ਪੰਨਾ:ਚੰਬੇ ਦੀਆਂ ਕਲੀਆਂ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੧ )

ਜੇ ਮੁੜ ਜਾਕੇ ਪਿੰਡ ਵਿਚੋਂ ਪਤਾ ਕਰਾਂ ਤਾਂ ਖ਼ਬਰੇ ਉਹ ਅਗੇ ਲੰਘ ਗਿਆ ਹੋਵੇ ਅਤੇ ਸਾਡੇ ਵਿਚਾਲੇ ਵਿਥ ਇੰਨੀ ਵਧ ਜਾਵੇ ਜੋ ਅਸੀਂ ਫੇਰ ਕਦੀ ਮਿਲ ਹੀ ਨਾ ਸਕੀਏ । ਚੰਗਾ ਇਹੋ ਹੈ ਜੋ ਮੈਂ ਅਗੇ ਤੁਰ ਪਵਾਂ, ਰਾਹ ਵਿਚ ਪੁਛਦਾ ਜਾਵਾਂਗਾ, ਕਿਸੇ ਨਾ ਕਿਸੇ ਥਾਂ ਤੇ ਜ਼ਰੂਰ ਰਾਮਦਾਸ ਦਾ ਪਤਾ ਲਗ ਜਾਵੇਗਾ।

ਇਹ ਸੋਚਕੇ ਉਹ ਤੁਰ ਪਿਆ ਅਤੇ ਜਿਸ ਪਿੰਡ ਵਿਚ ਜਾ ਠਹਿਰਿਆ ਉਥੋਂ ਦੇ ਚੌਕੀਦਾਰ ਨੂੰ ਰਾਮਦਾਸ ਦਾ ਹੁਲੀਆ ਦਸਕੇ ਕਹਿਓਸ ਜੇ ਇਸ ਹੁਲੀਏ ਦਾ ਬੁਢਾ ਰਾਤ ਨੂੰ ਆਵੇ ਤਾਂ ਮੇਰੇ ਪਾਸ ਲੈ ਆਉਣਾ। ਇਹ ਰਾਤ ਭੀ ਬੀਤ ਗਈ, ਪਰ ਰਾਮਦਾਸ ਨ ਆਇਆ। ਦੂਜੇ ਦਿਨ ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਰਾਮਦਾਸ ਮੈਥੋਂ ਅਗੇ ਲੰਘ ਗਿਆ ਹੈ। ਉਹ ਸਾਰੇ ਰਾਹ ਲੋਕਾਂ ਨੂੰ ਪੁਛਦਾ ਅਗੇ ੨ ਤੁਰਿਆ ਗਿਆ।

ਜਦ ਸਹਾਰਨਪੁਰ ਪਹੁੰਚਿਆ ਤਾਂ ਓਥੇ ਹੋਰ ਕਈ ਯਾਤ੍ਰੀ ਮਿਲੇ, ਸ਼ਾਮਦਾਸ ਨੇ ਕਈ ਪੰਜਾਬੀ ਯਾਤ੍ਰੀਆਂ ਪਾਸੋਂ ਚੰਗੀ ਤਰਾਂ ਪੁਛਿਆ, ਪਰ ਰਾਮਦਾਸ ਦਾ ਕੋਈ ਥਹੁ ਨਾ ਮਿਲਿਆ। ਅਖੀਰ ਇਕ ਟੋਲੇ ਨਾਲ ਰਲਕੇ ਉਸ ਨੇ ਹਰਿਦਵਾਰ ਵਲ ਮੂੰਹ ਕੀਤਾ ਅਤੇ "ਜੈ ਗੰਗੇ" ਕਰਦਾ ਹੋਇਆ ਤੀਰਥਾਂ ਦੇ ਦਰਸ਼ਨਾਂ ਦੇ ਚਾ ਵਿਚ ਤੁਰਿਆ ਗਿਆ।