ਸੋਹਣੀ ਮਹੀਂਵਾਲ (ਹਾਸ਼ਮ ਸ਼ਾਹ)

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਸੋਹਣੀ-ਮਹੀਂਵਾਲ ਹਾਸ਼ਮ ਸ਼ਾਹ
ਹਾਸ਼ਮ ਸ਼ਾਹ



ਅੱਵਲ ਨਾਮ ਧਿਆਵਉ ਉਸ ਦਾ, ਜਿਨ ਇਹੁ ਜਗਤ ਉਪਾਇਆ ।
ਥੰਮਾਂ ਮੇਖ਼ ਜ਼ੰਜੀਰਾਂ ਬਾਝੋਂ, ਧਰਤਿ ਅਕਾਸ਼ ਟਿਕਾਇਆ ।
ਬਿਨ ਤਤਬੀਰ ਮਸਾਲੇ ਮੇਹਨਤ, ਬਿਨ ਹਥੀਆਰ ਬਣਾਇਆ ।
ਹਾਸ਼ਮ ਦੇਖ ਅਜੇਹਾ ਖ਼ਾਲਕ, ਤੈਂ ਕੀ ਹੋਸ਼ ਭੁਲਾਇਆ ।੧।


ਇਕ ਥੋਂ ਚਾਰ ਹੋਏ ਚਹੁੰ ਕੋਲੋਂ, ਜੋ ਹੈ ਖ਼ਲਕਤ ਸਾਰੀ ।
ਬੇਰੰਗੀ ਲੱਖ ਰੰਗ ਸਵਾਰੀ, ਕਰਿ ਗੁਲਜ਼ਾਰ ਪਸਾਰੀ ।
ਇਕ ਨ ਦੂਜੇ ਜੇਹਾ ਹਰਗਿਜ਼, ਸੂਰਤ ਸ਼ਕਲ ਨਿਆਰੀ ।
ਹਾਸ਼ਮ ਜਲਵਾ ਜਾਤ ਉਸੇ ਦਾ, ਖ਼ਾਕੀ ਨੂਰੀ ਨਾਰੀ ।੨।


ਹੈ ਰੱਬ ਜਾਤ ਮਕਾਨੋਂ ਜਿਸਮੋਂ, ਹਿਰਸ ਹਵਾਓਂ ਖਾਲੀ ।
ਪਰ ਤੂੰ ਸਮਝਿ ਹਿਜਾਰੂੰ ਆਕਲ, ਇਹ ਗੱਲ ਸਮਝਣ ਵਾਲੀ ।
ਓਹੁ ਭੀ ਦੇਖ ਨਾ ਸਿਦਕੋਂ ਖਾਲੀ, ਜੋ ਹਰ ਸ਼ੈ ਦਾ ਵਾਲੀ ।
ਹਾਸ਼ਮ ਬੂਦ ਕੀਤਾ ਨਾਬੂਦੋਂ, ਹਿਕਮਤਿ ਇਸ਼ਕ ਸਿਖਾਲੀ ।੩।


ਜਦ ਏਹ ਸਾਰੀ ਮੁਰਾਦ ਇਸ਼ਕ ਦੀ, ਮੈਂ ਕਰ ਖ਼ਿਆਲ ਪਛਾਤੀ ।
ਦਰਦਵੰਦਾਂ ਦੀ ਸਿਫਤਿ ਮੁਹਬਤਿ, ਐਨ ਸਹੀ ਕਰ ਜਾਤੀ ।
ਤਾਂ ਇਹ ਸ਼ੌਕ ਪਿਆ ਵਿਚ ਦਿਲ ਦੇ, ਕਰਿ ਮਿਹਨਤ ਦਿਨ ਰਾਤੀਂ ।
ਹਾਸ਼ਮ ਦਰਦਵੰਦਾਂ ਦੀ ਹਾਲਤ, ਕਹੀ ਸਦਾ ਰੰਗ ਰਾਤੀ ।੪।


ਇਕ ਦਿਨ ਸ਼ੌਕ ਸਮੇਂ 'ਜਗਦੇਈ', ਬੈਠਿਆਂ ਵਿਚ ਮਸੀਤੀਂ ।
ਯਾਰਾਂ ਦਰਦਵੰਦਾਂ ਫ਼ਰਮਾਇਸ਼, ਨਾਲ ਮੁਹਬਤਿ ਕੀਤੀ-
'ਸੋਹਣੀ ਮੇਹੀਂਵਾਲ ਬਣਾਵਉ, ਨਾਲ ਉਨ੍ਹਾਂ ਜੋ ਬੀਤੀ ।
ਹਾਸ਼ਮ, ਕੌਣ, ਕਿਥਾਈਓਂ ਆਹੇ ? ਕਿਨ੍ਹੇ ਨਾ ਜ਼ਾਹਰ ਕੀਤੀ ।੫।


ਤਾਂ ਮੈਂ ਸੁਣੀ ਸੁਣਾਈ ਹਾਲਤ, ਯਾਦ ਦਲੀਲੋਂ ਕਰਕੇ ।
ਆਖੀ ਨਾਲ ਉਨ੍ਹਾਂ ਜੋ ਵਰਤੀ, ਸ਼ੌਕ ਦਿਲੇ ਵਿਚ ਧਰਕੇ ।
ਮੁਸ਼ਕਲ ਪਹੁੰਚ ਉਨ੍ਹਾਂ ਦੀ ਹੋਈ, ਵਹਿਮ ਨਦੀ ਵਿਚ ਤਰਕੇ ।
ਹਾਸ਼ਮ ਮਿਲਣ ਮੁਹਾਲ ਸੋਹਣੀ ਦਾ, ਜੋ ਮਿਲਿਆ ਸੋ ਮਰ ਕੇ ।੬।


ਤੁੱਲਾ ਨਾਮ ਨਿਮਾਜ਼ੀ ਆਹਾ, ਬੁਜ਼ਰਕ ਨੇਕ ਸਤਾਰੇ ।
ਸੀ ਗੁਜਰਾਤ ਸ਼ਹਿਰ ਵਿਚ ਵਸਦਾ, ਚੰਦਲ ਨਦੀ ਕਿਨਾਰੇ ।
ਉਸਤਾਕਾਰ ਕਰੇ ਗਿਲਗੋਈ, ਕਰ ਤਸਵੀਰ ਉਤਾਰੇ ।
ਹਾਸ਼ਮ ਨੇਕ ਜ਼ਮਾਨੇ ਅੰਦਰ, ਸ਼ਾਹਜਹਾਂ ਦੇ ਵਾਰੇ ।੭।


ਸ਼ਰਬਤ ਸੇਰ ਪਵੇ ਜਿਸ ਪਿਆਲੇ, ਤੋਲਾ ਵਜ਼ਨ ਬਣਾਵੈ ।
ਚੀਨੀ ਯਸਮ ਬਲੌਰੀ ਕੋਲੋਂ, ਮੁੱਲ ਵਧੇਰੇ ਪਾਵੈ ।
ਹਰ ਹਰ ਤਰਫ਼ ਬਿਦੇਸੋਂ ਮੁਲਖੋਂ, ਲੈਣ ਸੁਦਾਗਰ ਆਵੈ ।
ਹਾਸ਼ਮ ਆਪਣੀ ਕਾਰੀਗਰੀ ਵਿਚ, ਅਫਲਾਤੂਨ ਕਹਾਵੈ ।੮।


ਆਪਣੇ ਜਾਤ ਕਬੀਲੇ ਅੰਦਰ, ਹੈ ਉਸ ਦੀ ਸਰਦਾਰੀ ।
ਸਿਰਕਾਰਾਂ ਵਿਚ ਸ਼ਾਹੂਕਾਰੀ, ਮਰਦ ਵਡਾ ਇਤਬਾਰੀ ।
ਤੁੱਲਾ ਨਾਮ ਚੁਫੇਰੇ ਰੌਸ਼ਨ, ਦਾਨਸ਼ਵੰਦ ਵਿਹਾਰੀ ।
ਹਾਸ਼ਮ ਜਾਤ ਨ ਗੋਤ ਕਿਸੇ ਦੀ, ਹੁਰਮਤਿ ਚੀਜ਼ਿ ਨਿਆਰੀ ।੯।
੧੦

ਦੌਲਤਵੰਦੁ ਮਰਾਤਬ ਵਾਲਾ, ਖੂਹੈ ਬਾਗ਼ ਮਵਾਤੀ ।
ਇਕ ਉਲਾਦ ਨ ਜੀਵਸ ਮੂਲੇ, ਰਹਸੁ ਗ਼ਮੀ ਦਿਨ ਰਾਤੀ ।
ਸੋਹਣੀ ਨਾਮ ਹੋਈ ਇਕ ਬੇਟੀ, ਪਾਈ ਓਸ ਹਯਾਤੀ ।
ਹਾਸ਼ਮ ਕੋਈ ਨ ਦਰਦੋਂ ਖਾਲੀ, ਬਾਤ ਸਹੀ ਕਰ ਜਾਤੀ ।੧੦।
੧੧

ਬਾਰਾਂ ਬਰਸ ਹੋਏ ਜਦ ਸੋਹਣੀ, ਸਮਝੀ ਹੋਸ਼ ਜਹਾਨੀ ।
ਚੱਜ ਅਚਾਰ ਕਸੀਦਾ ਚਰਖਾ, ਜ਼ੀਨਤ ਜ਼ੇਬ ਜ਼ਨਾਨੀ ।
ਰੌਸ਼ਨ ਰੰਗ ਜਵਾਹਰ ਕੋਲੋਂ, ਚੰਦ ਜਿਵੇਂ ਅਸਮਾਨੀ ।
ਹਾਸ਼ਮ ਜਾਣ ਕੋਈ ਦਮ ਲਾਹਾ, ਮਾਂ ਪਿਉ ਹੁਸਨ ਜੁਆਨੀ ।੧੧।
੧੨

ਆਖੀਂ ਫੇਰ ਹਕੀਕਤਿ ਅਗਲੀ, ਮੰਗੀ ਜਿਵੇਂ ਵਿਵਾਹੀ ।
ਪਰ ਹੁਣ ਮੇਹੀਂਵਾਲ ਹਵਾਲਤ, ਕਹੁ ਤੂੰ ਦੱਸ ਗਵਾਹੀ ।
ਆਹਾ ਕੌਣ, ਕਿਥਾਈਂਓਂ ਕਿਕੁਰ, ਪਇਆ ਇਸ਼ਕ ਦੀ ਫਾਹੀ ?
ਹਾਸ਼ਮ ਪਹਿਲਾਂ ਉਠਦੀ ਜਿਉਂ ਕਰ, ਓੜਕ ਜਿਵੇਂ ਨਿਬਾਹੀ ।੧੨।
੧੩

ਆਹਾ ਮਰਦ ਸੁਦਾਗਰਜ਼ਾਦਾ, ਜਾਤੋਂ ਮੁਗ਼ਲ ਵਿਚਾਰਾ ।
ਦਿੱਲੀ ਤਖ਼ਤ ਸ਼ਹਿਰ ਨੂੰ ਤੁਰਿਆ, ਤਜਿਆ ਬਲਖ਼ ਬੁਖ਼ਾਰਾ ।
ਕਾਬਲ ਝੰਗ ਸਿਆਲਾਂ ਵਿਚ ਵਿਚ, ਫਿਰਦਾ ਤਖ਼ਤ ਹਜ਼ਾਰਾ ।
ਹਾਸ਼ਮ ਆਣ ਲੱਥਾ ਗੁਜਰਾਤੇ, ਚੰਦਲ ਨਦੀ ਕਿਨਾਰਾ ।੧੩।
੧੪

ਨਾ ਸੀ ਐਡ ਕੋਈ ਕਰਿ ਖ਼ੁਆਰੀ, ਮਰਦ ਵੱਡਾ ਇਤਮਾਮੀ ।
ਇਕ ਅਸਵਾਰ ਆਹਾ ਦੋ ਦੂਜੇ, ਖ਼ਿਜਮਤਦਾਰ ਮੁਦਾਮੀ ।
ਸਾਹਿਬ ਹੁਸਨ ਰਸੀਲਾ ਆਕਲ, ਕਿਸੀ ਨ ਤਰਫ਼ੋਂ ਖ਼ਾਮੀ ।
ਹਾਸ਼ਮ ਰੋਜ਼ ਰਹਿਆ ਬਹੁਤੇਰੇ, ਕਰ ਕੇ ਤਲਬ ਅਰਾਮੀ ।੧੪।
੧੫

ਆਹਾ ਨਾਮ ਸਦੇਂਦੇ ਮਿਰਜ਼ਾ, ਇਜ਼ਤ ਬੇਗ ਕਦੀਮੀ ।
'ਮੇਹੀਂਵਾਲ' ਬਣਾਇਆ ਲੋਕਾਂ, ਅੰਦਰ ਵਖ਼ਤ ਯਤੀਮੀ ।
ਡਿਗਿਆਂ ਕੌਣ ਬੁਲਾਵੇ ਕਰਕੇ, ਹੁਰਮਤਿ ਨਾਲ ਹਲੀਮੀ ।
ਹਾਸ਼ਮ ਜ਼ਾਤ ਰੱਬੇ ਦੀ ਅੰਦਰ, ਹੈ ਹਰ ਵਖ਼ਤ ਰਹੀਮੀ ।੧੫।
੧੬

ਇਕ ਦਿਨ ਖ਼ਿਜਮਤਦਾਰ ਪਿਆਲਾ, ਮੁਲ ਖ਼ਰੀਦ ਬਜ਼ਾਰੋਂ ।
ਖ਼ਾਵੰਦ ਪਾਸ ਗਿਆ ਲੈ ਤੋਹਫ਼ਾ, ਦਿਲ ਦੇ ਸ਼ੌਂਕ ਪਿਆਰੋਂ ।
ਦੇਖ ਹੈਰਾਨ ਹੋਇਆ ਸੌਦਾਗਰ, ਬਾਹਰਿ ਸਿਫ਼ਤ ਸ਼ੁਮਾਰੋਂ ।
ਹਾਸ਼ਮ ਖ਼ੂਬ ਹੋਈ ਉਸਤਾਦੀ, ਉਸਤਾਕਾਰ ਘੁਮਾਰੋਂ ।੧੬।
੧੭

ਦਿਲ ਵਿਚ ਸ਼ੌਕ ਹੋਇਆ ਉਠ ਤੁਰਿਆ, ਥਾਉਂ ਮਕਾਨ ਨ ਜਾਣੇ ।
ਤੁੱਲਾ ਨਾਮ ਸਹੀ ਕਰ ਸ਼ਹਿਰੋਂ, ਪਹੁਤਾ ਓਸ ਟਿਕਾਣੇ ।
ਸੋਹਣੀ ਨਜ਼ਰ ਪਈ ਉਸ ਥਾਉਂ, ਮਾਰਨਹਾਰ ਧਿਙਾਣੇ ।
ਹਾਸ਼ਮ ਖਾਇ ਕੇ ਇਸ਼ਕ ਤਮਾਚਾ, ਮੁੜਿਆ ਵਾਂਗੁ ਨਿਮਾਣੇ ।੧੭।
੧੮

ਆਇਆ ਫੇਰ ਟਿਕਾਣੇ ਉਸੇ, ਹੋ ਚਿਤ ਰੋਸੁ ਵਿਚਾਰਾ ।
ਭੁੱਲੀ ਹੋਸ਼ ਪਿਆ ਵਿਚ ਹੈਰਤ, ਕੀਤਾ ਇਸ਼ਕ ਪਸਾਰਾ ।
ਦਿੱਲੀ ਵਾਰ ਸੁਟਾਂ ਗੁਜਰਾਤੋਂ, ਨਾਲੇ ਬਲਖ਼ ਬੁਖਾਰਾ ।
ਹਾਸ਼ਮ ਬੇਦ ਕਿਤੇਬੋਂ ਅਕਲੋਂ, ਬ੍ਰਿਹੋਂ ਪੰਥ ਨਿਆਰਾ ।੧੮।
੧੯

ਨੀਂਦਰ ਭੁੱਖ ਗਈ ਹੋਰ ਦੂਜੀ, ਵਿਸਰੇ ਖੇਸ਼ ਕਬੀਲੇ ।
ਲੱਖ ਲੱਖ ਫ਼ਿਕਰ ਦਲੀਲ ਉਠਾਵੇ, ਯਾਰ ਮਿਲੇ ਜਿਸ ਹੀਲੇ ।
ਬ੍ਰਿਹੋਂ ਆਣ ਵਟਾਈ ਸੂਰਤ, ਨੈਣ ਲੋਹੂ ਮੁਖ ਪੀਲੇ ।
ਹਾਸ਼ਮ ਰਾਸ ਨ ਆਵਣ ਹੀਲੇ, ਮੁਸ਼ਕਲ ਬਾਝ ਵਸੀਲੇ ।੧੯।
੨੦

