ਪੰਨਾ:Alochana Magazine March 1958.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੋਂ ਪਿਛੋਂ ਸਹਿਤੀ ਤੇ ਹੀਰ ਮਕਰ ਦਾ ਜਾਲ ਵਿਛਾਉਂਦੀਆਂ ਹਨ ਅਤੇ ਇਕ ਦਿਨ ਹੀਰ ਨੂੰ ਫਰੇਬ ਦਾ ਤ੍ਰੇਗਜ ਕਾਲਾ ਨਾਗ ਲੜਾਉਂਦੀਆਂ ਹਨ। ਸਹਿਤੀ ਹਾਲ ਦੁਹਾਈ ਪਾ ਕੇ ਪਿਉ ਤੇ ਭਰਾ ਨੂੰ ਮਾਂਦਰੀ ਬੁਲਾਉਣ ਵਾਸਤੇ ਰਾਂਝੇ ਪਾਸ ਭੇਜਣ ਵਿਚ ਸਫ਼ਲ ਹੋ ਜਾਂਦੀ ਹੈ ਅਤੇ ਇਉਂ ਜੋਗੀ ਨੂੰ ਚਲੀਹਾ ਕੱਟਣ ਲਈ ਪਿਉ ਦੀ ਹਵੇਲੀ ਵਿਚ ਹੀਰ ਦਾ ਸੰਗੀ ਬਣਾ ਦੇਂਦੀ ਹੈ:

"ਹਸਹੁ ਖੇਡਹੁ ਮੌਜਾਂ ਮਾਣੋ,
ਕਮੀ ਕੋਈ ਵੀ ਨਾਹੀਂ।

ਜੋ ਮੈਂ ਮੋਈ ਤਾਂ ਸਦਕ ਕੀਤੀ,
ਆਵਾਂ ਕੰਮ ਤੁਸਾਂਹੀਂ।

ਖਾਵਹੁ ਪੀਵਹੁ ਮੌਜਾਂ ਕਰਿਹੁ,
ਸਦਕੇ ਘੋਲ ਘੁਮਾਈ।

ਆਖ ਦਮੋਦਰ ਖਾਵਣ ਬੇੇਠੇ,
ਸਹਿਤੀ ਪਖਾ ਚਾਈ।"

ਸਹਿਤੀ ਪਿਉ, ਮਾਂ ਤੇ ਭਰਾ ਨੂੰ ੩੭ ਦਿਨਾਂ ਤਕ ਗੱਲਾਂ ਨਾਲ ਚਾਰਦੀ ਰਹੀ ਅਤੇ ਅੰਤ ਵਿਚ ਹੀਰ ਤੇ ਰਾਂਝੇ ਨੂੰ ਰਾਤੋ ਰਾਤ ਨਸਾ ਦਿਤਾ ਅਤੇ ਆਪ ਫ਼ਰੇਬ ਲਾ ਕੇ ਕਿ ਸੱਪਾਂ ਦੀ ਜ਼ਹਿਰ ਨੇ ਉਸ ਨੂੰ ਬੇਹੋਸ਼ ਕਰ ਦਿੱਤਾ ਸੀ, ਘਰਦਿਆਂ ਦੇ ਸਾਹਮਣੇ ਦੁੱਧ ਧੋਤੀ ਬਣੀ ਰਹੀ।

ਹੁਣ ਖੇੜੇ ਵਾਹਰ ਲੈ ਕੇ ਹੀਰ ਤੇ ਰਾਂਝੇ ਦੇ ਮਗਰ ਨੱਠੇ ਅਤੇ ਉਨ੍ਹਾਂ ਜੋੜੀ ਨੂੰ ਨਾਹੜ ਜੱਟਾਂ ਦੀ ਸ਼ਰਣ ਵਿਚੋਂ ਜਾ ਲੱਭਿਆ। ਨਾਹੜਾਂ ਨੇ ਜੱਟਾਂ ਦੀ ਰਵਾਇਤੀ ਸ਼ਰਣ-ਪਾਲਕ ਲੱਜ ਨੂੰ ਨਿਭਾਉਂਂਦਿਆ ਇਸ ਪਰਦੇਸੀ ਜੋੜੀ ਨੂੰ ਖੇੜਿਆਂ ਦੇ ਸਪੁਰਦ ਕਰਨ ਤੋਂ ਇਨਕਾਰ ਕਰ ਦਿੱਤਾ। ਦਮੋਦਰ ਦੇ ਲਿਖੇ ਮੁਤਾਬਿਕ ਦੋਹਾਂ ਧਿਰਾਂ ਵਿਚਕਾਰ ਘਮਸਾਨ ਦਾ ਜੁੱਧ ਹੋਇਆ। ਜਿਸ ਵਿਚ ੯ ਖੇੜੇੇ ਤੇ ਨਾਹੜ ਕੰਮ ਆਏ। ਦਮੋਦਰ ਨੇ ਇਥੇ ਰਾਂਝੇ ਨੂੰ ਅਤਿ ਡਰਾਕਲ ਰੂਪ ਵਿਚ ਪੇਸ਼ ਕੀਤਾ ਹੈ ਜੋ ਕੁੱਟ ਤੋਂ ਡਰਦਾ ਹੀਰ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੇ ਹੱਥੀਂ ਇਸ ਨੂੰ ਮਾਰ ਦੇਵੇ ਪਰ ਹੀਰ ਦਾ ਸਿਦਕ ਅਡੋਲ ਵਿਖਾਇਆ ਗਇਆ ਹੈ ਜੋ ਇਸ ਸਮੇਂ ਵੀ ਖੇੇੜਿਆਂ ਨੂੰ ਸੌ ਸੌ ਸੁਣਾਉਂਦੀ ਹੈ:

"ਵੰਵ ਵੇ ਖੇੜਾ ਕਦੀਮੀ ਭੈੜਾ,
ਮੇਰੇ ਰਾਂਝਣ ਨਾਲ ਅਲੈਂਦਾ।

ਇਹ ਕੌਣ ਕਮੀਨਾ ਜੱਟ,
ਜੋ ਅਸਾਂ ਝਿੜਕਾਂ ਦੇਂਦਾ।

੧੯