ਪੰਨਾ:ਚੰਬੇ ਦੀਆਂ ਕਲੀਆਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੯ )

ਪੰਜ ਪੰਜ ਦਸ ਦਸ ਮੀਲਾਂ ਤੋਂ ਬੂਟ ਉਸ ਦੇ ਪਾਸ ਆਇਆਂ ਕਰਨ ਤੇ ਸੰਤੂ ਪਾਸ ਕੁਝ ਰੁਪਏ ਜਮ੍ਹਾਂ ਹੋ ਗਏ।

ਸਾਲ ਪਿਛੋਂ ਇਕ ਦਿਨ ਸੰਤੂ ਤੇ ਹਰੀ ਦੂਤ ਕੰਮ ਬੈਠੇ ਕਰਦੇ ਸਨ ਕਿ ਗਲੀ ਵਿਚੋਂ ਇਕ ਬੱਘੀ ਦਾ ਖੜਾਕ ਆਇਆ ਤੇ ਬੱਘੀ ਸੰਤੂ ਦੇ ਬੂਹੇ ਅੱਗੇ ਖੜੀ ਹੋ ਗਈ। ਸੰਤੂ ਨੇ ਹੈਰਾਨ ਹੋ ਕੇ ਵੇਖਿਆ। ਬੱਘੀ ਦੇ ਬਾਹਰ ਕੋਚਵਾਨ ਦੇ ਨਾਲ ਇਕ ਵਰਦੀ ਵਾਲਾ ਚਪੜਾਸੀ ਸੀ ਜਿਸ ਨੇ ਉਤਰ ਕੇ ਬੱਘੀ ਦਾ ਬੂਹਾ ਖੋਲ੍ਹਿਆ ਤੇ ਪੋਸਤੀਨ ਪਹਿਨੀ ਹੋਈ ਇਕ ਲੰਬਾ ਚੌੜਾ ਸਾਹਿਬ ਬਹਾਦਰ ਬਾਹਰ ਨਿਕਲ ਆਇਆ। ਬਿਸ਼ਨੀ ਨੇ ਦੌੜਕੇ ਬੂਹਾ ਖੋਹਲਿਆ। ਸਾਹਿਬ ਬਹਾਦਰ ਸਿਰ ਨੀਵਾਂ ਕਰਕੇ ਬੂਹੇ ਵਿਚੋਂ ਅੰਦਰ ਆਇਆ ਤੇ ਜਦ ਅੰਦਰ ਓਹ ਸਿਧਾ ਖੜਾ ਹੋਇਆ ਤਾਂ ਉਸ ਦਾ ਸਿਰ ਛਤ ਨੂੰ ਲਗਦਾ ਸੀ ਤੇ ਸਾਰਾ ਕਮਰਾ ਉਸੇ ਸਾਹਿਬ ਬਹਾਦਰ ਨਾਲ ਭਰਿਆ ਹੋਇਆ ਜਾਪਦਾ ਸੀ। ਸੰਤੂ ਛੇਤੀ ੨ ਉਠਿਆ ਤੇ ਸਲਾਮ ਕਰਕੇ ਖੜਾ ਹੋ ਗਿਆ। ਉਸ ਨੇ ਸਾਰੀ ਉਮਰ ਵਿਚ ਕਦੀ ਸਾਹਿਬ ਬਹਾਦਰ ਨੂੰ ਇਨਾਂ ਨੇੜਿਉਂ ਨਹੀਂ ਵੇਖਿਆ ਸੀ। ਸੰਤੂ ਲਿੱਸਾ ਸੀ, ਹਰੀ ਦੂਤ ਲਿੱਸਾ ਸੀ ਤੇ ਬਿਸ਼ਨੀ ਤਾਂ ਹਡੀਆਂ ਦੀ ਮੁਠ ਸੀ। ਪਰ ਇਹ ਸਾਹਿਬ ਬਹਾਦਰ ਪਤਾ ਨਹੀਂ ਕੇਹੜੀ ਦੁਨੀਆਂ ਵਿਚੋਂ ਆਇਆ ਸੀ। ਲਾਲ ਸੁਰਖ ਮੂੰਹ, ਝੋਟੇ ਵਰਗੀ ਗਰਦਨ ਤੇ ਸਰੀਰ ਇਉਂ ਜਾਪੇ ਜਿਕੂੰ ਲੋਹੇ ਦਾ ਹੁੰਦਾ ਹੈ।

ਸਾਹਿਬ ਨੇ ਰਤਾ ਕੁ ਸਾਹ ਲੈਕੇ ਆਪਣੀ ਪੋਸਤੀਨ ਲਾਹ ਦਿਤੀ। ਮੰਜੇ ਉਪਰ ਬੈਠ ਗਿਆ ਤੇ ਪੁਛਣ ਲਗਾ ਕਿ "ਤੁਹਾਡੇ ਵਿਚੋਂ ਵਡਾ ਕਾਰੀਗਰ ਕੌਣ ਹੈ?"