ਕਰੇ ਖ਼ਿਆਲ ਬਣੇ ਜਿਸ ਮਤਲਬ, ਹੀਲਾ ਫ਼ਿਕਰ ਉਠਾਇਆ ।
ਘੋੜਾ ਵੇਚ ਲਿਆ ਕੁਝ ਪੈਸੀਂ, ਸ਼ੌਕਤੁ ਸ਼ਾਨੁ ਗਵਾਇਆ ।
ਖ਼ਿਜਮਤਦਾਰ ਗਏ ਉਠ ਪਾਸੋਂ, ਆਜਿਜ਼ ਇਸ਼ਕ ਬਣਾਇਆ ।
ਹਾਸ਼ਮ ਜਾਮ-ਫ਼ਰੋਸ਼ੀ ਪਕੜੀ, ਲਾਹਾ ਇਸ਼ਕ ਦਿਖਾਇਆ ।੨੦।
੨੧

ਵੇਚੇ ਆਣ ਬਜ਼ਾਰ ਪਿਆਲਾ, ਜਾਏ ਲੈਣ ਦੁਕਾਨੇ ।
ਬਾਤਾਂ ਨਾਲ ਕਰੇ ਘੁਮਿਆਰਾਂ, ਰਖਦਾ ਨਜ਼ਰ ਨਿਸ਼ਾਨੇ ।
ਜਾਮ ਫਰੋਸ਼ ਵਪਾਰੀ ਬਣਿਆ, ਦੇਖੋ ਏਸ ਬਹਾਨੇ ।
ਹਾਸ਼ਮ ਇਸ਼ਕ ਸਿਖਾਲੇ ਆਪੇ, ਮਰਦਾਂ ਮਕਰ ਜ਼ਨਾਨੇ ।੨੧।
੨੨

ਸਬਰ ਅਰਾਮ ਨ ਆਵਸਿ ਹਰਗਿਜ਼, ਬਾਝੋਂ ਓਸ ਟਿਕਾਣੇ ।
ਮੁੜ ਮੁੜ ਫੇਰ ਵਟਾਵਣ ਜਾਵੇ, ਰਖਿ ਰਖਿ ਐਬ ਧਿਙਾਣੇ ।
ਚਹੁੰ ਦੀ ਚੀਜ਼ ਦੇਵੇ ਦੁਹੁੰ ਪੈਸੀਂ, ਸਸਤੁ ਨ ਮਹਿੰਗੁ ਪਛਾਣੇ ।
ਹਾਸ਼ਮ ਆਪ ਬਿਨਾ ਮੁਲ ਵਿਕਿਆ, ਹੋਰ ਕੀ ਵੇਚਣ ਜਾਣੇ ।੨੨।
੨੩

ਪਹਿਲੀ ਗਈ ਗਵਾਤੀ ਉਸ ਥੋਂ, ਖ਼ੂਬੀ ਤੇ ਵਡਿਆਈ ।
ਦੇਖ ਵਿਹਾਰੁ ਕਹੇ ਜਗ ਸਾਰਾ, ਬਣਿਆ ਭੇਖ ਸ਼ੌਦਾਈ ।
ਦੁਨੀਆਂ ਯਾਰ ਕਿਸੇ ਦੀ ਨਾਹੀ, ਮਤਲਬਦਾਰ ਲੁਕਾਈ ।
ਹਾਸ਼ਮ ਨਾਲ ਤੇਰੇ ਕੀ ਵਰਤੀ, ਨਾ ਕਰਿ ਬਾਤ ਪਰਾਈ ।੨੩।
੨੪

ਚਾਮੋਂ ਦਾਮ ਚਲਾਏ ਕਿਚਰਕੁ, ਦਾਮ ਨ ਰਹਿਓਸੁ ਪੱਲੇ ।
ਜਦ ਉਸ ਖਰਚ ਲਈ ਸਭ ਪੂੰਜੀ, ਕੁਝ ਤਤਬੀਰ ਨ ਚੱਲੇ ।
ਕੀਕੁਰ ਜਾਇ ਵੜੇ ਉਸ ਵੇਹੜੇ, ਰਾਹ ਬਖ਼ੀਲਾਂ ਮੱਲੇ ।
ਹਾਸ਼ਮ ਪੇਸ਼ ਨ ਜਾਵਸ ਹਰਗਿਜ਼, ਕਜ਼ੀਏ ਪਏ ਅਵੱਲੇ ।੨੪।
੨੫

ਆਜਿਜ਼ ਆਣਿ ਹੋਇਆ ਦੁਖਿਆਰਾ, ਸਬਰ ਅਰਾਮ ਨ ਆਵੇ ।
ਦਿਲ ਨੂੰ ਰੋਗ ਲਗਾ ਉਠਿ ਡਾਢਾ, ਹਿਕਮਤਿ ਪੇਸ਼ ਨ ਜਾਵੇ ।
ਚਾਕਰ ਨਾਲ ਰਿਹਾ ਘੁਮਿਆਰਾਂ, ਮੇਹੀਂ ਚਾਰ ਲਿਆਵੇ ।
ਹਾਸ਼ਮ ਸ਼ੌਕ ਗ਼ਰੂਰ ਨ ਛਡਦਾ, ਖ਼ਾਕ ਹੋਇਆਂ ਰਹਿ ਆਵੇ ।੨੫।
੨੬

ਮੇਹੀਂ ਰੋਜ਼ ਚੁਗਾਵੇ ਚਾਰੇ, ਵੱਢਿ ਲਿਆਵੇ ਕਾਹੀਂ ।
'ਮੇਹੀਂਵਾਲ' ਕਹੇ ਜਗ ਸਾਰਾ, 'ਘੁਮਿਆਰਾਂ ਦਾ ਮਾਹੀ' ।
ਰਾਤੀਂ ਨੀਂਦ ਅਰਾਮ ਨ ਆਵੇ, ਦਿਨੇ ਰਹੇ ਨਿਤ ਰਾਹੀ ।
ਹਾਸ਼ਮ ਜਾਨ ਛੁਡਾਵਣ ਔਖੀ, ਬੁਰੀ ਇਸ਼ਕ ਦੀ ਫਾਹੀ ।੨੬।
੨੭

ਆਹੀਂ ਮਾਰੇ ਤੇ ਗ਼ਮ ਖਾਵੇ, ਪੀਵੇ ਖ਼ੂਨ ਜਿਗਰ ਦਾ ।
ਰੋਵੇ ਪੀੜ ਕਰੇ ਦਿਲ ਘਾਇਲ, ਜ਼ਖ਼ਮੀ ਵਸਲੁ ਹਿਜਰ ਦਾ ।
ਆਜਿਜ਼ ਆਣ ਮੁਸੀਬਤਿ ਫਸਿਆ, ਪੰਛੀ ਦੂਰ ਸ਼ਹਿਰ ਦਾ ।
ਹਾਸ਼ਮ ਸ਼ੌਕ ਦੀਵਾਨਾ ਕੀਤਾ, ਮਗਰ ਮੇਹੀਂ ਦੇ ਫਿਰਦਾ ।੨੭।
੨੮

ਨਾਜ਼ਕ ਨਾਜ਼-ਪਵਰਦਾ ਸੁਖੀਆ, ਮੇਹੀਂ ਚਾਰ ਨ ਜਾਣੇ ।
ਕੀਤਾ ਇਸ਼ਕ ਨਿਮਾਣਾ ਕਮਲਾ, ਪਾਲੀ ਜ਼ੋਰ ਧਿਙਾਣੇ ।
ਰੋ ਰੋ ਯਾਦ ਕਰੇ ਦਿਨ ਰਾਤੀਂ, ਪਿਛਲੇ ਵਖਤ ਵਿਹਾਣੇ ।
ਹਾਸ਼ਮ ਰਾਹ ਇਸ਼ਕ ਦਾ ਡਾਢਾ, ਲਗ ਲਗ ਚੋਟ ਪਛਾਣੇ ।੨੮।
੨੯

ਮੇਹੀਂਵਾਲ ਰਹੇ ਦਿਨ ਫਿਰਦਾ, ਰਾਤਿ ਪਈ ਘਰਿ ਆਵੇ ।
ਵੇਖੈ ਆਣ ਸੋਹਣੀ ਨੂੰ ਜੀਵੈ, ਸਵੇਂ ਨ ਪੀਵੇ ਖਾਵੇ ।
ਸਾਰੀ ਰਾਤਿ ਗਿਣੇਂਦਿਆਂ ਤਾਰੇ, ਰੋਵਣ ਨਾਲ ਵਿਹਾਵੇ ।
ਹਾਸ਼ਮ ਸੇਜ ਵਿਛਾਇ ਸੂਲਾਂ ਦੀ, ਕੌਣ ਕੋਈ ਸੁਖ ਪਾਵੇ ।੨੯।
੩੦

ਅੱਠੇ ਪਹਿਰ ਅੰਦੇਸ਼ਾ ਮਿਹਨਤ, ਖ਼ੁਸ਼ੀ ਅਰਾਮ ਨ ਭੋਰਾ ।
ਕਿਚਰਕੁ ਏਸ ਤਰ੍ਹਾਂ ਬਣ ਆਵੇ, ਰਹਸੁ ਦੇਹੀ ਵਿਚ ਝੋਰਾ ।
ਤੋਰੀ ਰੰਗ ਹੋਇਆ ਤਨ ਪਿੰਜਰ, ਗਇਆ ਗੁਮਾਨ ਨਹੋਰਾ ।
ਹਾਸ਼ਮ ਇਸ਼ਕ ਕਦੀਮ ਕਸਾਈ, ਜ਼ਾਲਮ ਆਦਮ ਖ਼ੋਰਾ ।੩੦।
੩੧

ਹੋਵਨ ਚਾਕ ਚੁਗਾਵਨ ਮਂੇਹੀ, ਦੇਹੀ ਜ਼ੋਰ ਜੁਆਨਾ ।
ਦਹਿ ਦਹਿ ਸੇਰ ਖ਼ੁਰਾਕ ਜਿਨ੍ਹਾਂ ਦੀ, ਕਰੜੀ ਕਾਰ ਹੈਵਾਨਾ ।
ਨਾਜ਼ਕ ਬਦਨ ਬ੍ਰਿਹੋਂ ਦੁਖ ਯਾਰਾਂ, ਦੂਜਾ ਦੇਸ ਬਿਗਾਨਾ ।
ਹਾਸ਼ਮ ਕਾਰ ਬੁਰੀ ਉਹ ਆਜਿਜ਼, ਰੋਵੈ ਬਹੁਤੁ ਦਿਵਾਨਾ ।੩੧।
੩੨

ਬਾਹਰ ਕਰਨ ਮਜ਼ਾਖਾਂ ਪਾਲੀ, ਰਹੇ ਚੁਪਾਤਾ ਫਿਰਦਾ ।
ਘਰਿ ਆਵੇ ਤਾਂ ਘਰ ਦਾ ਕੋਈ, ਆਦਰਿ ਭਾਉ ਨ ਕਰਦਾ ।
ਆਜਿਜ਼ ਦੇਖ ਸਭੀ ਜਗ ਉਸ ਥੋਂ, ਪੈਰ ਪਿਛਾਹਾਂ ਧਰਦਾ ।
ਹਾਸ਼ਮ ਜਾਣ ਜਗਤ ਵਿਚ ਆਦਰ, ਜ਼ੋਰ, ਜੁਆਨੀ, ਜ਼ਰ ਦਾ ।੩੨।
੩੩

ਮੇਂਹੀ ਬਹੁਤ ਚੁਗਾਵਣਿ ਮੁਸ਼ਕਲਿ, ਆਜਿਜ਼ ਹੋਇ ਨਿਮਾਣਾ ।
ਹਟਿਆਂ ਫੇਰ ਮੁਹਾਲ ਦਸੀਵੇ, ਯਾਰ ਸਜਨ ਵਲਿ ਜਾਣਾ ।
ਮੇਂਹੀ ਬਾਝ ਵਸੀਲਾ ਉਸ ਦਾ, ਕੋਈ ਨ ਹੋਰ ਟਿਕਾਣਾ ।
ਹਾਸ਼ਮ ਹੋਰ ਨਹੀਂ ਵਿਚ ਦੁਨੀਆਂ, ਆਸ਼ਕ ਜੇਡ ਨਿਮਾਣਾ ।੩੩।
੩੪

ਜਿਸ ਨੂੰ ਹੋਰ ਕਿਸੇ ਨੂੰ ਬਣਦਾ, ਆਣ ਕੋਈ ਦੁਖ ਭਾਰਾ ।
ਘਰ ਦੇ ਦਰਦ ਵੰਡਾਵਣ ਉਸ ਦਾ, ਤਰਸ ਕਰੇ ਜਗ ਸਾਰਾ ।
ਆਸ਼ਕ ਲੋਕ ਜਿਵੇਂ ਜਿਉਂ ਡਿਗਦਾ, ਕਰਦਾ ਇਸ਼ਕ ਪਸਾਰਾ ।
ਹਾਸ਼ਮ ਲੋਕ ਤਿਵੇਂ ਤਿਉਂ ਦੁਸ਼ਮਣਿ, ਇਹੁ ਰੋਗ ਕੇਹਾ ਹਤਿਆਰਾ ।੩੪।
੩੫

ਐਸੇ ਹਾਲ ਅਜ਼ਾਰੀ ਦਿਲ ਨੂੰ, ਫਿਰਦਾ ਰਹਿਆ ਉਠਾਈਂ ।
ਡਰਦਾ ਏਸ ਜਹਾਨੋਂ ਆਪਣਾ, ਫਿਰਦਾ ਰੋਗੁ ਲੁਕਾਈਂ ।
ਕੱਖਾਂ ਦੇ ਵਿਚ ਅੱਗ ਬ੍ਰਿਹੋਂ ਦੀ, ਰੱਖੀ ਓਸੁ ਛੁਪਾਈ ।
ਹਾਸ਼ਮ ਕੌਣ ਲੁਕਾਵਗੁ ਜਿਸ ਦਿਨ, ਨੌਬਤ ਇਸ਼ਕ ਬਜਾਈ ।੩੫।
੩੬

ਆਸ਼ਕ ਲੋਕ ਅਜ਼ਾਰੀ ਹਰ ਦਮ, ਹੋਣ ਮਸ਼ੂਕ ਇਆਣੇ ।
ਕਾਮਲ ਵੈਦ ਮਿਲੇ ਜਿਸ ਤਾਈਂ, ਵੇਦਨ ਖ਼ੂਬ ਪਛਾਣੇ ।
ਸੋਹਣੀ ਇਸ਼ਕ ਮਸ਼ੂਕਾਂ ਵਾਲੀ, ਰੀਤ ਪ੍ਰੀਤਿ ਨ ਜਾਣੇ ।
ਹਾਸ਼ਮ ਬਹੁਤ ਲਚਾਰੀ ਥੀਵੈ, ਮੇਂਹੀਵਾਲ ਨਿਮਾਣੇ ।੩੬।
੩੭

ਲੂੰ ਲੂੰ ਨਾਲ ਦੁਖਾਂ ਦੇ ਭਰਿਆ, ਛੇੜ ਮੇਹੀਂ ਜਦ ਤੁਰਦਾ ।
ਰੋ ਰੋ ਨਾਲ ਦੁਖਾਂ ਦਿਹੁੰ ਸਾਰਾ, ਧੋਵੇ ਦਾਗ਼ ਹਿਜਰ ਦਾ ।
ਚੌਥੇ ਪਹਿਰ ਮੇਹੀਂ ਚਰ ਆਪੇ, ਰੱਖਣ ਸ਼ੌਕ ਸ਼ਹਿਰ ਦਾ ।
ਹਾਸ਼ਮ ਓਸ ਸਮੇਂ ਖ਼ੁਸ਼ ਹੋ ਕਰ, ਸ਼ੁਕਰ ਹਜ਼ਾਰਾਂ ਕਰਦਾ ।੩੭।
੩੮

ਮੇਹੀਂ ਨਾਲ ਸ਼ਹਿਰ ਨੂੰ ਤੁਰਦਾ, ਖ਼ੁਸ਼ ਹੋ ਨਾਲ ਪਿਆਰਾ ।
ਜਿਉਂ ਕਰ ਬਾਦ ਖਿਜ਼ਾਂ ਮੁੜ ਆਵੇ, ਫਾਗਣ ਚੇਤ ਬਹਾਰਾ ।
ਨੇੜੇ ਸ਼ਹਿਰ ਜਿਵੇਂ ਜਿਵ ਆਵੇ, ਚੜ੍ਹਦੇ ਚੰਦ ਹਜ਼ਾਰਾਂ ।
ਹਾਸ਼ਮ ਲੇਖ ਸਦਾ ਉਸ ਖਾਰਾਂ, ਹੋਸੁ ਕਦੀ ਗੁਲਜ਼ਾਰਾਂ ।੩੮।
੩੯

