ਪੰਨਾ:ਇਹ ਰੰਗ ਗ਼ਜ਼ਲ ਦਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲਾ ਲਈਏ


ਆ ਬੈਠ ਕਿਸੇ ਮੈਖ਼ਾਨੇ ਵਿਚ, ਦੁਨੀਆਂ ਦਾ ਦੁੱਖ ਭੁਲਾ ਲਈਏ
ਜੇ ਚਾਰ ਦਿਹਾੜੇ ਜੀਣਾ ਹੈ, ਤਾਂ ਦਿਲ ਨੂੰ ਤਾਂ ਪਰਚਾ ਲਈਏ

ਜੱਦ ਤਕ ਇਨਸਾਨ ਜਿਉਂਦਾ ਹੈ, ਗ਼ਮ ਇਸਦਾ ਖਹਿੜਾ ਨਹੀਂ ਛੱਡਦੇ
ਆ ਪੀਕੇ ਆਪਾ ਭੁੱਲ ਜਾਈਏ, ਕੁਝ ਘੜੀਆਂ ਫ਼ਿਕਰ ਮਿਟਾ ਲਈਏ

ਇਸ ਦੁਨੀਆਂ ਦੇ ਵਿਚ ਪਿਆਰ ਦੀ ਥਾਂ, ਨਫ਼ਰਤ ਵਧਦੀ ਜਾਂਦੀ ਹੈ
ਆ ਪ੍ਰੇਮ ਨਗਰ ਦੇ ਵਾਸੀ ਬਣ, ਕੁਝ ਗੀਤ ਖੁਸ਼ੀ ਦੇ ਗਾ ਲਈਏ

ਜੋ ਪ੍ਰੇਮ ਬਿਨਾਂ ਖ਼ਾਲੀ ਖ਼ਾਲੀ, ਤੇ ਉਜੜੀ ਉਜੜੀ ਰਹਿੰਦੀ ਹੈ
ਇਸ ਦਿਲ ਦੀ ਬਸਤੀ ਨੂੰ ਮਿੱਤਰ, ਆ ਮੁੜ ਕੇ ਫੇਰ ਬਸਾ ਲਈਏ

ਜਿਸ ਦਾ ਚਾਨਣ ਮਨ ਮੰਦਰ ਵਿਚ, ਇਕ ਨੂਰ ਜਿਹਾ ਭਰ ਦਿੰਦਾ ਹੈ
ਆ ਦਿਲ ਦੇ ਵਿਚ ਪਿਆਰਾਂ ਦਾ, ਉਹ ਦੀਵਾ ਫੇਰ ਜਗਾ ਲਈਏ

ਸਾਡੇ ਉਲਟੇ ਕੰਮਾਂ ਕਰਕੇ, ਜੋ ਸਾਥੋਂ ਗੁੱਸੇ ਰਹਿੰਦਾ ਹੈ
ਉਸ ਰੁੱਸੇ ਹੋਏ ਪ੍ਰੀਤਮ ਨੂੰ, ਆ ਮੁੜਕੇ ਫੇਰ ਮਨਾ ਲਈਏ

ਇਹ ਅਕਲ ਇਸ਼ਕ ਦਾ ਝਗੜਾ ਵੀ, ਇਕ ਬੜਾ ਪੁਰਾਣਾ ਝਗੜਾ ਹੈ
ਆ ਪੀ ਕੇ ਮੈਖ਼ਾਨੇ ਅੰਦਰ, ਇਸ ਝਗੜੇ ਨੂੰ ਨਿਪਟਾ ਲਈਏ

ਹੈ ਪਿਆਰ ਪਿਆਰਾਂ ਨੂੰ ਖਿੱਚਦਾ, ਨਫ਼ਰਤ ਤੋਂ ਨਫ਼ਰਤ ਵਧਦੀ ਹੈ
ਭਾਵੇਂ ਇਹ ਝੂਠੀ ਲੱਗਦੀ ਏ, ਇਸ ਗੱਲ ਨੂੰ ਵੀ ਅਜ਼ਮਾ ਲਈਏ

ਜਿਸ ਦੇ ਸ਼ਿਅਰਾਂ ਦੀ ਗਰਮੀ ਨੂੰ, ਸਾਰੀ ਦੁਨੀਆਂ ਹੀ ਮੰਨਦੀ ਏ
ਆ 'ਰਤਨ' ਦੀਆਂ ਗ਼ਜ਼ਲਾਂ ਪੜ੍ਹ ਕੇ, ਇਸ ਮਹਿਫ਼ਲ ਨੂੰ ਗਰਮਾ ਲਈਏ