ਪੰਨਾ:Johar khalsa.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੪੫)


ਵਾਕ ਕਵੀ

ਥੋੜ੍ਹੀ ਫੌਜ ਸੀ ਈਨ ਦੀ ਵਿਚ ਓਹਨਾਂ ਕੱਠੇ ਹੋਇ ਪੇਂਡੂ ਬੇਸ਼ੁਮਾਰ ਸਮਝੋ
ਨਾਈ ਭਿਸ਼ਤੀ ਛੀਂਬੇ ਜੁਲਾਹੇ ਮੋਚੀ ਨਾਲ ਆਇ ਤਰਖਾਣ ਲੁਹਾਰ ਸਮਝੋ
ਵਾਹਰਾਂ ਕੱਠੀਆਂ ਕਰ ਲੈ ਆਇ ਹਾਕਮ ਬਹੁਤੇ ਕੰਮੀ ਕਮੀਨ ਗਵਾਰ ਸਮਝੋ
ਪੇਂਡੂ ਲੋਕ ਬੱਧੇ ਰੁਧੇ ਹੋਇ ਕੱਠੇ ਕੀਹ ਉਹ ਜਾਣਦੇ ਜੰਗ ਦੀ ਸਾਰ ਸਮਝੋ
ਮੁਲਾਂ ਕਾਜ਼ੀਆਂ ਦੀ ਬਹੁਤੀ ਗਿਣਤੀ ਸੀ ਅਗੇ ਹੋਣ ਨ ਉਹ ਹੁਸ਼ਿਆਰ ਸਮਝੋ
ਕੱਠੇ ਹੋਇ ਅਮੀਰ ਤੇ ਖਾਨ ਬਹੁਤੇ ਵਡੇ ਸੁਖਯਾਰੇ ਨਿਗ੍ਹਾ ਮਾਰ ਸਮਝੋ
ਜੰਗ ਕਰਨ ਵਾਲੇ ਵਿਚ ਬਹੁਤ ਥੋੜੇ ਰੌਲਾ ਪਾਉਣ ਵਾਲੇ ਬਿਸਯਾਰ ਸਮਝੋ
ਪੈਂਡੇ ਮਾਰ ਕੇ ਆਇ ਉਹ ਥਕ ਗਏ ਖਾ ਪੀ ਕੇ ਮਾਰ ਡਕਾਰ ਸਮਝੋ
ਸੌਂ ਗਏ ਸਾਰੇ ਰਾਤ ਮਸਤ ਹੋ ਕੇ ਦੱਬੇ ਨੀਂਦ ਸਿਪਾਹੀ ਸਰਦਾਰ ਸਮਝੋ
ਗਾਫਲ ਹੋਇ ਡਿਠੇ ਕਰਤਾਰ ਸਿੰਘਾ ਸਿੰਘ ਗਏ ਵੇਲਾ ਚੰਗਾ ਤਾਰ ਸਮਝੋ

ਪਹਿਲੀ ਰਾਤ ਹੀ ਸਿੰਘਾਂ ਨੇ ਵੈਰੀ ਤੇ ਛਾਪਾ ਮਾਰਕੇ ਸਖਤ ਨੁਕਸਾਨ ਕਰਨਾ

ਸਿੰਘ ਜੰਗ ਦੇ ਫਨ ਦੇ ਮਾਹਿਰ ਚੰਗੇ ਦੁਖਾਂ ਵਿਚ ਪੈ ਹੋਇ ਹੁਸ਼ਿਆਰ ਸਾਰੇ
ਰਾਤ ਦਿਨੇ ਪਏ ਪੇਸ਼ ਜੰਗ ਰਹਿੰਦੇ ਝਾਲੂ ਹੋਇ ਹੈਸਨ ਖਬਰਦਾਰ ਸਾਰੇ
ਚਾਲਾਂ ਵੈਰੀ ਦੀਆਂ ਰਹਿੰਦੇ ਤਾੜਦੇ ਸਨ ਦਾਉ ਖਾਂਵਦੇ ਨ ਸਰਦਾਰ ਸਾਰੇ
ਸਿੰਘਾਂ ਵੇਖਿਆ ਵੈਰੀ ਦੇ ਦਲਾਂ ਤਾਈਂ ਸੌਂ ਗਏ ਨ ਖੌਫ ਵਿਸਾਰ ਸਾਰੇ
ਕੱਠੇ ਹੋ ਸਰਦਾਰਾਂ ਗੁਰਮਤਾ ਕੀਤਾ ਵੈਰੀ ਪਏ ਨੇ ਪੈਰ ਪਸਾਰ ਸਾਰੇ
ਇਹੋ ਜਿਹਾ ਵੇਲਾ ਫੇਰ ਲੱਭਣਾ ਨਹੀਂ ਛਾਪਾ ਮਾਰਨੇ ਤੇ ਹੋਏ ਤਿਆਰ ਸਾਰੇ
ਕੱਠੇ ਚੋਣਵੇਂ ਨਿਕਲ ਜਵਾਨ ਹੋਏ ਚੜ੍ਹ ਪਏ ਵੇਲਾ ਚੰਗਾ ਤਾੜ ਸਾਰੇ
ਛਾਪਾ ਮਾਰਿਆ ਰਾਤ ਕਰਤਾਰ ਸਿੰਘਾ ਦਿਤੇ ਵੈਰੀਆਂ ਚਾਉ ਉਤਾਰ ਸਾਰੇ

ਤਥਾ

ਢਲੀ ਰਾਤ ਪਏ ਸਿੰਘ ਨਿਕਲ ਛੰਭੋਂ ਝਟ ਪਟ ਹੀ ਤੇਗ ਖੜਕਾ ਦਿੱਤੀ
ਥਾਓਂ ਥਾਈਂ ਵੈਰੀ ਲਏ ਦੱਬ ਸੁਤੇ ਚੰਗੀ ਵਾਢ ਤਲਵਾਰ ਦੀ ਪਾ ਦਿੱਤੀ
ਅੱਧੇ ਸਿੰਘ ਜਾ ਪਏ ਅਸਬਾਬ ਉਤੇ ਲੁਟ ਹੋ ਬੇਖਤਰ ਮਚਾ ਦਿੱਤੀ
ਦਾਣਾ ਆਟਾ ਉਠਾ ਕੇ ਲੈ ਵੱਗੇ ਚੀਜ਼ ਲੱਭੀ ਸੋ ਪਿਛਾਂਹ ਪੁਚਾ ਦਿੱਤੀ
ਘੋੜੇ ਸੈਂਕੜੇ ਖੋਲ੍ਹ ਕੇ ਪੱਤਰਾ ਹੋਏ ਮਿੱਟੀ ਵੈਰੀ ਦੀ ਮਾਰ ਉਡਾ ਦਿੱਤੀ
ਇਕ ਰਾਤ ਤੇ ਦੂਸਰੀ ਤੇਗ ਖੜਕੇ ਲੋਕਾਂ ਪੇਂਡੂਆਂ ਨੇ ਢਿੱਗੀ ਢਾਹ ਦਿੱਤੀ
ਉੱਭੜ ਵਾਹੇ ਉਠੇ ਹਾਲ ਪਾਹਰਿਆ ਕਰ ਓਹਨਾਂ ਸਗੋਂ ਖਰਾਬੀ ਦਿਖਾ ਦਿੱਤੀ