ਉਸਨੇ ਕਿਹਾ ਤੇ ਉਸੇ ਕੋਨੇ ਵੱਲ ਚਲਾ ਗਿਆ, ਜਿਥੇ ਛੋਟੀ ਜਿਹੀ ਮੇਜ਼ ਰਖੀ ਹੋਈ ਸੀ। ਆਪਣੇ ਆਮ ਤੇ ਉਸ ਸਹੀ ਅੰਦਾਜ਼ ਵਿਚ, ਜਿਸਦਾ ਉਹ ਆਦੀ ਸੀ ਤੇ ਜਿਸ ਨਾਲ ਉਸਨੂੰ ਸੰਤੋਖ ਅਤੇ ਸੁਖ ਮਿਲਦਾ ਸੀ, ਉਹ ਗੋਡਿਆਂ ਭਾਰ ਬੈਠ ਗਿਆ। ਉਹ ਝੁਕ ਗਿਆ, ਉਸਦੇ ਵਾਲ ਚਿਹਰੇ ਉਤੇ ਆ ਪਏ ਤੇ ਉਸਨੇ ਆਪਣਾ ਮੱਥਾ, ਜਿਸ ਉਤੇ ਵਾਲ ਗਾਇਬ ਹੋ ਗਏ ਸਨ, ਠੰਡੀ ਚਟਾਈ ਉਤੇ (ਫਰਸ਼ ਉਤੇ ਬਾਹਰੋਂ ਠੰਡੀ ਹਵਾ ਆ ਰਹੀ ਸੀ) ਰਖ ਦਿਤਾ।
...ਉਹ ਉਸੇ ਭਜਨ ਦਾ ਪਾਠ ਕਰ ਰਿਹਾ ਸੀ, ਜਿਸ ਬਾਰੇ ਬੁੱਢੇ ਪਾਦਰੀ ਪੀਮਨ ਨੇ ਕਿਹਾ ਸੀ ਕਿ ਉਹ ਮੋਹ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਉਹ ਉਠਿਆ, ਉਸ ਦੀਆਂ ਮਜ਼ਬੂਤ, ਪਰ ਕੰਬਦੀਆਂ ਲੱਤਾਂ ਨੇ ਉਸਦੇ ਪਤਲੇ ਹੋ ਚੁੱਕੇ ਤੇ ਹਲਕੇ-ਫੁਲਕੇ ਸਰੀਰ ਨੂੰ ਆਸਾਨੀ ਨਾਲ ਚੁੱਕ ਲਿਆ। ਉਸ ਨੇ ਚਾਹਿਆ ਕਿ ਇਸ ਭਜਨ ਦਾ ਅੱਗੇ ਪਾਠ ਕਰਦਾ ਜਾਏ, ਪਰ ਐਸਾ ਨਾ ਕਰ ਸਕਿਆ ਤੇ ਆਪ-ਮੁਹਾਰੇ ਹੀ ਕੰਨ ਲਾ ਕੇ ਉਸ ਆਵਾਜ਼ ਨੂੰ ਸੁਨਣ ਦੀ ਉਡੀਕ ਕਰਨ ਲਗਾ। ਉਹ ਉਸ ਆਵਾਜ਼ ਨੂੰ ਸੁਨਣਾ ਚਾਹੁੰਦਾ ਸੀ। ਇਕਦਮ ਖ਼ਾਮੋਸ਼ੀ ਛਾਈ ਹੋਈ ਸੀ। ਕੋਨੇ ਵਿਚ ਰੱਖੇ ਲੱਕੜ ਦੋ ਡੋਲ ਵਿਚ ਛੱਤ ਤੋਂ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਸਨ। ਬਾਹਰ ਅਹਾਤੇ ਵਿਚ ਅਨ੍ਹੇਰਾ ਸੀ, ਠੰਡੀ ਧੁੰਦ ਛਾਈ ਹੋਈ ਸੀ ਜਿਹੜੀ ਬਰਫ ਨੂੰ ਖਤਮ ਕਰੀ ਜਾ ਰਹੀ ਸੀ। ਖ਼ਾਮੋਸ਼ੀ ਸੀ, ਗਹਿਰੀ ਖਾਮੋਸ਼ੀ। ਅਚਾਨਕ ਖਿੜਕੀ ਉਤੇ ਸਰਸਰਾਹਟ ਹੋਈ ਤੇ ਉਹੀ ਕੋਮਲ ਤੇ ਸਹਿਮੀ ਜਿਹੀ ਆਵਾਜ਼, ਐਸੀ ਆਵਾਜ਼, ਜਿਹੜੀ ਇਕ ਸੋਹਣੀ ਔਰਤ ਦੀ ਹੀ ਹੋ ਸਕਦੀ ਹੈ, ਸੁਣਾਈ ਦਿਤੀ:
"ਈਸਾ ਮਸੀਹ ਦੇ ਨਾਂ ਉਤੇ ਮੈਨੂੰ ਅੰਦਰ ਆਉਣ ਦਿਉ..."