ਦੇਖੇ ਆਣਿ ਦੀਦਾਰ ਸੱਜਨ ਦਾ, ਲਖ ਲਾਹੇ ਕਰਿ ਜਾਣੇ ।
ਨਫ਼ਰਾਂ ਵਾਂਗ ਫਿਰੇ ਵਿਚ ਖਿਜਮਤਿ, ਆਖੇ ਬਾਝ ਧਿਙਾਣੇ ।
ਜਿਤ ਕਿਤ ਹਾਲ ਖੁਸ਼ਾਮਤਿ ਕਰ ਕਰ, ਰਹਿੰਦਾ ਓਸ ਟਿਕਾਣੇ ।
ਹਾਸ਼ਮ ਮਿਲਣ ਮੁਹਾਲ ਜਿਨ੍ਹਾਂ ਦੇ, ਹੋਵਣ ਰੂਹ ਵਿਕਾਣੇ ।੩੯।
੪੦

ਹਿਕਮਤਿ ਨਾਲ ਜਹਾਨੋਂ ਬਚਦਾ, ਕਰਿ ਕਰਿ ਲਖ ਬਹਾਨੇ ।
ਨੀਵੀਂ ਧੌਣ ਚੁਰਾਵੇ ਨਜ਼ਰੇ, ਰਖਦਾ ਨੀਝ ਨਿਸ਼ਾਨੇ ।
ਦੇਖਣ ਨੈਣ ਬਚਾਵਣ ਨਾਲੇ, ਲੱਖਾਂ ਨੈਣ ਬਿਗ਼ਾਨੇ ।
ਹਾਸ਼ਮ ਆਸ਼ਕ ਹੋਣ ਨਿਆਰੇ, ਦਿਸਣ ਨਾਲ ਦਿਵਾਨੇ ।੪੦।
੪੧

ਜਿਉਂ ਜਿਉਂ ਹੋਸ਼ ਸੋਹਣੀ ਵਿਚ ਆਈ, ਜ਼ੁਲਫ਼ਾਂ ਫੜੀ ਸਿਆਹੀ ।
ਹਰ ਹਰ ਵਾਲ ਬਣੇ ਲਖ ਆਫ਼ਤ, ਦਰਦਵੰਦਾਂ ਗਲਿ ਫਾਹੀ ।
ਖ਼ੂਨੀ ਨੈਣ ਵਧੇਰੇ ਹੋਵਣ, ਤੀਰੰਦਾਜ਼ ਸਿਪਾਹੀ ।
ਹਾਸ਼ਮ ਮੇਹੀਂਵਾਲ ਤਿਵੇਂ ਤਿਉਂ, ਆਵੇ ਪੇਸ਼ ਤਬਾਹੀ ।੪੧।
੪੨

ਪਾਇਆ ਆਣ ਜੁਆਨੀ ਜੋਬਨ, ਹੋਰ ਦਿਹੇਂ ਦਿਹੁੰ ਜ਼ੋਰਾ ।
ਸਮਝੀ ਹੋਸ਼ ਮਹਿਬੂਬਾਂ ਵਾਲੀ, ਲਾਡੁ ਗੁਮਾਨ ਨਹੋਰਾ ।
ਮੇਹੀਂਵਾਲ ਤਿਵੇਂ ਤਿਵ ਆਜਿਜ਼, ਰੋਜ਼ ਵਧੇ ਗ਼ਮ ਝੋਰਾ ।
ਹਾਸ਼ਮ ਚੰਦ ਪਇਆ ਨਿਤ ਵਾਧੇ, ਘਟਦਾ ਨਿਤ ਚਕੋਰਾ ।੪੨।
੪੩

ਸਮਝਣ ਖ਼ੂਬ ਲਗੀ ਜਦ ਸੋਹਣੀ, ਜੋ ਕੁਝ ਨੇਹੁੰ ਪੁਰਾਣਾ ।
ਬਾਂਕੀ ਚਾਲ ਚਲੇ ਅਲਬੇਲੀ, ਹਾਥੀ ਮਸਤ ਦੀਵਾਨਾ ।
ਲਖਿਆ ਭੇਤ ਸਜਨ ਦਾ ਉਸ ਨੇ, ਜੋ ਕੁਝ ਮਕਰ ਬਹਾਨਾ ।
ਹਾਸ਼ਮ ਦੇਖੁ ਕੇਹਾ ਹੁਣ ਹੋਵਗੁ, ਮੇਹੀਂਵਾਲ ਨਿਸ਼ਾਨਾ ।੪੩।
੪੪

ਦਿਲ ਨੂੰ ਰਾਹੁ ਕਰੇ ਦਿਲ ਓੜਕ, ਝੂਠ ਕਿਵੇਂ ਗੱਲ ਨਾਹੀਂ ।
ਕੀਤਾ ਅਸਰ ਸੋਹਣੀ ਵਿਚ ਉਸ ਦੇ, ਦਰਦ ਸੀਆਪੇ ਆਹੀਂ ।
ਹੋਵਣਹਾਰ ਹਟੇ ਨਹੀਂ ਹਰਗਿਜ਼, ਆਣ ਹੋਈ ਪਰ ਰਾਹੀਂ ।
ਹਾਸ਼ਮ ਨਾਲ ਰਲੇ ਕੁਝ ਹੀਲਾ, ਹੋਗੁ ਕੋਈ ਗੱਲ ਤਾਹੀਂ ।੪੪।
੪੫

ਪਿਛਲੇ ਲੇਖ ਲਿਖੇ ਜਿਸ ਕਿਸ ਨੂੰ, ਬਾਹੋਂ ਪਕੜ ਮਿਲਾਇਆ ।
ਆਸ਼ਕ ਹੋਵਣ ਤੇ ਦੁਖ ਪਾਵਣ, ਹੀਲਾ ਰੱਬ ਬਣਾਇਆ ।
ਜੋ ਕੁਛੁ ਲੇਖ ਲਿਖਿਆ ਸੋਈ ਜ਼ਾਹਰ, ਹੋਵਣਿ ਉਤੇ ਆਇਆ ।
ਹਾਸ਼ਮ ਨੀਵ ਧਰੀ ਹੁਣ ਕਰ ਕੇ, ਚਾਹਗੁ ਮਹਲ ਬਣਾਇਆ ।੪੫।
੪੬

ਪੈਰੋ ਪੈਰੁ ਇਸ਼ਕ ਨੇ ਜਿਉਂ ਜਿਉਂ, ਚਾਲ ਸੋਹਣੀ ਵਲ ਪਾਈ ।
ਸਮਝੀ ਸਾਕ ਇਸ਼ਕ ਦਾ ਬ੍ਰਿਹੋਂ, ਰਹਿਆ ਬਹੁ ਸਮਝਾਈ ।
ਗ਼ਲਬਾ ਸ਼ੌਕ ਹੋਇਆ ਵਿਚ ਹਡਿ ਹਡਿ, ਲੂੰ ਲੂੰ ਪ੍ਰੀਤਿ ਰਚਾਈ ।
ਹਾਸ਼ਮ ਆਪ ਹੋਈ ਜਦ ਘਾਇਲ, ਸਮਝੀ ਪੀੜ ਪਰਾਈ ।੪੬।
੪੭

ਮੇਹੀਂਵਾਲ ਦਿਸੇ ਜਦ ਉਸ ਨੂੰ, ਆਜਿਜ਼ ਬਹੁਤ ਅਜ਼ਾਰੀ ।
ਦਿਲ ਦੇ ਨਾਲ ਪਵੇ ਵਿਚ ਸੋਚੀਂ, ਬਣਦੀ ਆਣਿ ਲਚਾਰੀ ।
ਦਰਦੋਂ ਦਰਦ ਵਧੇ ਜਦ ਉਸ ਨੂੰ, ਬਹੁਤ ਕਰੇ ਗ਼ਮ ਖ਼ੁਆਰੀ ।
ਹਾਸ਼ਮ ਦਰਦਵੰਦਾਂ ਦੇ ਦਿਲਬਰ, ਵਖ਼ਤ ਵਲੋਗਣਿ ਯਾਰੀ ।੪੭।
੪੮

ਮੇਹੀਂਵਾਲ ਡਿਠੀ ਜਦ ਉਲਫ਼ਤਿ, ਹਸਿ ਹਸਿ ਯਾਰ ਬੁਲਾਵੇ ।
ਇਕ ਦੂੰ ਚਾਰ ਹੋਇਆ ਵਿਚ ਦਿਲ ਦੇ, ਸ਼ੁਕਰ ਬਜਾਇ ਲਿਆਵੇ ।
ਚੋਰੀ ਦਾਉ ਲਗੇ ਜਦ ਉਸ ਨੂੰ, ਆਪਣਾ ਹਾਲ ਸੁਣਾਵੇ ।
ਹਾਸ਼ਮੁ ਦੇਸੁ ਜਵਾਬ ਨ ਕੋਈ, ਹਾਲ ਸੁਣੇ ਮੁਸਕਾਵੇ ।੪੮।
੪੯

ਚਖਮਖ ਨਾਲ ਕਰੇ ਨਿਤ ਝਾੜੂ, ਆਦਤ ਰੋਜ਼ ਟਿਕਾਈ ।
ਆਸ਼ਕ ਪਾਸ ਰਹੇ ਨਿਤ ਦਿਲਬਰ, ਧੂੰਆਂ ਦਰਦ ਧੁਖਾਈ ।
ਓੜਕ ਫੂਕ ਮਚਾਵਗੁ ਭਾਂਬੜ, ਕਿਚਰਕੁ ਰਹਗੁ ਛੁਪਾਈ ।
ਹਾਸ਼ਮ ਜਾਣ ਉਸੇ ਦੀ ਰਚਨਾ, ਹਰ ਹਰ ਰੂਪ ਰਚਾਈ ।੪੯।
੫੦

ਭੁਲ ਗਇਆ ਤੌਰ ਸੋਹਣੀ ਨੂੰ ਅਗਲਾ, ਹਸਿ ਹਸਿ ਦੂਰ ਰਹਿਣ ਦਾ ।
ਫੜਿਆ ਜ਼ੋਰ ਇਸ਼ਕ ਨੇ ਅਪਣਾ, ਵਧਿਆ ਚਾਉ ਮਿਲਣ ਦਾ ।
ਪੋਸਤ ਵਾਂਗ ਰਚਿਆ ਵਿਚ ਦੇਹੀ, ਕੁਫੀਆ ਸ਼ੌਕ ਸਜਨ ਦਾ ।
ਹਾਸ਼ਮ ਬਹੁਤ ਬੁਰੀ ਰਸ ਫਾਹੀ, ਚੇਟਕ ਯਾਰ ਮਿਲਣ ਦਾ ।੫੦।
੫੧

ਮੇਹੀਂਵਾਲ ਮੇਹੀਂ ਦਿਨ ਚਾਰੇ, ਹਾਲ ਬੁਰੇ ਬਣਿ ਵਾਸੀ ।
ਡਾਵਾਂਡੋਲ ਸੋਹਣੀ ਵਿਚ ਘਰ ਦੇ, ਰਹਿੰਦੀ ਸਦਾ ਉਦਾਸੀ ।
ਔਖੀ ਚਾਲ ਬਣੀ ਦਿਲ ਦੋਹਾਂ, ਘਾਇਲ ਜਾਨ ਪਿਆਸੀ ।
ਹਾਸ਼ਮ ਰਾਤ ਪਵੇ ਜਿਸ ਵੇਲੇ, ਦੇਖ ਦੁਹਾਂ ਦੁਖੁ ਜਾਸੀ ।੫੧।
੫੨

ਮੇਹੀਂ ਚਾਰ ਮੇਹੀਂ ਸਣ ਮਾਹੀ, ਰਾਤ ਪਈ ਘਰਿ ਵੜਦਾ ।
ਚਕਵੇ ਵਾਂਗ ਦੋਹਾਂ ਦੇ ਦਿਲ ਨੂੰ, ਰਾਤ ਪਈ ਦਿਹੁੰ ਚੜ੍ਹਦਾ ।
ਦੇਖਣ ਨੈਣ ਨੈਣਾਂ ਨੂੰ ਜਿਸ ਦਿਨ(ਦਮ), ਸਰਦ ਹੋਵੇ ਦਿਲ ਸੜਦਾ ।
ਹਾਸ਼ਮ ਚਾਲ ਇਹੋ ਜਿਸ ਤਾਈਂ, ਨਾਗ਼ ਬ੍ਰਿਹੋਂ ਦਾ ਲੜਦਾ ।੫੨।
੫੩

ਦੂਰੋਂ ਦੂਰ ਜੁਦੇ ਵਿਚ ਲੋਕਾਂ, ਰਹਿਣ ਦੁਵੇਂ ਚੁਪ ਕੀਤੇ ।
ਵੇਲੇ ਨਾਲ ਦੋਵੇਂ ਦੁਖ ਫੋਲਣ, ਰੋਜ਼ ਜਿਮੇਂ ਦਮ ਬੀਤੇ ।
ਉਸਤਾਕਾਰ ਬ੍ਰਿਹੋਂ ਬਿਨੁ ਸੂਈ, ਬੈਠ ਦੋਵੇਂ ਦਮ ਸੀਤੇ ।
ਹਾਸ਼ਮ ਜਾਣ ਜਹਾਨੋਂ ਚੋਰੀ, ਰਹਿਣ ਸਦਾ ਮਦ ਪੀਤੇ ।੫੩।
੫੪

ਰੱਖਣ ਭੇਤ ਲੁਕਾ ਕੇ ਅਪਣਾ, ਰਾਤ ਦਿਨੇ ਇਹ ਚਾਲਾ ।
ਇਕ ਇਕ ਰੋਜ਼ ਨਿਭਾਵਣ ਕਰਕੇ, ਹੀਲਾ ਲਾਖ ਹਵਾਲਾ ।
ਖ਼ਾਲੀ ਦਸਤ ਦਿਲਾਂ ਵਿਚ ਜਪਦੇ, ਨਾਮ ਪੜ੍ਹਨ ਜਪਮਾਲਾ ।
ਹਾਸ਼ਮ ਇਸ਼ਕ ਮਹਾਂ ਗਜ ਖ਼ੂਨੀ, ਲਗਾ ਨੈਣ ਨਿਵਾਲਾ ।੫੪।
੫੫

ਚਰਚਾ ਆਣ ਹੋਈ ਸਭ ਥਾਈਂ, ਹਰ ਕੋਈ ਬਾਤ ਚਲਾਵੈ ।
ਜਿਸ ਥਾਂ ਬਾਤ ਕਰਨ ਦੋ ਰਲ ਕੇ, ਬਾਤ ਸੋਹਣੀ ਵਲ ਆਵੈ ।
ਬਾਤਾਂ ਜਗਤ ਪਰਾਈਆਂ ਕਰਿ ਕਰਿ, ਜੀਉ ਸਦਾ ਪਰਚਾਵੈ ।
ਹਾਸ਼ਮ ਤਾਪ ਨ ਰਹਿੰਦਾ ਲੁਕਿਆ, ਆਫ਼ਤ ਕੌਣ ਮਿਟਾਵੈ ।੫੫।
੫੬

ਖੁਲ੍ਹੀ ਆਣ ਜਹਾਨ ਜ਼ਬਾਨੀਂ, ਚਰਚਾ ਰੋਜ਼ ਸਵਾਈ ।
'ਮੇਹੀਂਵਾਲ ਸੋਹਣੀ ਦਾ ਆਸ਼ਕ', ਲੱਗੀ ਕਹਿਣ ਲੁਕਾਈ ।
ਰਲਕੇ ਬਹੁਤ ਬਖ਼ੀਲਾਂ ਚੁਗਲਾਂ, ਆਤਸ਼ ਫੂਕ ਮਚਾਈ ।
ਹਾਸ਼ਮ ਬਾਪ ਸੋਹਣੀ ਦੇ ਸੁਣਿਆ, ਖੇਸ਼ ਕਬੀਲੇ ਭਾਈ ।੫੬।
੫੭

ਸੁਣ ਕੇ ਬਹੁਤ ਹੋਇਆ ਸ਼ਰਮਿੰਦਾ, ਤੁੱਲਾ ਬਾਪ ਵਿਚਾਰਾ ।
ਕਰੜਾ ਸ਼ਰਮ ਹਯਾਉ ਜਹਾਨੀਂ, ਸਭ ਤੋਂ ਬਹੁਤ ਪਿਆਰਾ ।
ਖ਼ੂਬੀ ਸ਼ਰਮ ਸਭੋ ਜਗ ਢੂੰਡੇ, ਕਿਸਮਤਿ ਨਾਲ ਨ ਚਾਰਾ ।
ਹਾਸ਼ਮ ਸ਼ਰਮ ਕੇਹੀ ਘਰਿ ਜਿਸਦੇ, ਕਰਦਾ ਇਸ਼ਕ ਉਤਾਰਾ ।੫੭।
੫੮

ਰਲਿ ਘੁਮਿਆਰ ਪਏ ਤਤਬੀਰੀਂ, 'ਦੂਰਿ ਕਰੋ ਇਹੁ ਪਾਲੀ ।
ਆਖਣ ਲੋਕ ਜੇਹੜੀ ਗੱਲ ਸਾਨੂੰ, ਹੋਗੁ ਕਿਵੇਂ ਨਹੀਂ ਖਾਲੀ ।
ਆਫ਼ਤ ਆਣ ਵੜੀ ਇਸ ਵੇਹੜੇ, ਕੌਣ ਜ਼ਮਾਨੇ ਵਾਲੀ' ।
ਹਾਸ਼ਮ ਲੱਖ ਕਰਨ ਤਤਬੀਰਾਂ, ਕਿਸਮਤਿ ਟਲੇ ਨ ਟਾਲੀ ।੫੮।
੫੯

ਮੇਹੀਂਵਾਲ ਤਾਈਂ ਘੁਮਿਆਰਾਂ, ਸਾਫ਼ ਜਵਾਬ ਸੁਣਾਇਆ
ਿ 'ਤੇਰਾ ਥਾਉਂ ਨਹੀਂ ਘਰਿ ਸਾਡੇ, ਜਾਹ ਮੀਆਂ ! ਜਿਥੋਂ ਆਇਆ ।
ਰੌਸ਼ਨ ਚਾਇ ਕੀਤੋ ਜਗ ਸਾਰੇ, ਤਾਰ ਬੰਨੇ ਤੁਧ ਲਾਇਆ ।
ਹਾਸ਼ਮ ਨਿਮਕ ਹਲਾਲ ਕੀਤੋਈ, ਬਹੁਤ ਅਸਾਂ ਸੁਖ ਪਾਇਆ' !੫੯।
੬੦

ਢੋਰਾਂ ਵਾਂਗ ਘਰੋਂ ਚੁਕ ਤ੍ਰਾਹਿਆ , ਜਾਹ ਮੀਆਂ ! ਹੋ ਤੁਰਦਾ ।
ਮਿਲਿਆ ਦੇਸ ਨਿਕਾਲਾ ਆਜਿਜ਼, ਤੁਰਿਆ ਹੋਇ ਅਜ਼ੁਰਦਾ ।
ਲੋਹੂ ਮਾਸ ਲਇਆ ਚਰ ਬ੍ਰਿਹੋਂ, ਹਾਲ ਬੁਰੇ ਜਿਉਂ ਮੁਰਦਾ ।
ਹਾਸ਼ਮ ਕੌਣ ਮਿਟਾਵੈ ਉਸਨੂੰ, ਲੇਖ ਲਿਖਿਆ ਜੋ ਧੁਰ ਦਾ ।੬੦।
੬੧

ਸੁਇਨਾ ਸਾਫ਼ ਪਇਆ ਕੁਠਿਆਲੀ, ਤਾਉ ਲਗੇ ਤਿਉਂ ਦਮਕੇ ।
ਜਿਉਂ ਤਲਵਾਰ ਅਸੀਲ ਫੁਲਾਦੀ, ਸਿਕਲ ਚੜ੍ਹਾਈ ਚਮਕੇ ।
ਆਤਸ਼ ਤੇਜ਼ ਤਿਵੇਂ ਤਿਉਂ ਹੁੰਦੀ, ਵਾਉ ਲਗੀ ਉਹ ਰਮਕੇ ।
ਹਾਸ਼ਮ ਜਾਣ ਇਸ਼ਕ ਦਾ ਜੌਹਰ, ਖੁਆਰ ਹੋਇ ਤਿਉਂ ਝਮਕੇ ।੬੧।
੬੨

ਮੇਹੀਂਵਾਲ ਨਿਥਾਵਾਂ ਦੁਖੀਆ, ਆਜਿਜ਼, ਭੈਣ ਨ ਭਾਈ ।
ਕੀਤਾ ਇਸ਼ਕ ਨਿਸ਼ਾਨਾ ਉਸਨੂੰ, ਤੀਰੰਦਾਜ਼ ਲੁਕਾਈ ।
ਆਹਾ ਜ਼ੋਰੁ ਪਇਆ ਵਿਚ ਬਿਪਤਾ, ਮਗਰੋਂ ਹੋਰੁ ਬਣਾਈ ।
ਹਾਸ਼ਮ ਆਣੁ ਇਸ਼ਕ ਦੀ ਇਸ ਵਿਚ, ਦੇਖ ਜ਼ਰਾ ਹੁਣ ਆਈ ।੬੨।
੬੩

ਅੱਖੀਂ ਯਾਰ ਨ ਆਵਸੁ ਉਸਨੂੰ, ਕਹਿਰ ਨਜ਼ੂਲ ਵਿਛੋੜਾ ।
ਕਰਕੇ ਆਣ ਬਿਦਰਦ ਮਜ਼ਾਖਾਂ, ਹੋਰੁ ਦੁਖਾਵਣ ਫੋੜਾ ।
ਤਾਜ਼ਾ ਇਸ਼ਕ ਪੈਨ੍ਹਾਇਆ ਉਸਨੂੰ, ਹੋਰ ਸੁਨੈਹਰੀ ਜੋੜਾ ।
ਹਾਸ਼ਮ ਨਾਮ ਧਰਾਵਣ ਆਸ਼ਕ, ਸੂਲ ਸਹਿਣ ਕਿਉਂ ਥੋੜਾ ।੬੩।
੬੪

ਸਬਰ ਅਰਾਮ ਨ ਆਵਸਿ ਹਰਗਿਜ਼, ਰਹੇ ਹਮੇਸ਼ਾਂ ਫਿਰਦਾ ।
ਜਿਸ ਘਰਿ ਜਾਇ ਧੱਕੇ ਖਾਏ, ਕੋਈ ਨ ਆਦਰ ਕਰਦਾ ।
'ਖਪਤੀ ਆਸ਼ਕ' ਕਹਿਣ ਸੁਹਣੀ ਦਾ, ਤੀਵੀਂ ਮਰਦ ਸ਼ਹਿਰ ਦਾ ।
ਹਾਸ਼ਮ ਇਸ਼ਕ ਖਿਲਾਵੇ ਉਸਨੂੰ, ਖ਼ਤਰਾ ਖ਼ੌਫ਼ ਨ ਸਿਰ ਦਾ ।੬੪।
੬੫

ਹੋਇਆ ਵਾਂਗ ਨਥੂਰ ਪੁਰਾਣੇ, ਜ਼ਖਮ ਗਇਆ ਧਸਿ ਦਿਲ ਦਾ ।
ਤਾਹਨੇ ਮਾਰ ਗਲੀ ਵਿਚ ਜਾਵੈ, ਜਗਤ ਵਧੇਰੇ ਛਿਲਦਾ ।
ਛਿੜੀਆਂ ਲਖ ਬਲਾਈਂ ਉਸਨੂੰ, ਕਿਵੇਂ ਅਰਾਮ ਨ ਮਿਲਦਾ ।
ਹਾਸ਼ਮ ਘਾਉ ਇਸ਼ਕ ਦਾ ਜ਼ਾਲਮ, ਮਿਲਿਆਂ ਬਾਝ ਨ ਮਿਲਦਾ ।੬੫।
੬੬

ਜੀਵੇ, ਬਾਝ ਲਇਆਂ ਜਲ ਭੋਜਨ, ਯਾਦ ਸੱਜਣ ਨੂੰ ਕਰਕੇ ।
ਜਿਉਂ ਕਰਿ ਭੌਰ ਖਿਜ਼ਾਂ ਦਿਨ ਜਾਲੇ, ਆਸ ਗੁਲਾਂ ਦੀ ਧਰ ਕੇ ।
ਮਾਰਸੁ ਹਿਜਰ ਜੀਆਇਸੁ ਆਸ, ਫਿਰ ਜੀਵੇ ਮਰ ਮਰ ਕੇ ।
ਹਾਸ਼ਮ ਸਬਰ ਪਵੇ ਨਹੀਂ ਖਾਲੀ, ਦੇਖ ਲਹੋ ਦੁਖ ਜਰ ਕੇ ।੬੬।
੬੭

ਫੜਦਾ ਜ਼ੋਰ ਜੁਆਨੀ ਜਿਉਂ ਜਿਉਂ, ਬਣਦਾ ਇਸ਼ਕ ਪੁਰਾਣਾ ।
ਆਸ਼ਕ ਲੋਕ ਬਹਾਦਰ ਤਿਉਂ ਤਿਉਂ, ਜਿਤਨਾ ਬਹੁਤ ਨਿਤਾਣਾ ।
ਮੇਹੀਂਵਾਲ ਦੁਖਾਂ ਦਾ ਬਣਿਆਂ, ਅਸਲੀ ਖ਼ਾਸ ਟਿਕਾਣਾ ।
ਹਾਸ਼ਮ ਲੱਖ ਸਹੇ ਦੁਖ ਆਸ਼ਕ, ਫੇਰ ਉਤੇ ਵਲਿ ਜਾਣਾ ।੬੭।
੬੮

ਮੇਹੀਂਵਾਲ ਮਿਲੇ ਬਿਨ ਮੁਰਦਾ, ਕੌਣ ਮਿਲੇ ਉਸ ਮੇਲੇ ।
ਪਾਸੇ ਹਾਰ ਦਿਤੀ ਕਹੁ ਕਿਚਰਕੁ, ਚਾਲ ਅਕਲ ਦੀ ਖੇਲੇ ।
ਲੂੰ ਲੂੰ ਦਰਦ ਵਿਛੋੜੇ ਵਾਲੀ, ਲਾਟ ਬਲੇ ਬਿਨੁ ਤੇਲੇ ।
ਹਾਸ਼ਮ ਏਸ ਦਿਲੇ ਦੀ ਸਾਹਿਬ, ਕੂਕ ਸੁਣੇ ਇਕ ਵੇਲੇ ।੬੮।
੬੯

ਅੱਖੀਂ ਯਾਰ ਦਿਸੇ ਜਿਸ ਹੀਲੇ, ਹਿਕਮਤਿ ਹੋਰ ਬਣਾਈ ।
ਲਾਵੇ ਅੰਗ ਬਿਭੂਤ ਅਨ੍ਹੇਰੇ, ਜਾਵੇ ਕਰਨ ਗਦਾਈ ।
ਪਹੁੰਚੇ ਓਸ ਗਲੀ ਹਰ ਹੀਲੇ, ਅਪਣਾ ਆਪ ਬਚਾਈ ।
ਹਾਸ਼ਮ ਰਾਤ ਨਹੀਂ ਦਿਨ ਉਸਨੂੰ, ਦੇਵੇ ਯਾਰ ਦਿਖਾਈ ।੬੯।
੭੦

ਆਸ਼ਕ ਯਾਰ ਸੱਜਣ ਦੇ ਕਾਰਨ, ਜਾਨ ਤਲੀ ਪੁਰ ਧਰਦਾ ।
ਘਾਇਲ ਸਾਂਗ ਸਤੀ ਦਾ ਕਰਕੇ, ਓਸ ਗਲੀ ਨਿਤ ਫਿਰਦਾ ।
ਇਕ ਇਕ ਸ਼ੇਰ ਬੱਚਾ ਘੁਮਰੇਟਾ, ਜ਼ਾਲਮ ਦੁਸ਼ਮਨ ਸਿਰ ਦਾ ।
ਹਾਸ਼ਮ ਦੁਖ ਵੀ ਔਖਾ ਲੱਗਾ, ਸ਼ਰਮ ਲੱਜਾ ਵਸ ਘਿਰਦਾ ।੭੦।
੭੧

ਮੇਹੀਂਵਾਲ ਤਾਈਂ ਦਮ ਗਿਣਦਿਆਂ, ਰੋਜ਼ ਗਇਆ ਸ਼ਬ ਆਈ ।
ਮੰਗਣ ਖ਼ੈਰ ਫ਼ਕੀਰਾਂ ਵਾਂਗੂੰ, ਸੂਰਤ ਜਾਇ ਦਿਖਾਈ ।
ਕੁਦਰਤਿ ਨਾਲ ਸੋਹਣੀ ਉਸ ਵੇਲੇ, ਪਾਵਣ ਖ਼ੈਰ ਲਿਆਈ ।
ਹਾਸ਼ਮ ਦਰਦਵੰਦਾਂ ਦੇ ਦਿਲ ਦੀ, ਸਾਹਿਬ ਆਸ ਪੁਜਾਈ ।੭੧।
੭੨

ਸੋਹਣੀ ਆਣਿ ਕਹਿਆ, 'ਲੈ ਭਿਛਿਆ', ਨਾਜ਼ਕ ਤੌਰ ਜ਼ਬਾਨੋਂ ।
ਸੁਣ ਕੇ ਜ਼ਖਮ ਲਗਾ ਤਨ ਆਸ਼ਕ, ਤਾਜ਼ਾ ਤੀਰ ਕਮਾਨੋਂ ।
ਮੇਹੀਂਵਾਲ ਜ਼ਿਮੀ ਪਰ ਡਿਗਿਆ, ਗੁਜ਼ਰੇ ਹੋਸ਼ ਜਹਾਨੋਂ ।
ਹਾਸ਼ਮ ਦੇਖ ਰਹੇ ਕਦ ਸਾਬਤ, ਚਮਕੀ ਤੇਗ ਮਿਆਨੋਂ ।੭੨।
੭੩

ਜਾਵੇ ਕਰਨ ਗਦਾਈ ਆਸ਼ਕ, ਖ਼ੈਰ ਮਸ਼ੂਕ ਲਿਆਵੈ ।
ਜਾਣੇ ਹਾਲ ਸੋਈ ਇਸ ਗੱਲ ਦਾ, ਨੇਹੁੰ ਕਿਤੀ ਵਲ ਆਵੈ ।
ਬੁੱਝੀਏ ਸਾਰ ਪਤੰਗੋਂ ਇਸ ਦੀ, ਦੇਖ ਸ਼ਮਾਂ ਜਲਿ ਜਾਵੈ ।
ਹਾਸ਼ਮ ਜਾਣ ਸੋਈ ਸੁਖ ਪਾਵਗੁ, ਆਪਣਾ ਆਪ ਗਵਾਵੈ ।੭੩।
੭੪

ਡਿਗਿਆ ਦੇਖ ਸੋਹਣੀ ਨੇ ਉਸ ਦੀ, ਅਕਲੋਂ ਡੌਲ ਪਛਾਤੀ ।
ਬਾਹੋਂ ਪਕੜ ਉਠਾਇਓ ਉਸ ਨੂੰ, ਹਿਕਮਤਿ ਨਾਲ ਚੁਪਾਤੀ ।
ਜੋੜੇ ਦਸਤ ਕਹਿਆ ਭਰ ਚਸ਼ਮਾਂ, 'ਫੇਰ ਨ ਆਵੀਂ ਰਾਤੀਂ' ।
ਹਾਸ਼ਮ ਬਹੁਤ ਬੁਰੀ ਜਿਸ ਵੇਲੇ, ਦੂਤ ਕਿਨ੍ਹੇ ਗੱਲ ਜਾਤੀ ।੭੪।
੭੫

'ਰਾਤੀਂ ਫੇਰ ਨ ਗਲੀ ਇਸ ਆਵੀਂ, ਭਿਛਿਆ ਕਰਨ ਗਦਾਈ ।
ਜਾਨੋਂ ਮਾਰ ਗਵਾਇਨ ਤੈਨੂੰ, ਬਾਤ ਕਿਨ੍ਹੇ ਸੁਣ ਪਾਈ ।
ਕੂੰਜਾਂ ਵਾਂਗ ਭੁਲਾਉ ਨ ਦਿਲ ਥੋਂ, ਚਾਲ ਬਣੀ ਸਿਰ ਆਈ ।
ਹਾਸ਼ਮ ਕੂਕ ਸੁਣਗੁ ਰੱਬ ਸਾਡੀ, ਜਿਨ ਏਹ ਚਾਲ ਬਣਾਈ' ।੭੫।
੭੬

ਇਹ ਗੱਲ ਕਹੀ ਸੁਣਾਈ ਉਸ ਨੂੰ, ਕਰਿ ਕੇ ਨਾਲ ਸ਼ਿਤਾਬੀ ।
ਡਰਦੀ ਫੇਰ ਮੁੜੀ ਕਰਿ ਜਲਦੀ, ਕਰਿ ਕੇ ਨੈਣ ਗੁਲਾਬੀ ।
ਮੇਹੀਂਵਾਲ ਪਿਛਾਂਹਾਂ ਮੁੜਿਆ, ਰੋਂਦਾ ਜਿਗਰ ਕਬਾਬੀ ।
ਹਾਸ਼ਮ ਰਾਹੁ ਇਸ਼ਕ ਦਾ ਅਉਖਾ, ਦਿਹੁੰ ਦਿਹੁੰ ਬਹੁਤ ਖ਼ਰਾਬੀ ।੭੬।
੭੭

