ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੁਸਤਕਾਂ ਦੇ ਲੇਖਕ ਸੁਖਦੇਵ ਮਾਦਪੁਰੀ ਨੇ ਬੇਸ਼ੱਕ ਬਹੁਤਾ ਕੰਮ ਪੰਜਾਬੀ ਲੋਕ ਸਾਹਿਤ ਤੇ ਪੰਜਾਬੀ ਸਭਿਆਚਾਰ ਨੂੰ ਇਕੱਤਰ ਕਰਨ ਤੇ ਸੰਭਾਲਣ ਦਾ ਕੀਤਾ ਹੈ ਪਰ ਇਸ ਦੇ ਵਿਸ਼ਲੇਸ਼ਣ ਸਬੰਧੀ ਉਸ ਦੀਆਂ ਟਿੱਪਣੀਆਂ ਤੇ ਦੋ ਪੂਰੀਆਂ-ਸੂਰੀਆਂ ਕਿਤਾਬਾਂ ਵੀ ਧਿਆਨ ਮੰਗਦੀਆਂ ਹਨ। ਉਸ ਕੋਲ਼ ਲੋਕਧਾਰਾ ਸਬੰਧੀ ਆਪਣੀ ਵਿਸ਼ਲੇਸ਼ਣੀ ਸੂਝ ਤੇ ਸੰਕਲਪਾਤਮਕ ਚੇਤਨਾ ਹੈ, ਜਿਸ ਕਰਕੇ ਉਸ ਨੇ ਇਸ ਦੀ ਸਾਂਭ-ਸੰਭਾਲ ਦਾ ਬੀੜਾ ਚੁੱਕਿਆ। ਇਸ ਸੰਦਰਭ ਵਿਚ ਉਸ ਦੀ ਇਕ ਪੁਸਤਕ 'ਲੋਕ ਗੀਤਾਂ ਦੀ ਸਮਾਜਿਕ ਵਿਆਖਿਆ' ਨੇ ਲੋਕ-ਸਾਹਿਤ ਦੇ ਚਿੰਤਕਾਂ ਦਾ ਧਿਆਨ ਖਿੱਚਿਆ ਹੈ। ਇਸ ਪੁਸਤਕ ਵਿਚ ਉਸ ਨੇ ਪੰਜਾਬੀ ਸਮਾਜ ਦੇ ਸਾਕਾਦਾਰੀ ਪ੍ਰਬੰਧ ਨਾਲ਼ ਸਬੰਧਿਤ ਲੋਕ-ਗੀਤਾਂ ਦਾ ਸਮਾਜ ਸ਼ਾਸਤਰੀ ਨਜ਼ਰੀਏ ਤੋਂ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਨਾਲ਼ ਹੀ ਪੰਜਾਬੀ ਬੰਦਾ ਆਪਣੇ ਵਾਤਾਵਰਣ, ਆਪਣੇ ਲੋਕ-ਨਾਇਕਾਂ, ਆਪਣੇ ਮੇਲੇ-ਤਿਉਹਾਰਾਂ ਅਤੇ ਆਪਣੇ ਰੁਮਾਂਟਿਕ ਪਲਾਂ ਨੂੰ ਕਿਵੇਂ ਲੋਕ ਗੀਤਾਂ ਵਿਚ ਢਾਲਦਾ ਤੇ ਵਿਅਕਤ ਕਰਦਾ ਹੈ, ਇਹ ਚਿੰਤਨ-ਵਿਧੀ ਵੀ ਇਸ ਪੁਸਤਕ ਵਿਚ ਵਿਦਮਾਨ ਹੁੰਦੀ ਹੈ। ਮਾਦਪੁਰੀ ਦੀ ਇਕ ਹੋਰ ਪੁਸਤਕ 'ਪੰਜਾਬੀ ਸਭਿਆਚਾਰ ਦੀ ਆਰਸੀ' ਵੀ ਉਸ ਦੇ ਆਲੋਚਨਾਤਮਕ ਕਾਰਜ ਦੀ ਉਪਜ ਹੈ। ਇਸ ਪੁਸਤਕ ਦੇ ਵੱਖ-ਵੱਖ ਲੇਖਾਂ ਰਾਹੀਂ ਲੇਖਕ ਨੇ ਸਾਡੀਆਂ ਲੋਕ-ਸਿਆਣਪਾਂ ਦੇ ਸੋਮਿਆਂ, ਸਾਡੇ ਅਨੁਸ਼ਠਾਨਾਂ ਦੇ ਕਾਰਜਗਤ ਸਥਾਨਾਂ ਤੇ ਮੌਕਿਆਂ ਅਤੇ ਸਾਡੇ ਵਿਰਾਸਤੀ ਪਿੰਡਾਂ-ਕਸਬਿਆਂ ਦਾ ਸਰਵੇਖਣ ਤੇ ਵਿਸ਼ਲੇਸ਼ਣ ਕੀਤਾ ਹੈ। ਪੰਜਾਬੀ ਲੋਕਧਾਰਾ ਦੀ ਇਹ ਇਕ ਹਵਾਲਾ ਪੁਸਤਕ ਵੀ ਕਹੀ ਜਾ ਸਕਦੀ ਹੈ। ਸੁਖਦੇਵ ਮਾਦਪੁਰੀ ਨੇ ਇਕ ਚਿੰਤਕ ਵਜੋਂ ਆਪਣੇ ਪ੍ਰਕਾਸ਼ਿਤ ਸੰਕਲਨਾਂ ਅੱਗੇ ਜਿਹੜੀਆਂ ਭੂਮਿਕਾਵਾਂ/ ਆਦਿਕਾਵਾਂ ਲਿਖੀਆਂ ਹਨ ਜਾਂ ਮੁਲਾਕਾਤੀ ਟਿੱਪਣੀਆਂ ਕੀਤੀਆਂ ਹਨ ਉਹ ਵੀ ਉਸ ਦੀ ਪ੍ਰੋਢ ਵਿਸ਼ਲੇਸ਼ਣੀ ਸੂਝ ਦੀ ਗਵਾਹੀ ਭਰਦੀਆਂ ਹਨ। ਇਸ ਪ੍ਰਸੰਗ ਵਿਚ ਇਥੇ ਕੁਝ ਟਿੱਪਣੀਆਂ ਹਵਾਲਾਯੁਕਤ ਹਨ: "ਸਭਿਆਚਾਰ ਦਾ ਖਾਸਾ ਇਹ ਹੈ ਕਿ ਇਹ ਕਦੀ ਵੀ ਖ਼ਤਮ ਨਹੀਂ ਹੁੰਦਾ, ਗਤੀਸ਼ੀਲ ਹੈ, ਭੂਗੋਲਿਕ ਅਤੇ ਸਮਾਜਿਕ ਵਾਤਾਵਰਣ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ।" ('ਪੰਜਾਬੀ ਸਭਿਆਚਾਰ ਦੀ ਆਰਸੀ', ਪੰਨਾ- 9)- "ਜਿਵੇਂ ਲੋਕ ਗੀਤ ਜਨ-ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਥਾਨ ਰੱਖਦੇ ਹਨ, ਉਸੇ ਤਰ੍ਹਾਂ ਬੁਝਾਰਤਾਂ ਵੀ ਮਨੁੱਖੀ ਅਕਲ ਦਾ ਚਮਤਕਾਰ ਦਿਖਾਉਣ ਲਈ ਪ੍ਰਸਿੱਧ ਹਨ।" ('ਪੰਜਾਬੀ ਸਭਿਆਚਾਰ ਦੀ ਆਰਸੀ', ਪੰਨਾ- 172)- "ਪੰਜਾਬ ਦੇ ਲੋਕ ਗੀਤਾਂ ਵਿਚ ਪੰਜਾਬ ਦਾ ਜਨ-ਜੀਵਨ ਧੜਕਦਾ ਹੈ। ਇਹ ਪੰਜਾਬੀਆਂ ਦੀ ਕਲਾਤਮਕ ਸਿਰਜਣਾ ਦਾ ਸੁਹਜ-ਆਤਮਕ ਪ੍ਰਗਟਾਵਾ ਹਨ।" ('ਸ਼ਾਵਾ ਨੀ ਬੰਬੀਹਾ ਬੋਲੇ, ਪੰਨਾ- 16) ਪਰ ਮਾਦਪੁਰੀ ਨੇ ਆਲੋਚਨਾਤਮਕ ਕਾਰਜ ਦੀ ਥਾਂ ਪੰਜਾਬੀ ਲੋਕਧਾਰਾ ਸਰੰਚਨਾਤਮਕ

ਪੰਜਾਬੀ ਲੋਕ ਗਾਥਾਵਾਂ/ 18