ਪੰਨਾ:Alochana Magazine June 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖਿਆਂ ਭਾਵੇਂ ਇਹ ਵਾਦ ਵੀ ਸ਼੍ਰੇਣੀਗਤ ਸਮਾਜ ਵਿਚ ਚਲਦੀ ਵਿਚਾਰ-ਧਾਰਾ ਦਾ ਹੀ ਤਤਵ ਫਲ ਹਨ ਪਰੰਤੂ ਇਸ ਨਿਬੰਧ ਵਿਚ ਅਜਿਹੇ ਵਾਦਾਂ ਨੂੰ ਛਡਕੇ ਵਧੇਰੇ ਕਰ ਕੇ ਸਾਮਾਜਿਕ ਜ਼ਿੰਦਗੀ ਨਾਲ ਸੰਬੰਧਿਤ ਵਾਦਾਂ ਨੂੰ ਸਾਹਿਤ ਨਾਲ ਸੰਯੁਕਤ ਕਰ ਕੇ ਵਾਚਣ ਦਾ ਯਤਨ ਕੀਤਾ ਗਇਆ ਹੈ। ਸਾਮਾਜਿਕ ਜ਼ਿੰਦਗੀ ਨਾਲ ਸੰਬੰਧਿਤ ਵਾਦਾਂ ਤੋਂ ਭਾਵ ਅਜਿਹੀਆਂ ਵਿਚਾਰ-ਪਧਤੀਆਂ ਤੇ ਮਤ ਸਿਧਾਂਤਾਂ ਤੋਂ ਹੈ ਜੋ ਸਾਮਾਜਿਕ ਜੀਵਨ ਦੇ Shatio-Temporal Continuum ਵਿਚ ਚਲਦੇ ਬਹੁਪਖੀ ਤੇ ਨਿਰੰਤਰ ਪਦਾਰਥਕ ਸੰਘਰਸ਼ ਦੇ ਨਤੀਜੇ ਵਜੋਂ ਸਾਹਮਣੇ ਆਉਂਦੇ ਰਹੇ ਹਨ ਅਤੇ ਸਮੇਂ ਸਮੇਂ ਅਨੁਸਾਰ ਸ਼੍ਰੇਣੀਗਤ ਸਮਾਜ ਨਾਲ ਜੀਵਨ ਦੇ ਪਥ-ਪ੍ਰਦਰਸ਼ਕ ਦੇ ਰੂਪ ਵਿਚ ਜੁੜੇ ਰਹੇ ਹਨ।

ਜਿਵੇਂ ਅਤਿ ਪ੍ਰਾਚੀਨ ਸਮੇਂ ਤੋਂ ਸਮੁਚੀ ਸਾਮਾਜਿਕ ਜ਼ਿੰਦਗੀ ਕਿਸੇ ਨ ਕਿਸੇ ਸਿਧਾਂਤ ਅਰਥਾਤ ਵਾਦ ਅਧੀਨ ਰਹੀ ਹੈ, ਸਾਹਿਤ ਵੀ ਇਸ ਨਾਲ ਜੁੜਿਆ ਰਹਿਆ ਹੈ ਅਤੇ ਇਸ ਦੀ ਪ੍ਰਕ੍ਰਿਤੀ ਵਿਚੋਂ ਸਾਮਾਜਿਕ ਜੀਵਨ ਦੀ ਪਰੰਪਰਾ ਵਿਚ ਵਿਚਰਦੀਆਂ ਵਿਚਾਰ-ਪੱਧਤੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਥੋਂ ਤਕ ਕਿ ਕਈ ਸਾਹਿਤਕਾਰ ਸਾਮਾਜਿਕ ਜੀਵਨ ਨਾਲ ਸੰਬੰਧਿਤ ਸਿਧਾਂਤਾਂ ਨੂੰ ਚੇਤੰਨ ਤੌਰ ਤੇ ਸਾਮਾਜਿਕ ਜੀਵਨ ਦੇ ਲਕਸ਼ ਵਜੋਂ, ਸਾਹਿਤ ਰਾਹੀਂ ਪ੍ਰਚਾਰਦੇ ਰਹੇ ਹਨ ਭਾਵ ਸਹਿੱਤ ਆਪਣੀ ਉਤਪਤੀ ਦੇ ਸਮੇਂ ਤੋਂ ਲੈ ਕੇ ਅਜ ਤੀਕ ਮਨੁਖੀ ਜੀਵਨ ਦੇ ਆਰਥਿਕ ਤੇ ਪਦਾਰਥਕ ਉਦੇਸ਼ਾਂ ਨਾਲ ਜੁੜਿਆ ਰਹਿਆ ਹੈ, ਇਸ ਲਈ ਅਜੋਕੇ ਪੂੰਜੀਵਾਦੀ ਪ੍ਰਕਰਣ ਦੇ ਅਧੀਨ ਉਪਜੀ ਚੇਤਨਾ ਜੋ 'ਕਲਾ ਕਲਾ ਲਈ' ਦੇ ਸਿਧਾਂਤ ਦਾ ਪ੍ਰਚਾਰ ਕਰਦੀ ਇਸ ਗਲ ਤੇ ਜ਼ੋਰ ਦੇਂਦੀ ਹੈ ਕਿ ਸਾਹਿੱਤ ਜਾਂ ਕਲਾ ਨੂੰ ਸਾਮਾਜਿਕ ਉਪਯੋਗਿਤਾ ਦੇ ਸਾਧਨ ਵਜੋਂ ਵਰਤਣਾ ਇਸ ਦੀ ਵਿਅਕਤੀਗਤ ਹੋਂਦ ਨੂੰ ਖ਼ਤਮ ਕਰਨਾ ਹੈ, ਆਪਣੇ ਆਪ ਵਿਚ ਨਿਰਾਰਥਕ ਜਾਪਣ ਲੱਗ ਪਈ ਹੈ । ਇਸ ਮਤ ਦੇ ਕਲਾਵਾਦੀ ਰੁਚੀਆਂ ਰਖਣ ਵਾਲੇ ਸਾਹਿਤ ਨੂੰ ਸੁਹਜਾਤਮਕ ਆਨੰਦ ਪ੍ਰਦਾਨ ਕਰਣ ਦਾ ਵਸੀਲਾ ਹੀ ਸਮਝਦੇ ਹਨ ਅਤੇ ਇਸੇ ਨੂੰ ਸਾਹਿਤ ਦੇ ਅੰਤਿਮ ਲਕਸ਼ ਵਜੋਂ ਸਾਹਮਣੇ ਰਖਦੇ ਹਨ, ਪਰ ਅਜ ਦੀ ਵਿਗਿਆਨਕ ਦ੍ਰਿਸ਼ਟੀ ਦੇ ਆਧਾਰ ਤੇ ਕੀਤੀ ਗਈ ਖੋਜ, ਸਾਹਿਤ ਨੂੰ ਸਹਿਜਭਾਇ ਸਾਮਾਜਿਕ ਜੀਵਨ ਨਾਲ ਜੜਿਆ ਦਸਦੀ ਹੈ ਅਤੇ ਇਹ ਜੋੜ ਵੀ ਇਸ ਦ੍ਰਿਸ਼ਟੀ ਅਨੁਸਾਰ ਜੀਵਨ ਦੀ ਕਿਸੇ ਨ ਕਿਸੇ ਪਦਾਰਥਕ ਉਪਯੋਗਿਤਾ ਤੇ ਨਿਰਭਰ ਹੋਇਆ ਦਸਦੀ ਹੈ। ਇਹ ਵਿਚਾਰਧਾਰਾ ਜੋ ਕਲਾ ਨੂੰ ਕਲਾ ਲਈ ਦੀ ਦ੍ਰਿਸ਼ਟੀ ਤੇ ਆਧਾਰਿਤ ਕਰਦੀ ਹੈ, ਸੁਹਜਵਾਦੀ ਖੇਤਰਾਂ ਵਿਚ (Positivism) ਦੇ ਨਾਂ ਨਾਲ ਯਾਦ ਕੀਤੀ ਜਾਂਦੀ ਹੈ। ਸਾਮਾਜਿਕ ਪਿਛੋਕੜ ਵਿਚ ਰੱਖ ਕੇ ਇਸ ਦਾ ਮੂਲਿਅੰਕਣ ਕਰਣ ਵਾਲੇ ਬੁਧਵਾਦੀ ਕਲਾਕਾਰਾਂ ਨੇ ਇਸ ਨੂੰ ਇਉਂ ਪ੍ਰਗਟ ਕੀਤਾ ਹੈ :-