ਮੇਹੀਂਵਾਲ ਬਹੇ ਕਹੁ ਕੀਕੁਰ, ਸਬਰ ਨ ਇਸ਼ਕੁ ਟਿਕਾਣੇ ।
ਦਿਲ ਦੀ ਵਾਗ ਨਹੀਂ ਹਥਿ ਆਪਣੇ, ਪਕੜੀ ਇਸ਼ਕ ਸਤਾਣੇ ।
ਜਾਏ ਓਸ ਤਰ੍ਹਾਂ ਨਿਤ ਓਥੇ, ਜੀਵਣੁ ਮਰਣੁ ਨਾ ਜਾਣੇ ।
ਹਾਸ਼ਮ ਮਗਰੇ ਹੌਲ ਇਸ਼ਕ ਦਾ, ਖੜਦਾ ਜ਼ੋਰ ਧਿਙਾਣੇ ।੭੭।
੭੮

ਮੇਹੀਂਵਾਲ ਅਸੀਰ ਇਸ਼ਕ ਦਾ ਘੇਰ ਲਿਆ ਦੁਖ ਦਰਦਾਂ ।
ਨਜ਼ਰੇ ਯਾਰ ਪਵੇ ਜਿਸ ਵੇਲੇ, ਰਾਤ ਦਿਨੇ ਸਿਰਗਰਦਾਂ ।
ਚੋਰੀ ਰਾਤ ਸਮੇਂ ਮਿਲ ਆਵੇ, ਲਖਿਆ ਫੇਰ ਬਿਦਰਦਾਂ ।
ਹਾਸ਼ਮ ਦੇਖ ਬਖ਼ੀਲ ਇਸ਼ਕ ਦੇ, ਹੈ ਸਦ ਹੈਫ਼ ਨਮਰਦਾਂ ।੭੮।
੭੯

ਚੋਰੀ ਰਾਤ ਸਮੇਂ ਜਬ ਆਵੈ, ਉਸ ਨੂੰ ਮਾਰ ਗਵਾਵੋ ।
ਦੇ ਕੇ ਅਕਦੁ ਨਿਕਾਹ ਸੋਹਣੀ ਦਾ, ਤੋਰ ਬਿਲੇ ਝੱਬ ਲਾਵੋ ।
ਬਦਔਲਾਦ ਬੁਰੀ ਇਸ ਕੋਲੋਂ, ਆਪਣਾ ਆਪ ਬਚਾਵੋ ।
ਹਾਸ਼ਮ ਸ਼ਰਮ ਰਹੇ ਜਿਸ ਵੇਲੇ, ਸ਼ੁਕਰ ਕਰੋ ਲਖ ਪਾਵੋ ।੭੯।
੮੦

ਸੀ ਇਕ ਹੋਰ ਕਦੀਮ ਸੋਹਣੀ ਦੀ, ਮਹਿਰਮੁ ਰਾਜ਼ ਸਹੇਲੀ ।
ਜਾਤੋਂ ਭੈਣ ਸ਼ਰੀਕ ਗੁਆਂਢਣ, ਵਸਦੀ ਇਕਸੁ ਹਵੇਲੀ ।
ਜਿਤਨੀ ਚਾਲ ਕੀਤੀ ਘੁਮਿਆਰਾਂ, ਸੁਣਿ ਕੈ ਓਸ ਇਕੇਲੀ ।
ਹਾਸ਼ਮ ਆਣ ਕਹਿਆ ਰੱਬ ਸਾਹਿਬ, ਆਪ ਤੁਸਾਡਾ ਬੇਲੀ ।੮੦।
੮੧

ਸੁਣਿ ਕੇ ਬਾਤ ਸੋਹਣੀ ਨੇ ਉਸ ਦੀ, ਫੇਰ ਕਹਿਆ ਸੁਣਿ ਆਲੀ !
ਜਿਨ੍ਹਾਂ ਥਾਉਂ ਨ ਤਕੀਆ ਕੋਈ, ਰੱਬ ਤਿਨ੍ਹਾਂ ਦਾ ਵਾਲੀ ।
ਪਰ ਤੂੰ ਢੂੰਢ ਕਿਤੇ ਵਲ ਫਿਰਦਾ, ਮੇਹੀਂਵਾਲ ਖ਼ਿਆਲੀਂ ।
ਹਾਸ਼ਮ ਆਖ ਕਿਵੈਂ ਰੱਬ ਉਸ ਨੂੰ, ਛੋਡੁ ਬੁਰੀ ਇਹੁ ਚਾਲੀ ।੮੧।
੮੨

ਜੇ ਤੂੰ ਫੇਰ ਗਲੀ ਇਸ ਆਵੇਂ, ਜਾਨ ਕਿਵੇਂ ਨ ਰਹਿਸੀ ।
ਜਬ ਲਗ ਜਾਨ ਉਮੈਦ ਮਿਲਣ ਦੀ, ਕੌਣ ਮੁਇਆਂ ਮਿਲ ਬਹਿਸੀ ।
ਬਣ ਕੇ ਬੈਠ ਫ਼ਕੀਰ ਕਿਨਾਰੇ, ਪਾਰ ਨਦੀ ਵਿਚ ਵਹਿਸੀ ।
ਹਾਸ਼ਮ ਯਾਦ ਇਲਾਹੀ ਕਰਿ ਤੂੰ, ਸਾਰ ਕਦੇ ਰੱਬ ਲਹਿਸੀ ।੮੨।
੮੩

ਕਾਬਲ ਕਾਰ ਸਹੇਲੀ ਸੁਣ ਕੇ, ਸੁਖ਼ਨ ਸ਼ਿਤਾਬ ਸਿਧਾਈ ।
ਮੇਹੀਂਵਾਲ ਤਾਈਂ ਗੱਲ ਸਾਰੀ, ਕਰਕੇ ਸਾਫ਼ ਸੁਣਾਈ ।
ਆਸ਼ਕ ਪਾਸ ਮਸ਼ੂਕ ਸਨੇਹਾ, ਚਿਣਗੁ ਕੱਖਾਂ ਵਿਚ ਪਾਈ ।
ਹਾਸ਼ਮ ਦੇਖ ਸ਼ਹਿਰ ਥੋਂ ਉਸ ਦੀ, ਵਾਗ ਨਸੀਬ ਉਠਾਈ ।੮੩।
੮੪

ਮੇਹੀਂਵਾਲ ਨ ਕੀਤਾ ਹਰਗਿਜ਼, ਹੀਲਾ ਸੁਖ਼ਨ ਵਿਚਾਰੇ ।
ਤੁਰਿਆ ਫੇਰ ਹਿਜਰ ਕਰਿ ਆਹੀਂ, ਨਾਲ ਗਏ ਦੁਖ ਸਾਰੇ ।
ਡਿਗਿਆ ਜਾਇ ਸ਼ਹੀਦ ਇਸ਼ਕ ਦਾ, ਨਦੀਓਂ ਪਾਰ ਕਿਨਾਰੇ ।
ਹਾਸ਼ਮ ਖ਼ਿਦਰ ਧਿਆਵੇ ਹਰ ਦਮ, ਆਪਣਾ ਹਾਲ ਪੁਕਾਰੇ ।੮੪।
੮੫

ਆਜਿਜ਼ ਲੋਕ ਫ਼ਕੀਰ ਨਦੀ ਪਰ, ਫਿਰਦਾ ਦੇਖ ਮਲਾਹਾਂ ।
ਜੋੜੇ ਦਸਤ ਕਹਿਆ ਰਹੁ ਸਾਥੇ, ਸਾਨੂੰ ਲੱਖ ਪਨਾਹਾਂ ।
ਦਿਤੀ ਘਾਟ ਉਤੇ ਕਰ ਕੁਟੀਆ, ਉਲਫ਼ਤ ਨਾਲ ਤਦਾਹਾਂ ।
ਹਾਸ਼ਮ ਕਾਜ ਗਰੀਬਾਂ ਵਾਲੇ, ਹੋਵਣ ਬਾਝ ਸਲਾਹਾਂ ।੮੫।
੮੬

ਘਾਇਲ ਹਾਲ ਖ਼ਰਾਬ ਸੋਹਣੀ ਦਾ, ਸਬਰੁ ਅਰਾਮੁ ਨ ਆਵੈ ।
ਨ੍ਹਾਵਣ ਘਾਟ ਉਤੇ ਹਰ ਹੀਲੇ, ਨਾਲ ਸਹੀਆਂ ਰਲ ਜਾਵੈ ।
ਪਾਰੋਂ ਯਾਰ ਸੱਜਣ ਦੀ ਕੁਟੀਆ, ਵਾਂਗ ਸ਼ਮ੍ਹਾਂ ਦਿਸ ਆਵੈ ।
ਹਾਸ਼ਮ ਨਾਲ ਦਲੀਲ ਅਕਲ ਦੇ, ਰੋਜ਼ ਸੋਹਣੀ ਮਿਲ ਆਵੈ ।੮੬।
੮੭

ਸਭ ਥੀਂ ਬਹੁਤ ਬੁਰਾ ਦੁਖ ਦਿਲ ਦਾ, ਮੁਸ਼ਕਲ ਸਹਿਣ ਜੁਦਾਈ ।
ਵਹਿਸ਼ੀ ਤੌਰ ਉਦਾਸ ਸੋਹਣੀ ਦਾ, ਜਿਉਂ ਕਰਿ ਫਿਰਨ ਸ਼ੋਦਾਈ ।
ਲਾਵਨ ਜ਼ੋਰ ਨਸੀਹਤ ਦੇਵਣ, ਮਾਇ ਪਿਉ ਹੋਰ ਲੁਕਾਈ ।
ਹਾਸ਼ਮ ਦੇਖ ਬਣੀ ਘੁਮਿਆਰਾਂ, ਬਿਪਤਾ ਇਸ਼ਕ ਬਣਾਈ ।੮੭।
੮੮

ਡਿਠੀ ਚਾਲ ਬੁਰੀ ਘੁਮਿਆਰਾਂ, ਮਗਰੋਂ ਕਹਿਆ ਲੁਕਾਈ ।
ਦੂਜੀ ਤਰਫ਼ ਸ਼ਹਿਰ ਵਿਚ ਉਸ ਦੀ, ਤੁਰਤੁ ਕੀਤੀ ਕੁੜਮਾਈ ।
ਕਰਕੇ ਦਾਜ ਦਹੇਜ ਚਲਾਵਾਂ, ਢੋਲਕ ਚਾਇ ਬਜਾਈ ।
ਹਾਸ਼ਮ ਦੇਖ, ਬਲਾਓਂ ਮਾਪਿਆਂ, ਆਪਣੀ ਜਾਨ ਛੁਡਾਈ ।੮੮।
੮੯

ਦਿਲ ਵਿਚ ਸੋਗ ਕੂੜਾਵੀ ਜ਼ਾਹਰ, ਸ਼ਾਦੀ ਚਾਇ ਜਗਾਈ ।
ਜੋੜਾ-ਜਾਮ ਨਹੀਂ ਉਹ ਉਸ ਨੂੰ, ਖਫਣੀ ਚਾਇ ਪੈਨ੍ਹਾਈ ।
ਲੱਗੀ ਸਖਤ ਦਿਲਾਂ ਵਿਚ ਦੂਜੀ, ਮੁਰਦਾ ਤੋਰ ਚਲਾਈ ।
ਹਾਸ਼ਮ ਜਾਣ ਦਿਲੋਂ ਉਹ ਡੋਲੀ, ਅਜ਼ਰਾਈਲ ਉਠਾਈ ।੮੯।
੯੦

ਦਿਤੀ ਨਾਲ ਜਨੇਤ ਸੋਹਣੀ ਕਰਿ, ਵਿਦਿਆ ਲੋਕ ਬਿਗਾਨੇ ।
ਜਿਉਂ ਕਰ ਚਾਲ ਕਦੀਮ ਜਗਤ ਦੀ, ਬੈਠੀ ਆਇ ਟਿਕਾਣੇ ।
ਸਾਰਤ ਸ਼ਗਨ ਕੀਤੇ ਰਲਿ ਤਿਸ ਦਿਨ, ਸਾਸੁ ਜਿਵੇਂ ਮਨ ਭਾਣੇ ।
ਹਾਸ਼ਮ ਦਰਦਵੰਦਾਂ ਦੇ ਦਿਲ ਦੀ, ਕੌਣ ਬਿਨਾਂ ਰੱਬ ਜਾਣੇ ।੯੦।
੯੧

ਫਿਰ ਫਿਰ ਬੈਠ ਸੋਹਣੀ ਘਰ ਮਾਪਿਆਂ, ਰਖਦੀ ਜਾਨ ਬਚਾਈ ।
ਸਾਹੁਰੇ ਲੋਕ ਬੇਦਰਦ ਬਿਗਾਨੇ, ਕੁਟਣ ਕਠੋਰ ਕਸਾਈ ।
ਸਾਹਿਬ ਦਰਦ ਨਿਮਾਣੀ ਆਜਿਜ਼, ਕੈਦ ਬੁਰੀ ਵਿਚ ਆਈ ।
ਹਾਸ਼ਮ ਦੇਖ ਨਸੀਬ ਸੋਹਣੀ ਦੇ, ਬਾਲ ਚਿਖਾ ਚੁਕ ਪਾਈ ।੯੧।
੯੨

ਮੇਹੀਂਵਾਲ ਤਾਈਂ ਇਹ ਬਿਪਤਾ, ਖਲਕਤ ਜਾਇ ਸੁਣਾਈ ।
ਜਿਉਂ ਕਰ ਤੋਰ ਦਿਤੀ ਉਹ ਉਸਨੂੰ, ਜਾਨ ਦੁਖਾਂ ਵਿਚ ਆਈ ।
ਹਰ ਇਕ ਸੁਖ਼ਨ ਲਗਾ ਤਨ ਆਸ਼ਕ, ਬਰਛੀ ਸਾਣ ਚੜ੍ਹਾਈ ।
ਹਾਸ਼ਮ ਚਿਣਗ ਕੱਖਾਂ ਵਿਚ ਆਹੀ, ਮਗਰੋਂ ਫੂਕ ਮਚਾਈ ।੯੨।
੯੩

ਸੁਣਕੇ ਗੱਲ ਜਿਵੇਂ ਜਿਉਂ ਵਰਤੀ, ਹਾਲਤ ਨਾਲ ਪਿਆਰੇ ।
ਮੇਹੀਂਵਾਲ ਹੋਇਆ ਅੰਗਿਆਰਾ, ਭੜਕ ਲਗੀ ਵਲਿ ਸਾਰੇ ।
ਵੜਿਆ ਜਨੂੰਨ ਇਸ਼ਕ ਦਾ ਉਥੇ, ਖ਼ੌਫ਼ ਗਏ ਉਠ ਭਾਰੇ ।
ਹਾਸ਼ਮ ਇਸ਼ਕ ਘਣੇ ਘਰ ਵਸਦੇ, ਡੋਬ ਦਿਤੇ ਮੁੜ ਸਾਰੇ ।੯੩।
੯੪

ਆਸ਼ਕ ਜਾਨ ਵਲੋਂ ਹੱਥ ਧੋਤੇ, ਫੇਰ ਫਿਰੀ ਸਿਰ ਬਾਜ਼ੀ ।
ਢੂੰਡੀ ਹੋਰ ਦਿਲੋਂ ਇਕ ਹਿਕਮਤਿ, ਹੀਲਾ ਦੂਰ ਦਰਾਜ਼ੀ ।
ਨਾਲ ਕਬਾਬ ਲਏ ਕਰ ਮਛਲੀ, ਖ਼ੂਬ ਤਰ੍ਹਾਂ ਫਿਰ ਤਾਜ਼ੀ ।
ਹਾਸ਼ਮ ਯਾਰ ਸੱਜਣ ਦੇ ਕਾਰਨ, ਹੋਸੁ ਕਿਵੇਂ ਦਿਲ ਰਾਜ਼ੀ ।੯੪।
੯੫

ਨਿਸਬੋਂ ਰਾਤ ਗਈ ਜਿਸ ਵੇਲੇ, ਸਬਰ ਖੁਦਾਈ ਕਰਕੇ ।
ਮੇਹੀਂਵਾਲ ਨਦੀ ਵਿਚ ਵੜਿਆ, ਆਸ ਰੱਬੇ ਦੀ ਧਰ ਕੇ ।
ਆਸ਼ਕ ਜ਼ੋਰ ਜਨੂੰਨ ਇਸ਼ਕ ਦੇ, ਪਾਰ ਹੋਇਆ ਨੈਂ ਤਰ ਕੇ ।
ਹਾਸ਼ਮ ਮਿਲਣ ਮੁਹਾਲ ਸੱਜਣ ਨੂੰ, ਜੋ ਮਿਲਿਆ ਸੋ ਮਰ ਕੇ ।੯੫।
੯੬

