ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੂਰ ਹੋ ਗਿਆ। ਪੂਰਨ ਦੇ ਪ੍ਰੇਮ 'ਚ ਦੀਵਾਨੀ ਹੋਈ ਸੁੰਦਰਾਂ ਉਹਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ। ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ... ਸੁੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।
ਪੂਰਨ ਜੋਗੀ ਬਣਿਆਂ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ 'ਤੇ ਘੁੰਮਦਾ ਰਿਹਾ... ਸਲਵਾਨ ਨੇ ਤਾਂ ਆਪਣੇ ਵਲੋਂ ਪੂਰਨ ਨੂੰ ਮਰਵਾ ਦਿੱਤਾ ਸੀ। ਰਾਣੀ ਇੱਛਰਾਂ ਆਪਣੇ ਪੁੱਤ ਦੇ ਵਿਯੋਗ ਵਿਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾਂ ਦੀ ਕੁੱਖ ਅਜੇ ਤੀਕ ਹਰੀ ਨਹੀਂ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।
ਘੁੰਮਦਾ-ਘੁੰਮਦਾ ਪੂਰਨ ਪੂਰੇ ਬਾਰ੍ਹਾਂ ਵਰ੍ਹੇ ਮਗਰੋਂ ਜੋਗੀ ਦੇ ਭੇਸ ਵਿਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ। ਸ਼ਹਿਰੋਂ ਬਾਹਰ ਉਜੜੇ ਹੋਏ ਬਾਗ਼ ਵਿਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ 'ਚ ਲੀਨ ਹੋ ਗਿਆ। ਬਾਗ਼ ਹਰਾ ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿਚ ਫੈਲ ਗਈ ਸ਼ਹਿਰ ਵਿਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀਂ ਵੀ ਕਰਾਮਾਤੀ ਜੋਗੀ ਦੀ ਕਨਸੋਅ ਪਈ... ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫ਼ੈਸਲਾ ਕਰ ਲਿਆ।
ਸਲਵਾਨ ਰਾਣੀਆਂ ਸਮੇਤ ਧੂਣਾ ਤਾਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ- ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ... ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇੱਛਰਾਂ ਦੇ ਚਰਨ ਜਾ ਛੂਹੇ।
ਉਹਦੀ ਛੂਹ ਪ੍ਰਾਪਤ ਕਰਕੇ ਇੱਛਰਾਂ ਬੋਲੀ, "ਵੇ ਪੁੱਤ ਜੋਗੀਆ, ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈਂ ...।"
ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੂਹ ਪ੍ਰਾਪਤ ਕਰਦੇ ਹੀ ਇੱਛਰਾਂ ਦੀਆਂ ਅੱਖਾਂ ਵਿਚ ਮੁੜ ਜੋਤ ਪਰਤ ਆਈ ਅਤੇ ਉਹਦੀਆਂ ਛਾਤੀਆਂ ਵਿਚੋਂ ਮਮਤਾ ਦਾ ਦੁੱਧ ਛਲਕ ਪਿਆ।
ਪੂਰਨ ਦੇ ਮੁਖੜੇ 'ਤੇ ਅਨੂਠਾ ਜਮਾਲ ਸੀ।
ਸਲਵਾਨ ਸੁੰਨ ਹੋਇਆ ਖੜੋਤਾ ਸੀ... ਉਸ ਦੇ ਬੁੱਲ੍ਹ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾਂ ਨੇ ਬੜੀ ਅਧੀਨਗੀ ਨਾਲ਼ ਬੇਨਤੀ ਕੀਤੀ, "ਜੋਗੀ ਜੀ, ਸਾਡੇ 'ਤੇ ਦਿਆ ਕਰੋ! ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖ਼ਸ਼ੋ।"
"ਪੁੱਤ ਤਾਂ ਰਾਜੇ ਦਾ ਹੈਗਾ- ਹੋਰ ਪੁੱਤ ਦੀ ਕੀ ਲੋੜ ਐ," ਜੋਗੀ ਬੁਲ੍ਹੀਆਂ 'ਚ ਮੁਸਕਰਾਇਆ!


"ਜੋਗੀ ਜੀ ਪੁੱਤ ਮੇਰਾ ਹੈ ਨਹੀਂ... ਹੈਸੀ, ਪਰ ਕੁਕਰਮ ਕਰਕੇ ਇਸ

ਪੰਜਾਬੀ ਲੋਕ ਗਾਥਾਵਾਂ/ 27