ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਕ ਹੋਰ ਪੁਸਤਕ ‘ਮਹਿਕ ਪੰਜਾਬ ਦੀ ਪੰਜਾਬ ਦੇ ਕਿਸਾਨੀ ਜੀਵਨ ਦੀ ਦਸਤਾਵੇਜ਼ੀ ਤਸਵੀਰ ਹੈ। ਇਸ ਜੀਵਨ ਨਾਲ ਸਬੰਧਿਤ ਲੋਕ-ਗੀਤ, ਮੁਹਾਵਰੇ, ਅਖਾਣਾਂ, ਟੋਟਕੇ, ਦੰਤ-ਕਥਾਵਾਂ, ਰੂੜੀਆਂ ਆਦਿ ਦਾ ਵਿਸਤ੍ਰ ਇੰਦਰਾਜ਼ ਹੈ। ਇਸੇ ਤਰ੍ਹਾਂ ਉਸ ਦੀ ‘ਪੰਜਾਬ ਦੇ ਲੋਕ ਨਾਇਕ` ਪੁਸਤਕ ਦੀ ਆਪਣੀ ਸਾਰਥਿਕਤਾ ਤੇ ਮਹੱਤਤਾ ਹੈ। ਮੱਧਕਾਲ ਵਿਚ ਕਿੱਸਿਆਂ, ਵਾਰਾਂ ਤੇ ਜੰਗਨਾਮਿਆਂ ਦੇ ਬਿਰਤਾਂਤਕਾਵਿ ਰਾਹੀਂ ਪੰਜਾਬੀ ਲੋਕ-ਮਾਨਸ ਵਿਚ ਵੱਸੇ, ਰਸੇ ਤੇ ਰਚੇ ਨਾਇਕਾਂ ਦੀ, ਮਾਦਪੁਰੀ ਨੇ ਵਾਰਤਿਕ ਵਿਚ ਪੇਸ਼ ਕਰਕੇ, ਆਧੁਨਿਕ ਦੌਰ ਦੀ ਨਸਲ ਤਕ ਰਸਾਈ ਕਰਾਈ ਹੈ। ਰੋਡਾ-ਜਲਾਲੀ, ਕਾਕਾ-ਪਰਤਾਪੀ, ਇੰਦਰ-ਬੇਗੋ ਤੇ ਸੋਹਣਾ-ਜ਼ੈਨੀ ਵਰਗੇ ਰੁਮਾਂਸ ਦੇ ਲੋਕ-ਨਾਇਕਾਂ ਨੂੰ ਕਿੱਸਿਆਂ ਵਿਚੋਂ ਕੱਢ ਕੇ ਪਹਿਲੀ ਵਾਰ ਉਸ ਨੇ ਪਦ ਤੋਂ ਗੱਦ ਵਿਚ ਲਿਆਂਦਾ। ‘ਪੰਜਾਬੀ ਸਭਿਆਚਾਰ ਦੀ ਆਰਸੀ ਉਸ ਦੀ ਉਹ ਦਸਤਾਵੇਜ਼ੀ ਪੁਸਤਕ ਹੈ, ਜੋ ਪੰਜਾਬੀ ਲੋਕਧਾਰਾ ਦਾ ਪ੍ਰਿਜ਼ਮ ਹੈ। ਪੰਜਾਬੀ ਲੋਕਧਾਰਾ ਦੇ ਵਿਭਿੰਨ ਪੱਖਾਂ ਲੋਕ-ਸਾਹਿਤ, ਲੋਕ-ਕਲਾਵਾਂ, ਅਨੁਸ਼ਠਾਨ, ਲੋਕਵਿਸ਼ਵਾਸ, ਲੋਕ-ਵਿਰਾਸਤ ਆਦਿ ਸਬੰਧੀ ਪ੍ਰਮਾਣਿਕ ਤੇ ਪ੍ਰਵਾਨਿਤ ਤੱਥ ਅਤੇ ਵਿਚਾਰ ਪ੍ਰਸਤੁਤ ਕੀਤੇ ਹਨ। ‘ਲੋਕ ਸਿਆਣਪਾਂ ਉਸ ਦੀ ਸ਼ਾਇਦ ਇਕੋ ਇਕ ਪੰਜਾਬੀ ਪੁਸਤਕ ਹੈ, ਜਿਹੜੀ ਪੰਜਾਬੀ ਪਰੰਪਰਿਕ ਸੂਝ ਦੇ ਵਿਭਿੰਨ ਰੂਪਾਂ ਨੂੰ ਇਕ ਥਾਂ ਇਕੱਠੇ ਕਰਕੇ ਸਾਡੀ ਨਜ਼ਰ ਕਰਦੀ ਹੈ। ਇੰਜ ਸੁਖਦੇਵ ਮਾਦਪੁਰੀ ਪੰਜਾਬੀ ਦੇ ਵਿਸ਼ਾਲ ਚਿੱਤਰਪਟ ਉਤੇ ਫੈਲੀ ਸਾਡੀ ਸੰਸਕ੍ਰਿਤੀ ਦੇ ਬੱਝਵੇਂ ਤੇ ਠੋਸ ਬਿੰਬਾਂ ਨੂੰ ਦ੍ਰਿਸ਼ਟੀਗੋਚਰ ਕਰਾਉਂਦਾ ਹੈ।
