ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਦ੍ਹੀ ਪ੍ਰਸੰਸਾ ਅਟੱਲ ਹੈ? ਚੰਗੇ ਚੰਗੇ ਦੋਸਤਾਂ ਦੀ ਪ੍ਰਸੰਸਾ ਵਿਚ ਵਟ ਪੈ ਜਾਂਦੇ ਹਨ, ਜੀਵਨ-ਸਾਥੀਆਂ ਦੀਆਂ ਵਫ਼ਾਅ ਡੋਲ ਜਾਂਦੀਆਂ ਹਨ।
ਤੁਹਾਡੇ ਘਰ ਦੀ ਉਹ ਥਾਂ ਜਿਥੋਂ ਤੁਹਾਡੀ ਮਾਂ ਤੁਹਾਡੇ ਕੰਮ ਵਿਚ ਦਖ਼ਲ ਨਾ ਦੇਂਦੀ ਹੋਈ ਵੀ ਤੁਹਾਡੇ ਲਈ ਵਾਧੇ ਮੰਗ਼ਦੀ ਰਹਿੰਦੀ ਹੈ, ਇਕ ਨਿਰਮਲ ਮਿੱਠਾ ਜਿਹਾ ਚਸ਼ਮਾ ਹੈ। ਜਦੋਂ ਤੁਸੀਂ ਹਸਦੇ ਆਉਂਦੇ ਹੋ, ਇਸ ਚਸ਼ਮੇ ਦੇ ਪਾਣੀਆਂ ਉਤੇ ਤੁਹਾਡੇ ਹਾਸੇ ਦੀ ਹਰ ਲਕੀਰ ਖੀਵੀ ਲਹਿਰ ਬਣ ਜਾਂਦੀ ਹੈ। ਪਰ ਜਦੋਂ ਤੁਸੀਂ ਉਦਾਸ ਮੂੰਹ ਨਾਲ ਇਹਦੇ ਵਿਚ ਤਕਦੇ ਹੋ, ਓਦੋਂ ਇਹਦੇ ਪਾਣੀ ਤੁਹਾਡੇ ਖਾਰੇ ਹੰਝੂਆਂ ਨੂੰ ਅਪਣੇ ਵਿਚ ਰਲਾ, ਤੁਹਾਡੀਆਂ ਰੁਨੀਆਂ ਅੱਖਾਂ ਵਿਚ ਨਵੀਂ ਮਿਠਾਸ ਭਰ ਦੇਂਦੇ ਹਨ।
ਬੁੱਢੀ ਮਾਂ ਭਾਵੇਂ ਅਜ ਤੁਹਾਡੇ ਘਰੋਗੀ ਜੀਵਨ ਵਿਚ ਕੋਈ ਅਮਲੀ ਹਿੱਸਾ ਨਹੀਂ ਪਾ ਸਕਦੀ, ਪਰ ਤੁਹਾਡੇ ਘਰ ਦੇ ਵਾਯੂਮੰਡਲ ਨੂੰ ਸੁਖਾਵਾਂ ਬਨਾਣ ਵਿਚ ਉਹਦੇ ਪਿਆਰ, ਉਹਦੀਆਂ ਅਸੀਸਾਂ, ਉਹਦੀਆਂ ਗਲਵੱਕੜੀਆਂ, ਉਹਦੀਆਂ ਹਮਦਰਦੀਆਂ ਦਾ ਅਜੇ ਭੀ ਸਭ ਤੋਂ ਬਹੁਤਾ ਹਿੱਸਾ ਹੈ। ਏਸ ਹਿੱਸੇ ਦੀ ਵਡਿਤਨ ਦਾ ਪਤਾ ਤੁਹਾਨੂੰ ਓਦਨ ਲਗੇਗਾ, ਜਿਦਨ ਤੁਹਾਡੇ ਘਰ ਦੀ ਪਿਆਰਾਂ ਭਰੀ ਇਹ ਨੁੱਕਰ ਅਚਾਨਕ ਸੁੰਝੀ ਹੋ ਜਾਏਗੀ, ਤੇ ਆਪ-ਮੁਹਾਰੀਆਂ ਅਸੀਸਾਂ ਤੋਂ ਸ਼ੁਭ-ਇਛਾਆਂ ਦਾ ਸੋਮਾ ਸੁਕ ਜਾਏਗਾ।

ਓਦੋਂ ਤੁਹਾਨੂੰ ਉਹ ਦਿਨ ਯਾਦ ਆਉਣਗੇ, ਜਦੋਂ ਤੁਸੀਂ ਮਾਂ ਦੇ ਕਮਰੇ ਵੜਦੇ ਸੌ ਤੇ ਉਹਦੀਆਂ ਕਮਜ਼ੋਰ ਅੱਖਾਂ ਵਿਚੋਂ ਇਕ ਲਿਸ਼ਕ ਉਠਦੀ, ਤੇ ਜਦੋਂ ਕਦੇ ਤੁਹਾਡੇ ਦਿਲ ਦੇ ਦਰ ਖੁਲ੍ਹੇ ਹੁੰਦੇ ਸਨ, ਤੁਹਾਡੀ ਸਾਰੀ ਦੁਨੀਆਂ ਝਮ ਝਮ ਕਰਨ ਲਗ ਪੈਂਦੀ

੯੦