ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਰਾਣੇ ਸਮਿਆਂ ਵਾਲੇ ਸੰਬੰਧ ਨਾਲੋਂ ਕੁਝ ਵਖਰਾ ਹੋ ਗਿਆ ਹੈ? ਜੇ ਵਖਰਾ ਹੋ ਗਿਆ ਹੈ ਤਾਂ ਇਸ ਵਖਰੇ ਦਾ ਫਲ ਰੂਪ ਅਜ ਕਲ ਦੀ ਕਵਿਤਾ ਵਿਚ ਕੀ ਹੋਇਆ ਹੈ? ਇਸ ਨੇ ਅਜ ਕਲ ਦੀ ਕਵਿਤਾ ਦੇ ਰੂਪਕ ਤੇ ਆਤਮਕ ਲਛਣਾਂ ਉਤੇ ਕੀ ਅਸਰ ਪਾਇਆ ਹੈ?

ਇਸ ਚਰਚਾ ਵਿਚ ਇਹ ਗਲ ਵੀ ਦਿਸ ਪਵੇਗੀ ਕਿ ਅਨੁਭਵ ਦਾ ਸੰਬੰਧ ਸਮੁਚੇ ਸਾਹਿਤ ਨਾਲ ਹੀ ਵਿਚਾਰਿਆ ਗਿਆ ਹੈ। ਕੀ ਕਵਿਤਾ ਦਾ ਸੰਬੰਧ ਅਨੁਭਵ ਨਾਲ ਸਾਹਿਤ ਦੀਆਂ ਦੂਜੀਆਂ ਵੰਨਗੀਆਂ ਤੋਂ ਕੁਝ ਵਿਸ਼ੇਸ਼ ਅਰਥ ਰਖਦਾ ਹੈ? ਮੇਰੇ ਵਿਚਾਰ ਵਿਚ ਇਸ ਸੰਬੰਧ ਵਿਚ ਕੁਝ ਵਿਸ਼ੇਸ਼ਤਾ ਜ਼ਰੂਰ ਹੈ। ਗਦਿ ਸਾਹਿਤ ਵਿਚ ਤਰਕ, ਨਿਆਇ, ਆਦਿ, ਬੌਧਿਕ ਸ਼ਕਤੀਆਂ ਵਧੇਰੇ ਪ੍ਰਬਲ ਹੁੰਦੀਆਂ ਹਨ। ਅਨੁਭਵ ਉਥੇ ਵੀ ਹੁੰਦਾ ਹੈ; ਪਰ ਨਿਆਇ ਦੇ ਵਧੇਰੇ ਹੀ ਅਧੀਨ ਹੋ ਕੇ; ਜਿਸ ਤਰ੍ਹਾਂ ਕਵਿਤਾ ਵਿਚ ਨਹੀਂ ਹੁੰਦਾ। ਕਵਿਤਾ ਵਿਚ ਤਾਂ ਇਹ ਕਰੀਬ ਕਰੀਬ ਸ੍ਵਾਧੀਨ ਹੁੰਦਾ ਹੈ। ਅਸਲ ਵਿਚ ਛੰਦ ਦੀ ਬਣਤ ਨੂੰ ਛਡ ਕੇ ਕਵਿਤਾ ਬਾਕੀ ਸਾਹਿਤ ਨਾਲੋਂ ਵਖਰੀ ਇਸੇ ਗਲ ਵਿਚ ਹੁੰਦੀ ਹੈ। ਨਿਆਇ, ਕਲਪਣਾ, ਆਦਿ, ਬੌਧਿਕ ਗੁਣਾਂ ਨਾਲੋਂ ਅਨੁਭਵ ਦਾ ਵੱਖਰ ਹੀ ਕਵਿਤਾ ਦੇ ਵੱਖਰ ਅਰ ਵਿਸ਼ੇਸ਼ਤਾ ਦਾ ਮਰਮ ਹੈ।

*

੧੮੫