ਪੰਜਾਬੀ ਲੋਕਧਾਰਾ ਦੇ ਅਕਾਸ਼ ਵਿਚ ਧਰੂ-ਤਾਰੇ ਵਾਂਗ ਦ੍ਰਿਸ਼ਟੀਮਾਨ ਸੁਖਦੇਵ ਮਾਦਪੁਰੀ ਨੇ ਬਾਲ-ਬੋਧ ਦੀ ਪੱਧਰ ਦੇ ਸਾਹਿਤ ਨੂੰ ਸੰਭਾਲਣ, ਇਕੱਤਰ ਕਰਨ ਤੇ ਪਰੋਸਣ ਵਿਚ ਵੀ ਢੇਰ ਯੋਗਦਾਨ ਪਾਇਆ ਹੈ। ਬਾਲ ਸਾਹਿਤ ਨੂੰ ਸਮਰਪਿਤ ਉਸ ਨੇ 7 ਪੁਸਤਕਾਂ ਲਿਖੀਆਂ ਹਨ। ‘ਜਾਦੂ ਦਾ ਸ਼ੀਸ਼ਾ’, ‘ਕੇਸੂ ਦੇ ਫੁੱਲ, ‘ਸੋਨੇ ਦਾ ਬਕਰਾ’, ‘ਬਾਲ ਕਹਾਣੀਆਂ`, "ਆਉ ਗਾਈਏ’, ‘ਮਹਾਂਬਲੀ ਰਣਜੀਤ ਸਿੰਘ’ ਤੇ ‘ਨੇਕੀ ਦਾ ਫ਼ਲ ਇਸ ਪ੍ਰਸੰਗ ਵਿਚ ਇਥੇ ਜ਼ਿਕਰਯੋਗ ਹਨ। ਉਸ ਦੇ ਪ੍ਰੇਰਨਾ ਸਰੋਤ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਲੋਂ ਪ੍ਰਕਾਸ਼ਿਤ ‘ਬਾਲ ਦਰਬਾਰ` ਦੇ ਸੰਪਾਦਕ ਅਜਾਇਬ ਚਿੱਤਰਕਾਰ ਤੇ ‘ਬਾਲ ਸੰਦੇਸ਼’ ਦੇ ਸੰਪਾਦਕ ਨਵਤੇਜ ਸਿੰਘ ਬਾਲ-ਸਾਹਿਤ ਵਿਚ ਕੋਈ ਹਸਤਾਖ਼ਤਰ ਨਾ ਬਣ ਸਕੇ ਪਰ ਮਾਦਪੁਰੀ ਇਤਿਹਾਸਕ ਜਗਾ ਰੱਖਦਾ ਹੈ। ‘ਸੀਨੇ ਖਿੱਚ ਜਿਹਨਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ ਮੁਤਾਬਕ ਮਾਦਪੁਰੀ ਨੂੰ ਜਦੋਂ ਵੀ ਕਦੇ ਇਸ ਖਿਚ ਨੇ ਤੰਗ ਕੀਤਾ ਤਾਂ ਅਨੁਵਾਦ ਦਾ ਰੁਝੇਵਾ ਫੜ ਲਿਆ। ਇਸ ਰੁਝੇਵੇਂ ਦੀ ਉਪਜ ਹਨ, ਉਸ ਦੀਆਂ ਤਿੰਨ ਪੁਸਤਕਾਂ ‘ਵਰਖਾ ਦੀ ਉਡੀਕ’, ‘ਟੋਢਾ ਤੇ ਟਾਹ’ ਅਤੇ ‘ਤਿਤਲੀ ਤੇ ਸੂਰਜ ਮੁਖੀਆਂ। 35

ਪੰਜਾਬੀ ਲੋਕ ਗਾਥਾਵਾਂ/ 17