ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੇਕ 'ਧਰਮ' ਨੇ ਮਨੁਖ ਨੂੰ ਪਾਪ ਕਰਨ ਵਲੋਂ ਵਰਜਿਆ ਹੈ। ਪਰ, ਜੇ ਮਨੁੱਖ ਹਰ ਵੇਲੇ ਪਾਪਾਂ ਤੋਂ ਡਰਦਾ ਤੇ ਕੰਬਦਾ ਰਹੇ, ਅਤੇ ਇਹੀ ਸੋਚਦਾ ਰਹੇ ਕਿ ਮਤਾਂ ਫਲਾਣੇ ਮੰਦ ਕਰਮ ਵਿਚ ਕਿਤੇ ਫਸ ਨਾ ਜਾਵਾਂ, ਤਾਂ ਇਸ ਦਾ ਸਿੱਟਾ ਸਗੋਂ ਉਲਟਾ ਨਿਕਲਦਾ ਹੈ। ਮਨ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਮਨੁਖ ਪਾਪ ਦਾ ਟਾਕਰਾ ਕਰਨ ਤੋਂ ਅਸਮਰਥ ਹੋ ਜਾਂਦਾ ਹੈ। ਅਤੇ ਇਹ ਹਦੋਂ ਵਧੀ ਹੋਈ ਘਬਰਾਹਟ ਮਨੁੱਖ ਦੇ ਮਨ ਨੂੰ ਭਲਾਈ ਵਲ ਪ੍ਰੇਰ ਨਹੀਂ ਸਕਦੀ।
ਸ੍ਰੀ ਚਮਕੌਰ ਸਾਹਿਬ ਦੇ ਜੁਧ ਪਿਛੇ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੂਵਾੜੇ ਮਸੰਦ ਦੇ ਘਰ ਅੱਪੜੇ, ਪਹਿਲਾਂ ਤਾਂ ਉਸ ਨੇ ਆਦਰ-ਭਾਉ ਕੀਤਾ, ਪਰ ਜਦੋਂ ਉਸ ਨੂੰ ਇਹ ਪਤਾ ਲਗਾ ਕਿ ਸਰਹੰਦ ਦੇ ਸੂਬੇ ਦੀ ਫੌਜ ਸਤਿਗੁਰੂ ਜੀ ਦੀ ਭਾਲ ਵਿਚ ਚੜ੍ਹੀ ਹੋਈ ਹੈ, ਤਾਂ ਉਹ ਬੜਾ ਘਬਰਾਇਆ। ਮੁਗਲ ਰਾਜ ਦੇ ਡਰ ਹੇਠ ਉਹ ਇਤਨਾ ਦਬ ਗਿਆ ਕਿ ਜਿਉਂ ਸ੍ਰੀ ਕਲਗੀਧਰ ਜੀ ਉਸ ਨੂੰ ਦਲੇਰ ਹੋਣ ਲਈ ਮੱਤ ਦੇਂਦੇ ਗਏ, ਉਹ ਮੁਗਲਾਂ ਦੇ ਤੇਜ਼-ਪ੍ਰਤਾਪ ਦਾ ਹਊਆ ਅਖਾਂ ਅਗੇ ਲਿਆ ਲਿਆ ਕੇ ਹੋਰ ਨਿੱਘਰਦਾ ਗਿਆ। ਆਖਰ ਉਸ ਨੇ ਸਤਗੁਿਰੂ ਜੀ ਨੂੰ ਕਹਿ ਹੀ ਦਿਤਾ ਕਿ ਇਥੋਂ ਚਲੇ ਜਾਓ।

ਸੰਨ ੧੬੮੭ ਵਿਚ ਜਦੋਂ ਪਹਾੜੀ ਰਾਜਿਆਂ ਨੇ ਕਹਲੂਰ ਦੇ ਰਾਜੇ ਦੀ ਮਦਦ ਤੇ ਅਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਉਤੇ ਰਿਆਸਤ ਨਾਹਨ ਵਿਚ ਆਇਆਂ ਤੇ ਹੱਲਾ ਬੋਲ ਦਿਤਾ ਸੀ, ਉਹਨੀਂ ਦਿਨੀਂ ਹੇਹਰਾਂ ਦਾ ਮਹੰਤ ਕ੍ਰਿਪਾਲ ਦਾਸ ਭੀ ਹਜ਼ੂਰ ਦੇ ਪਾਸ ਸੀ। ਇਹ ਭੀ ਉਸ ਜੁਧ ਵਿਚ ( ਜੋ ਪਿੰਡ ਭੰਗਾਣੀ ਦੇ ਨੇੜੇ ਹੋਇਆ) ਆਪਣਾ 'ਕੁਤਕ' (ਸੋਟਾ) ਲੈ ਕੇ ਹੀ ਨਿਰਭੈ

੧੫੦