ਪੰਨਾ:Johar khalsa.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਜੌਹਰ ਖਾਲਸਾ


ਪਹਿਰੇਦਾਰ ਪਠਾਨ ਕਸੂਰ ਦੇ ਸਨ ਨਾਲ ਉਹਨਾਂ ਦੇ ਮਿਲ ਮਿਲਾ ਕਰਕੇ
ਯਾਹਯੇ ਖਾਂ ਚੋਰੀ ਰਾਤੀਂ *ਨਿਕਲ ਗਿਆ ਵੱਲ ਦਿੱਲੀ ਦੇ ਪੈਰ ਉਠਾ ਕਰਕੇ
ਕਮਰਦੀਨ ਵਜ਼ੀਰ ਸੀ ਵਿਚ ਦਿੱਲੀ ਰੁੱਨਾ ਓਸ ਨੂੰ ਦੁਖ ਸੁਣਾ ਕਰਕੇ
ਇਨ੍ਹਾਂ ਦੋਹਾਂ ਦਾ ਉਹ ਬਾਬਾ ਲੱਗਦਾ ਸੀ ਯਾਹਯੇ ਖਾਂ ਨੂੰ ਧੀਰ ਧਰਾ ਕਰਕੇ
ਬਾਦਸ਼ਾਹ ਦੇ ਪਾਸ ਜਾ ਖੜਾ ਕੀਤਾ ਯਾਹਯੇ ਖਾਂ ਦਾ ਹਿਤ ਰਖਾ ਕਰਕੇ
ਕਹਿਆ ਸ਼ਾਹ ਨਿਵਾਜ਼ ਨੇ ਬੁਰਾ ਕੀਤਾ ਤਖਤ ਮੱਲ ਲਿਆ ਆਪੇ ਜਾ ਕਰਕੇ
ਓਹਨੂੰ ਤਾੜਨਾ ਕਰਨੀ ਚਾਹੀਦੀ ਏ ਫੌਜ ਦਿੱਲੀਓਂ ਝਟ ਚੜ੍ਹਾ ਕਰਕੇ
ਦੇਂਦਾ ਬਾਦਸ਼ਾਹ ਹੁਕਮ ਕਰਤਾਰ ਸਿੰਘਾ ਤਾੜੋ ਓਸਨੂੰ ਸਜ਼ਾ ਦਿਵਾ ਕਰਕੇ

ਸ਼ਾਹ ਨਿਵਾਜ਼ ਨੇ ਸੁਣਕੇ ਬੰਦੋਬਸਤ ਕਰਨਾ

ਸ਼ਾਹਨਿਵਾਜ਼ ਨੂੰ ਖਬਰਲਾਹੌਰ ਪੁੱਜੀ ਫੌਜਾਂ ਆਉਂਦੀਆਂ ਤੇਰੇ ਤੇ ਧਾ ਜਲਦੀ
+ਕਮਰਦੀਨ ਨੇ ਕੀਤਾ ਏ ਵੈਰ ਭਾਰਾ ਬਾਦਸ਼ਾਹ ਦਾ ਹੁਕਮ ਲਖਾ ਜਲਦੀ
ਫੌਜਾਂ ਆਈਆਂ ਸਮਝ ਤਿਆਰ ਹੋ ਕੇ ਲੈ ਆਪਣੇ ਪੈਰ ਜਮਾ ਜਲਦੀ
ਇਹ ਸੁਣਕੇ ਸ਼ਾਹ ਨਿਵਾਜ ਨੇ ਜੀ ਵਿਚ ਦਿਲ ਦੇ ਸੋਚ ਦੁੜਾ ਜਲਦੀ
++ਅਹਿਮਦ ਸ਼ਾਹ ਨੂੰ ਲਿਖਿਆ ਖਤ ਹੱਥੀਂ ਤੂੰ ਵੱਲ ਪੰਜਾਬ ਦੇ ਆ ਜਲਦੀ
ਸਾਂਭ ਲੈ ਲਾਹੌਰ ਦੇ ਤਖਤ ਤਾਈਂ ਕੂਚ ਕਾਬਲੋਂ ਸ਼ਾਹਾ ਬੁਲਾ ਜਲਦੀ
ਜਿੰਨੀ ਪੁਜੇਗੀ ਕਰਾਂ ਇਮਦਾਦ ਤੇਰੀ ਢਿੱਲ ਲਾਈਂ ਨਾ ਪੈਰ ਉਠਾ ਜਲਦੀ
ਅੰਨ੍ਹਾਂ ਚਾਹੇ ਦੋ ਅੱਖਾਂ ਕਰਤਾਰ ਸਿੰਘਾ ਉੱਠ ਬੈਠਾ ਅਲਹਮਦ ਸੁਣਾ ਜਲਦੀ

ਅਹਿਮਦ ਸ਼ਾਹ ਅਬਦਾਲੀ

ਇਹ ਹਿਰਾਤ ਇਲਾਕੇ ਦਾ ਰਹਿਣਵਾਲਾ ਦੇਵਾਂ ਏਸਦਾ ਹਾਲ ਸੁਣਾਇ ਭਾਈ
ਖਾਨਦਾਨ ਪਠਾਣਾਂ ਦਾ ਇਕ ਓਧਰ ਓਨਾਂ ਵਿਚ ਇਕ ਹੋਯਾ ਦਾਨਾਇ ਭਾਈ
ਓਹਦਾ ਨਾਮ ਅਬਦੁੱਲਾ ਖਾਨ ਹੈਸੀ ਲੋਕ ਇੱਜ਼ਤ ਕਰਨ ਸਬਾਇ ਭਾਈ
ਓਹਨੂੰ ਕਹਿਣ ਲੱਗੇ ੦ ਅਬਦਾਲ ਸਾਰੇ ਅਗੇ ਓਸ ਦੇ ਸੀਸ ਝੁਕਾਇ ਭਾਈ


*ਅਹਿਮਦ ਯਾਰ ਖਾਂ ਕਸੂਰੀਆ ਆਦਿ ਦੀ ਰਾਹੀਂ ਯਾਹਯੇ ਖਾਂ ਨੂੰ ਇਕ ਟੋਕਰੀ ਵਿਚ ਬੰਦ ਕਰਕੇ ਇਹ ਜ਼ਾਹਰ ਕਰਦਿਆਂ ਹੋਇਆਂ ਕਿ ਇਸ ਟੋਕਰੀ 'ਚ ਖਾਣ ਦੀਆਂ ਚੀਜ਼ਾਂ ਹਨ, ਜੇਹਲੋਂ ਬਾਹਰ ਇਕ ਆਦਮੀ ਦੇ ਸਿਰ ਤੇ ਟੋਕਰੀ ਚੁਕਵਾ ਕਢਵਾ ਦਿਤਾ ਸੀ । (ਸ:ਮ:ਲ:) +ਸੂਬੇ ਖਾਨ ਬਹਾਦਰ ਦਾ ਚਾਚਾ । ++ਹ:ਰ:ਗ: ਸ਼ਾਹ ਨਿਵਾਜ਼ ਦਾ ਅਹਿਮਦ ਸ਼ਾਹ ਨੂੰ ਪਿਸ਼ਾਵਰ ਵਿਚ ਮਿਲਣਾ ਲਿਖਦੇ ਹਨ । ੦ਅਬਦਾਲ ਇਕ ਫਕੀਰੀ ਦਰਜਾ ਹੈ ।