ਪੰਨਾ:ਉਸਦਾ ਰੱਬ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਖੜੇ ਹੋਏ


ਉਸਦੇ ਆਉਣ ਤੋਂ ਪਹਿਲਾਂ ਹੀ ਨਵੇਂ ਆਏ ਧੋਬੀ ਨੂੰ ਪ੍ਰੈਸ ਕਰ ਰਿਹਾ ਵੇਖ, ਉਹ ਆਪਣੇ ਆਪ ਨੂੰ ਦਗਦੇ ਕੋਲਿਆਂ ਤੇ ਖੜ੍ਹੀ ਮਹਿਸੂਸ ਕਰਨ ਲੱਗੀ ।
ਕੰਧ ਕੋਲ ਝੋਲਾ ਪਟਕ ਕੇ ਮਾਰਦਿਆਂ ਪ੍ਰੈਸ ਕਰ ਰਹੇ ਧੋਬੀ ਨੂੰ ਬੋਲੀ “ਤੁਮ ਹੀਆਂ ਕਈਸੇ ਪ੍ਰੈਸ ਕਰੋ .. ਹੀਆਂ ਪੇ ਮੇਰਾ ਦੋ ਸਾਲ ਸੇ ਅੱਡਾ ਜਮਾਇਆ ਵੀਆ ... ਤੂੰ ਮੇਰਾ ਧੰਦਾ ਖਰਾਬ ਕਰੈ ... ਤੂ ਤੋ ਕਹੀਂ ਅਉਰ ਬੀ ਮੇਚ ਲਗਾ ਸਕੈ ।" ਬੁੜ੍ਹੀ ਦੇ ਬੋਲਣ ਦੀ ਹੀ ਦੇਰ ਸੀ ਕਿ ਸਾਰੇ ਹਰੀਜਨ ਬੁੜ੍ਹੀ ਦੇ ਪੱਖ 'ਚ ਖੜ੍ਹੇ ਹੋ ਗਏ । “ਨਾ ਤੈਨੂੰ ਗਰੀਬਣੀ ਦੇ ਢਿੱਡ ਤੇ ਲੱਤ ਮਾਰਦੇ ਨੂੰ ਸ਼ਰਮ ਨਹੀਂ ਔਦੀ ... ਹੋਰ ਨ੍ਹੀਂ ਕਿਧਰੇ ਉਜੜਿਆ ਜਾਂਦਾ" । ਆਪਣੇ ਪੱਖ 'ਚ ਖੜ੍ਹੇ ਦੇਖ ਬੁੜ੍ਹੀ ਹੋਰ ਹਰਖ ਉਠੀ । ਸਿਰ ਨੂੰ ਫੜ ਕੇ ਬੈਠ ਗਈ । ਸ਼ਾਇਦ ਉਸਨੂੰ ਚੱਕਰ ਆ ਗਿਆ ਸੀ । ਬਿੰਦ ਕੁ ਨੂੰ ਫੇਰ ਠੀਕ ਹੋ ਗਈ । ਉਸ ਵੱਲ ਅੱਖਾਂ ਕੱਢ ਕਢ ਬਿਟ ਬਿਟ ਝਾਕਣ ਲੱਗੀ । ਝੋਲਾ ਰੱਖ ਕੇ ਉਹ ਮੇਜ਼ ਚੁੱਕਣ ਜਾਣ ਲੱਗੀ । ਫੇਰ ਮੁੜ ਕੇ ਆ ਗਈ । "ਕੋਇਲੇ ਮਹਿੰਗੇ ਹੁਈ ਗਏ ... ਊਪਰ ਸੇ ਪੈਰ ਪੈਰ ਪੇ ਚੋਰ ਫਿਰੈ ।" ਪ੍ਰੈਸ ਕਰ ਰਹੇ ਧੋਬੀ ਵੱਲ ਨੂੰ ਝਾਕਦੀ, ਬੁੜਬੁੜ ਕਰਦੀ, ਝੋਲਾ ਕੱਛ 'ਚ ਦੇ ਕੇ ਉਹ ਮੇਜ਼ ਚੁੱਕਣ ਚਲੀ ਗਈ ।
ਮੇਜ਼ ਉਸਨੇ ਬੈਂਕ ਵਾਲਿਆਂ ਦੀ ਕੋਠੀ ਦੇ ਬਗਲ 'ਚ ਹੀ ਕਿਸੇ ਖੂੰਜੇ ਰਖਿਆ ਹੁੰਦਾ । ਮੇਜ਼ ਦੇ ਨਾਲ ਪ੍ਰੈਸ, ਦੋ ਇੱਟਾਂ, ਇੱਕ ਮੋਟਾ ਜਿਆ ਘਸਿਆ ਹੋਇਆ ਕੰਬਲ, ਕਪੜਿਆਂ ਤੇ ਛਿੜਕਣ ਲਈ ਪਾਣੀ ਵਾਸਤੇ ਟੀਨ ਦਾ ਡੱਬਾ ਅਤੇ ਕੋਲਿਆਂ ਨੂੰ ਹਵਾ ਝੱਲਣ ਲਈ ਗੱਤਾ ਵੀ ਰੱਖਿਆ ਹੁੰਦਾ ।
ਇਹਨਾਂ ਚੀਜ਼ਾਂ ਦਾ ਉਹ ਪਤਾ ਨਹੀਂ ਕਿਵੇਂ ਭਰੋਸਾ ਕਰ ਲੈਂਦੀ ਹੋਏਗੀ ਪਰ ਝੋਲੇ ਦਾ ਉਹ ਪਲ ਦਾ ਵੀ ਵਸਾਹ ਨਹੀਂ ਸੀ ਖਾਂਦੀ । ਝੋਲੇ 'ਚ ਉਸਨੇ ਪ੍ਰੈਸ ਲਈ ਕੋਲੇ, ਤੀਲ੍ਹਾ ਦੀ ਡੱਬੀ, ਛੋਟੀ ਜਿਹੀ ਸ਼ੀਸ਼ੀ 'ਚ ਮਿੱਟੀ ਦਾ ਤੇਲ, ਅੱਗ ਬਾਲਣ ਲਈ ਲੱਕੜ ਦੀਆਂ ਸਰੱਕੀਆਂ, ਦੋ ਕੁ ਬੀੜੀਆਂ ਦੇ ਬੰਡਲ ਅਤੇ ਪੋਣੇ 'ਚ ਵਲ੍ਹੇਟੀਆਂ ਤਿੰਨ ਜਾਂ ਚਾਰ ਰੋਟੀਆਂ ਰੱਖੀਆਂ ਹੁੰਦੀਆਂ ।
ਝੋਲਾ ਕੰਧ ਕੋਲ ਰੱਖ ਕੇ ਜਦੋਂ ਉਹ ਮੇਜ਼ ਚੁੱਕਣ ਜਾਣ ਲਗਦੀ ਤਾਂ ਕਈ ਵੇਰੀਂ ਉਹ ਵਾਪਸ ਮੁੜਕੇ ਝੋਲੇ ਕੋਲ ਆ ਜਾਂਦੀ । ਝੋਲੇ ਕੋਲ ਖੜ੍ਹ ਕੇ ਬੁੜ ਬੁੜ ਕਰਦੀ "ਰਸਤਾ ਚਲਰੀਆ, ਕੋਈ ਉਠਾਇ ਕੇ ਚਲਤਾ ਬਨ ਜਾਇ ... ਕਿਸੀ ਕਾ ਕਿਆ ਕਰ ਲੂੰਗੀ ... ਜ਼ਮਾਨਾ ਬਹੁਤ ਬੁਰਾ ਹੁਈਗੀਆ ... ਲੋਗ ਮਰਨੇ ਕੋ ਫਿਰੈ |" ਉਹਦੀ