ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੇ ੧੮

ਦੇਵਿੰਦਰ ਜੀਓ ..........,

ਸਚੀਂਂ ਤੁਸੀ ਬੜੇ ਹੀ ਚੰਗੇ ਹੋ, ਜੋ ਮੇਰਾ ਕਹਿਣਾ ਮੰਨ ਕੇ, ਅਜ ਵੇਲੇ ਸਿਰ ਵੀਰ ਜੀ ਕੋਲ ਆ ਗਏ। ਏਨੇ ਦਿਨਾਂ ਮਗਰੋਂ ਵੀਰ ਜੀ ਤੁਹਾਨੂੰ ਮਿਲ ਕੇ ਜਿੰਨਾਂ ਖ਼ੁਸ਼ ਹੋਏ, ਮੈਂ ਉਸ ਤੋਂ ਕਈ ਗੁਣਾਂ ਆਪਣੇ ਕਮਰੇ ਦੇ ਦਰਵਾਜ਼ੇ ਚੋਂ ਖਲੋ ਕੇ ਤੁਹਾਨੂੰ ਦੇਖ ਕੇ ਹੋਈ ਸਾਂ। ਬਾਗ ਵਿਚ ਮਿਲਣ ਮਗਰੋਂ, ਤੁਸੀ ਮੈਨੂੰ ਅਜ ਅਗੇ ਤੋਂ ਵੀ ਚੰਗੇ ਲਗੇ, ਜੀ ਕਰੇ ਝਟ ਤੁਹਾਡੇ ਕੋਲ ਚਲੀ ਜਾਵਾਂ। ਇਕ ਵਾਰੀ ਤੇ ਦੋ ਕਦਮ ਪੁਟੇ ਵੀ, ਪਰ ਫਿਰ ਡਰਦਿਆਂ ਕਿ ਵੀਰ ਜੀ ਨੂੰ ਖ਼ਾਹ-ਮਖ਼ਾਹ ਹੀ ਸ਼ਕ ਪੈ ਜਾਇਗਾ, ਮੈਂ ਆਪਣੀਆਂ ਲਤਾਂ ਨੂੰ ਖ਼ਿਆਲੀ ਜ਼ੰਜ਼ੀਰਾਂ ਨਾਲ ਬਨ੍ਹੀ ਰਖਿਆ।

ਤੁਸੀ ਜਿੰਨਾ ਚਿਰ ਬੈਠੇ ਰਹੇ, ਤੁਹਾਡੀਆਂ ਗੱਲਾਂ ਦੀ ਅਵਾਜ਼ ਮੇਰੇ ਕੰਨਾਂ ਤਕ ਪੁਜਦੀ ਰਹੀ। ਭਾਵੇਂ ਬਹੁਤੀਆਂ ਗੱਲਾਂ ਮੇਰੇ ਮਤਲਬ ਦੀਆਂ ਨਹੀਂ ਸਨ, ਤਾਂ ਵੀ ਉਹਨਾਂ ਨੂੰ ਬੜੀ ਦਿਲਚਸਪੀ ਨਾਲ ਸੁਣਦੀ ਰਹੀ। ਹਥ ਵਿਚ ਕਿਤਾਬ ਤੇ ਕੰਨ ਤੁਹਾਡੇ ਵਲ। ਅਧੇ ਕੁ ਘੰਟੇ ਮਗਰੋਂ ਤੁਸੀ ਚਲੇ ਗਏ, ਮੈਂ ਫੇਰ ਉਸੇ ਤਰ੍ਹਾਂ ਇਕੱਲੀ ਰਹਿ ਗਈ। ਕਈ ਵਾਰੀ ਮਧਮ ਜਿਹਾ ਖਿਆਲ ਆਏ, ਕਿ ਜਾਂਦੀ ਵਾਰੀ ਸ਼ਾਇਦ ਮੈਨੂੰ ਵੀ'ਨਮਸਤੇ' ਬੁਲਾਣ ਆਓ। ਪਰ ਇਹ ਧੁੰਧਲਾ ਜਿਹਾ ਖ਼ਿਆਲ ਹੀ ਸੀ ਨਾ। ਦਰਵਾਜ਼ੇ ਦੇ ਸ਼ੀਸ਼ਿਆਂ ਵਿਚੋਂ ਮੈਂ ਕੇਵਲ ਤੁਹਾਡੀ ਪਿਠ ਨੂੰ ਹੀ ਦੇਖ ਸਕੀ, ਤੇ ਹੌਲੀ ਹੌਲੀ ਪੌੜੀਆਂ ਉਤਰਦਿਆਂ ਦੀ ਅਵਾਜ਼

੪੩