ਵੜਿਆ ਸ਼ਹਿਰ ਘਣੇ ਕਰ ਹੀਲੇ, ਮਰਦ ਵਡਾ ਬਲਕਾਰੀ ।
ਘਾਤੋਂ ਚੋਰ ਹੋਵਣ ਸ਼ਰਮਿੰਦੇ, ਉਸ ਦੀ ਦੇਖ ਅੱਯਾਰੀ ।
ਪਹੁਤਾ ਜਾਇ ਸੋਹਣੀ ਜਿਸ ਜਾਗ੍ਹਾ, ਆਜਿਜ਼ ਪਈ ਅਜ਼ਾਰੀ ।
ਹਾਸ਼ਮ ਜਾਨ ਘੁਮਾਵਣ ਆਸ਼ਕ, ਯਾਰ ਉਤੋਂ ਲਖ ਵਾਰੀ ।੯੬।
੯੭

ਯਾਰ ਬੀਮਾਰ ਡਿਠਾ ਜਦ ਉਸ ਨੇ, ਜਾਣੁ ਗਈ ਫਿਰ ਕਾਤੀ ।
ਮੁਈ ਜਾਗ ਉਠੀ ਜਦ ਉਸ ਨੇ, ਸੂਰਤ ਯਾਰ ਪਛਾਤੀ ।
ਸੂਰਜ ਦਰਦਵੰਦਾਂ ਦੇ ਦਿਲ ਨੂੰ, ਲਾਖ ਚੜ੍ਹੇ ਉਸ ਰਾਤੀ ।
ਹਾਸ਼ਮ ਕੂਕ ਸੁਣੀ ਰੱਬ ਸਾਹਿਬ, ਯਾਰ ਮਿਲੇ ਲਗ ਛਾਤੀ ।੯੭।
੯੮

ਖਾਣਾ ਖ਼ੂਬ ਪਕਾ ਭੁਖ ਚੜ੍ਹਦੀ, ਦਸਤੀਂ ਯਾਰ ਲਿਆਇਆ ।
ਜਾਣੋਂ ਤਾਮ ਬਹਿਸ਼ਤੀ ਉਸਨੂੰ, ਸਿਦਕ ਪਿਛੇ ਰੱਬ ਲਿਆਇਆ ।
ਯਾ ਹਕਸੀਰ ਮਿਲੇ ਦੁਖ ਭੁਲੇ, ਸਭ ਦੁਖ ਮਾਰ ਗਵਾਇਆ ।
ਹਾਸ਼ਮ ਜਾਣ ਗ਼ਨੀਮਤ ਮਿਲਣਾ, ਬਹੁਤ ਅਸਾਂ ਸੁਖ ਪਾਇਆ ।੯੮।
੯੯

ਨਿਬੜੀ ਰਾਤ ਪਿਆ ਵਿਚ ਦਿਲ ਦੇ, ਖ਼ਤਰਾ ਖ਼ੌਫ਼ ਫਜ਼ਰ ਦਾ ।
ਮੇਹੀਂਵਾਲ ਹੋਇਆ ਮੁੜਿ ਰਾਹੀ, ਸਹਿੰਦਾ ਸੂਲ ਫ਼ਿਕਰ ਦਾ ।
ਫਿਰਿਆ ਤੌਰ ਸੋਹਣੀ ਨੂੰ ਮਿਲਕੇ, ਮਿਲਿਆ ਘਾਉ ਜਿਗਰ ਦਾ ।
ਹਾਸ਼ਮ ਐਸ਼ ਇਸ਼ਕ ਵਿਚ ਏਹੋ, ਵੇਖਣ ਵਸਲ ਹਿਜਰ ਦਾ ।੯੯।
੧੦੦

ਰੋਂਦਾ ਹਾਲ ਬੁਰੇ ਉਠ ਤੁਰਿਆ, ਮੰਗਦਾ ਮੌਤ ਖ਼ੁਦਾਵੋਂ ।
ਗੁੱਡੀ ਵਾਂਗੁ ਹੋਇਆ ਤਨ ਉਸਦਾ, ਉਡਿਆ ਬਾਝ ਹਵਾਵੋਂ ।
ਡਰਦਾ ਕੂਕ ਸਕੇ ਨਹੀਂ ਬੇਲੇ, ਇੱਜ਼ਤ ਦਰਦ ਹਯਾਵੋਂ ।
ਹਾਸ਼ਮ ਸ਼ੌਕ ਸਵਾਇਆ ਹੋਇਆ, ਘੁੱਥਾ ਯਾਰ ਨ ਦਾਵੋਂ ।੧੦੦।
੧੦੧

ਫੜਿਆ ਰਾਤ ਸਮੇਂ ਇਹ ਪੇਸ਼ਾ, ਚੀਰ ਨਦੀ ਨਿਤ ਆਵੈ ।
ਖ਼ਾਤਰ ਯਾਰ ਕਬਾਬ ਹਮੇਸ਼ਾ, ਕਰਕੇ ਖ਼ੂਬ ਲਿਆਵੈ ।
ਧਰ ਕੇ ਜਾਨ ਤਲੀ ਪਰ ਅਪਣੀ, ਇਤਨੀ ਕਾਰ ਪੁਜਾਵੈ ।
ਹਾਸ਼ਮ ਆਣੁ ਇਸ਼ਕ ਦੀ ਇਸ ਵਿਚ, ਯਾਰ ਵਲੋਂ ਰਹਿ ਆਵੈ ।੧੦੧।
੧੦੨

ਲਾਂਘਾ ਆਣ ਨਦੀ ਵਿਚ ਪਾਇਆ, ਇਕ ਦਿਨ ਸਾਥ ਲਬਾਣੇ ।
ਮਛਲੀ ਪਕੜ ਨ ਹੋਈ ਉਸ ਥੋਂ, ਵਹਿੰਦੇ ਲੱਖ ਮੁਹਾਣੇ ।
ਮੇਹੀਂਵਾਲ ਰਹਿਆ ਕਰ ਹੀਲਾ, ਮਛਲੀ ਪਕੜਿ ਨ ਜਾਣੇ ।
ਹਾਸ਼ਮ ਆਣ ਬਣੀ ਉਸ ਮੁਸ਼ਕਲ, ਆਜਿਜ਼ ਮਰਦ ਨਿਮਾਣੇ ।੧੦੨।
੧੦੩

ਆਦਤ ਰੋਜ਼ ਕਬਾਬਾਂ ਵਾਲੀ, ਮੁਸ਼ਕਲ ਬਣੀ ਹਕੀਰੋਂ ।
ਔਖੀ ਕਾਰ ਬਣੇ ਕਿਸ ਹੀਲੇ, ਆਜਿਜ਼ ਲੋਕ ਫ਼ਕੀਰੋਂ ।
ਕੀਤੇ ਓਨ ਕਬਾਬ ਨਿਹਾਇਤ, ਆਪਣੇ ਕਾਟਿ ਸਰੀਰੋਂ ।
ਹਾਸ਼ਮ ਇਸ਼ਕ ਹੋਵੇ ਝਬ ਸਾਬਤ, ਕਾਮਲ ਸਾਫ਼ ਜ਼ਮੀਰੋਂ ।੧੦੩।
੧੦੪

ਤੁਰਿਆ ਫੇਰ ਸੱਜਨ ਵਲ ਸਾਦਕ, ਰਾਤ ਸਮੇਂ ਨੈਂ ਤਰ ਕੇ ।
ਘਾਇਲ ਜਾਨ, ਦੂਜਾ ਤਨ ਘਾਇਲ, ਪਾਰ ਹੋਇਆ ਮਰ ਮਰ ਕੇ ।
ਇਕ ਇਕ ਪੈਰ ਧਰੇ ਚੁੱਕ ਦੁਖੀਆ, ਲਾਖ ਮਣਾਂ ਹਠ ਕਰ ਕੇ ।
ਹਾਸ਼ਮ ਆਸ਼ਕ ਮਿਲਣ ਮਸ਼ੂਕਾਂ, ਜਾਨ ਤਲੀ ਪੁਰ ਧਰ ਕੇ ।੧੦੪।
੧੦੫

ਮਿਲਿਆ ਜਾਇ ਸ਼ਮ੍ਹਾਂ ਪਰਵਾਨਾ, ਨਾਲ ਦੁਖਾਂ ਦਿਲ ਘਿਰਦੇ ।
ਖੋਲ੍ਹ ਕਬਾਬ ਧਰਿਓਨੇ ਆਸ਼ਕ, ਫੇਰ ਅਗੇ ਦਿਲਬਰ ਦੇ ।
ਦੋਵੇਂ ਚੋਰ ਦੁਖੀ ਉਹ ਜਾਗਣ, ਸੁੱਤੇ ਲੋਕ ਸ਼ਹਿਰ ਦੇ ।
ਹਾਸ਼ਮ ਨਾਲਿ ਦੁਖਾਂ ਦਮ ਜਾਲਨ, ਆਜਿਜ਼ ਘਾਟ ਨ ਘਰ ਦੇ ।੧੦੫।
੧੦੬

ਉਲਫਤਿ ਨਾਲ ਕਬਾਬ ਸੋਹਣੀ ਨੇ, ਤੋੜ ਜ਼ਰਾ ਮੁਖ ਪਾਇਆ ।
ਕਾਤਲ ਸ਼ੋਰ ਮਜ਼ਾ ਉਸ ਕੋਲੋਂ, ਤੇਜ਼ ਜੇਹਾ ਕੁਝ ਆਇਆ ।
ਮੇਹੀਂਵਾਲ ਕੋਲੋਂ ਫਿਰ ਪੁਛਿਆ, ਦੂਰ ਕਬਾਬ ਹਟਾਇਆ ।
ਹਾਸ਼ਮ ਕੌਣ ਬੁਰੀ ਅੱਜ ਆਫ਼ਤ, ਮਾਰ ਕਬਾਬੁ ਲਿਆਇਆ ।੧੦੬।
੧੦੭

ਸੋਹਣੀ ਖ਼ਿਆਲ ਪਈ ਉਸ ਕੋਲੋਂ, ਚਾਹੇ ਬਾਤ ਪੁਛਾਈ ।
ਆਸ਼ਕ ਲੋਕ ਮਸ਼ੂਕੋਂ ਕਿਕੁਰ, ਰਖਦੇ ਭੇਤ ਲੁਕਾਈ ।
ਸੂਰਤ ਹਾਲ ਲਬਾਣੇ ਵਾਲੀ, ਕਹਿ ਕੇ ਸਾਫ਼ ਸੁਣਾਈ ।
ਹਾਸ਼ਮ ਹੋਰ ਹਕੀਕਤ ਤਨ ਦੀ, ਜ਼ਾਹਰ ਖੋਲ੍ਹ ਦਿਖਾਈ ।੧੦੭।
੧੦੮

ਸੋਹਣੀ ਵੇਖ ਕਬਾਬ ਸੱਜਣ ਦਾ, ਫੇਰ ਕਹਿਆ ਕਰਿ ਜ਼ਾਰੀ-
'ਸ਼ਾਬਸ਼ ਯਾਰ ! ਮੁਰਾਦ ਇਸ਼ਕ ਦੀ, ਤੈਂ ਕਰਿ ਖ਼ੂਬ ਉਤਾਰੀ ।
ਮੇਰੀ ਜਾਨ ਹੋਈ ਸਿਰ ਸਦਕੇ, ਵਾਰ ਸੁਟੀ ਲਖ ਵਾਰੀ ।
ਹਾਸ਼ਮ ਸ਼ੌਕ ਤੇਰੇ ਵਿਚ ਤਪਦੀ, ਇਸ਼ਕ ਉਤੋਂ ਬਲਹਾਰੀ ।੧੦੮।
੧੦੯

ਹੁਣ ਤੂੰ ਫੇਰ ਨ ਆਵੀਂ ਹਰਗਿਜ਼, ਬੈਠ ਟਿਕਾਣਾ ਕਰਕੇ ।
ਪੂਰਾ ਨੇਹੁੰ ਹੋਇਆ ਤੁਧ ਕੋਲੋਂ, ਜਾਨ ਉਤੇ ਦੁਖ ਜਰ ਕੇ ।
ਉਥੇ ਬੈਠ ਉਡੀਕ ਸੋਹਣੀ ਨੂੰ, ਆਸ ਰੱਬੇ ਦੀ ਧਰ ਕੇ ।
ਹਾਸ਼ਮ ਆਣਿ ਉਥਾਈਂ ਮਿਲਸਾਂ, ਪਾਰ ਝਨਾਓਂ ਤਰ ਕੇ ।੧੦੯।
੧੧੦

ਮੇਹੀਂਵਾਲ ਸੋਹਣੀ ਨੂੰ ਮਿਲ ਕੇ, ਫੇਰ ਹੋਇਆ ਮੁੜ ਰਾਹੀ ।
ਅਗਲੀ ਰਾਤ ਸੋਹਣੀ ਨੂੰ ਸ਼ਹਿਰੋਂ, ਵਾਗ ਨਸੀਬ ਉਠਾਈ ।
ਨਿਸਬੋਂ ਰਾਤ ਗਈ ਜਿਸ ਵੇਲੇ, ਦੌੜ ਸੱਜਣ ਵਲ ਧਾਈ ।
ਹਾਸ਼ਮ ਕਰਿ ਅਸਬਾਬ ਨਦੀ ਦਾ, ਨਾਲਿ ਘੜਾ ਲੈ ਆਈ ।੧੧੦।
੧੧੧

ਧਰ ਕੇ ਜਾਨ ਤਲੀ ਪੁਰ ਦਿਲ ਥੋਂ, ਖ਼ਤਰਾ ਖ਼ੌਫ਼ ਉਠਾਇਆ ।
ਅੰਚਲ ਛੋਡ ਘੜਾ ਧਰਿ ਛਾਤੀ, ਸਾਹਿਬੁ ਨਾਮੁ ਧਿਆਇਆ ।
ਪੀਰ ਸ਼ਹੀਦ ਵਲੀ ਹੋਰ ਜਿਤਨੇ, ਖ਼ੁਆਜਾ ਪੀਰ ਮਨਾਇਆ ।
ਹਾਸ਼ਮ ਸਿਦਕ ਪਿਛੇ ਰੱਬ ਉਸ ਨੂੰ, ਨਦੀਓਂ ਪਾਰ ਲੰਘਾਇਆ ।੧੧੧।
੧੧੨

ਜਾਨੀ ਯਾਰ ਦੋਵੇਂ ਮਿਲ ਬੈਠੇ, ਸਾਹਿਬ ਫੇਰ ਮਿਲਾਏ ।
ਵਾਰੋ ਵਾਰ ਦੋਹਾਂ ਦੁਖ ਆਪਣੇ, ਹਾਲ ਹਵਾਲ ਸੁਣਾਏ ।
ਮਿਲਿਆਂ ਬੀਤ ਗਏ ਦਮ ਜਿਤਨੇ, ਜਾਣੁ ਸੋਈ ਦਮ ਆਏ ।
ਹਾਸ਼ਮ ਜਾਣ ਸੋਈ ਸੁਖ ਪਾਵਗੁ, ਬਹੁਤ ਜਿਨ੍ਹਾਂ ਦੁਖ ਪਾਏ ।੧੧੨।
੧੧੩

ਪਿਛਲੀ ਰਾਤ ਸੋਹਣੀ ਮੁੜ ਆਵੈ, ਕਰਕੇ ਫ਼ਿਕਰ ਅੰਦੇਸ਼ਾ ।
ਓਸੇ ਤੌਰ ਤਰ੍ਹਾਂ ਉਸ ਵੇਲੇ, ਪਹੁੰਚੇ ਪਾਰ ਹਮੇਸ਼ਾ ।
ਆਵੇ ਛੋਡ ਘੜਾ ਵਿਚ ਬੇਲੇ, ਰੋਜ਼ ਸਬਾਹੀ ਪੇਸ਼ਾ ।
ਹਾਸ਼ਮ ਇਸ਼ਕ ਅਜੇਹੀ ਆਫ਼ਤ, ਸਮਝ ਮੀਆਂ ਰਗ ਰੇਸ਼ਾ ।੧੧੩।
੧੧੪

