਿਦਵਾਨ ਸਿੱਖ ਗੁਰੂਆਂ ਨੇ ਸਾਰੇ ਧਰਮਾਂ ਵਿੱਚੋਂ ਉੱਚੇ-ਸੁੱਚੇ ਆਦਰਸ਼ ਚੁਣੇ ਹਨ ਅਤੇ ਉਹਨਾਂ ਦਾ ਮੰਥਨ ਕਰਕੇ ਕੱਢਿਆ, ਸਿੱਖ ਧਰਮ ਰੂਪੀ ਅੰਮ੍ਰਿਤ ਸਿੱਖਾਂ ਨੂੰ ਸੇਧ ਦੇਣ ਤੇ ਮੁਕਤ ਹੋਣ ਲਈ, ਉਹਨਾਂ ਸਾਹਵੇਂ ਰੱਖਿਆ ਹੈ। ਸਿੱਖਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਹੀ ਲੋੜ ਹੈ। ਅੰਦਰੂਨੀ ਚਾਨਣ ਹੋਣ ਨਾਲ ਸੱਚਾ ਗੁਰੂ ਮਿਲਦਾ ਹੈ ਅਤੇ ਗੁਰੂ ਦੀ ਕ੍ਰਿਪਾ ਨਾਲ ਮਨ ਵਿੱਚ ਸ਼ਾਂਤੀ ਦੀ ਅਵਸਥਾ ਆਉਂਦੀ ਹੈ ਇਸ ਤਰਾਂ ਜਨਮ-ਮਰਨ ਦੇ ਚੱਕਰ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ।