ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/13

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਤੇ ਰਾਜ ਦਰਬਾਰ ਨਾਲ ਸੰਬੰਧਤ; (2) ਘੱਟ ਧਨੀ, ਪਰ ਜੋ ਜਨਮ ਅਤੇ ਪਾਲਣ-ਪੋਸਣ ਦੀ ਦ੍ਰਿਸ਼ਟੀ ਤੋਂ ਦਰਬਾਰ ਦੇ ਨਾਲ ਹੀ ਸੰਬੰਧਤ ਹੁੰਦੇ ਹਨ; (3) ਧਨੀ, ਜੋ ਦਰਬਾਰੀਆਂ ਦੇ ਨਜ਼ਦੀਕ ਹੋਣ ਦਾ ਦਾਅਵਾ ਕਰਦੇ ਹਨ; ਅਤੇ (4) ਜੋ ਧਨੀ ਵੀ ਨਹੀਂ, ਰਾਜ ਦਰਬਾਰੀ ਵੀ ਨਹੀਂ ਪਰ ਪਹਿਲੀ ਅਤੇ ਦੂਸਰੀ ਤਰ੍ਹਾਂ ਦੇ ਲੋਕਾਂ ਦੇ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਦੇ ਹਨ। ਕਸਾਤਸਕੀ ਪਹਿਲੀ ਤਰ੍ਹਾਂ ਦੇ ਲੋਕਾਂ ਵਿਚ ਨਹੀਂ ਸੀ। ਆਖਰੀ ਦੋ ਤਰ੍ਹਾਂ ਦੇ ਲੋਕਾਂ ਵਿਚ ਉਸਦਾ ਹਾਰਦਿਕ ਸਵਾਗਤ ਹੁੰਦਾ ਸੀ। ਉੱਚੇ ਸਮਾਜ ਵਿਚ ਆਉਣਾ-ਜਾਣਾ ਸ਼ੁਰੂ ਕਰਦੇ ਸਮੇਂ ਉਸਨੇ ਉੱਚੇ ਸਮਾਜ ਦੀ ਕਿਸੇ ਔਰਤ ਨਾਲ ਸੰਬੰਧ ਸਥਾਪਿਤ ਕਰਨ ਦਾ ਹੀ ਟੀਚਾ ਆਪਣੇ ਸਾਮ੍ਹਣੇ ਰਖਿਆ ਸੀ ਤੇ ਬਹੁਤ ਜਲਦੀ ਹੀ, ਜਿਸ ਦੀ ਕਿ ਉਸਨੂੰ ਖੁਦ ਵੀ ਆਸ ਨਹੀਂ ਸੀ। ਉਸ ਵਿਚ ਸਫਲ ਹੋ ਗਿਆ ਸੀ। ਪਰ ਜਲਦੀ ਹੀ ਉਸਨੇ ਮਹਿਸੂਸ ਕੀਤਾ ਕਿ ਜਿਸ ਸਮਾਜਕ ਹਲਕੇ ਵਿਚ ਉਸਦਾ ਉਠਣਾ-ਬੈਠਣਾ ਸੀ, ਉਹ ਨੀਵੇਂ ਹਨ, ਕਿ ਉਸ ਤੋਂ ਉੱਚੇ ਹਲਕੇ ਵੀ ਹਨ, ਕਿ ਦਰਬਾਰੀਆਂ ਦੇ ਇਹਨਾਂ ਉੱਚੇ ਹਲਕਿਆਂ ਦੇ ਦਰਵਾਜ਼ੇ ਉਸ ਲਈ ਬੇਸ਼ਕ ਖੁਲ੍ਹੇ ਤਾਂ ਸਨ, ਫਿਰ ਵੀ ਉਥੇ ਉਹ ਬਾਹਰਲਾ ਹੁੰਦਾ ਸੀ। ਉਸ ਨਾਲ ਚੰਗਾ ਵਤੀਰਾ ਕੀਤਾ ਜਾਂਦਾ ਸੀ, ਪਰ ਉਸਦੇ ਸਾਰੇ ਰੰਗ-ਢੰਗ ਇਹ ਜ਼ਾਹਿਰ ਕਰਦੇ ਸਨ ਕਿ ਉਹਨਾਂ ਦੇ ਆਪਣੇ ਹਲਕੇ ਦੇ ਲੋਕ ਅਲੱਗ ਸਨ ਅਤੇ ਉਹ ਉਹਨਾਂ ਵਿਚੋਂ ਨਹੀਂ ਹੈ। ਕਸਾਤਸਕੀ ਇਹਨਾਂ ਲੋਕਾਂ ਵਿਚ ਆਪਣੀ ਜਗ੍ਹਾ ਬਣਾਉਣੀ ਚਾਹੁੰਦਾ ਸੀ। ਇਸ ਲਈ ਜਾਂ ਤਾਂ ਦਰਬਾਰੀ ਅਫਸਰ ਬਨਣਾ ਜ਼ਰੂਰੀ ਸੀ, ਜਿਸਦੀ ਉਸਨੂੰ ਆਸ ਸੀ, ਜਾਂ ਫਿਰ ਇਸ ਹਲਕੇ ਦੀ ਕਿਸੇ ਲੜਕੀ ਨਾਲ ਵਿਆਹ ਕਰਨਾ ਜ਼ਰੂਰੀ ਸੀ। ਉਸਨੇ ਐਸਾ ਹੀ ਕਰਨ ਦਾ ਫੈਸਲਾ ਕਰ ਲਿਆ। ਇਸ ਲਈ ਉਸਨੇ ਜੋ ਲੜਕੀ ਚੁਣੀ, ਉਹ ਬਹੁਤ ਹੀ ਸੋਹਣੀ ਸੀ, ਰਾਜ ਦਰਬਾਰ ਨਾਲ ਸਬੰਧਤ ਪਰਿਵਾਰ ਦੀ ਸੀ, ਉਹ ਉਸ ਉੱਚੇ ਸਮਾਜ ਦੀ, ਜਿਸ ਵਿਚ ਉਹ ਆਪਣੇ ਲਈ ਜਗ੍ਹਾ ਬਣਾਉਣੀ ਚਾਹੁੰਦਾ ਸੀ, ਸਿਰਫ ਆਪਣੀ ਹੀ ਨਹੀਂ ਸੀ, ਬਲਕਿ ਐਸੀ ਸੀ, ਜਿਸ ਨਾਲ ਉਸ ਉੱਚੇ ਸਮਾਜ ਦੇ ਉੱਚ-ਕੋਟੀ ਤੇ ਬਹੁਤ ਹੀ ਦ੍ਰਿੜ੍ਹ ਸਥਿਤੀ ਵਾਲੇ ਲੋਕ ਮੇਲ-ਮਿਲਾਪ ਬਨਾਉਣ ਲਈ ਯਤਨ ਕਰਦੇ ਰਹਿੰਦੇ ਸਨ। ਉਹ ਕਾਂਉਂਟੈਸ ਕੋਰੋਤਕੋਵਾ ਸੀ। ਕਸਾਤਸਕੀ ਸਿਰਫ ਉਨਤੀ ਕਰਨ ਲਈ ਹੀ ਉਸ ਪ੍ਰਤਿ ਪਿਆਰ ਦਾ ਦਿਖਾਵਾ ਨਹੀਂ ਸੀ ਕਰਦਾ ਸਗੋਂ ਉਹ ਹੱਦੋਂ ਵਧ ਮਨਮੋਹਣੀ ਸੀ ਤੇ ਬਹੁਤ ਜਲਦੀ ਹੀ ਉਹ ਉਸਨੂੰ ਪਿਆਰ ਕਰਨ ਲਗਾ। ਕਾਂਊਟੈਂਸ ਕੋਰੋਤਕੋਵਾ ਨੇ ਸ਼ੁਰੂ ਵਿਚ ਤਾਂ ਕਸਾਤਸਕੀ ਵੱਲ ਬੜਾ ਰੁੱਖਾ ਜਿਹਾ ਵਤੀਰਾ ਦਿਖਾਇਆ, ਪਰ ਫਿਰ ਅਚਾਨਕ ਹੀ ਸਭ ਕੁਝ ਬਦਲ ਗਿਆ। ਉਹ ਉਸ ਵਲ ਨਰਮ ਹੋ ਗਈ ਅਤੇ ਉਸਦੀ ਮਾਂ ਤਾਂ ਖਾਸ ਕਰਕੇ ਉਸ ਨੂੰ ਬਹੁਤ ਹੀ ਉਤਸ਼ਾਹ ਨਾਲ ਆਪਣੇ ਘਰ ਸੱਦੇ ਦੇਣ ਲਗੀ।

ਕਸਾਤਸਕੀ ਨੇ ਵਿਆਹ ਦੀ ਪੇਸ਼ਕਸ਼ ਕੀਤੀ, ਜੋ ਸਵੀਕਾਰ ਕਰ ਲਈ ਗਈ। ਜਿੰਨੀ ਆਸਾਨੀ ਨਾਲ ਉਸਨੂੰ ਇਹ ਖੁਸ਼ੀ ਹਾਸਲ ਹੋ ਗਈ ਸੀ, ਇਸ ਤੋਂ ਵੀ