ਘਰ ਦੇ ਲੋਕ ਮਹਾਂ ਹਤਿਆਰੇ, ਗਿਰਦ ਰਖਣ ਨਿਤ ਘੇਰਾ ।
ਬੇਲੇ ਸ਼ੇਰ ਬਘੇਲੇ ਬੁੱਕਣ, ਸ਼ਹੁ ਦਰਿਆਉ ਔਖੇਰਾ ।
ਸੋਹਣੀ ਫੇਰ ਮਿਲੇ ਤਰ ਨਦੀਓਂ, ਪਹੁੰਚੇ ਸੰਝ ਸਵੇਰਾ ।
ਹਾਸ਼ਮ ਇਸ਼ਕ ਦੇ ਜਾਮਿਨ ਮੁਸ਼ਕਲ, ਸਭ ਤੇ ਖਰਾ ਅਉਖੇਰਾ ।੧੧੪।
੧੧੫

ਰਾਤੀਂ ਪਾਰ ਨਦੀ ਤਰ ਜਾਵੇ, ਲਖਿਆ ਭੇਉ ਹਸੂਦਾਂ ।
ਖ਼ਾਸੁਲਖ਼ਾਸ ਹੋਏ ਸਿਰ ਵੈਰੀ, ਫਿਕਰ ਕੀਤਾ ਮਰਦੂਦਾਂ ।
ਸੁਹਬਤ ਨਾਲ ਖਰਾਂ ਦਿਨ ਰਾਤੀ, ਸੋ ਘੁਮਿਆਰ ਗਦੂਦਾਂ ।
ਹਾਸ਼ਮ ਦਰਦਵੰਦਾਂ ਦੇ ਦੁਸ਼ਮਣ, ਮਰਸਣ ਨਾਲ ਅਮੂਦਾਂ ।੧੧੫।
੧੧੬

ਰਲਿ ਘੁਮਿਆਰ ਪਏ ਤਤਬੀਰੀਂ, 'ਇਸਨੋ ਮਾਰ ਗਵਾਵੋ ।
ਮੁਇਆਂ ਬਾਝ ਨਹੀਂ ਇਹ ਹਟਦੀ, ਸੌ ਦੁਖ ਸੂਲ ਸੁਹਾਵੋ ।
ਜੁੰਮੇ ਖ਼ੂਨ ਲਹੋ ਨਹੀਂ ਆਪਣੇ, ਆਪਣਾ ਆਪ ਬਚਾਵੋ ।
ਹਾਸ਼ਮ ਹਿਕਮਤਿ ਨਾਲ ਸੋਹਣੀ ਨੂੰ, ਰੋੜ੍ਹ ਨਦੀ ਸੁਖ ਪਾਵੋ' ।੧੧੬।
੧੧੭

ਕਰ ਮਲੂਮ ਓਨ੍ਹਾਂ ਜਿਸ ਜਾਗ੍ਹਾ, ਰਖਦੀ ਘੜਾ ਲੁਕਾਇਆ ।
ਪੁਖ਼ਤਾ ਪਕੜ ਲਇਆ ਉਸ ਥਾਉਂ, ਖ਼ਾਮੀ ਚਾਇ ਟਿਕਾਇਆ ।
ਦਰਦਵੰਦਾਂ ਦੇ ਨਾਲ ਬਿਦਰਦਾਂ, ਰਲ ਕੇ ਦਗ਼ਾ ਕਮਾਇਆ ।
ਹਾਸ਼ਮ ਦੋਸ਼ ਕਿਸੇ ਵਿਚ ਨਾਹੀਂ, ਲੇਖ ਲਿਖੇ ਸੋਈ ਪਾਇਆ ।੧੧੭।
੧੧੮

ਓਸੇ ਵਖ਼ਤ ਹਮੇਸ਼ਾਂ ਵਾਲੇ, ਫੇਰ ਸੋਹਣੀ ਉਠਿ ਧਾਈ ।
ਆਈ ਰਾਤ ਸ਼ਹਾਦਤ ਵਾਲੀ, ਜੋ ਵਿਚ ਲੇਖ ਲਿਖਾਈ ।
ਤਾਂ ਤਕਦੀਰ ਗਈ ਲਗ ਆਫ਼ਤ, ਸੁਤੀ ਜਾਇ ਜਗਾਈ ।
ਹਾਸ਼ਮ ਰੋਜ਼ ਸੱਸੀ ਦੇ ਥਲ ਦੀ, ਰਾਤ ਸੋਹਣੀ ਸਿਰ ਆਈ ।੧੧੮।
੧੧੯

ਵਾਹਦ-ਜਾਨ ਸੋਹਣੀ ਵਿਚ ਬੇਲੇ, ਆਣ ਬਲਾਈਂ ਘੇਰੀ ।
ਜ਼ੋਰੋ ਜ਼ੋਰ ਦੁਹਾਂ ਲੜਿ ਜੋੜੇ, ਆਫ਼ਤ ਮੀਂਹ ਅਨ੍ਹੇਰੀ ।
ਚਾਵਨ ਸ਼ੇਰ ਦਲਾਂ ਗਜ ਮਸਤਾਂ, ਇਕ ਔਲਾਂਘ ਔਖੇਰੀ ।
ਹਾਸ਼ਮ ਮੇਹੀਂਵਾਲ ਮਿਲਾਵੇ, ਕੂਕ ਸੁਣੇ ਰੱਬ ਮੇਰੀ ।੧੧੯।
੧੨੦

ਦੁਖਾਂ ਦੇਖ ਸੋਹਣੀ ਨੂੰ ਫੜਿਆ, ਢੂੰਢ ਤਮਾਮ ਜਹਾਨੋਂ ।
ਅਚਨਚੇਤ ਗੁਝੀ ਲਖ ਆਫ਼ਤ, ਆਣ ਜੁੜੀ ਅਸਮਾਨੋਂ ।
ਵਰਸਨ ਮੇਂਹੁ ਲਗੇ ਅਜ਼ਗੈਬੀ, ਜਿਤਨੇ ਤੀਰ ਕਮਾਨੋਂ ।
ਹਾਸ਼ਮ ਸ਼ਿਆਮ ਘਟਾ ਵਿਚ ਬਿਜਲੀ, ਚਮਕੇ ਤੇਗ ਮਿਆਨੋਂ ।੧੨੦।
੧੨੧

ਖ਼ੂਨੀ ਸ਼ਾਮ ਘਟਾਂ ਵਿਚ ਬਿਜਲੀ, ਚਮਕੇ ਨਾਲ ਮਰੋੜਾਂ ।
ਗੋਯਾ ਤੋਪ ਤੁਫੰਗ ਜੰਬੂਰੇ, ਰਖੇ ਆਣ ਕਰੋੜਾਂ ।
ਕੰਬੇ ਤਖ਼ਤ ਜ਼ਿਮੀ ਦਾ ਥਰਹਰ, ਸਹਣ ਪਹਾੜਨ ਤੋੜਾਂ ।
ਹਾਸ਼ਮ ਫੇਰ ਨ ਮੁੜਦੀ ਹਰਗਿਜ਼, ਮੋੜੇ ਕੌਣ ਅਮੋੜਾਂ ।੧੨੧।
੧੨੨

ਪਾਰ ਉਰਾਰ ਅੰਧੇਰੀ ਜ਼ਾਲਮ, ਹੋਣ ਜਹਾਜ਼ ਅਪੁੱਠੇ ।
ਪੁਟ ਪੁਟ ਰੁੱਖ ਬਣੇ ਸਣ ਮੂਲੀਂ, ਜਾਇ ਕਿਤੇ ਵਲ ਸੁੱਟੇ ।
ਆਦਮ ਕੌਣ ਪਹਾੜੋਂ ਉਡਿ ਉਡਿ, ਜਾਣ ਵਲਾਏ ਵੱਟੇ ।
ਹਾਸ਼ਮ ਸਾਹਿਬ ਸਿਦਕ ਨ ਹੋਵਣ, ਕਿਉਂ ਕਰ ਫੇਰ ਇਕੱਠੇ ।੧੨੨।
੧੨੩

ਬਾਰਸ਼ ਨਾਲ ਹੋਏ ਪੁਰ ਖ਼ਾਨੇ, ਕੁਲ ਜੀਅ ਆਣ ਉਛੱਲੇ ।
ਕੀੜੇ ਸੱਪ ਅਠੂੰਹੇ ਨੇਵਲ, ਆਣ ਜ਼ਿਮੀ ਪੁਰ ਮੱਲੇ ।
ਦਾਨੋਂ ਦੇਵ ਸਭੇ ਉਸ ਵੇਲੇ, ਹਰਗਿਜ਼ ਪੈਰ ਨ ਚੱਲੇ ।
ਹਾਸ਼ਮ ਨਾਲ ਯਕੀਨ ਸੋਹਣੀ ਨੇ, ਦੇਖ ਅਹੇ ਦਿਨ ਝੱਲੇ ।੧੨੩।
੧੨੪

ਬੋਲੇ ਨਾਲ ਅਨ੍ਹੇਰੀ ਬੇਲਾ, ਗਿਰਦੇ ਹਾਲ ਭਲੇਰੇ ।
ਜ਼ਹਿਰੀ ਨਾਗ ਅਠੂੰਹੇ ਸ਼ੂਕਣ, ਭਖਦਾ ਸਾਰੁ ਚੁਫੇਰੇ ।
ਨੇਤ੍ਰੀਂ ਡੰਗ ਜਿਨ੍ਹਾਂ ਦੇ ਲਸ਼ਕਣ, ਲਾਟਾਂ ਬਲਣ ਅਨ੍ਹੇਰੇ ।
ਚਾਂਦਨ ਓਸ ਧਰਾਵੇ ਹਾਸ਼ਮ, ਚੁਕ ਚੁਕ ਪੈਰ ਅਗੇਰੇ ।੧੨੪।
੧੨੫

ਬਾਸਕ ਪੂਤ ਫਣਾਂ ਉਛਲਾਵਣ, ਖੜਦੇ ਚੁੱਕ ਅਨ੍ਹੇਰਾ ।
ਬਿਜਲੀ ਤਾਉ ਕਰੇ ਮੁੜ ਚਾਂਦਨ, ਹੋਂਦਾ ਆਣ ਵਧੇਰਾ ।
ਰਲ ਕੇ ਆਣਿ ਦੁਹਾਂ ਦੇ ਚਾਂਦਨ, ਕੀਤਾ ਰਾਹ ਸੁਖੇਰਾ ।
ਹਾਸ਼ਮ ਐਸ਼ ਅਰਾਮ ਸੋਹਣੀ ਨੂੰ, ਇਤਨੋ ਜਾਣ ਬਤੇਰਾ ।੧੨੫।
੧੨੬

ਪਹੁਤੀ ਜਾਇ ਨਦੀ ਤਕ ਸੋਹਣੀ, ਕਾਮਲ ਸਿਦਕ ਪਹੁੰਚਾਈ ।
ਫੜਿਆ ਜਾਇ ਘੜਾ ਹਥ ਡੋਬੂ, ਤਾਰ ਬੰਨੇ ਜਿਨ ਲਾਈ ।
ਦਿਲ ਥੋਂ ਐਸ਼ ਹਯਾਤੀ ਵਾਲੀ, ਤੋੜ ਉਮੀਦ ਸਿਧਾਈ ।
ਹਾਸ਼ਮ ਦੇਖ ਨਸੀਬ ਸੋਹਣੀ ਦੇ, ਜੋ ਦੁਖ ਪਵਣ ਸਵਾਈ ।੧੨੬।
੧੨੭

ਹੋ ਸਿਰਬਾਜ਼ ਸ਼ਹੀਦ ਇਸ਼ਕ ਦੀ, ਛੋਡ ਗੁਮਾਨ ਨਿਹੋਰਾ ।
ਦੂਰੋਂ ਦੌੜ ਪਈ ਜਲ ਡੂੰਘੇ, ਤੋੜ ਸਭੀ ਗ਼ਮ ਝੋਰਾ ।
ਜਿਉਂ ਕਰ ਸੈਦ ਉਤੇ ਕਰ ਕਾਹਲ, ਬਾਜ਼ ਜਾਇ ਤਜਿ ਡੋਰਾ ।
ਹਾਸ਼ਮ ਸਖ਼ਤ ਬੁਰਾ ਸਭ ਜ਼ੋਰੋਂ, ਇਸ਼ਕ-ਬ੍ਰਿਹੋਂ ਦਾ ਜ਼ੋਰਾ ।੧੨੭।
੧੨੮

ਨੈਂ ਵਿਚ ਜਾਇ ਵੜੀ ਜਿਸ ਵੇਲੇ, ਭਾਰ ਘੜੇ ਪਰ ਪਾਇਆ ।
ਤਾਰੀ ਪਕੜ ਹਮੇਸ਼ਾਂ ਵਾਲੀ, ਸਾਬਤੁ ਜ਼ੋਰ ਲਗਾਇਆ ।
ਗਹਿਰੀ ਰਾਤ ਅਕਲ ਦੀ ਨਜ਼ਰੇ, ਖ਼ਾਮ ਘੜਾ ਦਿਸ ਆਇਆ ।
ਹਾਸ਼ਮ ਇਸ਼ਕ ਬਣੀ ਪਰ ਬਣਦਾ, ਪਲ ਪਲ ਸੂਲ ਸਵਾਇਆ ।੧੨੮।
੧੨੯

ਖ਼ਾਮੀ ਜਾਣ ਘੜਾ ਮੁੜ ਅਟਕੀ, ਢਿਲ ਕੀਤੀ ਦਰਿਆਵੋਂ ।
ਪਹੁੰਚਣ ਪਾਰ ਮੁਹਾਲ ਘੜੇ ਬਿਨ, ਜ਼ਾਲਮ ਨਦੀ ਚਨਾਵੋਂ ।
ਹਟਿਆਂ ਲਾਜ ਇਸ਼ਕ ਨੂੰ ਲਗਦੀ, ਡਰਦੀ ਏਸ ਬਲਾਵੋਂ ।
ਹਾਸ਼ਮ ਆਣਿ ਦਲੀਲਾਂ ਪਕੜੀ, ਮੁਸ਼ਕਲਿ ਬਣੀ ਰਜਾਵੋਂ ।੧੨੯।
੧੩੦

ਕੱਚੀ ਪੈਰ ਸੰਭਾਲ ਨ ਧਰਿਆ, ਸ਼ੀਰ ਪੀਤਾ ਸੀ ਕੱਚਾ ।
ਕੱਚੇ ਵਹਿਣ ਪਈ ਜਾਇ ਕੱਚੀ, ਤੁਲਾ ਵਿਹਾਝਿਆ ਕੱਚਾ ।
ਡੁਬਦੀ ਜਾਇ ਜਿਧਰ ਹਥ ਘੱਤਦੀ, ਸੋ ਹਥੁ ਪਾਵੈ ਕੱਚਾ ।
ਹਾਸ਼ਮ ਜਾਨ ਗਵਾਵੈ ਸੋਹਣੀ, ਪ੍ਰੇਮ ਨ ਕਰਸੀ ਕੱਚਾ ।੧੩੦।
੧੩੧

ਅਟਕੀ ਪਲਕੁ ਰਹੀ ਅਟਕਾਈ, ਅਕਲ ਦਿਤੀ ਬਦਰਾਹੀ ।
'ਭਲਕੇ ਆਇ ਮਿਲੇਸਾਂ ਕਿਉਂ ਅਜ ਕਰੀਏ ਜਾਨ ਕੁਤਾਹੀ' ।
ਪਰ ਉਹ ਇਸ਼ਕ ਨ ਮੁੜਨੇ ਦੇਂਦਾ, ਜੋ ਸਿਰਬਾਜ਼ ਸਿਪਾਹੀ ।
ਹਾਸ਼ਮ ਇਸ਼ਕ ਅਕਲ ਦਾ ਦੁਸ਼ਮਣ, ਕਹਿਣ ਕਦੀਮ ਗਵਾਹੀ ।੧੩੧।
੧੩੨

ਇਕ ਧਿਰ ਸ਼ੌਕ ਸੋਹਣੀ ਨੂੰ ਆਖੇ, ਹਾਰ ਨ ਸਿਦਕੋਂ ਮੂਲੇ ।
ਜਿਨ ਕਿਨ ਜਾਨ ਬਚਾਈ ਮਰਨੋਂ, ਮਤਲਬ ਲਇਆ ਨ ਮੂਲੇ ।
ਸਾਹਿਬ ਸਿਦਕ ਸੋਹਣੀ ਦਾ ਰਖਸੀ, ਖੁਸ਼ ਹੋ ਮੌਤ ਕਬੂਲੇ ।
ਹਾਸ਼ਮ ਹਾਰ ਨ ਸਿਦਕੋਂ ਮੂਲੇ, ਹੋਗੁ ਭਲਾ ਇਤ ਸੂਲੇ ।੧੩੨।
੧੩੩

