ਸਿੱਖ ਗੁਰੂ ਸਾਹਿਬਾਨ/ਜਾਣ- ਪਛਾਣ
ਜਾਣ-ਪਛਾਣ
ਸਿੱਖ ਸ਼ਰਧਾਲੂ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਮੈਂ ਛੋਟੀ ਉਮਰ ਵਿੱਚ ਹੀ ਜਪੁਜੀ ਸਾਹਿਬ, ਰਹਿਰਾਸ ਸਾਹਿਬ ਦਾ ਪਾਠ ਕਰ ਲੈਂਦੀ ਸੀ। ਤੀਸਰੀ ਜਮਾਤ ਦੀ ਵਿਦਿਆਰਥਣ ਸਾਂ ਤੇ ਉਮਰ ਮਸਾਂ 8-9 ਸਾਲ ਰਹੀ ਹੋਵੇਗੀ। ਘਰ ਦੇ ਵਡੇਰੇ ਮੈਂਬਰ ਗੁਰੂਦੁਆਰੇ ਜਾਂਦੇ ਤਾਂ ਸਾਨੂੰ ਬੱਚਿਆਂ ਨੂੰ ਵੀ ਕਦੇ ਲੈ ਜਾਂਦੇ। ਉਦੋਂ ਧਰਮ ਦੀ ਕੋਈ ਸੋਝੀ ਨਹੀਂ ਸੀ। ਪਰ ਪਾਠੀ ਸਿੰਘ ਦਾ ਇਕ ਲੈ ਸੁਰ ਵਿੱਚ ਪਾਠ ਕਰਨਾ ਬੜਾ ਚੰਗਾ ਲੱਗਦਾ। ਘਰ ਦੇ ਵਿੱਚੋਂ ਅਤੇ ਕਿਤਾਬਾਂ ਵਿੱਚੋਂ ਸਿੱਖ ਧਰਮ ਨਾਲ ਸਬੰਧਿਤ ਸਿੱਖਿਆਦਾਇਕ ਅਤੇ ਪ੍ਰੇਰਿਕ ਗਿਆਨ ਹਾਸਲ ਹੋਇਆ। ਸਿੱਖ ਧਰਮ ਦੇ ਮਹਾਨ ਆਦਰਸ਼ਾਂ ਨੇ ਮੇਰੀ ਰੁਚੀ ਇਸ ਧਰਮ ਵਿੱਚ ਵਧਾ ਦਿੱਤੀ। ਯੂਨੀਵਰਸਿਟੀ ਦੀ ਪੜਾਈ ਦੌਰਾਨ ਮੇਰੀ ਖੋਜ ਦਾ ਵਿਸ਼ਾ ਵੀ ਸਿੱਖ ਧਰਮ ਨਾਲ ਹੀ ਸਬੰਧਿਤ ਸੀ। ਤਰਕਪੂਰਨ ਅਤੇ ਸਪੱਸ਼ਟ ਵਿਚਾਰ ਅਤੇ ਇਸ ਧਰਮ ਦੀ ਸਰਲਤਾ ਹੋਰਾਂ ਧਰਮਾਂ ਤੋਂ ਇਸਨੂੰ ਵੱਖ ਕਰਦੀ ਹੈ ਤੇ ਇਹੀ ਇਸਦੀ ਵਿਲੱਖਣਤਾ ਮੇਰੇ ਵਰਗੇ ਸਧਾਰਣ ਵਿਅਕਤੀਤਤਵ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਮੈਂ ਇਸ ਕਿਤਾਬ ਵਿੱਚ ਸੱਤਵੇਂ 'ਗੁਰੂ ਹਰ ਰਾਇ ਅਤੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਜੀ ਬਾਰੇ ਉਹਨਾਂ ਦਾ ਜੀਵਨ ਤੇ ਪ੍ਰਾਪਤੀਆਂ ਦਾ ਹੀ ਖਾਸ ਤੌਰ ਤੇ ਵਰਨਣ ਕਰਨਾ ਸੀ। ਕਿਉਂਕਿ ਇਹਨਾਂ ਗੁਰੂਆਂ ਬਾਰੇ ਬਹੁਤ ਹੀ ਘੱਟ ਲਿਖਿਆ ਗਿਆ ਹੈ। ਬੇਸ਼ੱਕ ਇਹਨਾਂ ਦੇ ਕੰਮ ਵਡੇਰੇ ਹਨ। ਇਹਨਾਂ ਦੋਹਾਂ ਗੁਰੂਆਂ ਨੇ ਜੋ ਸ਼ਾਂਤੀਪੂਰਵਕ ਢੰਗ ਨਾਲ ਤਬਦੀਲੀਆਂ ਲਿਆਂਦੀਆਂ ਅਤੇ ਜੋ ਵਿਚਾਰਧਾਰਾ ਦੀ ਖਾਤਰ ਇਹਨਾਂ ਨੇ ਸੰਘਰਸ਼ ਕੀਤਾ, ਉਹ ਕਾਬਿਲੇ-ਤਾਰੀਫ ਹੈ। ਇਹਨਾਂ ਨੇ ਗੁਰੂ ਨਾਨਕ ਦੇ ਧਰਮ ਨੂੰ ਅੱਗੇ ਤੋਰਨ ਅਤੇ ਮਜ਼ਬੂਤ ਕਰਨ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਇਹਨਾਂ ਦੋਹਾਂ ਗੁਰੂਆਂ ਨੇ ਸਿੱਖ ਧਰਮ ਦੀ ਉਸ ਸਮੇਂ ਅਗਵਾਈ ਕੀਤੀ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਵਰਗੇ ਕੱਟੜ ਵਿਅਕਤੀ ਦੀ ਹਕੂਮਤ ਸੀ। ਕਿਹਾ ਜਾਂਦਾ ਹੈ ਕਿ ਉਹ ਹਰ ਹੀਲੇ ਹਿੰਦੁਸਤਾਨ ਨੂੰ ਮੁਸਲਿਮ ਧਰਮ ਵਿੱਚ ਤਬਦੀਲ ਕਰਨ ਦਾ ਇੱਛੁਕ ਸੀ। ਅਜਿਹੇ ਨਾਜ਼ੁਕ ਦੌਰ ਵਿੱਚ ਧਰਮ ਦਾ ਪ੍ਰਚਾਰ ਤੇ ਪਾਸਾਰ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾ ਮੁਮਕਿਨ ਵੀ ਹੁੰਦਾ ਹੈ। ਅੰਦਰੋਂ ਰਿਸ਼ਤੇਦਾਰਾਂ ਦੀਆਂ ਨਰਾਜ਼ਗੀਆਂ ਅਤੇ ਵੈਰੀਆਂ ਨਾਲ ਜਾ ਮਿਲਣਾ ਹੋਰ ਵੀ ਤਕਲੀਫਦੇਹ ਸੀ। ਪਰ ਗੁਰੂ ਹਰ ਰਾਏ ਜੀ ਅਤੇ ਹਰ ਕ੍ਰਿਸ਼ਨ ਜੀ ਨੇ ਇਸ ਸਮੇਂ ਵੀ ਸਿੱਖ ਧਰਮ ਦੀ ਆਨ-ਸ਼ਾਨ ਕਾਇਮ ਰੱਖੀ ਤੇ ਇਸਨੂੰ ਬੁਲੰਦੀਆਂ ਤੇ ਪਹੁੰਚਾਇਆ। ਇਹੀ ਸੰਦੇਸ਼ ਸੀ ਜੋ ਮੈਂ ਆਪਣੇ ਇਸ ਛੋਟੇ ਜਿਹੇ ਪ੍ਰੋਜੈਕਟ ਵਿੱਚ ਦੇਣਾ ਚਾਹੁੰਦੀ ਸੀ।