ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਕਿਸੇ ਨਾਲ ਗੱਲਾਂ ਨਾ ਕਰਨ ਲਗ ਜਾਈਂ। ਉਰੇ ਕਰੋ, ਸਿਰ ਘੁਟ ਦਿਆਂ ... ... ਅਜ ਕੀ ਖਾਓਗੇ? ... ... ਡਾਕਟਰ ਕੀ ਕਹਿ ਗਿਆ ਸੀ? ... ਖਿਚੜੀ ਚੜ੍ਹਵਾ ਦਿਆਂ? ... ... ਨਾਲ ਸੋਡੇ ਦੀ ਬੋਤਲ ਪੀ ਲੈਣੀ ... ਨਿੰਬੂ ਚੂਸ ਲੈਣਾ ... ਮੁੰਹ ਦਾ ਸਵਾਦ ਠੀਕ ਹੋ ਜਾਏਗਾ ... ...।ਭਈ ਜਲਦੀ ਜਲਦੀ ਰਾਜ਼ੀ ਹੋਵੋ। ਤੁਹਾਨੂੰ ਮੰਜੇ ਤੇ ਲੇਟਿਆਂ ਵੇਖ ਕੇ, ਮੈਂ ਉਦਾਸ ਹੋ ਜਾਂਦੀ ਹਾਂ ... ... ਤੁਹਾਨੂੰ ਮੇਰੀ ਉਦਾਸੀ ਦੀ ਕੋਈ ਪਰਵਾਹ ਨਹੀਂ? ਹੁਣ ਮੈਂ ਜਾਂਦੀ ਹਾਂ ... ਅਗੇ ਹੀ ਕਾਫ਼ੀ ਦੇਰ ਹੋ ਗਈ ਹੈ ... ਡਰ ਹੈ ਮਾਤਾ ਜੀ ਗੁੱਸੇ ਨਾ ਹੋਣ। ... ਚੰਗਾ, ਦੋ ਮਿੰਟ ਹੀ ਸਿਰਫ ਹੋਰ ਬੈਠਾਂਗੀ ... ਫੇਰ ਆਵਾਂਗੀ ... ਨਮਸਤੇ।"

ਦੇਵਿੰਦਰ ਜੀ, ਇਹ ਹੈ ਮੇਰੀ ਖ਼ਿਆਲੀ ਦੁਨੀਆ ...।

ਮੈਂ ਤੁਹਾਡੀ ਬੀਮਾਰੀ ਤੋਂ ਜਾਣੂ ਨਾ ਹੋਣ ਕਰ ਕੇ ਪਿਛਲੇ ਖ਼ਤ ਵਿਚ ਇਹੋ ਜਹੇ ਲਫ਼ਜ਼ ਲਿਖ ਦਿੱਤੇ ਸਨ, ਜਿਹੜੇ ਮੈਂ ਕਦੀ ਵੀ ਨਾ ਲਿਖਦੀ, ਜੇ ਮੈਨੂੰ ਤੁਹਾਡੀ ਤਕਲੀਫ਼ ਦਾ ਪਤਾ ਹੁੰਦਾ। ਉਨ੍ਹਾਂ ਨੇ ਜ਼ਰੂਰੀ ਹੈ, ਤੁਹਾਨੂੰ ਤਕਲੀਫ਼ ਦਿੱਤੀ ਹੋਵੇਗੀ। ਮੈਨੂੰ ਖਿਮਾ ਕਰ ਦੇਣਾ। ਕਰ ਦਿਓਗੇ ਨਾ?

ਦੇਵਿੰਦਰ ਜੀ, ਸਬਰ ਦਾ ਪਿਆਲਾ ਕਈ ਵਾਰੀ ਛਲਕ ਉਠਦਾ ਹੈ, ਤੁਹਾਡਾ ਖ਼ਿਆਲ ਆਉਂਦਿਆਂ ਹੀ ਦਿਲ ਵਿਚ ਵਲਵਲੇ ਤੇ ਜਜ਼ਬਾਤ ਦੀ ਅੱਗ ਭੜਕ ਉਠਦੀ ਹੈ - ਤੇ ਮੇਰੇ ਹੋਸ਼ ਆਪਣੀ ਥਾਂ ਨਹੀਂ ਰਹਿੰਦੇ। ਜਦੋਂ ਬੜੀ ਬੇਤਾਬ ਹੋ ਜਾਂਦੀ ਹਾਂ, ਤਾਂ ਮਨਜੀਤ ਨਾਲ ਬਾਗ ਵਿਚ ਸੈਰ ਕਰਨ ਚਲੀ ਜਾਂਦੀ ਹਾਂ। ਕਈਆਂ ਨੂੰ ਦੂਰੋਂ ਦੇਖ ਕੇ, ਮੈਨੂੰ ਤੁਹਾਡਾ ਝੌਲਾ ਪੈ ਜਾਂਦਾ ਹੈ। ਐਵੇਂ ਬੇ ਧਿਆਨ ਹੀ ਕੁਝ ਸਮਾਂ ਗੁਜ਼ਾਰ ਕੇ ਘਰ ਵਾਪਸ ਆ ਜਾਂਦੀ ਹਾਂ। ਜੀ ਕਰਦਾ ਹੈ, ਤੁਹਾਡੇ ਪ੍ਰੇਮ ਆਸ਼ਰਮ ਵਿਚ ਆ ਕੇ ਉਸ ਦੀਆਂ ਕੰਧਾਂ ਨਾਲ ਲਿਪਟੀ ਰਹਾਂ।

ਹਾਂ ਸੱਚ, ਦੱਸੋ ਹੁਣ ਕੀ ਹਾਲ ਹੈ? ਮੈਂ ਤੇ ਆਪਣੇ ਹੀ ਰੋਣੇ ਰੋਣ ਲਗ ਪਈ ਸਾਂ। ਜਲਦੀ ਜਲਦੀ ਤਕੜੇ ਹੋਵੇ।

੩੯