ਪੰਨਾ:Johar khalsa.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੯੧)


ਭੱਜੇ ਤੋਪ ਦੀ ਮਾਰ ਤੋਂ ਡਰ ਕਰਕੇ ਟੁਟੇ ਹੌਂਸਲੇ ਪੇਸ਼ ਨ ਜਾ ਭਾਈ
ਵਿਚ ਮੋਰਚੀਂ ਮੰਨੂੰ ਦੀ ਫੌਜ ਬੈਠੀ ਰਹੀ ਅੱਗ ਉਹ ਸੀ ਬਰਸਾ ਭਾਈ
ਮਿੱਟੀ ਮਾਸ ਦੀ ਆਣ ਲੜਾਈ ਲੱਗੀ ਗਿਆ ਅਹਿਮਦਸ਼ਾਹ ਘਬਰਾ ਭਾਈ
ਭਾਵੇਂ ਬਾਹਰੋਂ ਭੀ ਤੋਪਾਂ ਦੀ ਮਾਰ ਪੈਂਦੀ ਪਹੁੰਚੇ ਕੋਟ ਨੂੰ ਜ਼ਰਬ ਨ ਕਾ ਭਾਈ
ਪੱਕਾ ਕੋਟ ਲਾਹੌਰ ਦੇ ਗਿਰਦ ਸਾਰੇ ਬਣੇ ਮੋਰਚੇ ਮਾਰਾਂ ਤਕਾ ਭਾਈ
ਹੱਲੇ ਗਏ ਬੇਅਰਥ ਦੁਰਾਨੀਆਂ ਦੇ ਹਟੇ ਬਹੁਤ ਨੁਕਸਾਨ ਉਠਾ ਭਾਈ
ਗਈ ਪੇਸ਼ ਨਾ ਕੁਝ ਕਰਤਾਰ ਸਿੰਘਾ ਲਈ ਸ਼ਾਹ ਨੇ ਫੌਜ ਹਟਾ ਭਾਈ

ਲਾਹੌਰ ਦਾ ਘੇਰਾ

ਡਿੱਠਾ ਬਾਦਸ਼ਾਹ ਜਦੋਂ ਨੁਕਸਾਨ ਹੁੰਦਾ ਫੌਜ ਆਪਣੀ ਪਿਛਾਂ ਹਟਾਇ ਲਈ
ਬੰਨ੍ਹ ਮੋਰਚੇ ਗਿਰਦ ਲਾਹੌਰ ਲਏ ਫੌਜ ਓਟ ਦੇ ਵਿਚ ਬੈਠਾਇ ਲਈ
ਘੇਰਾ ਸਖਤ ਲਾਹੌਰ ਦੇ ਗਿਰਦ ਪਾਯਾ ਫੌਜਾਂ ਤਾਈਂ ਤਾਕੀਦ ਕਰਾਇ ਲਈ
ਵਿਚ ਸ਼ਹਿਰ ਦੇ ਕੋਈ ਨ ਚੀਜ਼ ਜਾਵੇ ਨੀਤ ਅਹਿਮਦਸ਼ਾਹ ਠਹਿਰਾਇ ਲਈ
ਰਸਦ ਮੁਕੇਗੀ ਮਰੇਗਾ ਸ਼ਹਿਰ ਭੁਖਾ ਬਾਹਰ ਨਿਕਲ ਕੇ ਲੜਨ ਤਕਾਇ ਲਈ
ਫਤਹ ਵਿਚ ਮੈਦਾਨ ਦੇ ਕਰ ਲਾਂਗਾ ਲੰਮੀ ਆਸ ਦੁਰਾਨੀ ਰਖਾਇ ਲਈ
ਸੱਠ ਸੱਤਰ ਹਜ਼ਾਰ ਸੀ ਫੌਜ ਅੰਦਰ ਸਾਰੀ ਘੇਰੇ ਦੇ ਵਿਚ ਵਲਾਇ ਲਈ
ਜਿਹਨੂੰ ਰੱਬਦੇਇ ਲਏ ਕਰਤਾਰ ਸਿੰਘਾ ਬਾਜ਼ੀ ਦੋਹਾਂ ਧਿਰਾਂ ਡਾਢੀ ਲਾਇ ਲਈ

ਸ਼ਹਿਰ ਲਾਹੋਰ ਦਾ ਹਾਲ

ਦੂਰ ਦੂਰ ਤੱਕ ਫੌਜ ਦੁਰਾਨੀਆਂ ਦੀ ਪਈ ਮੋਰਚੇ ਜੰਗ ਦੇ ਤਾਨ ਸਮਝੋ
ਆਉਣਾ ਜਾਣਾ ਸ਼ਹਿਰ ਦਾ ਬੰਦ ਹੋਯਾ ਪੁਜੇ ਕੋਈ ਨ ਬਾਹਰੋਂ ਸਾਮਾਨ ਸਮਝੋ
ਦੋ ਲੱਖ ਤੋਂ ਸਨ ਵਧੀਕ ਅੰਦਰ ਘਿਰੇ ਹੋਏ ਸਾਰੇ ਇਨਸਾਨ ਸਮਝੋ
ਘੋੜੇ ਹਾਥੀ ਤੇ ਬੈਲ ਸਨ ਊਠ ਖੱਚਰ ਗਊਆਂ ਮੱਝੀਆਂ ਹੋਰ ਹੈਵਾਨ ਸਮਝੋ
ਕਈ ਹਜ਼ਾਰ ਚਰਿੰਦ ਪਰਿੰਦ ਅੰਦਰ ਘਿਰ ਗਏ ਸਨ ਦੇਇ ਧਿਆਨ ਸਮਝੋ
ਬਿਨਾਂ ਖਾਧਿਆਂ ਲੰਘਣੀ ਘੜੀ ਔਖੀ ਦਿਨਾਂ ਵਿਚ ਜ਼ਖੀਰੇ ਮੁਕਾਨ ਸਮਝੋ
ਤੋਟ ਪੈਣ ਲੱਗੀ ਹਰ ਚੀਜ਼ ਦੀ ਆ ਜ਼ੁਮੇਵਾਰ ਲਗੇ ਘਬਰਾਨ ਸਮਝੋ
ਵਿਚ ਘੇਰੇ ਦੇ ਬੈਠ ਕਰਤਾਰ ਸਿੰਘਾ ਪੂਰੇ ਤਿੰਨ ਮਹੀਨੇ ਲੰਘਾਨ ਸਮਝੋ

ਵਾਕ ਕਵੀ

ਨਾ ਤੇ ਮੰਨੂੰ ਹੀ ਨਿਕਲਕੇ ਬਾਹਰ ਲੜਦਾ ਸਿਰ ਮੋਰਚੀਂ ਦੇਇ ਦਵਾ ਛੱਡੇ
ਸਠ ਸੱਤਰ ਹਜ਼ਾਰ ਸਿਪਾਹੀ ਹੈਸਨ ਕੱਠੇ ਕਰ ਬੇਕਾਰ ਬੈਠਾ ਛੱਡੇ