ਪੰਨਾ:ਆਂਢ ਗਵਾਂਢੋਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੋਲੀ ਵਿਚ ਉਭਰਿਆ ਹੋਇਆ ਜੋਬਨ - ਇਨ੍ਹਾਂ ਸਾਰੀਆਂ ਚੀਜ਼ਾਂ ਨੇ ਨਰੈਣ ਰਾਉ ਦੇ ਮਨ ਨੂੰ ਮੋਹ ਲਿਆ। ਆਉ! ਆਉ! ਆਖਦਿਆਂ ਉਹ ਰੰਗਮਾ ਦੇ ਨੇੜੇ ਆ ਗਿਆ। ਉਹ ਪਿਛੇ ਹਟੀ, ਉਹ ਤੁਰ ਜਾਣਾ ਚਾਹੁੰਦੀ ਸੀ, ਪਰੰਤੂ ਕਿਵੇਂ ਜਾਏ। ਨਰੈਣ ਰਾਉ ਉਸ ਦੇ ਮੋਢੇ ਉਪਰ ਹਥ ਰਖੀ ਉਸ ਨੂੰ ਅੰਦਰ ਖਿਚ ਰਿਹਾ ਸੀ। ਉਸ ਦੀਆਂ ਸ਼ਰਾਬੀ ਅੱਖਾਂ ਵਿਚ ਬੇਸ਼ਰਮ ਮਸਤੀ ਤੇ ਲਾਲ ਸੁਰਖ਼ ਬੁਲਾਂ ਤੇ ਵਾਹਯਾਤ ਹਾਸਾ ਛਲਕ ਰਿਹਾ ਸੀ। ਰੰਗਮਾ ਭੈ-ਭੀਤ ਹੁੰਦੀ ਜਾਂਦੀ, ਵਿਚਾਰੀ ਨਿਰਾਸ ਤੇ ਲਾਚਾਰ ਰੰਗਮਾ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ।

ਬਦਬੋ ਉਸ ਦੇ ਮੂੰਹ ਵਿਚੋਂ ਆ ਰਹੀ ਸੀ - ਸ਼ਰਾਬ ਦੀ ਬਦਬੋ, ਜਿਸ ਨਾਲ ਰੰਗਮਾ ਦਾ ਸਿਰ ਪਾਟ ਰਿਹਾ ਸੀ। ਇਹ ਕਿਹੋ ਜਿਹਾ ਕ੍ਰਿਸ਼ਨ ਹੈ - ਰੰਗਮਾ ਅਸਚਰਜ ਸੀ।

'ਖੜੋਵੋ ਜੀ, ਸੁਣੋ ਤਾਂ ਸਹੀ।'

'ਮੇਰੇ ਲਈ ਹੀ ਆਈ ਹੈਂ ਨਾ!'

'ਨਹੀਂ।'

'ਮੈਂ ਹੀ ਤਾਂ ਕ੍ਰਿਸ਼ਨ ਹਾਂ।'

'ਨਹੀਂ।'

'ਰਤਾ ਬੈਠ, ਫਿਰ ਚਲੀ ਜਾਵੀਂ।'

'ਨਹੀਂ।'

'ਕਾਹਲੀ ਕੀ ਹੈ?'

'ਤੁਸੀ ਭੁਲੇਖੇ ਵਿਚ ਹੋ, ਮੈਨੂੰ ਛਡ ਦਿਉ।’

ਉਹ ਮੁੜਕੋ ਮੁੜਕੀ ਹੁੰਦੀ ਜਾਂਦੀ। ਸ਼ਰਾਬ ਦੇ ਲੋਰੇ ਅਤੇ ਬਦਬੋ ਵਿਚ ਉਹ ਖਿਚੀ ਜਾ ਰਹੀ ਸੀ । 'ਉਰੇ ਆਵੀਂ' ਨਰੈਣ ਰਾਉ ਆਖਦਾ ਹੋਇਆ ਉਸ ਨੂੰ ਆਪਣੇ ਅੰਦਰ ਧੂਹੀ ਲੈ ਜਾ ਰਿਹਾ ਸੀ।

-੩੫-