ਸੋਹਣੀ ਸਮਝ ਡਿਠਾ ਵਿਚ ਦਿਲ ਦੇ, ਖ਼ੂਬ ਨਹੀਂ ਹੁਣ ਡਰਨਾ ।
ਆਫ਼ਤ ਮੌਤ ਨ ਮੁੜਦੀ ਸਿਰ ਥੋਂ, ਜਦ ਕਦ ਓੜਕ ਮਰਨਾ ।
ਤਾਰੂ ਅੰਤ ਡੁਬੇਂਦੇ ਆਹੇ, ਕਿਚਰਕੁ ਨੈਂ ਵਿਚ ਤਰਨਾ ।
ਹਾਸ਼ਮ ਕਾਰ ਸਿਦਕ ਦੀ ਨਾਹੀਂ, ਪੈਰ ਪਿਛਾਹਾਂ ਧਰਨਾ ।੧੩੩।
੧੩੪

ਸਾਬਤ ਸਿਦਕ ਸੋਹਣੀ ਕਰ ਧਾਈ, ਹਟੀ ਨ ਹਟਕੀ ਹੋੜੀ ।
ਖੂਨੀ ਵਹਿਣ ਕਹਿਰ ਦੀਆਂ ਲਹਿਰਾਂ, ਵਾਗ ਪਿਛ੍ਹਾਂ ਨ ਮੋੜੀ ।
ਐਸੀ ਪ੍ਰੀਤ ਸੱਜਣ ਵਲ ਜੋੜੀ, ਆਸ ਜੀਵਣ ਦੀ ਤੋੜੀ ।
ਹਾਸ਼ਮ ਸਿਦਕ ਸੋਹਣੀ ਦੇ ਉਪਰੋਂ, ਵਾਰੇ ਮਰਦ ਕਰੋੜੀਂ ।੧੩੪।
੧੩੫

ਧਾਈ ਜਾਨ ਤਲੀ ਪੁਰ ਧਰ ਕੇ, ਜਾਇ ਪਈ ਜਲ ਤਾਰੂ ।
ਸੂਲਾਂ ਦੁਖ ਪਏ ਰਲ ਫੌਜਾਂ, ਮੌਤ ਵਜਾਇਆ ਮਾਰੂ ।
ਆਹਾਕਾਰ ਪਇਆ ਵਿਚ ਜਲ ਦੇ, ਆਣਿ ਜੁੜੇ ਠਠ ਭਾਰੂ ।
ਹਾਸ਼ਮ ਫ਼ਤ੍ਹੇ ਨਸੀਬ ਇਸ਼ਕ ਦੇ, ਅਕਲ ਹਮੇਸ਼ਾ ਹਾਰੂ ।੧੩੫।
੧੩੬

ਗਹਿਰੀ ਰਾਤ ਹਾਥ ਛਪ ਜਾਵੈ, ਪੌਣ ਰੂਪ ਜਮ ਸਰਕੇ ।
ਖ਼ੂਨੀ ਤੇਜ਼ ਬਿੰਬ ਜਲ ਤਾਰੂ, ਸ਼ੀਂਹ ਮਰਨ ਡਰ ਡਰਕੇ ।
ਬਿਜਲੀ ਚਮਕ ਚਮਕ ਡਰ ਪਾਵੈ, ਬਰਫ਼ ਸਾਰ ਮੁੰਹ ਕਰਕੇ ।
ਪ੍ਰੀਤਿ ਰੀਤਿ ਐਸੀ ਕਰਿ ਹਾਸ਼ਮ, 'ਸੋਹਣੀ' ਫੇਰ ਚਲੀ ਨੈਂ ਤਰਕੇ ।੧੩੬।
੧੩੭

ਡੋਬੂ ਵਹਿਣ ਨਦੀ ਦਾ ਆਹਾ, ਪਾਰ ਉਰਾਰ ਨ ਦਿਸਦਾ ।
ਬੋਲੇ ਜ਼ੋਰ ਭਰੀ ਨੈਂ ਚੰਦਲ, ਬਰਫ਼ ਤੇਜ਼ ਜਲ ਦਿਸਦਾ ।
ਨਾਉਂ ਲਿਆਂ ਲੂੰ ਲੂੰ ਕੰਡਿਆਵੈ, ਤੇਜ਼ ਬੁਰਾ ਤਪ ਤਿਸਦਾ ।
ਹਾਸ਼ਮ ਓਸ ਨਦੀ ਵਿਚ ਤਰਨਾ, ਬਾਝ ਸੋਹਣੀ ਕੰਮ ਕਿਸਦਾ ?੧੩੭।
੧੩੮

ਕੱਪਰ ਨਾਲ ਖਹੇ ਕਰਿ ਜ਼ੋਰਾ, ਬਰਫ਼ ਨਦੀ ਵਿਚ ਕਰਕੇ ।
ਜਿਉਂ ਤਲਵਾਰ ਅਸੀਲ ਫੁਲਾਦੀ, ਸਾਣ ਚੜ੍ਹਾਈ ਸਰਕੇ ।
ਤਿਸ ਨੂੰ ਚੀਰ ਸੋਹਣੀ ਨੈਂ ਤਰਦੀ, ਜ਼ੋਰ ਇਸ਼ਕ ਦਾ ਕਰਕੇ ।
ਹਾਸ਼ਮ ਆਸ਼ਕ ਮਿਲਣ ਮਸ਼ੂਕਾਂ, ਜਾਨ ਤਲੀ ਪੁਰ ਧਰਕੇ ।੧੩੮।
੧੩੯

ਆਫ਼ਤ ਰੁੜ੍ਹੀ ਪਹਾੜੋਂ ਆਵੈ, ਪਰਲੀ ਪਰੇ ਪਰੇਰੀ ।
ਬਾਂਦਰ ਰਿਛ ਲੰਗੂਰ ਅਸਰਾਲਾ, ਮਾਰੇ ਮੀਂਹ ਅੰਧੇਰੀ ।
ਸੋਹਣੀ ਫੇਰ ਨ ਡਰਦੀ ਹਰਗਿਜ਼, ਰਖਦੀ ਤਾਂਘ ਅਗੇਰੀ ।
ਹਾਸ਼ਮ ਮੇਹੀਂਵਾਲ ਮਿਲਾਵੇ, ਕੂਕ ਸੁਣੇ ਰੱਬ ਮੇਰੀ ।੧੩੯।
੧੪੦

ਕਹਰੀਂ ਜ਼ੋਰ ਭਰੀ ਨੈਂ ਚੰਦਲ, ਫੜਿਆ ਜ਼ੋਰ ਜੁਆਨੀ ।
ਪੱਤਣ ਵਹਿਣ ਵਗਣ ਲੱਖ ਤਾਰੂ, ਇਕ ਇਕ ਲਹਿਰ ਤੁਫਾਨੀ ।
ਚੱਪੇ ਵੰਝ ਗਏ ਸਣ ਬੇੜੀ, ਰੁੜ੍ਹਦੇ ਕਿਨੀਂ ਮਕਾਨੀ ।
ਹਾਸ਼ਮ ਓਸ ਨਦੀ ਵਿਚ ਸੋਹਣੀ, ਨਾਮ ਜਪੇ ਮਿਲਿ ਜਾਨੀ ।੧੪੦।
੧੪੧

ਕੱਛ ਮੱਛ ਬੁਲ੍ਹਣ ਸਭ ਰਲਿ ਕੇ, ਹੋਈਆਂ ਗਿਰਦ ਕਤਾਰਾਂ ।
ਰੋਕਣ ਰਾਹ ਪਏ ਵਿਚ ਤੰਦੁਵੇ, ਪਾਇਆ ਜ਼ੋਰ ਸੰਸਾਰਾਂ ।
ਭੁਖੇ ਲੱਖ ਜੁੜੇ ਜਲਹੋੜੇ, ਦੁਸ਼ਮਣਿ ਹੋਰ ਹਜ਼ਾਰਾਂ ।
ਹਾਸ਼ਮ ਅੱਜ ਸੋਹਣੀ ਦੇ ਸਿਰ ਪਰ, ਫਿਰੀਆਂ ਹੋਰ ਬਹਾਰਾਂ ।੧੪੧।
੧੪੨

ਘੁੰਮਣਘੇਰਿ ਡੁਬਾਇਆ ਲੋੜਨ, ਭਰ ਭਰ ਲੈਣ ਕਲਾਵੇ ।
ਠਾਠਾਂ ਚੁਕ ਚੁਕ ਕਰਨ ਉਪੁੱਠਾ, ਲਹਿਰੀਂ ਵਾਰੁ ਨ ਆਵੇ ।
ਦੁਸ਼ਮਣਿ ਗਿਰਦ ਸੋਹਣੀ ਵਿਚ ਘੇਰੀ, ਲੱਖ ਲੱਖ ਚੋਟ ਬਚਾਵੇ ।
ਹਾਸ਼ਮ ਜੋ ਦਮ ਨਾਲ ਕਿਸੀ ਦੇ, ਇਕ ਪਲ ਕੌਣ ਮਿਟਾਵੇ ।੧੪੨।
੧੪੩

'ਰੱਬਾ ! ਕੂਕ ਪੁਕਾਰ ਸੋਹਣੀ ਦੀ ਨਦੀਓਂ ਪਾਰ ਸੁਣਾਵੀਂ ।
ਮੇਹੀਂਵਾਲ ਉਡੀਕੇ ਮੈਨੂੰ, ਉਸ ਦੀ ਆਸ ਪੁਜਾਵੀਂ ।
ਜਿਤ ਵਲ ਯਾਰ ਸੋਹਣੀ ਦੀ ਮੱਯਤ, ਤਾਂਘ ਉਤੇ ਵਲਿ ਲਾਵੀਂ ।
ਹਾਸ਼ਮ ਖ਼ਾਕ ਰਹੇ ਕੇਹੀ ਤਪਦੀ, ਮੁਇਆਂ ਨੂੰ ਫੇਰ ਮਿਲਾਵੀਂ' ।੧੪੩।
੧੪੪

ਨਾ ਕੁਛੁ ਦੋਸ਼ ਘੜੇ ਘੁਮਿਆਰਾਂ, ਖਲਕ ਭਲੀ ਸਭ ਸੱਚੀ ।
ਕੱਚੇ ਹੋਏ ਨਸੀਬ ਸੋਹਣੀ ਦੇ, ਚਾਲ ਬਣੀ ਸਭ ਕੱਚੀ ।
ਧੁਖਦੀ ਚਿਣਗ ਚਰੋਕੀ ਆਹੀ, ਆਣਿ ਨਿਹਾਇਤ ਮੱਚੀ ।
ਹਾਸ਼ਮ ਦੋਸ਼ ਕਿਸੇ ਵਿਚ ਨਾਹੀ, ਆਪ ਬੁਰੀ ਗਲਿ ਰਚੀ ।੧੪੪।
੧੪੫

'ਕੱਛ ਮੱਛ ਜਲ-ਹੋੜਾ! ਸੁਣਿਓ, ਸੁਣਿਓ ਬਰਾ ਖ਼ੁਦਾਈ ।
ਮੇਹੀਂਵਾਲ ਫ਼ਕੀਰ ਨਿਮਾਣੇ, ਦੇਹੁ ਸਨੇਹਾ ਜਾਈ -
'ਸੋਹਣੀ ਡੱਬ ਮੁਈ ਅੱਜ ਤੇਰੀ, ਕਰੀਂ ਉਮੈਦ ਨ ਕਾਈ' ।
ਹਾਸ਼ਮ ਲੇਖ ਜਿਵੇਂ ਕੁਝ ਲਿਖਿਆ, ਚਾਲ ਬਣੀ ਸਿਰ ਆਈ ।੧੪੫।
੧੪੬

ਤਬ ਲਗ ਰਹੀ ਤਰੰਦੀ ਸੋਹਣੀ, ਰਹੀ ਹਮਾਇਤ ਬਖ਼ਤੋਂ ।
ਮੇਵਾ ਤੋੜਿ ਜਨਾਵਰ ਖੜਿਆ, ਤੁਟਿਆ ਸ਼ਾਖ ਦਰਖ਼ਤੋਂ ।
ਉਲਟੇ ਵਖਤਿ ਪਏ ਜਦਿ ਵੈਰੀ, ਚਾਇ ਸੁਟਾਈ ਤਖ਼ਤੋਂ ।
ਹਾਸ਼ਮ ਆਖ, ਕਿਨ੍ਹੇ ਸੁਖ ਪਾਇਆ, ਜ਼ਾਲਮ ਨੇਹੁੰ ਕੰਬਖ਼ਤੋਂ ।੧੪੬।
੧੪੭

ਲੰਮੇ ਵਹਿਣ ਰੁੜ੍ਹੀ ਕਰ ਵਿਦਿਆ, ਸੱਜਣ ਸਾਥ ਪਿਆਰੇ ।
ਲੂੰ ਲੂੰ ਫੇਰ ਮੁਈ ਭੀ ਜਾਣਹੁ, 'ਮੇਹੀਂਵਾਲ' ਪੁਕਾਰੇ ।
ਸੁਇਨਾ ਚਾਇ ਕਰੇ ਰੱਬ ਖ਼ਾਕੋਂ, ਉਸ ਦੇ ਰਾਹ ਨਿਆਰੇ ।
ਹਾਸ਼ਮ ਹਉਂ ਕੁਰਬਾਨ ਤਿਨਾਂ ਦੇ, ਜਿਨ੍ਹਾਂ ਸਾਬਰ ਸਾਂਗ ਉਤਾਰੇ ।੧੪੭।
੧੪੮

ਸੋਹਣੀ ਮੂਲ ਨ ਤਰਦੀ ਤਰ ਕੇ, ਖ਼ੂਬ ਤਰੀ ਡੁੱਬ ਮਰ ਕੇ ।
ਹੋਈ ਸ਼ਹੀਦ ਸੱਸੀ ਜਿਉਂ ਜਾਣੋਂ, ਖੋਜ ਉਤੇ ਸਿਰ ਧਰਕੇ ।
ਤਾਂ ਮਸ਼ਹੂਰ ਹੋਇਆ ਪਰਵਾਨਾ, ਜਾਇ ਮੁਯਾ ਹਠ ਕਰਕੇ ।
ਹਾਸ਼ਮ ਕੋਈ ਨ ਪਹੁਤਾ ਮੰਜ਼ਲ, ਜਾਨ ਵਲੋਂ ਡਰ ਡਰ ਕੇ ।੧੪੮।
੧੪੯

ਕੂਕ ਪੁਕਾਰ ਸੋਹਣੀ ਦੀ ਸੁਣਕੇ, ਮੇਹੀਂਵਾਲ ਪਛਾਤੀ ।
ਦਿਸਦਾ ਬੁਰਾ ਆਹਾ ਸੋਹਣੀ ਦਾ, ਰੋੜ੍ਹ ਖੜੀ ਅਜੁ ਰਾਤੀ ।
ਹੋਈ ਸ਼ਹੀਦ ਇਸ਼ਕ ਵਿਚ ਆਪਣੇ, ਆਪ ਲੋਹੂ ਵਿਚ ਨ੍ਹਾਤੀ ।
ਹਾਸ਼ਮ ਸਾਥ ਸੱਜਣ ਦਾ ਕਰੀਏ, ਖ਼ੂਬ ਇਹੋ ਗੱਲ ਜਾਤੀ ।੧੪੯।
੧੫੦

ਕੁਟੀਆ ਛੋਡ ਨਦੀ ਵਲ ਤੁਰਿਆ, ਕਰਿ ਵਿਦਿਆ ਜ਼ਿੰਦਗਾਨੀ ।
ਕਰਿ ਕੁਰਬਾਨ ਸੋਹਣੀ ਦੇ ਸਿਰ ਥੋਂ, ਲੱਜ਼ਤ, ਐਸ਼, ਜਵਾਨੀ ।
ਡਰਦਾ ਦੌੜ ਹਿਜਰ ਥੋਂ ਤੁਰਿਆ, ਵਗਦੇ ਵਹਿਣ ਤੁਫ਼ਾਨੀ ।
ਹਾਸ਼ਮ ਇਸ਼ਕ ਮੁਇਆਂ ਖੜਿ ਮੇਲੇ, ਫੇਰ ਮਿਲੇ ਦਿਲ ਜਾਨੀ ।
੧੫੧

ਮਿਲਿਆ ਜਾਇ ਰੂਹਾਂ ਰਲ ਮੇਲਾ, ਵਿਚ ਦਰਗਾਹ ਰੱਬਾਨੀ ।
ਇਕਤੇ ਜਾਇ ਸਮਾਣੇ ਨੈਂ ਵਿਚ, ਫੇਰ ਮਿਲੇ ਦਿਲ ਜਾਨੀ ।
ਖੜਿ ਕੇ ਖ਼ਿਦਰ ਹਯਾਤ ਜਨਾਜ਼ਾ, ਦਫ਼ਨ ਕੀਤੇ ਵਿਚ ਪਾਣੀ ।
ਹਾਸ਼ਮ ਇਸ਼ਕ ਸੋਹਣੀ ਦਾ ਜਗ ਵਿਚਿ, ਜੁਗ ਜੁਗ ਰਹਗੁ ਕਹਾਣੀ ।੧੫੧।