ਮਹਿਲਾਂ ਤੋਂ ਕੁੰਮਦ ਰਾਹੀਂ ਹੇਠਾਂ ਉਤਰ ਰਿਹਾ ਹੈ... ਇਹ ਕੌਣ ਸੀ ਜੀਹਨੇ ਉਹਦੇ ਮਹਿਲਾਂ ਨੂੰ ਸੰਨ੍ਹ ਲਾ ਲਈ ਸੀ... ਹੋਡੀ ਹੇਠਾਂ ਉਤਰਿਆ... ਦੋਹਾਂ ਨੇ ਇਕ-ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿਚੋਂ ਬਾਹਰ ਧਰੂਹ ਲਈਆਂ ...ਦੋਹਾਂ ਨੇ ਬੜੀ ਫੁਰਤੀ ਨਾਲ਼ ਇਕ-ਦੂਜੇ 'ਤੇ ਵਾਰ ਕੀਤੇ... ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹਦਾ ਵਾਰ ਨਾ ਝਲ ਸਕਿਆ... ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ... ਕੋਕਲਾਂ ਮਹਿਲਾਂ ਉਪਰ ਖੜੋਤੀ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ... ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਸ ਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ਼ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ।
ਰਾਣੀ ਕੋਕਲਾਂ ਦੇ ਧੌਲਰਾਂ ਵਿਚ ਸਨਾਟਾ ਛਾ ਗਿਆ। ਉਹਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫੜਾਏ ਤੇ ਅਸਮਾਨ ਵਿਚ ਉਡਾਰੀ ਮਾਰ ਗਏ।
ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇ-ਵਫ਼ਾਈ 'ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ਼ ਆਇਆ... ਦੋਹਾਂ ਲਾਸ਼ਾਂ ਨੂੰ ਰੱਸੇ ਨਾਲ਼ ਬੰਨ੍ਹ ਕੇ ਘੋੜੇ ਦੀ ਪਿੱਠ ਦੇ ਦੋਹੀਂ ਪਾਸੀਂ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਘੇਰਿਆ ਤੇ ਉਹ ਉਨ੍ਹਾਂ ਨਾਲ਼ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ... ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਰਦੇ ਹਨ।
.
ਪੰਜਾਬੀ ਲੋਕ ਗਾਥਾਵਾਂ 36