ਇਸ ਤੋਂ ਇਲਾਵਾ ਮੈਂ ਕੁਝ ਹੋਰ ਵੀ ਦੱਸਣਾ ਚਾਹੁੰਦੀ ਹਾਂ ਕਿ ਸਿੱਖ ਧਰਮ ਬਾਰੇ ਤੇ ਸਿੱਖ ਗੁਰੂਆਂ ਬਾਰੇ ਫੈਲਾਏ ਜਾ ਰਹੇ ਪ੍ਰ੍ਚਾਰ ਜਿਸ ਵਿੱਚ ਜਾਂ ਤਾਂ ਲੋਕਾਂ ਜਾਂ ਕਈ ਲੇਖਕਾਂ ਨੇ ਇਸ ਪਵਿੱਤਰ ਸੰਸਥਾ ਤੇ ਸੰਸਥਾਪਕਾਂ ਨੂੰ ਸ਼ਰਧਾਵੱਸ ਉਹੀ ਕਰਾਮਾਤਾਂ ਨਾਲ ਜੋੜ ਦਿੱਤਾ ਹੈ, ਜਿਹਨਾਂ ਦੇ ਵਿਰੋਧ ਵਿੱਚ ਇਹ ਸੰਸਥਾ ਉੱਭਰੀ ਸੀ। ਬਹੁਤ ਸਾਰੇ ਪੁਰਾਣੇ ਤੇ ਨਵੇਂ ਸਿੱਖ ਸਾਹਿਤ ਨੂੰ ਪੜ੍ਹ ਕੇ ਪਤਾ ਲੱਗਿਆ ਕਿ ਗੁਰੂਆਂ ਦੇ ਜੀਵ/ਨ ਦੀਆਂ ਤਰਕਪੂਰਣ ਤੇ ਸਿੱਖਿਆਦਾਇਕ ਘਟਨਾਵਾਂ ਨੂੰ ਤੋੜ-ਮਰੋੜ ਕੇ ਉਹਨਾਂ ਨੂੰ ਰਹੱਸਮਈ ਵਰਤਾਰੇ ਬਣਾ ਦਿੱਤਾ ਹੈ। ਸਿੱਖ ਧਰਮ ਹਾਲੇ 550 ਸਾਲ ਹੀ ਪੁਰਾਣਾ ਹੈ। ਇਸ ਸਮੇਂ ਦਾ ਸਾਡੇ ਕੋਲ ਇਤਿਹਾਸ ਹੈ, ਪਰ ਫਿਰ ਵੀ ਪਤਾ ਨਹੀਂ ਕੀ ਕਾਰਨ ਹੈ ਕਿ ਵਿਦਵਾਨ ਲੇਖਕਾਂ ਨੇ ਇਤਿਹਾਸ ਨੂੰ ਮਿਥਿਹਾਸ ਵਿੱਚ ਪ੍ਰੀਵਰਤਿਤ ਕਰ ਦਿੱਤਾ ਹੈ। ਖਾਸ ਕਰਕੇ ਬਾਬੇ ਨਾਨਕ ਨਾਲ ਤਾਂ ਇੰਨੀ ਬੇਇਨਸਾਫੀ ਕੀਤੀ ਹੈ ਕਿ ਉਸਨੂੰ ਵਧੀਆ ਪੜ੍ਹਿਆ ਲਿਖਿਆ, ਇਨਸਾਨ ਹੋਣ ਦੇ ਬਾਵਜੂਦ ਮੱਕਾ ਹਿਲਾਉਣਾ ਤੇ ਪੰਜੇ ਨਾਲ ਪਹਾੜ ਰੋਕਣਾ ਆਦਿ ਮਿਥਿਹਾਸਿਕ ਗੱਲਾਂ ਨਾਲ ਜੋੜ ਕੇ ਉਸਨੂੰ ਅਨਪੜ੍ਹ ਹੀ ਸਿੱਧ ਕਰਨ ਦਾ ਯਤਨ ਕੀਤਾ ਹੈ। ਜੇ ਕਰ ਸਹੀ ਢੰਗ ਨਾਲ ਸਿੱਖ ਗੁਰੂਆਂ ਦੀ ਜ਼ਿੰਦਗੀ ਦਾ ਮੁਲਾਂਕਣ ਕਰੀਏ ਤਾਂ ਸਾਰਿਆਂ ਨੇ ਹੀ ਚੰਗੀ ਤਾਲੀਮ ਹਾਸਲ ਕੀਤੀ ਸੀ। ਸਿੱਖਿਆ ਬੇਸ਼ੱਕ ਕਿਸੇ ਗੁਰੂ ਜਾਂ ਸੰਸਥਾ ਤੋਂ ਲਈ ਗਈ ਜਾਂ ਘਰੋਂ ਮਿਲੀ, ਪਰ ਉਹ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦੀ ਸੀ। ਸਿੱਖ ਧਰਮ ਕੇਵਲ ਇੱਕ ਧਰਮ ਹੀ ਨਹੀਂ ਸਗੋਂ ਵਿਗਿਆਨਕ ਪੱਖ ਤੋਂ ਇਹ ਸਹੀ ਸੋਚ ਤੇ ਹੀ ਆਧਾਰਿਤ ਹੈ। ਸਿੱਖ ਧਰਮ ਤਾਂ ਉਭਰਿਆ ਹੀ ਹਨੇਰੇ ਨੂੰ ਚਾਨਣ ਵਿੱਚ ਬਦਲਣ ਲਈ ਹੈ। ਵਹਿਮ-ਭਰਮ, ਭੁਲੇਖੇ, ਕਰਮ-ਕਾਂਡ, ਕਰਾਮਾਤ, ਕੁਝ ਜਾਤੀਆਂ ਨੂੰ ਧਾਰਮਿਕ ਸਥਾਨਾਂ 'ਤੇ ਹੀ ਨਾ ਜਾਣ ਦੀ 'ਇਜਾਜ਼ਤ' ਦੇਣੀ, ਛੂਤ-ਛਾਤ, ਲਿੰਗ, ਭੇਦ ਇਸ ਸਾਰੇ ਕੁੱਝ ਦਾ ਤਾਂ ਇਸ ਧਰਮ ਵਿੱਚ ਖੰਡਨ ਕੀਤਾ ਗਿਆ ਹੈ। ਸੰਗਤ ਤੇ ਪੰਗਤ ਇਸ ਜਾਤੀ ਪ੍ਰਥਾ ਨੂੰ ਤੋੜਨ ਲਈ ਹੀ ਸ਼ੁਰੂ ਕੀਤੀ ਗਈ ਸੀ। ਲੋਭ, ਲਾਲਚ, ਹੰਕਾਰ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਤਾਂ ਸਿੱਖ ਗੁਰੂਆਂ ਨੇ ਸਾਰੀ ਜ਼ਿੰਦਗੀ ਪ੍ਰ੍ਚਾਰ ਕੀਤਾ। ਪਰ ਅੱਜ ਫਿਰ ਸਾਡੇ ਸਮਾਜ 'ਤੇ ਇਹੀ ਚੀਜ਼ਾਂ ਭਾਰੂ ਹਨ। ਇਸ ਚੀਜ਼ ਨੂੰ ਮੁੱਖ ਰੱਖਦਿਆਂ ਮੈਂ ਸਿੱਖ ਧਰਮ ਅਤੇ ਗੁਰੂ ਹਰ ਰਾਇ ਅਤੇ ਹਰ ਕ੍ਰਿਸ਼ਨ ਤੋਂ ਇਲਾਵਾ ਦੂਸਰੇ ਗੁਰੂਆਂ ਬਾਰੇ ਵੀ ਕੁੱਝ ਲਿਖਣ ਦਾ ਯਤਨ ਕੀਤਾ ਹੈ ਅਤੇ ਸਿਰਫ ਉਹਨਾਂ ਦੀ ਜ਼ਿੰਦਗੀ ਦੇ ਤੱਥ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਸਿੱਖ ਧਰਮ ਤੱਥਾਂ 'ਤੇ ਆਧਾਰਿਤ ਹੈ। ਸਿੱਖ ਗੁਰੂ ਕੋਈ ਵਲੀ, ਔਲੀਏ, ਪੈਗੰਬਰ ਜਾਂ ਅਵਤਾਰ ਨਹੀਂ ਸਨ, ਸਗੋਂ ਵਿਦਵਾਨ ਤੇ ਸੁਲਝੇ ਹੋਏ ਮਹਾਂਪੁਰਸ਼ ਸਨ, ਜਿਹਨਾਂ ਨੇ ਜੋ ਜ਼ਿੰਦਗੀ ਦੀਆਂ ਸੱਚਾਈਆਂ ਸਾਡੇ ਸਾਹਮਣੇ ਰੱਖੀਆਂ ਹਨ, ਉਹਨਾਂ ਨੂੰ ਆਪ ਹੰਢਾਇਆ ਵੀ ਸੀ। ਜੇ ਕਿਰਤ ਕਰਨ ਨੂੰ ਕਿਹਾ ਸੀ ਤਾਂ ਕਿਰਤ ਹੱਥੀ ਕੀਤੀ ਵੀ ਸੀ, ਵੰਡ ਛਕਣ ਨੂੰ ਕਿਹਾ ਸੀ ਤਾਂ ਲੰਗਰ ਦੀ ਪ੍ਰਥਾ ਚਾਲੂ ਕੀਤੀ, ਜੇ ਨਾਮ ਜਪਣ ਨੂੰ ਕਿਹਾ ਤਾਂ ਆਪ ਵੀ ਨਾਮ ਜਪਿਆ। ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਤਾਂ ਹੀ ਲੋਕਾਂ ਨੂੰ ਉਪਦੇਸ਼ ਦਿੱਤਾ। ਬਾਬੇ ਨਾਨਕ ਨੇ ਜ਼ਿੰਦਗੀ ਦੇ ਪਿਛਲੇ ਸਾਲ ਕਰਤਾਰਪੁਰ ਵਿਖੇ ਕਿਰਤ ਕਰਦਿਆਂ ਗੁਜ਼ਾਰੇ ਸਨ।
ਆਪਣੇ ਲੰਬੇ ਸਮੇਂ ਦੇ ਅਧਿਆਪਨ ਤਜਰਬੇ ਵਿੱਚ ਬਹੁਤ ਸਾਰੇ ਅਧਿਆਪਕਾਂ ਨਾਲ ਗੱਲਬਾਤ ਹੋਈ। ਜਿਹਨਾਂ ਵਿੱਚੋਂ ਕੁਝ ਸਿੱਖ ਧਰਮ ਨਾਲ ਅਤੇ ਕੁੱਝ ਹੋਰ ਧਰਮਾਂ ਨਾਲ ਜੁੜੇ ਹੋਏ ਹਨ। ਇਸ ਕਿੱਤੇ ਵਿੱਚ ਸਿੱਧਾ ਲੋਕਾਂ ਨਾਲ ਵਾਹ ਹੁੰਦਾ ਹੈ। ਹਰ ਇੱਕ ਧਰਮ, ਵਰਗ ਦੇ ਵਿਦਿਆਰਥੀ ਹੁੰਦੇ ਹਨ ਉਹਨਾਂ ਦੇ ਮਾਪੇ ਵੀ ਮਿਲਦੇ ਰਹਿੰਦੇ ਹਨ। ਵਿਦਿਆਰਥੀ ਤਾਂ ਕੋਰੀ ਸਲੇਟ ਹੁੰਦੇ ਹਨ ਜੋ ਪਾਂਧੇ, ਅਧਿਆਪਕ ਜਾਂ ਆਲਾ-ਦੁਆਲਾ ਉਹਨਾਂ ਨੂੰ ਸਿੱਖਿਆ ਦਿੰਦਾ ਹੈ, ਉਹੀ ਉਹਨਾਂ ਦੇ ਮਨਾਂ 'ਤੇ ਉਕਰਿਆ ਜਾਂਦਾ ਹੈ। ਪੇਂਡੂ ਮਾਪੇ ਜ਼ਿਆਦਾਤਰ ਸਿੱਖਿਆ ਤੋਂ ਵਾਂਝੇ ਜਾਂ ਅੱਧ- ਪਚੱਧੇ ਪੜ੍ਹੇ ਹੁੰਦੇ ਹਨ। ਉਹਨਾਂ ਦੀਆਂ ਸਿੱਖ ਧਰਮ ਨਾਲ ਜੁੜੀਆਂ ਭਾਵਨਾਵਾਂ ਬੇਹੱਦ ਸ਼ਰਧਾ ਤੋਂ ਪ੍ਰੇਰਿਤ ਹੁੰਦੀਆਂ ਹਨ ਤੇ ਉਹ ਸੁਣੀਆਂ ਸੁਣਾਈਆਂ ਗੱਲਾਂ ਵੀ ਇਸ ਧਰਮ ਨਾਲ ਜੋੜ ਲੈਂਦੇ ਹਨ। ਪਰ ਜਦੋਂ ਪੜ੍ਹੇ ਲਿਖੇ ਅਧਿਆਪਕ ਵੀ ਅੰਧ- ਵਿਸ਼ਵਾਸ ਤੇ ਕਰਾਮਾਤਾਂ ਨਾਲ ਸਿੱਖ ਇਤਿਹਾਸ ਨੂੰ ਜੋੜਦੇ ਹਨ ਤਾਂ ਮੈਨੂੰ ਜ਼ਰੂਰ ਸਾਡੀ ਪੜਾਈ 'ਤੇ ਤਾਂ ਸ਼ੱਕ ਹੁੰਦਾ ਹੀ ਹੈ ਨਾਲ ਦੀ ਨਾਲ ਸਿੱਖ ਸੰਸਥਾਵਾਂ 'ਤੇ ਵੀ ਹਿਰਖ ਹੁੰਦਾ ਹੈ ਕਿ ਬਹੁਤ ਸਾਰੇ ਵਸੀਲਿਆਂ ਦੇ ਬਾਵਜੂਦ ਅਜੇ ਤੱਕ ਉਹ ਇਸ ਧਰਮ ਦੇ ਵਿਗਿਆਨਕ ਅਤੇ ਤਰਕਪੂਰਣ ਨਜ਼ਰੀਏ ਨੂੰ ਹੀ ਸਪੱਸ਼ਟ ਨਹੀਂ ਕਰ ਸਕੇ। ਮੈਂ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ। ਇਸ ਛੋਟੀ ਜਿਹੀ ਕਿਤਾਬ ਵਿੱਚ ਸਿੱਖ ਧਰਮ ਦੀ ਸੱਚਾਈ ਤੇ ਪਵਿੱਤਰਤਾ ਅਤੇ ਸਿੱਖ ਗੁਰੂਆਂ ਦੇ ਜੀਵਨ ਦੀਆਂ ਸੰਖੇਪ ਤੇ ਉਚਿਤ ਧਾਰਨਾਵਾਂ ਨੂੰ ਹੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਸ਼ੁਰੂ ਤੋਂ ਹੀ ਸਿੱਖ ਧਰਮ ਨਾਲ ਸਬੰਧਤ ਸਾਹਿਤ ਮੈਂ ਵੱਖ-ਵੱਖ ਸਰੋਤਾਂ, ਲਾਇਬ੍ਰੇਰੀਆਂ ਤੋਂ ਪੜ੍ਹਿਆ ਹੈ ਤੇ ਉਸ ਦਾ ਭਾਵ ਅਰਥ ਇਸ ਕਿਤਾਬ ਵਿੱਚ ਦੇਣ ਦਾ ਯਤਨ ਕੀਤਾ ਹੈ। ਕਿਤਾਬ ਛੋਟੀ ਹੈ ਤੇ ਭਾਸ਼ਾ ਬੇਹੱਦ ਸਰਲ ਰੱਖੀ ਹੈ। ਆਮ ਲੋਕ ਵੀ ਪੜ੍ਹ ਸਕਦੇ ਹਨ ਤੇ ਸਮਝ ਸਕਦੇ ਹਨ। ਲੋਕਾਂ ਦੇ ਟੋਲਿਆਂ ਦੇ ਟੋਲੇ ਕਦੇ ਕਿਸੇ ਬਾਬੇ ਦੀ ਚੌਂਕੀ ਭਰਨ ਚੱਲੇ ਹਨ, ਕਿਤੇ ਮਾਈਆਂ ਕਿਸੇ ਬਾਬੇ ਦੇ ਪੈਰੀਂ ਹੱਥ ਲਾ ਰਹੀਆਂ ਹਨ। ਕਿਤੇ ਬੀਬੀਆਂ ਘਰੇ ਬਜ਼ੁਰਗਾਂ ਤੇ ਬੱਚਿਆਂ ਨੂੰ ਭੁੱਖੇ ਭਾਣੇ ਛੱਡ ਕੇ ਕਿਸੇ ਬਾਬੇ ਦੇ ਖੇਤਾਂ ਵਿੱਚ ਸੇਵਾ ਕਰ ਰਹੀਆਂ ਹਨ, ਇਹੋ ਜਿਹੇ ਵਰਤਾਰੇ ਮੈਨੂੰ ਜਾਤੀ ਤੌਰ 'ਤੇ ਕੋਝੇ ਲੱਗਦੇ ਹਨ। ਧਾਰਮਿਕ ਕੰਮਾਂ ਵਿੱਚ ਮੇਰੇ ਰਾਜ ਦੇ ਲੋਕ ਵੱਧ ਚੱੜ ਕੇ ਹਿੱਸਾ ਲੈਂਦੇ ਹਨ, ਧਰਮ ਦੇ ਨਾਂ 'ਤੇ ਲੜਨ ਮਰਨ ਤੱਕ ਦੀ ਨੌਬਤ ਆ ਜਾਂਦੀ ਹੈ, ਧਰਮ ਦੇ ਨਾਂ 'ਤੇ ਵੱਡੇ-ਵੱਡੇ ਸਮਾਗਮ ਕਰਕੇ ਦਿਖਾਵਾ ਕੀਤਾ ਜਾਂਦਾ ਹੈ ਪਰ ਬਾਬੇ ਨਾਨਕ ਦੀ ਬੰਦਗੀ, ਸੇਵਾ ਭਾਵਨਾ ਅਤੇ ਸਾਦਗੀ ਗਾਇਬ ਹੈ। ਪਾਠ ਰਖਾਏ ਜਾਂਦੇ ਹਨ, ਰਾਗੀ ਸਿੰਘ ਕੀਰਤਨ ਕਰਦੇ ਹਨ, ਪਰ ਨਾ ਤਾਂ ਕੋਈ ਪਾਠ ਸੁਣਦਾ ਹੈ ਤਾਂ ਨਾ ਹੀ ਕੀਰਤਨ। ਮੈਨੂੰ ਲੱਗਦਾ ਹੈ ਕਿ ਸਿੱਖ ਸੰਸਥਾਵਾਂ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮਹਾਨ ਬਾਬੇ ਨਾਨਕ ਦਾ ਧਰਮ ਜੋ ਅਗਲੇਰੇ ਗੁਰੂਆਂ ਨੇ ਹਰ ਤਰਾਂ ਦੇ ਸੁਚੱਜੇ ਯਤਨਾਂ ਨਾਲ ਅਤੇ ਮਹਾਨ ਕੁਰਬਾਨੀਆਂ ਨਾਲ ਪ੍ਰਫੁਲਿਤ ਕੀਤਾ, ਉਸ ਨੂੰ ਸੰਭਾਲਿਆ ਜਾ ਸਕੇ ਅਤੇ ਲੋਕਾਂ ਨੂੰ ਫਿਰ ਤੋਂ ਸ਼ਬਦ-ਗੁਰੂ ਨਾਲ ਜੋੜਿਆ ਜਾਵੇ।
ਮਹਾਨ ਗ੍ਰੰਥ 'ਗੁਰੂ ਗਰੰਥ ਸਾਹਿਬ' ਜੀ ਦੀਆਂ ਧਾਰਮਿਕ ਤੇ ਅਧਿਆਤਮਕ ਸੇਧਾਂ ਤੋਂ ਇਲਾਵਾ ਸਮਾਜਿਕ ਜੀਵਨ ਦੇ ਬਹੁਤ ਸਾਰੇ ਪੱਖਾਂ ਦੀਆਂ ਸੱਚਾਈਆਂ ਬਾਰੇ ਵੀ ਇਸ ਤੋਂ ਸੇਧ ਮਿਲਦੀ ਹੈ, ਜੋ ਅੱਜ ਦੇ ਸਮੇਂ ਵੀ ਪੂਰੀ ਢੁੱਕਦੀ ਹੈ। ਇਸ ਪਦਾਰਥਕ ਯੁੱਗ ਵਿੱਚ ਜਿੱਥੇ ਲੋਕ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ, ਨਿੱਕੀ-ਨਿੱਕੀ ਗੱਲ ਤੇ ਸ਼ਹਿਨਸ਼ੀਲਤਾ ਗੁਆ ਬਹਿੰਦੇ ਹਨ, ਉੱਥੇ ਜੇਕਰ ਜ਼ਿੰਦਗੀ ਦੇ ਕੁਝ ਪਲ ਇਸ ਪਵਿੱਤਰ ਬਾਣੀ ਦੇ ਲੇਖੇ ਲਾਉਣ ਤਾਂ ਕੁਝ ਸਕੂਨ ਹਾਸਲ ਕਰ ਸਕਦੇ ਹਨ।
