ਇਹ ਸਾਰੀਆਂ ਪ੍ਰੀਤ ਗਾਥਾਵਾਂ ਮੱਧਕਾਲ ਵਿਚ ਵਾਪਰੀਆਂ ਸਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ ਵਿਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਸੁਣ ਕੇ ਮੱਧਕਾਲ ਦੇ ਕਿੱਸਾਕਾਰਾਂ ਨੇ ਇਨ੍ਹਾਂ ਨੂੰ ਆਪਣੇ ਕਿੱਸਿਆਂ ਵਿਚ ਪੇਸ਼ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਫ਼ਜ਼ਲ ਸ਼ਾਹ ਦੀ ਸੋਹਣੀ, ਪੀਲੂ ਦਾ ਮਿਰਜ਼ਾ ਅਤੇ ਹਾਸ਼ਮ ਦੀ ਸੱਸੀ ਪੰਜਾਬੀ ਕਿੱਸਾ-ਕਾਵਿ ਦੀਆਂ ਅਮਰ ਰਚਨਾਵਾਂ ਹਨ।
ਮੱਧਕਾਲੀਨ ਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ਼ ਟਾਕਰਾ ਕੀਤਾ ਹੈ- ਨਾ ਕੋਈ ਧਰਮ, ਨਾ ਜ਼ਾਤ, ਨਾ ਗੋਤ ਅਤੇ ਨਾ ਅਮੀਰੀ ਗ਼ਰੀਬੀ ਦਾ ਪਾੜਾ ਉਨ੍ਹਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਨ੍ਹਾਂ ਨੇ ਸਮਾਜੀ ਬੰਦਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿਚ ਉਨ੍ਹਾਂ ਨੇ ਆਪਣੇ ਤੌਰ 'ਤੇ ਸਖ਼ਸ਼ੀ ਆਜ਼ਾਦੀ ਦੀ ਲੜਾਈ ਲੜ ਕੇ ਇਤਿਹਾਸ ਸਿਰਜਿਆ ਹੈ। ਸੱਚਮੁਚ ਹੀ ਉਹ ਅਜਿਹੇ ਮਰਜੀਵੜੇ ਸਨ ਜਿਨ੍ਹਾਂ ਨੇ ਅਪਣੀ ਨਿੱਜੀ ਆਜ਼ਾਦੀ ਲਈ ਉਸ ਸਮੇਂ ਦੇ ਸਮਾਜ ਦਾ ਟਾਕਰਾ ਆਪਣੀਆਂ ਜਾਨਾਂ ਵਾਰ ਕੇ ਕੀਤਾ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਨੂੰ ਆਪਣੇ ਚੇਤਿਆਂ ਵਿਚ ਵਸਾਈ ਬੈਠਾ ਹੈ ਅਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ 'ਮਾਈ ਹੀਰ' ਤੇ ਰਾਂਝੇ ਨੂੰ 'ਮੀਆਂ ਰਾਂਝੇ' ਦੇ ਲਕਬ ਨਾਲ਼ ਯਾਦ ਕ਼ਰਦੇ ਹਨ।
ਪੁਰਾਣੇ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਦਾ ਮੁਖ ਦੁਆਰ ਹੋਣ ਕਰਕੇ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ਼ ਜੂਝਣਾ ਪਿਆ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖ਼ੂਨ ਵਿਚ ਸੂਰਮਗਤੀ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲ਼ੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਓਥੇ ਉਹ ਉਨ੍ਹਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲ਼ੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਨ੍ਹਾਂ ਨਾਇਕਾਂ ਦੇ ਜੀਵਨ ਵੇਰਵਿਆਂ ਨੂੰ ਅਪਣੇ ਕਿੱਸਿਆਂ ਰਾਹੀਂ ਮਨੋਹਰ ਅੰਦਾਜ਼ ਵਿਚ ਬਿਆਨ ਕਰਦੇ ਰਹੇ ਹਨ। ਕਾਫੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫ਼ਲਾਂ ਦਾ ਸ਼ਿੰਗਾਰ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਭਰਥਰੀ ਹਰੀ, ਦੁੱਲਾ ਭੱਟੀ, ਸੁੱਚਾ ਸੂਰਮਾ, ਜੱਗਾ ਡਾਕੂ ਅਤੇ ਜੀਊਣਾ ਮੌੜ ਪੰਜਾਬੀਆਂ ਦੇ ਹਰਮਨ ਪਿਆਰੇ ਨਾਇਕ ਹਨ। ਇਨ੍ਹਾਂ ਸੂਰਬੀਰ ਯੋਧਿਆਂ ਨੂੰ ਮੈਂ ਆਪਣੀ 2005 ਵਿਚ ਪ੍ਰਕਾਸ਼ਿਤ ਹੋਈ ਪੁਸਤਕ 'ਪੰਜਾਬ ਦੇ ਲੋਕ ਨਾਇਕ' ਵਿਚ ਸ਼ਾਮਲ ਕੀਤਾ ਹੈ।
ਪੰਜਾਬੀ ਲੋਕ ਗਾਥਾਵਾਂ/ 11