ਪੰਨਾ:Johar khalsa.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੭੯)


ਬੇੜਾ ਮੁਗਲਾਂ ਗਰਕ ਕਰਨ ਖਾਤਰ ਰੂਪ ਕਾਲ ਕਸਾਈ ਦਾ ਧਾਰ ਆਯਾ
ਡੇਰੇ ਆਣ ਰੁਹਤਾਸ ਦੇ ਵਿਚ ਪਾਏ ਲਸ਼ਕਰ ਲੈ ਕੇ ਨਾਲ ਜਰਾਰ ਆਯਾ
ਮੰਨੂੰ ਮੀਰ ਦੀ ਜਾਨ ਆ ਤੰਗ ਪਈ ਸੋਚਾਂ ਵਿਚ ਡਿੱਗਾ ਗਸ਼ ਭਾਰ ਆਯਾ
ਸੁਣੀ ਸਿੰਘਾਂ ਦੀ ਰੱਬ ਕਰਤਾਰ ਸਿੰਘਾ ਕਾਲ ਹਾਕਮਾਂ ਦਾ ਜ਼ੋਰਦਾਰ ਆਯਾ

ਲਾਹੌਰ ਦੀਆਂ ਫੌਜਾਂ ਨੇ ਅੰਮ੍ਰਿਤਸਰੋਂ ਹਟ ਜਾਣਾ

ਪਏ ਹਾਕਮਾਂ ਨੂੰ ਆਣ ਫਿਕਰ ਭਾਰੇ ਫੌਜਾਂ ਕੱਠੀਆਂ ਮੰਨੂੰ ਕਰਾਇ ਜਲਦੀ
ਹੁਕਮ ਭੇਜਿਆ ਝਟ ਅਜ਼ੀਜ਼ ਖਾਂ ਨੂੰ ਪਿਛ੍ਹਾਂ ਪਰਤ ਆਵੋ ਫੁਰਮਾਇ ਜਲਦੀ
ਫੌਜਾਂ ਕੱਠੀਆਂ ਆਣ ਲਾਹੌਰ ਹੋਵਣ ਫੌਜਦਾਰਾਂ ਨੇ ਕੂਚ ਬੁਲਾਇ ਜਲਦੀ
ਬਿੱਜ ਕਾਬਲੋਂ ਪਈ ਕਰਤਾਰ ਸਿੰਘਾ ਸੁਣ ਮੀਰ ਮੰਨੂੰ ਘਬਰਾਇ ਜਲਦੀ

ਵਾਕ ਕਵੀ

ਸਿੰਘਾਂ ਵੇਖਿਆ ਵੈਰੀਆਂ ਕੂਚ ਕੀਤਾ ਪੰਥ ਨਿਕਲ ਕੇ ਧਾਵਾ ਬੁਲਾਂਵਦਾ ਏ
ਰਸਦ ਦਾਰੂ ਸਿੱਕਾ ਲੁਟ ਸਾਰਾ ਭਾਂਜ ਵੈਰੀਆਂ ਦੇ ਵਿਚ ਪਾਂਵਦਾ ਏ
ਉਹ ਜਾਨ ਛੁਡਾ ਲਾਹੌਰ ਪਹੁੰਚੇ ਮੰਨੂੰ ਸੁਣ ਕੇ ਹਾਲ ਘਬਰਾਂਵਦਾ ਏ
ਭੁੱਲੀ ਸਿੰਘਾਂ ਦੀ ਗਲ ਕਰਤਾਰ ਸਿੰਘਾ ਪਿਆ ਡਰ ਦੁਰਾਨੀ ਦਾ ਖਾਂਵਦਾ ਏ

ਮੀਰ ਮੰਨੂੰ ਨੇ ਸ਼ਾਹ ਦੁਰਾਨੀ ਪਾਸ ਸੁਲਾਹ ਵਾਸਤੇ ਅਰਜ਼ੀ ਲਿਖ ਭੇਜਣੀ

ਮੰਨੂੰ ਵੇਖਿਆ ਦਿੱਲੀ ਦੀ ਆਸ ਕੋਈ ਨ ਚੜ੍ਹ ਆਯਾ ਸ਼ਾਹ ਦੁਰਾਨੀਆਂ ਦਾ
ਫੌਜਾਂ ਅਗੇਹੀ ਛਾਨਣੀ ਹੈਨ ਹੋਈਆਂ ਕਰਨਾ ਜੰਗ ਨਹੀਂ ਕੰਮਆਸਾਨੀਆਂ ਦਾ
ਚੰਗਾ ਮੇਲ ਕਰਨਾ ਓਹਦੇ ਨਾਲ ਡਿੱਠਾ ਭੇਦ ਰਖਿਆ ਦਿਲ ਸ਼ੈਤਾਨੀਆਂ ਦਾ
ਚੜ੍ਹ ਏਧਰੋਂ ਜਾ ਗੁਜਰਾਤ ਲੱਥਾ ਦਲ ਲੈ ਕੇ ਨਾਲ ਤੁਰਕਾਨੀਆਂ ਦਾ
ਕੌੜੇ ਮੱਲ ਨੂੰ ਭੇਜਿਆ ਪਾਸ ਸ਼ਾਹ ਦੇ ਖਤ ਲਿਖਿਆ ਗਲਤ ਬਿਆਨੀਆਂ ਦਾ
ਸ਼ਾਹ ਮੇਲ ਕਰ ਲਏ ਕਰਤਾਰ ਸਿੰਘਾ ਟੁੱਟ ਗਿਆ ਗੁਮਾਨ ਗੁਮਾਨੀਆਂ ਦਾ

ਸੁਲਾਹ ਦੀਆਂ ਸ਼ਰਤਾਂ

ਲਿਖਿਆ ਸ਼ਾਹਦੁਰਾਨੀ ਨੇ ਮੋੜ ਅਗੋਂ ਸੂਬਾ ਲਿਖ ਇਹ ਸ਼ਰਤ ਪੁਚਾਇ ਜਲਦੀ
ਲੱਖ ਪੰਦਰਾਂ ਨਕਦ ਪੁਚਾ ਦੇਵੇ ਤੋਹਫੇ ਹੋਰ ਅਚਰਜ ਗਿਣਾਇ ਜਲਦੀ

  • ਸ੍ਯਾਲਕੋਟ ਗੁਜਰਾਤ ਦੇ ਪਰਗਣੇ ਜੋ ਦੇਇ ਮੁਆਮਲਾਂ ਸਭ ਉਗ੍ਰਾਹਿ ਜਲਦੀ

ਜਿਵੇਂ ਸ਼ਾਹ ਨਿਵਾਜ਼ ਪੁਚਾਵੰਦਾ ਸੀ ਮੀਰ ਮੰਨੂੰ ਭੀ ਕਰੇ ਅਦਾਇ ਜਲਦੀ


*ਲਤੀਫ ਲਿਖਦਾ ਹੈ ਕਿ ਸਿਆਲ ਕੋਟ,ਗੁਜਰਾਤ, ਪਸੂਰਤ ਤੇ ਔਰੰਗਾਬਾਦ ਚੌਹਾਂ ਪਰਗਣਿਆਂ ਦਾ ਪਟਾ ਅਬਦਾਲੀ ਨੇ ਮੰਨੂੰ ਪਾਸੋਂ ਲਿਖਵਾ ਲਿਆ ਸੀ ।

ਹ:ਰ: ਗੁਪਤਾ ਇਸ ਮਾਲੀਏ ਦੀ ਰਕਮ ੧੫ ਲੱਖ ਸਾਲਾਨਾ ਲਿਖਦੇ ਹਨ ।