ਇਸ ਉਦੇਸ਼ ਨੂੰ ਮੁੱਖ ਰੱਖ ਕੇ ਮੈਂ ਗੁਰੂ ਹਰ ਰਾਇ ਅਤੇ ਹਰ ਕ੍ਰਿਸ਼ਨ ਸਾਹਿਬ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਨਾਲ ਬਾਕੀ ਸਿੱਖ ਗੁਰੂਆਂ ਬਾਰੇ ਵੀ ਲਿਖਣ ਦਾ ਮਨ ਬਣਾਇਆ ਬੇਸ਼ੱਕ ਬਾਕੀ ਸਿੱਖ ਗੁਰੂਆਂ ਬਾਰੇ ਮਹਾਨ ਵਿਦਵਾਨਾਂ ਨੇ ਬਹੁਤ ਕੁਝ ਲਿਖ ਕੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਤੇ ਭਰਪੂਰ ਰੌਸ਼ਨੀ ਪਾਈ ਹੋਈ ਹੈ। ਮੈਂ ਵੀ ਕੁੱਝ ਤੱਥ ਲਿਖ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਗੁਰੂਆਂ ਨੇ ਸਾਡੇ ਸਾਹਮਣੇ ਅਜਿਹੇ ਧਰਮ ਦੀ ਸਥਾਪਨਾ ਕੀਤੀ ਹੈ ਜਿਸ 'ਤੇ ਚੱਲ ਕੇ ਮਨੁੱਖ ਇਸ ਧਰਤੀ 'ਤੇ ਆਪਣਾ ਪੰਧ ਸੁਖੇਰਾ ਕਰ ਸਕਦਾ ਹੈ। ਖੋਖਲੇ ਰੀਤੀ ਰਿਵਾਜਾਂ ਤੇ ਕਰਮ-ਕਾਂਡਾ ਤੋਂ ਬਚ ਸਕਦਾ ਹੈ, ਅੱਜ ਦੀ ਕਾਹਲੀ ਤੇ ਭੱਜ ਦੌੜ ਦੀ ਜ਼ਿੰਦਗੀ ਵਿੱਚ ਵੀ ਸਾਵੀਂ ਪੱਧਰੀ ਜ਼ਿੰਦਗੀ ਜਿਉਂ ਸਕਦਾ ਹੈ। ਮਨਮੁਖ ਨਾ ਹੋ ਕੇ ਗੁਰਮੁਖ ਬਣ ਸਕਦਾ ਹੈ। ਆਪਣੀ ਜ਼ਿੰਦਗੀ ਰੌਸ਼ਨ ਕਰ ਸਕਦਾ ਹੈ। ਰੌਸ਼ਨ ਦਿਮਾਗ ਆਦਮੀ ਵਧੀਆ ਸਮਾਜ ਦੀ ਸਿਰਜਣਾ ਕਰਦਾ ਹੈ ਤੇ ਵਧੀਆ ਸਮਾਜ ਧਰਤੀ ਨੂੰ ਸਵਰਗ ਬਣਾ ਸਕਦਾ ਹੈ। ਮੇਰੀ ਇਸ ਕੋਸ਼ਿਸ਼ ਵਿੱਚ ਮੇਰੇ ਪਤੀ ਸ. ਸੁਰਿੰਦਰ ਸਿੰਘ ਨੇ ਮੇਰਾ ਬੜਾ ਸਾਥ ਦਿੱਤਾ ਹੈ। ਉਹਨਾਂ ਦੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਉਹਨਾਂ ਦੀ ਮਦਦ ਨਾਲ ਹੀ ਇਹ ਕਿਤਾਬ ਛਪ ਸਕੀ ਹੈ। ਮੇਰੇ ਬੱਚਿਆਂ ਹਰਜੀਤ ਸਿੰਘ ਤੇ ਨਵਜੋਤਪਾਲ ਸਿੰਘ ਦੀ ਹੱਲਾ ਸ਼ੇਰੀ ਨੇ ਮੇਰਾ ਹੌਂਸਲਾ ਵਧਾਇਆ।
ਗੁਰਸ਼ਰਨ ਕੌਰ।
26-9-2019