ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਗਈ। ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ਪ੍ਰਸਤੀ ਲਈ ਨਵ-ਜੋਬਨ ਮੁਟਿਆਰ ਲੂਣਾਂ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ... ਇੱਛਰਾਂ ਲਈ ਉਹਦੇ ਅੰਦਰ ਹੁਣ ਕੋਈ ਕਸ਼ਿਸ਼ ਨਹੀਂ ਸੀ ਰਹੀ। ਇੱਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ਼ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਂ-ਬਾਪ ਦੇ ਮੋਹ-ਮਮਤਾ ਤੋਂ ਸੱਖਣਾ ਹੌਲ਼ੀ-ਹੌਲ਼ੀ ਜ਼ਿੰਦਗੀ ਦੀ ਪੌੜੀ 'ਤੇ ਚੜ੍ਹਨ ਲੱਗਾ।


ਸਮਾਂ ਆਪਣੀ ਤੋਰੇ ਤੁਰ ਰਿਹਾ ਸੀ... ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ ... ਰੂਪ ਦੀ ਸਾਕਾਰ ਮੂਰਤ...ਇਕ ਅਨੋਖੀ ਚਮਕ ਉਹਦੇ ਚਿਹਰੇ 'ਤੇ ਝਲਕਾਂ ਮਾਰ ਰਹੀ ਸੀ... ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿਚ ਆਪਣੇ ਪਿਤਾ ਦੇ ਸਨਮੁਖ ਹੋਇਆ... ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਮਿਲਣ ਦਾ ਹੁਕਮ ਸੁਣਾ ਦਿੱਤਾ।
ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅੱਥਰੂ ਵਹਿ ਤੁਰੇ ... ਪੂਰਨ ਨੇ ਮਾਂ ਦੇ ਚਰਨ ਛੂਹੇ, ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣ-ਬਣ ਪੈਂਦੇ ਰੂਪ 'ਤੇ ਬਲਿਹਾਰੇ ਜਾ ਰਹੀ ਸੀ। "ਪੁੱਤ ਪੂਰਨਾ! ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾਂ ਨੂੰ ਮਿਲ ਆ" ਆਖ ਰਾਣੀ ਇੱਛਰਾਂ ਨੇ ਪੂਰਨ ਨੂੰ ਲੂਣਾਂ ਵੱਲ ਤੋਰ ਦਿੱਤਾ।
ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤਰੇਈ ਮਾਂ ਲੂਣਾਂ ਦਾ ਸੀ। ਲੂਣਾਂ 'ਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ। ਜਦੋਂ ਦੀ ਉਹ ਇਸ ਮਹਿਲ ਵਿਚ ਆਈ ਸੀ ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਹੋਰ ਮਰਦ ਦਾ ਮੂੰਹ ਨਹੀਂ ਸੀ ਦੇਖਿਆ। ਉਹਦੀ ਦੇਖ-ਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾਂ ਵਿਚ ਆਉਣ ਦੀ ਮਨਾਹੀ ਸੀ। ਲੂਣਾਂ ਢਲਦੀ ਉਮਰ ਦੇ ਸਲਵਾਨ ਤੋਂ ਖ਼ੁਸ਼ ਨਹੀਂ ਸੀ। ਉਹ ਇਕ ਅਤ੍ਰਿਪਤ ਔਰਤ ਸੀ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨੂੰ ਪਤਿਆਉਣ ਦੇ ਅਨੇਕਾਂ ਯਤਨ ਕੀਤੇ, ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ।
"ਮੇਰਾ ਲੂੰ ਲੂੰ ਭੁੱਜ ਰਿਹੈ। ਮੈਨੂੰ ਅਪਣੇ ਸੀਨੇ ਨਾਲ਼ ਲਾ ਕੇ ਮੇਰੀ ਪਿਆਸ ਬੁਝਾ ਦੇ ਪੂਰਨਾ..."


ਲੂਣਾਂ ਦੇ ਬੋਲਾਂ 'ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿਣ ਵਿਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ 'ਚ ਭਰ ਕੇ ਆਪਣੀ ਸੇਜ਼ 'ਤੇ ਸੁੱਟ ਲਿਆ ਪਰੰਤੂ ਪੂਰਨ ਨੇ ਇਕਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ਼

ਪੰਜਾਬੀ ਲੋਕ ਗਾਥਾਵਾਂ/ 23