ਬੋਲੀ, "ਮਹਾਰਾਜ! ਮੈਂ ਤੁਹਾਡੇ ਨਾਲ਼ ਧੋਖਾ ਕਰਦੀ ਰਹੀ ਆਂ ਪਤੀਬਰਤਾ ਧਰਮ ਨਹੀਂ ਨਿਭਾਅ ਸਕੀ... ਮੈਂ ਮਹਾਵਤ ਨੂੰ ਆਪਣਾ ਪ੍ਰੇਮੀ ਬਣਾਇਆ ਹੋਇਆ ਸੀ ਤੇ ਮੈਂ ਹੀ ਉਹ ਅੰਮ੍ਰਿਤ ਫ਼ਲ ਉਸ ਨੂੰ ਦਿੱਤਾ ਸੀ... ਰਾਜਨ ਮੈਂ ਕਸੂਰਵਾਰ ਹਾਂ। ਪਾਪਣ ਹਾਂ ਮੈਨੂੰ ਖਿਮਾ ਕਰ ਦੇਵੋ ਰਾਜਨ।"
ਭਰਥਰੀ ਦਾ ਸ਼ੰਕਾ ਨਵਿਰਤ ਹੋ ਗਿਆ ਸੀ। ਉਹਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਵਫ਼ਾ ਦੀ ਪੁਤਲੀ ਹੋਣ ਦਾ ਸਾਂਗ ਕਰਨ ਵਾਲੀ ਪਿੰਗਲਾ ਉਹਦੇ ਨਾਲ਼ ਬੇਵਫ਼ਾਈ ਕਰੇਗੀ... ਉਹਨੂੰ ਆਪਣੇ ਛੋਟੇ ਭਰਾ ਵਿਕਰਮਾਜੀਤ ਦੀ ਯਾਦ ਆਈ ਜਿਸ ਨੂੰ ਪਿੰਗਲਾ ਦੇ ਕਾਰਨ ਉਹਨੇ ਦੇਸ਼ ਨਿਕਾਲਾ ਦੇ ਦਿੱਤਾ ਸੀ- ਉਹਦੀ ਰੂਹ ਧੁਰ ਅੰਦਰ ਤਕ ਵਲੂੰਧਰੀ ਗਈ। ਉਹਦੀਆਂ ਅੱਖਾਂ ਨੇ ਵੈਰਾਗ ਦੇ ਹੰਝੂਆਂ ਦੀ ਝੜੀ ਲਾ ਦਿੱਤੀ।
ਭਰਥਰੀ ਦੇ ਮਨ 'ਤੇ ਲੱਗੀ ਅੰਦਰੂਨੀ ਚੋਟ ਨੇ ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਸ ਨੇ ਤੁਰੰਤ ਹੀ ਰਾਜ-ਭਾਗ ਦਾ ਤਿਆਗ ਕਰਕੇ ਯੋਗ ਧਾਰਨ ਦਾ ਫ਼ੈਸਲਾ ਕਰ ਲਿਆ ਅਤੇ ਆਪਣੇ ਮਹਾਂਮੰਤਰੀ ਨੂੰ ਬੁਲਾ ਕੇ ਆਦੇਸ਼ ਦੇ ਦਿੱਤਾ ਕਿ ਵਿਕਰਮਾਜੀਤ ਦੀ ਭਾਲ਼ ਕਰਕੇ ਉਸ ਨੂੰ ਉਜੈਨ ਦੇ ਸਿੰਘਾਸਨ 'ਤੇ ਬਿਰਾਜਮਾਨ ਕਰ ਦੇਣ ਤੇ ਆਪ ਜੋਗੀਆਂ ਦੇ ਟਿੱਲੇ ਨੂੰ ਯੋਗ ਲੈਣ ਤੁਰ ਪਿਆ।
ਉਜੈਨ ਦੀ ਪਰਜਾ ਭਰੇ ਨੇਤਰਾਂ ਨਾਲ਼ ਤੁਰਦੇ ਜਾਂਦੇ ਰਾਜੇ ਨੂੰ ਵੇਖਦੀ ਰਹੀ। ਉਦੋਂ ਤਕ ਵੇਖਦੀ ਰਹੀ ਜਿੰਨੀ ਦੇਰ ਤਕ ਉਨ੍ਹਾਂ ਦੀਆਂ ਅੱਖੀਆਂ ਤੋਂ ਓਹਲੇ ਨਾ ਹੋ ਗਿਆ।
ਚਲੋ ਚਾਲ ਤੁਰਦਾ ਭਰਥਰੀ ਗੋਰਖ ਨਾਥ ਦੇ ਗੁਰੂ ਜਤਿੰਦਰੀ ਨਾਥ ਦੇ ਟਿੱਲੇ 'ਤੇ ਪੁੱਜ ਗਿਆ। ਨਾਥ ਦੇ ਚਰਨ ਛੂਹਣ ਉਪਰੰਤ ਉਹਨੇ ਯੋਗ ਲੈਣ ਲਈ ਆਪਣੀ ਚਾਹਨਾ ਦਰਸਾਈ। ਜਤਿੰਦਰੀ ਨਾਥ ਜਾਣਦਾ ਸੀ ਰਾਜੇ ਲਈ ਯੋਗ ਧਾਰਨ ਕਰਨਾ ਕੋਈ ਸੁਖੇਰਾ ਕਾਰਜ ਨਹੀਂ ਸੀ। ਉਸ ਨੇ ਉਹਨੂੰ ਸਮਝਾ ਕੇ ਮੁੜ ਰਾਜ ਸਿੰਘਾਸਨ ਸੰਭਾਲਣ ਦਾ ਉਪਦੇਸ਼ ਦਿੱਤਾ-
ਔਖੀ ਰਮਜ਼ ਫ਼ਕੀਰੀ ਵਾਲ਼ੀ
ਚੜ੍ਹ ਸੂਲੀ 'ਤੇ ਬਹਿਣਾ
ਦਰ ਦਰ 'ਤੇ ਟੁਕੜੇ ਮੰਗਣੇ
ਮਾਈਏ ਭੈਣੇ ਕਹਿਣਾ
"ਨਾਥ ਜੀ! ਮੈਂ ਸਾਰੇ ਸੁੱਖਾਂ ਦਾ ਤਿਆਗ ਕਰਕੇ ਤੁਰਿਆ ਹਾਂ... ਮੈਨੂੰ ਮੋਹ-ਮਾਇਆ ਦੇ ਜਾਲ 'ਚੋਂ ਕੱਢੋ... ਸੱਚ ਅਤੇ ਸਦੀਵੀ ਸ਼ਾਂਤੀ ਦਾ ਰਾਹ ਵਿਖਾ ਕੇ ਆਪਣੇ ਲੜ ਲਾਵੋ- ਗੁਰੂਦੇਵ।"
ਪੰਜਾਬੀ ਲੋਕ ਗਾਥਾਵਾਂ/ 44