ਸਮੱਗਰੀ 'ਤੇ ਜਾਓ

ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ। ਭਾਵੇਂ ਨੇਹਰਾ ਦੇ ਪਾਤਰ ਲਈ ਨਵੀਆਂ ਥਾਂਵਾਂ ਤਲਾਸ਼ੀਆਂ; ਜਿੰਨ੍ਹਾਂ ਰਾਹੀਂ ਉਹਨੇ ਨਾਵਲ ਵਿੱਚਲੀ ਭਾਵਨਾ ਨੂੰ ਉਘਾੜਣ ਦੀ ਕੋਸ਼ਿਸ਼ ਕੀਤੀ। ਜਿਥੇ-ਜਿਥੇ ਵੀ ਬਲਰਾਮ ਨੂੰ ਆਪਣੀ ਗੱਲ ਕਹਿਣ ਦਾ ਨਵਾਂ ਨਾਟਕੀ ਢੰਗ ਲੱਭਿਆ, ਉਹਨੇ ਉਹਨੂੰ ਬਹੁਤ ਸਹਿਜਤਾ ਨਾਲ ਵਰਤਿਆ।

ਇਸ ਨਾਵਲ ਨੂੰ ਨਾਟਕੀ ਰੂਪ ਵਿੱਚ ਲਿਖਣ ਦੀ ਸਭ ਤੋਂ ਵੱਡੀ ਚਣੌਤੀ ਹੀ ਇਹ ਸੀ ਕਿ ਜਿਸ ਨਾਇਕ ਦੇ ਚਾਨਣ ਨਾਲ ਇਹ ਨਾਵਲ ਜਗਮਾਗਉਂਦਾ ਹੈ, ਉਹਦਾ ਚੇਹਰਾ ਨਾਟਕਕਾਰ ਸਟੇਜ ਉੱਤੇ ਨਹੀਂ ਸੀ ਵਿਖਾ ਸਕਦਾ। ਇਸ ਨਾਇਕ ਦੀ ਸਾਰੀ ਊਰਜਾ ਸਟੇਜ ਉੱਤੇ ਦਿੱਸੇ ਪਰ ਨਾਇਕ ਦਾ ਚੇਹਰਾ ਨਾ ਦਿੱਸੇ। ਮੈਂ ਸਮਝਦਾਂ ਬਲਰਾਮ ਲਈ ਇਹ ਸਭ ਤੋਂ ਵੱਡੀ ਚੁਣੌਤੀ ਸੀ। ਸ਼ਾਇਦ ਇਸੇ ਕਰਕੇ ਬਹੁਤ ਸਾਰੇ ਦ੍ਰਿਸ਼ ਇਸ ਨਾਟਕ ਵਿੱਚ ਅਜਿਹੇ ਹਨ ਜੋ ਨਾਵਲ ਵਿੱਚ ਨਹੀਂ ਹਨ। ਪਰ ਉਹ ਚੇਹਰਾ ਜੋ ਦਿਸ ਨਹੀਂ ਰਿਹਾ ਉਹਨੂੰ ਸੰਜੀਵ ਕਰਨ ਲਈ ਬਲਰਾਮ ਵਾਰ-ਵਾਰ ਕੁਝ ਨਵਾਂ ਸਿਰਜਦਾ ਰਿਹਾ। ਇਸ ਦੇ ਕੁਝ ਹੋਰ ਹਿੱਸੇ ਸ਼ਾਇਦ ਸਾਨੂੰ ਸਟੇਜ 'ਤੇ ਹੋਰ ਵੀ ਸਪੱਸ਼ਟ ਦਿਸਣ। ਫਿਰ ਵੀ ਬਲਰਾਮ ਨੇ ਨਾਵਲ ਦਾ ਬਹੁਤ ਕੁਝ ਆਪਣੇ ਨੇੜੇ ਸਰਕਾਇਆ ਹੈ ਜੋ ਨਾਟਕੀ ਰੂਪ ਵਿੱਚ ਢਲ ਸਕਦਾ ਸੀ।

ਮੇਰੇ ਤੇ ਬਲਰਾਮ ਕੋਲ ਇੱਕ ਹੀ ਸਮੱਸਿਆ ਪਲਟ ਕੇ ਵੱਖ-ਵੱਖ ਰੂਪ ਵਿੱਚ ਸਾਹਮਣੇ ਆਈ ਹੈ। ਮੈਂ ਬਾਬੇ ਦੇ ਅਣਕਹੇ ਰਹੱਸ ਨੂੰ ਸ਼ਬਦਾਂ ਰਾਹੀਂ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ। ਬਲਰਾਮ ਹੋਰ ਅੱਗੇ ਮੇਰੇ ਕਹੇ ਨੂੰ ਚੇਹਰੇ ਤੋਂ ਬਿਨਾਂ ਮਹਿਸੂਸ ਕਰਾਉਣ ਦੀ ਕੋਸ਼ਿਸ਼ ਵਿੱਚ ਰਿਹਾ, ਜਿਸ ਵਿੱਚ ਬਾਬੇ ਨੇ ਆਪ ਦਿਸਣਾ ਹੀ ਨਹੀਂ ਸੀ। ਬਲਰਾਮ ਲਈ ਇਹ ਚਣੌਤੀ ਮੇਰੇ ਨਾਲੋਂ ਵੀ ਔਖੀ ਸੀ। ਇੱਕੋ ਸਮੱਸਿਆ ਨਾਲ ਜੂਝਦੇ ਅਸੀ ਦੋਵੇਂ 'ਬਾਬੇ' ਨੇ ਗੁਰ ਭਾਈ ਬਣਾ ਦਿੱਤੇ।

-ਜਸਬੀਰ ਮੰਡ