ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਲੋਕ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਪੰਜਾਬੀ ਲੋਕ ਬੁਝਾਰਤਾਂ ਪਾ ਕੇ ਆਤੇ ਬੁੱਝ ਕੇ ਸਦਾ ਹੀ ਸੁਆਦ ਮਾਣਦੇ ਰਹੇ ਹਨ। ਇਹਨਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਆਖਦੇ ਹਨ। ਕੇਵਲ ਬਾਲਕ ਹੀ ਬਾਤ ਪਾਉਣ ਅਤੇ ਬੁੱਝਣ ਦੀ ਖੁਸ਼ੀ ਹਾਸਲ ਨਹੀਂ ਸਨ ਕਰਦੇ ਬਲਕਿ ਸਿਆਣੇ ਵੀ ਇਸ ਵਿੱਚ ਦਿਲਚਸਪੀ ਲੈਂਦੇ ਰਹੇ ਹਨ। ਇਹ ਨਿਆਣਿਆਂ ਸਿਆਣੀਆਂ ਦੇ ਬੁੱਧੀ ਸੰਗਰਾਮ ਦਾ ਸਾਂਝਾ ਕੇਂਦਰ ਰਹੀਆਂ ਹਨ ਜਿਸ ਵਿੱਚ ਵੱਡੇ-ਵੱਡੇ ਸਿਆਣਿਆਂ ਨੂੰ ਵੀ ਮਿੱਠੀਆਂ ਹਾਰਾਂ ਸਹਿਣੀਆਂ ਪੈਂਦੀਆਂ ਸਨ।

ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਮਿਲਦੀਆਂ ਹਨ। ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ਼ ਵਿਖਾਈ ਦੇਂਦਾ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਬੁਝਾਰਤਾਂ ਨਾ ਹੋਣ। ਮਨੁੱਖੀ ਸਰੀਰ ਦੇ ਅੰਗਾਂ, ਬਨਸਪਤੀ, ਫਸਲਾਂ, ਜੀਵ-ਜੰਤੂਆਂ, ਘਰੇਲੂ ਵਸਤਾਂ ਆਦਿ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ। ਅੱਖਾਂ ਦਾ ਬੁਝਾਰਤੀ ਵਰਨਣ ਹੈ:

ਦੋ ਕਬੂਤਰ ਜੱਕਾ ਜੋੜੀ
ਰੰਗ ਉਹਨਾਂ ਦੇ ਕਾਲੇ
ਨਾ ਕੁਝ ਖਾਵਣ
ਨਾ ਕੁਝ ਪੀਵਣ
ਰਬ ਉਹਨਾਂ ਨੂੰ ਪਾਲੇ

ਗੂੜ੍ਹੀ ਨੀਂਦ ਦਾ ਆਪਣਾ ਮਿੱਠਾ ਸੁਆਦ ਹੈ।

ਹਰੀ ਹਰੀ ਗੰਦਲ ਬੜੀਓ ਮਿੱਠੀ
ਆਉਂਦੀ ਹੈ ਪਰ ਕਿਸੇ ਨਾ ਡਿੱਠੀ

ਕਪਾਹ ਬਾਰੇ ਬੁਝਾਰਤ ਬੁੱਧੀਮਾਨਾਂ ਨੂੰ ਚਕਰਾ ਦੇਂਦੀ ਹੈ:

ਮਾਂ ਜੰਮੀ ਪਹਿਲਾਂ
ਬਾਪੁ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ।
ਵਿੱਚੋਂ ਦਾਦੀ ਨਿਕਲ ਆਈ

ਲਾਲ ਮਿਰਚਾਂ ਦਾ ਸੁਆਦ ਤੁਸੀਂ ਜ਼ਰੂਰ ਚਖਿਆ ਹੋਵੇਗਾ:

ਲਾਲ ਸੂਹੀ ਪੋਟਲੀ
ਮੈਂ ਵੇਖ ਵੇਖ ਖੁਸ਼ ਹੋਈ
ਹੱਥ ਲੱਗਾ ਤੇ ਪਿੱਟਣ ਲੱਗੀ
ਨੀ ਅੰਮਾਂ ਮੈਂ ਮੋਈ

ਗੋਲ ਗੋਲ ਸੰਗਤਰੇ ਨੂੰ ਵੇਖ ਕੇ ਕੀਹਦੇ ਮੂੰਹ ਵਿੱਚ ਪਾਣੀ ਨਹੀਂ ਭਰ ਆਉਂਦਾ:

ਇੱਕ ਖੂਹ ਵਿੱਚ ਨੌ ਦਸ ਪਰੀਆਂ
ਜਦ ਤਕ ਸਿਰ ਜੋੜੀ ਖੜੀਆਂ
 ਜਦੋਂ ਖੋਹਲਿਆ ਖੂਹ ਦਾ ਪਾਟ
 ਦਿਲ ਕਰਦੈ ਸਭ ਕਰਜਾਂ ਚਾਟ

16/ ਪੰਜਾਬੀ ਸਭਿਆਚਾਰ ਦੀ ਆਰਸੀ