ਪਾਦਰੀ ਸੇਰਗਈ ਨੂੰ ਲਗਾ ਜਿਵੇਂ ਉਸਦਾ ਸਾਰਾ ਖੂਨ ਦਿਲ ਵਲ ਤੇਜ਼ੀ ਨਾਲ ਦੌੜਕੇ ਉਥੇ ਹੀ ਰੁੱਕ ਗਿਆ। ਉਸਦਾ ਦਮ ਘੁਟਣ ਲਗਾ: "ਪ੍ਰਮਾਤਮਾ ਪ੍ਰਗਟ ਹੋਣ ਤੇ ਉਸਦੇ ਦੁਸ਼ਮਨ ਭਸਮ ਹੋ ਜਾਣ... "
"ਮੈਂ ਸ਼ੈਤਾਨ ਨਹੀਂ ਹਾਂ..." ਇਹ ਮਹਿਸੂਸ ਹੋ ਰਿਹਾ ਸੀ ਕਿ ਇਹਨਾਂ ਲਫ਼ਜ਼ਾਂ ਨੂੰ ਕਹਿਣ ਵਾਲੇ ਹੋਂਠ ਮੁਸਕਰਾ ਰਹੇ ਹਨ। "ਮੈਂ ਸ਼ੈਤਾਨ ਨਹੀਂ, ਇਕ ਮਾਮੂਲੀ ਗੁਨਾਹਗਾਰ ਔਰਤ ਹਾਂ, ਰਸਤਾ ਭੁੱਲ ਗਈ ਹਾਂ-ਸ਼ਾਬਦਿਕ ਅਰਥਾਂ ਵਿਚ ਹੀ (ਉਹ ਹੱਸ ਪਈ) ਠੰਡੀ-ਯੁੱਖ ਹੋ ਗਈ ਹਾਂ ਤੇ ਸ਼ਰਨ ਚਾਹੁੰਦੀ ਹਾਂ।"
ਪਾਦਰੀ ਸੇਰਗਈ ਨੇ ਸ਼ੀਸ਼ੇ ਨਾਲ ਚਿਹਰਾ ਲਾ ਦਿੱਤਾ। ਸ਼ੀਸ਼ੇ ਵਿਚ ਸਿਰਫ ਦੇਵ-ਮੂਰਤੀ ਦੇ ਸਾਮ੍ਹਣੇ ਜਗ ਰਹੇ ਦੀਵੇ ਦਾ ਹੀ ਪਰਤੌ ਨਜ਼ਰ ਆ ਰਿਹਾ ਸੀ। ਉਸ ਨੇ ਤਲੀਆਂ ਨਾਲ ਅੱਖਾਂ ਉਤੇ ਓਟ ਕਰਕੇ ਬਾਹਰ ਵੇਖਿਆ। ਧੁੰਧ, ਅਨ੍ਹੇਰਾ, ਦਰਖਤ ਤੇ ਉਹ ਸੱਜੇ ਪਾਸੇ? ਉਹ ਹੈ। ਹਾਂ, ਉਹੀ ਹੈ, ਔਰਤ, ਲੰਮੀ, ਵੱਡੀ ਵੱਡੀ ਫਰ ਦਾ ਚਿੱਟਾ ਕੋਟ ਅਤੇ ਟੋਪੀ ਪਾਈ, ਬਹੁਤ ਹੀ ਪਿਆਰੇ, ਦਿਆਲੂ ਤੇ ਸਹਿਮੇ ਹੋਏ ਚਿਹਰੇ ਵਾਲੀ,
25