ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/222

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਧੜਕਣੀ ਉਤੇ ਨੂੰ ਪਿੰਜ ਪਿੰਜ ਸੁਟ ਰਿਹਾ ਹੋਵੇ।

ਮੈਂ ਆਪਣੀ ਸਿਲਮੇ ਵਾਲੀ ਟੋਪੀ ਲੈ ਕੇ ਨਵਾਂ ਝਗਾ ਪਾ ਕੇ ਤਿਆਰ ਹੋ ਗਿਆ। ਹੇਠਾਂ ਗਡੇ ਵਿਚ ਮੇਰੇ ਹਾਣੀ ਇਕ ਇਕ ਕਰ ਕੇ ਭਰੀ ਜਾਂਦੇ ਸਨ। ਮੇਰੀਆਂ ਦੋਵੇਂ ਭੈਣਾਂ ਆਪੋ ਆਪਣੀਆਂ ਚੁੰਨੀਆਂ ਵਲ੍ਹੇਟ ਕੇ ਪਹਿਲਾਂ ਹੀ ਗਡੇ ਵਿਚ ਥਾਂ ਮਲੀ ਬੈਠੀਆਂ ਸਨ। ਜਦ ਮੈਂ ਜਾਣ ਲਗਾ, ਮੇਰੀ ਮਾਂ ਨੇ ਘੂਰੀ ਵਟ ਕੇ ਆਖਿਆ "ਤੂੰ ਕੀ ਕਰੇਂਗਾ ਵੇ ਜਾ ਕੇ ਕੁੜੀਆਂ ਦੇ ਮੇਲੇ ਵਿਚ? ਉਤੋਂ ਮੀਂਹ ਉਤਰਿਆ ਹੋਇਆ ਏ, ਸਾਰੇ ਲੀੜੇ ਭਿਉਂ ਲਿਆਵੇਂਗਾ।"

ਮੈਂ ਬਿਟਰ ਗਿਆ, "ਕਿਉਂ, ਜਦ ਸਾਰੇ ਜਾਂਦੇ ਹਨ ਤਾਂ ਮੈਨੂੰ ਕਿਉ ਰੋਕਦੀ ਏ?"

ਓਹ ਦਾਲ ਤੜਕ ਰਹੀ ਸੀ, ਗੁੱਸੇ ਵਿਚ ਆਖਣ ਲੱਗੀ, "ਬੈਠਾ ਰਹਿ ਜਿਹਾ ਜਾ ਹੈ, ਨਹੀਂ ਦੋ ਮਾਰੂੰਗੀ ਕੰਨ ਉੱਤੇ ਤੇ ਸਿੱਧਾ ਹੋ ਜਾਏਂਗਾ। ਬਹੁਤ ਚਾਂਭਲਿਆ ਫਿਰਦਾ ਏਂ, ਛੋਟਾ ਏਂ ਤੂੰ ਹੁਣ ਵਹਿੜਕਾ ਜਿਹਾ, ਹਾਲੇ ਪਰਸੋਂ ਹੀ ਤਾਂ ਹੋ ਕੇ ਆਇਆ ਏਂ?"

ਮੈਂ ਬੁਸ ਬੁਸ ਕਰਨ ਲਗ ਪਿਆ, "ਕਿਉਂ, ਭਾਂਤੀ, ਸ਼ਾਂਤੀ ਵੀ ਤੇ ਜਾਂਦੀਆਂ ਹਨ ਤੇ ਦੁਆਰਕੀ ਵੀ।" ਪਰ ਉਹ ਦਾਲ ਛਮਕ ਕੇ ਜ਼ੋਰ ਜ਼ੋਰ ਦੀ ਕੜਛੀ ਫੇਰਨ ਲਗ ਪਈ।

ਬਾਹਰ ਮੇਰੇ ਹਾਣੀ ਗੱਡੇ ਵਿਚ ਬੈਠੇ ਰੌਲਾ ਪਾਈ ਜਾਂਦੇ ਸਨ। ਕਈ ਕੁੜੀਆਂ ਜੂਲੇ ਉੱਤੇ ਬੈਠੀਆਂ ਝੂਟੀ ਜਾਂਦੀਆਂ ਸਨ। ਮੈਂ ਸੋਚਿਆ ਹੁਣੇ ਜਿਉਣਾ ਬਲਦਾਂ ਦੀ ਜੋੜੀ ਲੈ ਕੇ ਆਵੇਗਾ ਤੇ ਇਸ ਗੱਡੇ ਨੂੰ ਜਿਹੜਾ ਪੰਛੀਆਂ ਨਾਲ ਭਰੇ ਹੋਏ ਪਿੰਜਰੇ ਵਾਂਙ ਕੂ ਕੂ ਕਰਦਾ ਏ ਆਪਣੇ ਨਗੌਰੀ ਬਲਦਾਂ ਨਾਲ ਹੱਕਦਾ ਹੋਇਆ ਮੇਲੇ ਲੈ ਜਾਊ।

੨੩੭