ਪੰਨਾ:Alochana Magazine May 1960.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਣ ਲਗ ਪਇਆ ਜਿਹੜਾ ਕਹਾਣੀ ਤੋਂ ਬਾਹਰ ਰਹਿੰਦਾ ਹੈ। ਕਹਾਣੀ ਵਿਚ ਰਲ ਕੇ ਕਹਾਣੀ ਨੂੰ ਨਾ ਗਤੀ ਬਖਸ਼ਦਾ ਹੈ ਤੇ ਨਾ ਪਾਤਰਾਂ ਨੂੰ ਹੀ ਉਘਾੜਦਾ ਹੈ। ਜਿਸ ਨਾਲ ਕਹਾਣੀ ਦਾ ਲਟਕਾਉ ਤੇ ਤੇਜ ਮਧਮ ਪੈ ਜਾਂਦਾ ਹੈ।

ਇਹ ਖੁਸ਼ੀ ਦੀ ਗਲ ਹੈ ਕਿ ਹੁਣ ਉਸ ਦੇ ਵਿਸ਼ਯ ਨਿਰੋਲ ਮਧ ਸ਼ੇਣੀ ਦੇ ਕੁਧਰਮੀ, ਦੁਰਾਚਾਰੀ ਆਦਿ `ਚੋਂ ਨਿਕਲ ਕੇ ਕਿਰਤੀਆਂ ਵਲ ਜਾ ਰਹੇ ਹਨ। ਜੇ ਨਾਨਕ ਸਿੰਘ ਹੁਣ ਕਿਰਤੀਆਂ ਵਿਚ ਰਹਿ ਕੇ ਕਿਰਤੀਆਂ ਨੂੰ ਹੋਰ ਨੇੜਿਉਂ ਵੇਖਣ ਦਾ ਯਤਨ ਕਰੇ ਤਾਂ ਉਸ ਵਿਚ ਬਹੁਤ ਸ਼ਕਤੀ-ਸ਼ਾਲੀ ਉਪਨਿਆਸ ਪੇਸ਼ ਕਰਨ ਦੀ ਸਮਰਥਾ ਆ ਜਾਵੇਗੀ, ਨਹੀਂ ਤਾਂ ਅਣਸੀਤੇ ਜ਼ਖਮਾਂ ਵਾਂਗ ਉਪਰ ਉਪਰ ਹੀ ਰਹਿ ਜਾਵੇਗਾ। ਨਾ ਕਹਾਣੀ ਉਸਰੇਗੀ, ਨਾ ਪਾਤਰ ਤੇ ਨਾ ਹੀ ਰਸ। ਨਾਨਕ ਸਿੰਘ ਬੋਲੀ ਵਲੋਂ ਅਵੇਸਲਾ ਹੁੰਦਾ ਜਾ ਰਹਿਆ ਹੈ ਇਸ ਲਈ ਬੋਲੀ ਥਿੜਕਦੀ ਹੈ ਤੇ ਮੁਹਾਵਰਾ ਡੋਲਦਾ ਹੈ। ਅਗੋਂ ਤੋਂ ਨਾਨਕ ਸਿੰਘ ਨੂੰ ਇਸ ਪਖੋਂ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਨਾਨਕ ਸਿੰਘ ਨੂੰ ਅਪਣੀ ਪੂਚਾਰਾਤਮਕ ਰੁਚੀ, ਭਰਤੀ ਪਾਉਣ ਦੀ ਰੁਚੀ, ਗੁਰਬਾਣੀ ਦੀਆਂ ਤੁਕਾਂ ਦੇ ਪ੍ਰਯੋਗ, ਬੇ-ਲੋੜੇ ਸਿਧਾਂਤਾਂ ਦੀ ਵਰਤੋਂ ਆਦਿ ਤੋਂ ਵੀ ਬਚਣਾ ਚਾਹੀਦਾ ਹੈ ਤੇ ਹੁਣ ਰੁਮਾਂਚਿਕ ਜਾਸੂਸੀ ਜਿਹੇ ਪਰੀਅੰਸੀ ਮੋੜ ਤੇ ਦੇਵਨੇਤੀ ਮੌਕਾ ਮੇਲਾਂ ਦਾ ਵੀ ਐਵੇਂ ਵਾਧੂ ਪੂਯੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਪਾਠਕ ਵਧੇਰੇ ਚੇਤੰਨ ਹੋ ਗਇਆ ਹੈ, ਉਹ ਐਵੇਂ ਕਾਹਲੇ, ਸਨਸਨੀ ਖੇਜ਼, ਝਟਪਟੇ ਪਰਿਵਰਤਨਾਂ ਤੇ ਮੋੜਾਂ ਨਾਲ ਪਤੀਜਦਾ ਨਹੀਂ ਸਗੋਂ ਯਥਾਰਥਵਾਦੀ ਤੇ ਤਰਕਵਾਦੀ ਉਸਾਰੀ ਚਾਹੁੰਦਾ ਹੈ। ਛਲਾਵੇ ਤੋਂ ਤਾਂ ਨਾਨਕ ਸਿੰਘ ਦੀ ਉਪਨਿਆਸਕਲਾ ਚੜ੍ਹਾ ਵਲ ਜਾਂਦੀ ਪ੍ਰਤੀਤ ਹੁੰਦੀ ਹੈ ਪਰ ਅਣਸੀਤੇ ਜ਼ਖਮਾਂ ਵਿਚ ਫੇਰ ਡੋਲਦੀ ਸਾਪਦੀ ਹੈ। ਉਂਜ ਛਲਾਵੇ ਵਿਚ ਵੀ ਕਈ ਥਾਈਂ ਬੇਲੋੜੀ ਸਿਧਾਂਤਕ ਬਹਿਸ, ਸੁਆਂਗੀ ਹੇਰ ਫੇਰ, ਜਾਸੂਸੀ ਅੰਦਾਜ਼ ਕਿਤੇ ਕਿਤੇ ਯਥਾਰਥਵਾਦ ਨੂੰ ਭੰਗ ਕਰਦਾ ਹੈ। ਨਾਨਕ ਸਿੰਘ ਕਾਫ਼ੀ ਸਿਆਣਾ ਹੈ, ਕਹਾਣੀ-ਰਸ ਸਿਰਜ ਸਕਦਾ ਹੈ ਪਰ ਉਹ ਕਾਹਲ ਕਰਦਾ ਹੈ ਤੇ ਕਾਂਡ ਦੇ ਅਰੰਭ ਵਿਚ ਸਿਧਾਂਤਕ ਵਿਚਾਰਾਂ ਨੂੰ, ਇਤਿਹਾਸਕ ਪਿਛੋਕੜ ਨੂੰ ਕਹਾਣੀ ਵਿਚ ਲੀਨ ਨਹੀਂ ਕਰਦਾ। ਜਿਸ ਕਰ ਕੇ ਭਰਵੀਂ ਕਹਾਣੀ ਵੀ ਫਿੱਟ ਜਾਂਦੀ ਹੈ ਤੇ ਜਿਸ ਤੇ ਨਿਜੀ ਆਦਰਸ਼ਕ ਤੇ ਭਾਵੁਕ ਇਕ-ਪੱਖੀ ਵਿਚਾਰ ਦੀ ਧੂੜ ਹੁੰਦੀ ਹੈ। ਪਰ ਫੇਰ ਵੀ ਛਲਾਵੇ ਦੇ ਵਿਸ਼ਯ ਅਤੇ ਅਣਸੀਤੇ ਜ਼ਖਮ ਵਿਚ ਉਸ ਦੇ ਯਥਾਰਥਵਾਦੀ ਝੁਕਾ ਤੋਂ ਸੰਭਾਵਨਾ ਉਸਰਦੀ ਹੈ ਸ਼ਾਇਦ ਨਾਨਕ ਸਿੰਘ ਕੋਈ ਮਹਾਨ ਉਪਨਿਆਸ ਪੰਜਾਬੀ ਨੂੰ ੧੯੬੪ ਤਕ ਦੇ ਸਕੇ।

....;;....

੩੬